“ਚੋਣਾਂ ਆ ਰਹੀਆਂ ਹਨ। ਸਿਆਸੀ ਪਾਰਟੀਆਂ ਦੇ ਨੇਤਾ ਸਰਗਰਮ ਹੋ ਰਹੇ ਹਨ। ਸ਼ਾਂਤਮਈ ਤਰੀਕੇ ਨਾਲ ...”
(3 ਅਕਤੂਬਰ 2021)
ਬੰਦੇ ਦੀ ਫਿਤਰਤ ਹੈ ਕਿ ਉਹ ਹਮੇਸ਼ਾ ਦੂਸਰੇ ਨੂੰ ਸੁਧਾਰਨ ਵਿੱਚ ਲੱਗਾ ਰਹਿੰਦਾ ਹੈ। ਪਰ ਹਕੀਕਤ ਇਹ ਹੈ ਕਿ ਦੂਸਰੇ ਨੂੰ ਸੁਧਾਰਨ ਨਾਲੋਂ ਆਪਣੇ ਆਪ ਨੂੰ ਸੁਧਾਰਨਾ ਬਿਹਤਰ ਹੈ। ਦੂਸਰੇ ਨੂੰ ਸੁਧਾਰਨ ਵਿੱਚ ਵਕਤ ਅਤੇ ਸ਼ਕਤੀ ਵਧੇਰੇ ਖਰਚ ਹੁੰਦੀ ਹੈ। ਆਪਣੇ ਆਸਪਾਸ ਵੇਖਿਆ ਜਾਵੇ ਤਾਂ ਹਰ ਪਤਨੀ ਆਪਣੇ ਪਤੀ ਨੂੰ ਸੁਧਾਰਨ ਵਿੱਚ ਵਧੇਰੇ ਸਮਾਂ ਅਤੇ ਸ਼ਕਤੀ ਲਗਾਉਂਦੀ ਹੈ। ਇਵੇਂ ਹੀ ਪਤੀ ਕਰਦਾ ਹੈ। ਬਹੁਤ ਵਾਰ ਇਸ ਸੁਧਾਰਨ ਵਾਲੇ ਚੱਕਰ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਹਨ। ਸੁਧਾਰ ਤਾਂ ਕੋਈ ਨਹੀਂ ਹੁੰਦਾ, ਪਰ ਵਿਗੜ ਬਹੁਤ ਕੁਝ ਜਾਂਦਾ ਹੈ। ਇਹ ਪਰਿਵਾਰਾਂ, ਸਮਾਜ, ਦਫਤਰਾਂ ਅਤੇ ਸਿਆਸਤ, ਹਰ ਥਾਂ ’ਤੇ ਹੁੰਦਾ ਹੈ। ਕੋਈ ਵੀ ਆਪਣੀ ਗ਼ਲਤੀ ਨਹੀਂ ਮੰਨਦਾ, ਦੂਸਰੇ ਵਿੱਚ ਹੀ ਗਲਤੀਆਂ ਕੱਢਦਾ, ਲੱਭਦਾ ਹੈ ਅਤੇ ਦੂਸਰੇ ਨੂੰ ਹੀ ਸੁਧਾਰਨ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ। ਜੋ ਕੁਝ ਵੀ ਮਾੜਾ ਹੁੰਦਾ ਹੈ, ਉਸਦਾ ਠੀਕਰਾ ਦੂਸਰੇ ਦੇ ਸਿਰ ਹੀ ਭੰਨਦਾ ਹੈ। ਜੇਕਰ ਆਪਣੀ ਗ਼ਲਤੀ ਮੰਨ ਲਈਏ ਅਤੇ ਆਪ ਨੂੰ ਸੁਧਾਰ ਲਈਏ ਤਾਂ ਬਹੁਤ ਕੁਝ ਬੜੀ ਆਸਾਨੀ ਨਾਲ ਲੀਹ ’ਤੇ ਆ ਜਾਵੇਗਾ।
ਸਰਕਾਰਾਂ ਅਤੇ ਸਿਆਸਤਦਾਨਾਂ ਦੀ ਮਿਹਰਬਾਨੀ ਨਾਲ ਸਿਸਟਮ ਤਹਿਸ ਨਹਿਸ ਹੋਇਆ ਹੀ ਹੈ ਪਰ ਕੀ ਅਸੀਂ ਕਦੇ ਇਹ ਸੋਚਣ, ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਆਸਤਦਾਨਾਂ ਨੂੰ ਸਰਕਾਰਾਂ ਬਣਾਉਣ ਵਿੱਚ ਸਾਡਾ ਕੀ ਯੋਗਦਾਨ ਹੈ? ਬਥੇਰਾ ਕੋਸਦੇ ਹਾਂ ਸਰਕਾਰਾਂ ਅਤੇ ਸਿਆਸਤਦਾਨਾਂ ਨੂੰ, ਪਰ ਆਪਣੀ ਕੀਤੀ ਗਲਤੀ ’ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ ਹਾਂ। ਅਸੀਂ ਵਾਰ ਵਾਰ ਉਨ੍ਹਾਂ ਹੀ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਚੁਣਦੇ ਹਾਂ। ਜੇਕਰ ਅਸੀਂ ਪੰਜ ਸਾਲ ਉਨ੍ਹਾਂ ਨੂੰ ਕੋਸਦੇ ਰਹੇ ਹਾਂ, ਦੁਬਾਰਾ ਉਹ ਜਿੱਤ ਜਾਣ ਤਾਂ ਗਲਤੀ ਸਾਡੀ ਹੈ। ਸਿਆਸਤਦਾਨਾਂ ਨੂੰ ਸਿਰਫ਼ ਅਤੇ ਸਿਰਫ਼ ਕੁਰਸੀਆਂ ਤਕ ਮਤਲਬ ਹੁੰਦਾ ਹੈ। ਲੋਕਾਂ ਦੀ ਹਾਲਤ ਬਾਰੇ ਕੰਮ ਕਰਨ ਅਤੇ ਸੋਚਣ ਦਾ ਉਨ੍ਹਾਂ ਕੋਲ ਸਮਾਂ ਨਹੀਂ ਹੈ। ਜੇਕਰ ਹੁੰਦਾ ਤਾਂ ਜੋ ਹਾਲਾਤ ਸਾਡੇ ਅੱਜ ਬਣੇ ਹੋਏ ਹਨ, ਇਹ ਨਾ ਬਣਦੇ। ਅਸੀਂ ਅੱਜ ਵੀ ਚੋਣਾਂ ਵੇਲੇ ਗਲੀਆਂ, ਨਾਲੀਆਂ ਅਤੇ ਸੜਕਾਂ ਵਿੱਚ ਉਲਝੇ ਹੋਏ ਹਾਂ। ਪੰਚਾਇਤਾਂ ਵੀ ਲੋਕਾਂ ਨੂੰ ਉਨ੍ਹਾਂ ਗਲੀਆਂ ਨਾਲੀਆਂ ਵਿੱਚ ਫਸਾ ਛੱਡਦੀਆਂ ਹਨ। ਸੋਚਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਪਿੰਡ ਲਈ ਹੀ ਕੰਮ ਕਰਨ ਲਈ ਇਮਾਨਦਾਰੀ ਨਹੀਂ।
