“ਇਸ ਵੇਲੇ ਜੋ ਹਾਲਤ ਮਾਪਿਆਂ ਦੀ, ਖਾਸ ਕਰਕੇ ਮੁੰਡਿਆਂ ਦੇ ਮਾਪਿਆਂ ਦੀ ...”
(22 ਫਰਵਰੀ 2019)
ਬੜੀ ਹੈਰਾਨੀ ਹੁੰਦੀ ਹੈ ਕਿ ਸਮਾਜ ਦਾ ਹਰ ਵਰਗ, ਜਿੱਥੇ ਵੀ ਬੈਠਾ ਹੈ ਕਿਵੇਂ ਭੰਬੀਰੀ ਵਾਂਗ ਘੁੰਮ ਜਾਂਦਾ ਹੈ। ਸਾਡੀ ਸੋਚ ਅਸਲ ਵਿੱਚ ਖੜ੍ਹੀ ਕਿੱਥੇ ਹੈ? ਅਸੀਂ ਕਹਿੰਦੇ ਕੁਝ ਹਾਂ ਅਤੇ ਕਰਦੇ ਕੁਝ ਹੋਰ ਹਾਂ। ਧੀਆਂ ਪੁੱਤਾਂ ਦੀ ਬਰਾਬਰਤਾ ਦੀ ਦੁਹਾਈ ਦੇਣ ਵਾਲਿਆਂ ਤੋਂ ਧੀ ਜਾਇਦਾਦ ਦਾ ਬਰਾਬਰ ਦਾ ਹਿੱਸਾ ਮੰਗ ਲਵੇ ਤਾਂ ਸੱਭ ਦੇ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਹੈ। ਧੀਆਂ ਮਾਪਿਆਂ ਦੇ ਘਰ ਵੜੀਆਂ ਰਹਿਣ ਤਾਂ ਜ਼ਮਾਨੇ ਦੇ ਬਦਲਣ ਦੀ ਗੱਲ ਹੁੰਦੀ ਕਰਦੇ ਹਨ। ਲੜਕੀਆਂ ਦੇ ਹੱਕ ਵਿੱਚ ਦਹੇਜ ਐਕਟ ਬਣਿਆ। ਇਸ ਕਾਨੂੰਨ ਮੁਤਾਬਿਕ ਦਹੇਜ ਦੇਣ ਵਾਲਾ ਅਤੇ ਲੈਣ ਵਾਲਾ ਦੋਨੋਂ ਗੁਨਾਹਗਾਰ ਹਨ ਪਰ ਕੇਸ ਸਿਰਫ਼ ਲੜਕੇ ਵਾਲਿਆਂ ਉੱਤੇ ਦਰਜ ਹੁੰਦਾ ਹੈ।
ਹੁਣ ਲਾੜੇ ਬਣੇ ਮੁੰਡੇ ਚਾਹੇ ਉਹ ਇੱਧਰ ਹਨ ਜਾਂ ਵਿਦੇਸ਼ਾਂ ਵਿੱਚ, ਦੁਹਾਈ ਪਾ ਰਹੇ ਹਨ ਕਿ ਕੋਈ ਸਾਡੀ ਗੱਲ ਵੀ ਸੁਣ ਲਵੋ, ਸਾਡਾ ਦੁੱਖ, ਸਾਡੀ ਤਕਲੀਫ਼ ਵੀ ਸੁਣ ਲਵੋ। ਬਿਲਕੁੱਲ ਜੇਕਰ ਇਨਸਾਫ਼ ਕਰਨਾ ਹੈ, ਪਰਿਵਾਰ ਚਲਾਉਣੇ ਹਨ ਜਾਂ ਸਿਹਤਮੰਦ ਸਮਾਜ ਰੱਖਣਾ ਹੈ ਤਾਂ ਇਨ੍ਹਾਂ ਲਾੜਿਆਂ ਦੀ ਗੱਲ ਸੁਣਨੀ ਬਹੁਤ ਜ਼ਰੂਰੀ ਹੈ। ਮੈਂਨੂੰ ਕੁਝ ਮੁੰਡਿਆਂ ਦੇ ਫੋਨ ਆਏ ਜੋ ਹੁਣ ਥਾਣਿਆਂ ਅਤੇ ਅਦਾਲਤਾਂ ਵਿੱਚ ਧੱਕੇ ਖਾ ਰਹੇ ਹਨ। ਉਨ੍ਹਾਂ ਦੇ ਮਾਪਿਆਂ ਦੀ ਵੀ ਬੁਰੀ ਹਾਲਤ ਹੈ। ਹਰ ਕੋਈ ਇਹ ਕਹਿੰਦਾ ਹੈ ਕਿ ਲੜਕੀਆਂ ਨਾਲ ਧੱਕਾ ਹੋ ਰਿਹਾ ਹੈ ਪਰ ਕੋਈ ਇਹ ਕਿਉਂ ਨਹੀਂ ਸਮਝਦਾ ਕਿ ਲੜਕਿਆਂ ਨਾਲ ਵੀ ਧੱਕਾ ਹੋ ਰਿਹਾ ਹੈ। ਜਿਵੇਂ ਵਿਦੇਸ਼ਾਂ ਵਿੱਚ ਵਸਦੇ ਕੁਝ ਲੜਕੇ ਪੰਜਾਬ ਵਿੱਚ ਕੁੜੀਆਂ ਨਾਲ ਵਿਆਹ ਕਰਵਾਕੇ ਧੋਖਾ ਕਰਦੇ ਹਨ ਇਵੇਂ ਹੀ ਕੁਝ ਲੜਕੀਆਂ ਵੀ ਇਵੇਂ ਦੇ ਕੰਮ ਕਰਦੀਆਂ ਹਨ।
ਪਹਿਲਾਂ ਗੱਲ ਕਰਦੇ ਹਾਂ ਪੰਜਾਬ ਵਿੱਚ ਜਾਂ ਆਪਣੇ ਦੇਸ਼ ਵਿੱਚ ਵਿਆਹੇ ਹੋਏ ਲਾੜਿਆ ਦੀ। ਬਹੁਤ ਸਾਰੇ ਲੜਕਿਆਂ ਨੇ ਕਿਹਾ ਕਿ ਵਿਆਹ ਤੋਂ ਬਾਦ ਸਾਡੇ ਉੱਪਰ ਇੱਕ ਦਬਾਅ ਪਾਇਆ ਜਾਂਦਾ ਹੈ ਜਾਂ ਪੈ ਜਾਂਦਾ ਹੈ ਕਿ ਜਿਵੇਂ ਲੜਕੀ ਅਤੇ ਉਸਦੇ ਮਾਪੇ ਕਹਿੰਦੇ ਹਨ, ਉਵੇਂ ਹੀ ਕੀਤਾ ਜਾਵੇ। ਦੂਸਰੇ ਪਾਸੇ ਮਾਪੇ ਹੁੰਦੇ ਹਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਸਾਡੇ ’ਤੇ ਲਗਾਈ ਹੁੰਦੀ ਹੈ। ਜੇਕਰ ਅਸੀਂ ਮਾਪਿਆਂ ਦੀ ਦੇਖਭਾਲ ਕਰਦੇ ਹਾਂ ਜਾਂ ਗੱਲ ਮੰਨਦੇ ਹਾਂ ਤਾਂ ਪਤਨੀ ਅਤੇ ਉਸਦੇ ਮਾਪੇ ਬੁਰਾ ਭਲਾ ਕਹਿੰਦੇ ਹਨ। ਲੜਾਈ ਸ਼ੁਰੂ ਹੋ ਜਾਂਦੀ ਹੈ। ਇੱਕ ਪਾਸੇ ਨੌਕਰੀ ਦਾ ਦਬਾਅ ਅਤੇ ਦੂਜੇ ਪਾਸੇ ਘਰ ਦੇ ਵਿਗੜਦੇ ਮਾਹੌਲ ਦਾ। ਇੱਕ ਲੜਕੇ ਨੇ ਦੱਸਿਆ ਕਿ ਮੇਰੀ ਪਤਨੀ ਮੇਰੀ ਵਿਧਵਾ ਮਾਂ ਦੇ ਨਾਮ ਜੋ ਮਕਾਨ ਹੈ, ਉਹ ਆਪਣੇ ਨਾਮ ਕਰਵਾਉਣ ਲਈ ਦਬਾਅ ਪਾਉਂਦੀ ਹੈ ਅਤੇ ਨਾਲ ਇਹ ਸ਼ਰਤ ਵੀ ਰੱਖਦੀ ਹੈ ਕਿ ਤੇਰੀ ਮਾਂ ਸਾਡੇ ਨਾਲ ਨਹੀਂ ਰਹੇਗੀ।
ਦਹੇਜ ਦੀ ਗੱਲ ਕਰੀਏ ਤਾਂ ਬਹੁਤ ਲਾੜੇ ਅਤੇ ਉਨ੍ਹਾਂ ਦੇ ਪਰਿਵਾਰ, ਜਿਨ੍ਹਾਂ ਨੇ ਦਹੇਜ ਵਿੱਚ ਕੁਝ ਵੀ ਨਹੀਂ ਲਿਆ ਪਰ ਇਸਦੇ ਬਾਵਜੂਦ ਉਨ੍ਹਾਂ ਪਰਿਵਾਰਾਂ ਦੀ ਦੁਰਦਸ਼ਾ ਕਰ ਦਿੱਤੀ ਗਈ। ਜਿਹੜੀਆਂ ਨੂੰਹਾਂ ਆਪਣੇ ਕੱਪੜੇ ਲੈਕੇ ਆਈਆਂ ਜਾਂ ਬਹੁਤ ਥੋੜ੍ਹਾ ਸਮਾਨ ਲੈਕੇ ਆਈਆਂ ਉਹ ਵੀ ਕਰੋੜ ਤੋਂ ਹੇਠਾਂ ਗੱਲ ਨਹੀਂ ਕਰਦੀਆਂ। ਲੜਕੇ ਅਤੇ ਉਸਦੇ ਮਾਪਿਆਂ ਨੂੰ ਥਾਣਿਆਂ ਵਿੱਚ ਵੀ ਜਲੀਲ ਕੀਤਾ ਜਾਂਦਾ ਹੈ।
ਇੱਕ ਲੜਕੇ ਨੇ ਦੱਸਿਆ ਕਿ ਮੇਰੀ ਪਤਨੀ ਜਦੋਂ ਵੀ ਗੱਲ ਕਰਦੀ ਹੈ ਤਾਂ ਕਹਿੰਦੀ ਹੈ ਕਿ ਤੇਰੀ ਮਾਂ ਨੇ ਤੈਨੂੰ ਅਕਲ ਨਹੀਂ ਦਿੱਤੀ। ਇੱਕ ਦਿਨ ਤੰਗ ਆਕੇ ਮੈਂ ਵੀ ਇਵੇਂ ਹੀ ਕਿਹਾ ਤਾਂ ਬਵਾਲ ਖੜ੍ਹਾ ਹੋ ਗਿਆ। ਜਦੋਂ ਪੁਲਿਸ ਸਟੇਸ਼ਨ ਵਿੱਚ ਵੀ ਗੱਲ ਹੁੰਦੀ ਹੈ ਤਾਂ ਕੋਈ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ ਕਿ ਲੜਕੀ ਅਤੇ ਉਸਦੇ ਮਾਪਿਆਂ ਨੇ ਲੜਕੇ ਅਤੇ ਉਸਦੇ ਪਰਿਵਾਰ ਦਾ ਕੀ ਹਾਲ ਕੀਤਾ ਹੋਇਆ ਹੈ। ਇੱਕ ਹੋਰ ਲੜਕੇ ਨੇ ਦੱਸਿਆ ਕਿ ਉਸਦੀ ਪਤਨੀ ਅਤੇ ਉਸਦੇ ਮਾਪੇ ਕਹਿੰਦੇ ਹਨ ਕਿ ਘਰ ਵਿੱਚ ਲੜਕੀ ਕੋਈ ਕੰਮ ਨਹੀਂ ਕਰੇਗੀ। ਲੜਕੀ ਦੇ ਮਾਪੇ ਕਹਿੰਦੇ ਹਨ ਕਿ ਅਸੀਂ ਕੁੜੀ ਵਿਆਹ ਕੇ ਭੇਜੀ ਹੈ, ਘਰਦਾ ਕੰਮ ਕਰਨ ਵਾਲਾ ਮੁੰਡੂ ਬਣਾ ਕੇ ਨਹੀਂ। ਲੜਕੀ ਦੀ ਮਾਂ ਜਾਂ ਬਾਪ ਦਾ ਸਿਰ ਵੀ ਦੁਖੇ ਤਾਂ ਜਿੱਦ ਕਰਕੇ ਪੇਕੇ ਜਾਂਦੀ ਹੈ, ਬੜਾ ਫ਼ਿਕਰ ਕਰਦੀ ਹੈ, ਹਰ ਚੀਜ਼ ਦਾ ਧਿਆਨ ਰੱਖਦੀ ਹੈ। ਪਰ ਜਦੋਂ ਮੇਰੇ ਮਾਪੇ ਬੀਮਾਰ ਹੁੰਦੇ ਹਨ ਤਾਂ ਨਾ ਆਪ ਉਨ੍ਹਾਂ ਦਾ ਧਿਆਨ ਰੱਖਦੀ ਹੈ, ਅਤੇ ਨਾ ਹੀ ਮੈਂਨੂੰ ਰੱਖਣ ਦਿੰਦੀ ਹੈ। ਇੱਥੋਂ ਲੜਾਈ ਸ਼ੁਰੂ ਹੋ ਜਾਂਦੀ ਹੈ। ਮੇਰੇ ਮਾਪੇ ਚੁੱਪ ਹੁੰਦੇ ਹੁੰਦੇ ਬਿਲਕੁਲ ਚੁੱਪ ਹੀ ਹੋ ਗਏ। ਹੁਣ ਜੇਕਰ ਉਹ ਵੀ ਆਪਣਾ ਹੱਥ ਪਿੱਛੇ ਨੂੰ ਖਿੱਚ ਰਹੇ ਹਨ ਤਾਂ ਠੀਕ ਹੈ। ਹਰ ਗੱਲ ’ਤੇ ਲੜਾਈ ਹੁੰਦੀ ਹੈ।
ਲੜਕੀ ਹਰ ਗੱਲ ਅਤੇ ਕੰਮ ਆਪਣੇ ਮਾਪਿਆਂ ਦੇ ਕਹਿਣ ਅਨੁਸਾਰ ਕਰਨ ਦੀ ਜਿੱਦ ਕਰਦੀ ਹੈ। ਅਖੀਰ ਵਿੱਚ ਨੌਬਤ ਇਹ ਆ ਜਾਂਦੀ ਹੈ ਕਿ ਜਾਂ ਤਾਂ ਲਾੜਾ ਬਣਿਆ ਲੜਕਾ ਮਾਪਿਆਂ ਨੂੰ ਛੱਡੇ ਜਾਂ ਦਹੇਜ ਦੇ ਕੇਸ ਵਿੱਚ ਸਾਰੇ ਪਰਿਵਾਰ ਨੂੰ ਪੁਲਿਸ ਥਾਣਿਆਂ ਵਿੱਚ ਅਤੇ ਅਦਾਲਤਾਂ ਵਿੱਚ ਜਲੀਲ ਕਰਵਾਏ। ਅੱਜ ਜੇਕਰ ਬ੍ਰਿਧ ਆਸ਼ਰਮਾਂ ਵਿੱਚ ਮਾਪੇ ਹਨ ਤਾਂ ਇਸਦਾ ਕਾਰਨ ਵੀ ਇਹ ਹੀ ਹੈ ਪਰ ਸਾਡੀ ਕੋਈ ਸੁਣਦਾ ਹੀ ਨਹੀਂ। ਅਸੀਂ ਚੱਕੀ ਦੇ ਪੁੜਾਂ ਵਿੱਚ ਪਿਸ ਰਹੇ ਹਾਂ। ਜੇਕਰ ਬਰਾਬਰਤਾ ਹੈ ਤਾਂ ਸਾਨੂੰ ਵੀ ਲੜਕੀਆਂ ਵਾਲੇ ਅਧਿਕਾਰ ਅਤੇ ਹੱਕ ਦਿਉ। ਸਾਨੂੰ ਵੀ ਮਾਪਿਆਂ ਨਾਲ ਪਿਆਰ ਕਰਨ ਦਾ ਹੱਕ ਦਿਉ, ਸਾਨੂੰ ਵੀ ਮਾਪਿਆਂ ਦੀ ਦੇਖਭਾਲ ਕਰਨ ਦਾ ਹੱਕ ਹੋਵੇ। ਜੇਕਰ ਦਹੇਜ ਲਿਆ ਨਹੀਂ ਤਾਂ ਲੜਕੇ ਦੇ ਮਾਪੇ ਸੁਲਾਹ-ਸਫ਼ਾਈ ਜਾਂ ਤਲਾਕ ਵੇਲੇ ਪੈਸੇ ਕਿਉਂ ਦੇਣ। ਜੇਕਰ ਲੜਕੀ ਦੇ ਮਾਪਿਆਂ ਦੇ ਮਿਹਨਤ ਦੇ ਪੈਸੇ ਹਨ ਤਾਂ ਲੜਕੇ ਦੇ ਮਾਪਿਆਂ ਨੇ ਕਿਹੜੇ ਰੁੱਖਾਂ ਨਾਲੋਂ ਝਾੜੇ ਹਨ। ਸਾਡੀ ਵੀ ਸੁਣ ਲਵੋ ਕੋਈ - ਇਹ ਇਸ ਵੇਲੇ ਲਾੜੇ ਬਣੇ ਲੜਕੇ ਦੁਹਾਈ ਪਾ ਰਹੇ ਹਨ।
ਜੇਕਰ ਵਿਦੇਸ਼ੀ ਰਹਿੰਦੇ ਮੁੰਡਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨਾਲ ਵੀ ਘੱਟ ਨਹੀਂ ਹੁੰਦੀ। ਪਿਛਲੇ ਦਿਨੀਂ ਇਕ ਲੜਕੇ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਲੜਕੇ ਦਾ ਵਿਆਹ ਹੋਇਆ। ਲੜਕੀ ਦਸ ਕੁ ਦਿਨ ਵਿਆਹ ਤੋਂ ਬਾਦ ਲੜਕੇ ਨਾਲ ਰਹੀ। ਫੇਰ ਪੇਕਿਆਂ ਦੇ ਘਰ ਚਲੀ ਗਈ। ਪੜ੍ਹਿਆ ਲਿਖਿਆ ਪਰਿਵਾਰ ਪਰ ਲੜਕੀ ਵਾਲੇ ਹੁਣ ਕੇਸਾਂ ਵਿੱਚ ਉਲਝਾ ਰਹੇ ਨੇ ਲੜਕੇ ਦੇ ਪਰਿਵਾਰ ਨੂੰ। ਖੇਡ ਸਾਰੀ ਪੈਸੇ ਲੈਣ ਦੀ ਹੈ। ਅਸਲ ਵਿੱਚ ਲੜਕੀ ਵਾਲੇ ਜਦੋਂ ਬਾਹਰ ਰਹਿੰਦੇ ਮੁੰਡੇ ਨਾਲ ਵਿਆਹ ਕਰਦੇ ਹਨ ਕੁੜੀ ਦਾ ਤਾਂ ਬਹੁਤ ਸਾਰੇ ਮਤਲਬ ਹੁੰਦੇ ਹਨ। ਇੱਕ ਤਾਂ ਸਾਰੇ ਪਰਿਵਾਰ ਨੂੰ ਵਿਦੇਸ਼ ਜਾਣ ਦਾ ਸੁਪਨਾ ਹੁੰਦਾ ਹੈ। ਬਹੁਤ ਸਾਰੇ ਹੈਰਾਨ ਕਰਨ ਵਾਲੇ ਕੇਸ ਵੀ ਸਾਹਮਣੇ ਆਏ। ਲੜਕੀਆਂ ਵਿਦੇਸ਼ ਪਹੁੰਚ ਕੇ ਨਾਲ ਰਹਿਣਾ ਹੀ ਨਹੀਂ ਚਾਹੁੰਦੀਆਂ। ਇਵੇਂ ਹੀ ਬਹੁਤ ਸਾਰੀਆਂ ਲੜਕੀਆਂ ਉੱਥੇ ਪਹੁੰਚ ਕੇ ਲੜਕੇ ਦੇ ਪੈਸਿਆਂ ’ਤੇ ਪੜ੍ਹਦੀਆਂ ਹਨ ਅਤੇ ਫੇਰ ਤਲਾਕ ਮੰਗਣ ਲੱਗ ਜਾਂਦੀਆਂ ਹਨ। ਜਦੋਂ ਵੀ ਅਤੇ ਜਿੱਥੇ ਵੀ ਤਲਾਕ ਦੀ ਗੱਲ ਸ਼ੁਰੂ ਹੁੰਦੀ ਹੈ ਤਾਂ ਦਹੇਜ ਮੰਗਣ ਅਤੇ ਕੁੱਟ ਮਾਰ ਦੀ ਗੱਲ ਹੁੰਦੀ ਹੈ। ਵਿਦੇਸ਼ਾਂ ਵਿੱਚ ਰਹਿੰਦੇ ਮੁੰਡੇ ਸਾਰੇ ਮਾੜੇ ਨਹੀਂ ਹੁੰਦੇ। ਧੋਖਾ ਲੜਕੀ ਵਾਲੇ ਵੀ ਕਰ ਸਕਦੇ ਹਨ ਅਤੇ ਲੜਕੇ ਵਾਲੇ ਵੀ। ਧੱਕਾ ਮੁੰਡਿਆਂ ਨਾਲ ਵੀ ਹੋ ਸਕਦਾ ਹੈ ਅਤੇ ਕੁੜੀਆਂ ਨਾਲ ਵੀ। ਜਿਵੇਂ ਕੁੜੀਆਂ ਮਾਪਿਆਂ ਨੂੰ ਪਿਆਰੀਆਂ ਹੁੰਦੀਆਂ ਹਨ ਉਵੇਂ ਹੀ ਮੁੰਡੇ ਵੀ ਮਾਪਿਆਂ ਨੂੰ ਪਿਆਰੇ ਹੁੰਦੇ ਹਨ। ਜਿਵੇਂ ਕੁੜੀਆਂ ਨੂੰ ਦੁੱਖ ਦਰਦ ਹੁੰਦਾ ਹੈ ਉਵੇਂ ਹੀ ਮੁੰਡਿਆਂ ਨੂੰ ਵੀ ਹੁੰਦਾ ਹੈ। ਜਿਵੇਂ ਮੁੰਡੇ ਪੜ੍ਹੇ ਲਿਖੇ ਕਮਾ ਕੇ ਖਾ ਰਹੇ ਹਨ ਉਵੇਂ ਕੁੜੀਆਂ ਵੀ ਪੜ੍ਹੀਆਂ ਲਿਖੀਆਂ ਹਨ ਨੌਕਰੀਆਂ ਕਰਦੀਆਂ ਹਨ, ਕਮਾਉਣ ਯੋਗ ਹਨ। ਇੱਥੇ ਇਹ ਗੱਲ ਇਸ ਕਰਕੇ ਕਰਨੀ ਬਣਦੀ ਹੈ ਕਿ ਮਾਪੇ ਲੜਕੀ ਦੀ ਪੜ੍ਹਾਈ ’ਤੇ ਖਰਚੇ ਪੈਸੇ ਅਤੇ ਪੜ੍ਹੀ ਲਿਖੀ ਹੋਣ ਦਾ ਦਬਾਅ ਪਾਉਂਦੇ ਹਨ। ਇਸ ਵੇਲੇ ਜੋ ਹਾਲਤ ਮਾਪਿਆਂ ਦੀ, ਖਾਸ ਕਰਕੇ ਮੁੰਡਿਆਂ ਦੇ ਮਾਪਿਆਂ ਦੀ ਹੋ ਰਹੀ ਹੈ, ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਕੁੜੀਆਂ ਆਪਣੇ ਮਾਪਿਆਂ ਦੀ ਦੇਖ-ਭਾਲ ਕਰਦੀਆਂ ਹਨ, ਸਾਰੇ ਬਹੁਤ ਖ਼ੁਸ਼ ਹਨ, ਪਰ ਸੱਸ ਸੁਹਰੇ ਦੀ ਤਾਂ ਨਹੀਂ ਕਰਦੀਆਂ। ਫੇਰ ਸੱਸ ਸੁਹਰੇ ਤੋਂ ਜਾਇਦਾਦ ਕਿਵੇਂ ਮੰਗਦੀਆਂ ਹਨ, ਇਹ ਸਮਝ ਨਹੀਂ ਆ ਰਹੀ। ਲੜਕੀ ਦੇ ਮਾਪੇ ਕਿਸ ਮੂੰਹ ਨਾਲ ਇਹ ਕਹਿੰਦੇ ਹਨ ਕਿ ਜਾਇਦਾਦ ਸਹੁਰਾ ਪਰਿਵਾਰ ਦੇਵੇ?
ਇਸ ਵੇਲੇ ਮਾਹੌਲ ਇਹ ਹੈ ਕਿ ਪਰਿਵਾਰਾਂ ਅਤੇ ਸਮਾਜ ਨੂੰ ਚੱਲਦਾ ਰੱਖਣ ਵਾਸਤੇ ਲਾੜਿਆਂ ਦਾ ਪੱਖ ਸੁਣਨਾ ਵੀ ਬਹੁਤ ਜ਼ਰੂਰੀ ਹੈ। ਬਹੁਤ ਸਾਰੀਆਂ ਸੰਸਥਾਵਾਂ ਹੁਣ ਪਤਨੀਆਂ ਤੋਂ ਤੰਗ ਆਏ ਪਤੀਆਂ ਦੀਆਂ ਵੀ ਬਣੀਆਂ ਹਨ। ਇਸ ਵੇਲੇ ਵਿਖਾਵੇ ਦਾ, ਪੈਸੇ ਦਾ ਲਾਲਚ ਹਰ ਵਰਗ ਅਤੇ ਹਰ ਕਿਸੇ ਵਿੱਚ ਵਧ ਗਿਆ ਹੈ। ਸਹਿਣਸ਼ੀਲਤਾ ਹੈ ਹੀ ਨਹੀਂ। ਹਰ ਕੋਈ ਵੱਡੇ ਘਰ, ਵੱਡੀਆਂ ਗੱਡੀਆਂ, ਬਰੈਂਡਿਡ ਕੱਪੜੇ ਜੁੱਤੀਆਂ ਅਤੇ ਹੋਰ ਸ