ਇਸ ਤੋਂ ਅੱਗੇ ਨਵਾਂ ਕੰਮ ਹੁਣ ਸ਼ੁਰੂ ਹੋ ਗਿਆ ਹੈ ਮੁਫਤ ਆਟੇ ਦਾਲ ਦਾ ਅਤੇ ਚਾਹ ਪੱਤੀ ਖੰਡ ਦਾ। ਮੰਗਤੇ ਅਸੀਂ ਆਪ ਬਣੇ ਹਾਂ। ਜੇਕਰ ਅਸੀਂ ਨਾ ਬਣਦੇ ਤਾਂ ਕੋਈ ਵੀ ਨਹੀਂ ਸੀ ਬਣਾ ਸਕਦਾ। ਪਿੰਡ ਦੇ ਸਰਪੰਚ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਪਿੰਡ ਵਿੱਚ ਮੇਰਾ ਪਰਿਵਾਰ ਹੈ, ਮਤਲਬ ਮੇਰੇ ਆਪਣੇ ਲੋਕ ਹਨ, ਮੈਂ ਕਿਉਂ ਗਲਤ ਕੰਮ ਕਰਾਂ। ਸਰਕਾਰਾਂ ਵੱਲੋਂ ਮਿਲੇ ਫੰਡਾਂ ਦੀ ਬਾਂਦਰ ਵੰਡ ਹੁੰਦੀ ਹੈ, ਇਸ ਬਾਰੇ ਵੀ ਹਰ ਕੋਈ ਜਾਣਦਾ ਹੈ।
ਸਾਡਾ ਇਕੱਠੇ ਹੋਣਾ, ਆਪਣੇ ਹੱਕਾਂ ਬਾਰੇ ਗੱਲ ਕਰਨੀ ਅਤੇ ਆਵਾਜ਼ ਚੁੱਕਣ ਦੀ ਡਿਊਟੀ ਤਾਂ ਸਾਡੀ ਹੀ ਹੈ। ਪਿਛਲੇ ਤਕਰੀਬਨ ਇੱਕ ਸਾਲ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਨੇ ਅੱਕ ਕੇ ਖੇਤੀ ਦੇ ਬਣਾਏ ਤਿੰਨ ਕਾਨੂੰਨਾਂ ਖਿਲਾਫ਼ ਆਵਾਜ਼ ਚੁੱਕੀ। ਜਿਹੜੇ ਸਿਆਸਤਦਾਨਾਂ ਨੇ ਅਤੇ ਪਾਰਟੀਆਂ ਨੇ ਕਾਨੂੰਨਾਂ ਦੇ ਹੱਕ ਵਿੱਚ ਬੋਲਿਆ ਸੀ, ਉਹ ਵੀ ਕਿਸਾਨਾਂ ਦੀ ਹਿਮਾਇਤ ਦੀ ਗੱਲ ਕਰਨ ਲੱਗੇ। ਕਿਸਾਨ ਅੰਦੋਲਨ ਨੇ ਲੋਕਾਂ ਨੂੰ ਬਹੁਤ ਕੁਝ ਸਮਝਾ ਦਿੱਤਾ। ਇਸ ਜਾਗਰੂਕਤਾ ਨੇ ਸਿਆਸਤਦਾਨਾਂ ਨੂੰ ਬਹੁਤ ਮਜਬੂਰ ਕਰ ਦਿੱਤਾ ਹੈ। ਜੇਕਰ ਅਸੀਂ ਇਸ ਜਾਗਰੂਕਤਾ ਨੂੰ ਪੱਲੇ ਬੰਨ੍ਹੀ ਰੱਖਿਆ ਤਾਂ ਸ਼ਾਇਦ ਸਾਡੇ ਪੱਲੇ ਕੁਝ ਪੈ ਜਾਵੇ।
ਅੱਜ ਘਰ ਦਾ ਕੋਈ ਮੈਂਬਰ ਬੀਮਾਰ ਹੁੰਦਾ ਹੈ ਤਾਂ ਉਸਦੀ ਸਿਹਤ ਦੀ ਚਿੰਤਾ ਦੇ ਨਾਲ ਪ੍ਰਾਈਵੇਟ ਹਸਪਤਾਲ ਦੇ ਖਰਚੇ ਦੀ ਫਿਕਰ ਲੱਗ ਜਾਂਦੀ ਹੈ। ਵੱਡੇ ਵੱਡੇ ਬਿੱਲਾਂ ਲਈ ਪੈਸੇ ਇਕੱਠੇ ਕਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਵਧੇਰੇ ਲੋਕ ਇਲਾਜ ਕਰਵਾਉਂਦੇ ਹੀ ਕਰਜ਼ੇ ਹੇਠ ਆ ਜਾਂਦੇ ਹਨ। ਪਰ ਇਸ ਤੋਂ ਬਾਅਦ ਵੀ ਕਦੇ ਗੰਭੀਰਤਾ ਨਾਲ ਨਹੀਂ ਸੋਚਿਆ ਕਿ ਚੋਣਾਂ ਵੇਲੇ ਅਸੀਂ ਸਰਕਾਰੀ ਹਸਪਤਾਲਾਂ ਵਿੱਚ ਵਧੀਆ ਇਲਾਜ ਅਤੇ ਸਹੂਲਤਾਂ ਦੀ ਗੱਲ ਕਰੀਏ ਅਤੇ ਮੰਗ ਕਰੀਏ। ਜਿੰਨੀ ਦੇਰ ਅਸੀਂ ਇਨ੍ਹਾਂ ਹਸਪਤਾਲਾਂ ਦੀ ਮੰਗ ਨਹੀਂ ਕਰਾਂਗੇ, ਕੋਈ ਵੀ ਸਿਆਸੀ ਪਾਰਟੀ ਇਸ ਬਾਰੇ ਗੱਲ ਨਹੀਂ ਕਰੇਗੀ। ਅਸਲ ਵਿੱਚ ਸਿਅਸਤਦਾਨਾਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਇਲਾਜ ਲਈ ਪੈਸੇ ਮਿਲ ਜਾਂਦੇ ਹਨ। ਮਹਿੰਗੇ ਤੋਂ ਮਹਿੰਗੇ ਹਸਪਤਾਲਾਂ ਵਿੱਚ ਇਲਾਜ ਮੁਫ਼ਤ ਅਤੇ ਵਿਦੇਸ਼ਾਂ ਵਿੱਚ ਜਾ ਕੇ ਇਲਾਜ ਕਰਵਾਉਣ ਦੀ ਵੀ ਸਹੂਲਤ ਹੈ। ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਵੱਡੇ ਵੱਡੇ ਬਿੱਲਾਂ ਦੀ ਕੋਈ ਸਿਰਦਰਦੀ ਹੈ। ਸਾਡੇ ਆਸਪਾਸ, ਸਕੇ ਸੰਬੰਧੀਆਂ ਅਤੇ ਸਾਡੇ ਸਾਰਿਆਂ ਦੀ ਕਦੇ ਨਾ ਕਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੁੱਟ ਜ਼ਰੂਰ ਹੋਈ ਹੈ। ਅਸੀਂ ਤਾਂ ਵੀ ਸਿਆਸਤਦਾਨਾਂ ਕੋਲੋਂ ਸਰਕਾਰੀ ਹਸਪਤਾਲਾਂ ਦੀ ਅਤੇ ਉੱਥੇ ਪ੍ਰਾਈਵੇਟ ਹਸਪਤਾਲਾਂ ਵਰਗੀਆਂ ਸਹੂਲਤਾਂ ਦੀ ਗੱਲ ਨਹੀਂ ਕਰਦੇ। ਇਸ ਵਿੱਚ ਗਲਤੀ ਸਾਡੀ ਹੈ। ਅਸੀਂ ਆਪਣੇ ਆਪ ਨੂੰ ਸੁਧਾਰ ਲਈਏ ਅਤੇ ਮੁਫ਼ਤ ਦੇ ਸਮਾਨ ਕਰਕੇ ਜਾਂ ਮੂੰਹ-ਮੁਲਾਹਜ਼ੇ ਵਿੱਚ ਵੋਟ ਨਾ ਪਾਈਏ। ਜਿਵੇਂ ਰੇਹੜੀ ਤੋਂ ਸਬਜ਼ੀਆਂ ਖਰੀਦਣ ਲੱਗੇ ਉਸਦੀ ਚੋਣ ਬਾਰੀਕੀ ਨਾਲ ਅਤੇ ਵੇਖਕੇ ਪਰਖ ਕੇ ਕਰਦੇ ਹਾਂ, ਉਵੇਂ ਹੀ ਉਮੀਦਵਾਰਾਂ ਨੂੰ ਪਰਖਣਾ ਸਾਡੀ ਜ਼ਿੰਮੇਵਾਰੀ ਹੈ। ਜਦੋਂ ਅਸੀਂ ਸੁਧਰ ਗਏ ਤਾਂ ਸਿਆਸਤਦਾਨਾਂ ਨੇ ਆਪਣੇ ਆਪ ਸੁਧਰ ਜਾਣਾ ਹੈ।
ਮੁਫ਼ਤ ਆਟੇ ਦਾਲ ਦੀ ਥਾਂ ਰੁਜ਼ਗਾਰ ਮੰਗੋ। ਵਧੀਆ ਰਾਸ਼ਨ ਖਰੀਦਕੇ ਖਾਉ ਅਤੇ ਇੱਜ਼ਤ ਦੀ ਜ਼ਿੰਦਗੀ ਜਿਊ। ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਹੋਈਆਂ ਹਨ, ਇਮਾਨਦਾਰੀ ਨਾਲ ਕੰਮ ਕਰੋ। ਜਦੋਂ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਵਾਲੇ ਪਾਸੇ ਤੁਰਦੇ ਹਾਂ ਤਾਂ ਸਾਡਾ ਸਿਸਟਮ ਤਹਿਸ ਨਹਿਸ ਹੁੰਦਾ ਹੈ। ਜਿਵੇਂ ਦੇ ਸਿਸਟਮ ਦਾ ਹੁਣ ਅਸੀਂ ਰੋਣਾ ਰੋਂਦੇ ਹਾਂ, ਉਹ ਸਾਡੀਆਂ ਆਪਣੀਆਂ ਗਲਤੀਆਂ ਦੇ ਨਤੀਜੇ ਹਨ। ਪਿੰਡਾਂ ਵਿੱਚ ਮਨਰੇਗਾ ਯੋਜਨਾ ਤਹਿਤ ਕੰਮ ਦਿੱਤਾ ਜਾ ਰਿਹਾ ਹੈ। ਜਿਵੇਂ ਦਾ ਕੰਮ ਹੁੰਦਾ ਹੈ, ਉਹ ਵੇਖ ਕੇ ਅਤੇ ਸੁਣ ਕੇ ਦੁੱਖ ਹੁੰਦਾ ਹੈ। ਅਸੀਂ ਆਪਣੇ ਪਿੰਡ ਲਈ ਹੀ ਇਮਾਨਦਾਰੀ ਨਾਲ ਕੰਮ ਨਹੀਂ ਕਰਦੇ ਤਾਂ ਸੂਬੇ ਜਾਂ ਦੇਸ਼ ਲਈ ਅਸੀਂ ਕੀ ਕਰਨਾ ਹੈ?
ਨੌਜਵਾਨ ਪੀੜ੍ਹੀ ਦੀ ਜੋ ਦੁਰਦਸ਼ਾ ਹੈ, ਉਸ ਬਾਰੇ ਗੰਭੀਰਤਾ ਨਾਲ ਹਰ ਕਿਸੇ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਕਿਉਂ ਹੋਈ। ਸਰਕਾਰਾਂ ਨੂੰ ਅਸੀਂ ਸਾਰੇ ਕੋਸਦੇ ਹਾਂ ਪਰ ਆਪਣੀ ਗਲਤੀ ਮੰਨਦੇ ਹੀ ਨਹੀਂ। ਇਹ ਸਰਕਾਰਾਂ ਸਾਡੀ ਚੋਣ ਹਨ। ਘੜੱਮ ਚੌਧਰੀਆਂ ਨੂੰ ਸਵਾਲ ਕਰੋ। ਉਨ੍ਹਾਂ ਨੂੰ ਕਹੋ ਕਿ ਸਵਾਲ ਦਾ ਜਵਾਬ ਦੇਣ। ਬਹੁਤੀਆਂ ਥਾਂਵਾਂ ’ਤੇ ਇਹ ਘੜੱਮ ਚੌਧਰੀ ਲੋਕਾਂ ਨੂੰ ਉਮੀਦਵਾਰ ਤਕ ਪਹੁੰਚਣ ਹੀ ਨਹੀਂ ਦਿੰਦੇ ਜਾਂ ਉਮੀਦਵਾਰ ਪਹੁੰਚਦਾ ਹੀ ਨਹੀਂ। ਅਸੀਂ ਜੇਕਰ ਇਮਾਨਦਾਰੀ ਨਾਲ ਵੋਟ ਦੇਣ ਵਾਲੇ ਪਾਸੇ ਤੁਰੀਏ ਤਾਂ ਨਾ ਘੜੱਮ ਚੌਧਰੀਆਂ ਦੀ ਚੌਧਰ ਚੱਲੇ ਅਤੇ ਨਾ ਉਮੀਦਵਾਰ ਨਜ਼ਰ ਅੰਦਾਜ਼ ਕਰਨ।
ਚੋਣਾਂ ਆ ਰਹੀਆਂ ਹਨ। ਸਿਆਸੀ ਪਾਰਟੀਆਂ ਦੇ ਨੇਤਾ ਸਰਗਰਮ ਹੋ ਰਹੇ ਹਨ। ਸ਼ਾਂਤਮਈ ਤਰੀਕੇ ਨਾਲ ਸਵਾਲ ਕਰੋ। ਮੁਫ਼ਤ ਵਾਲੀ ਕਿਸੇ ਵੀ ਚੀਜ਼ ’ਤੇ ਹਾਮੀ ਨਾ ਭਰੋ। ਇੱਕ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ ਕਿ ਸਾਨੂੰ ਹਕੀਕਤ ਵਿੱਚ ਕੋਈ ਵੀ ਚੀਜ਼ ਮੁਫਤ ਨਹੀਂ ਮਿਲਦੀ। ਮੁਫਤ ਵਾਲੀਆਂ ਚੀਜ਼ਾਂ ਲਈ ਪੈਸੇ ਇਕੱਠੇ ਕਰਨ ਲਈ ਦੂਸਰੀਆਂ ਚੀਜ਼ਾਂ ’ਤੇ ਮੋਟੇ ਟੈਕਸ ਲਗਾ ਦਿੰਦੇ ਹਨ। ਹਾਂ, ਮੁਫ਼ਤ ਲੋਕਾਂ ਨੂੰ ਦੇਣ ਦੇ ਚੱਕਰ ਵਿੱਚ ਕਈ ਹੋਰਾਂ ਦੇ ਵਾਰੇ ਨਿਆਰੇ ਹੋ ਜਾਂਦੇ ਹਨ। ਬਹੁਤ ਵਾਰ ਸੁਸਰੀ ਖਾਧੀ ਕਣਕ, ਉੱਲੀ ਲੱਗੀ ਕਣਕ ਅਤੇ ਕੀੜਿਆਂ ਵਾਲੀ ਕਣਕ ਤੇ ਦਾਲ ਲੋਕਾਂ ਨੂੰ ਵੰਡੀ ਜਾਂਦੀ ਹੈ। ਹੁਣ ਇਹ ਤਾਂ ਸਾਡੇ ਸਾਰਿਆਂ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਗੰਦੀਆਂ ਚੀਜ਼ਾਂ ਖਾਣੀਆਂ ਹਨ, ਜਾਂ ਰੁਜ਼ਗਾਰ ਮੰਗਣਾ ਹੈ। ਸਿਆਸਤਦਾਨਾਂ ਨੂੰ ਕੋਸਣ ਦੀ ਥਾਂ ਆਪਣੇ ਆਪ ਨੂੰ ਸੁਧਾਰ ਲਿਆ ਜਾਵੇ ਤਾਂ ਬਿਹਤਰ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3055)
(ਸਰੋਕਾਰ ਨਾਲ ਸੰਪਰਕ ਲਈ: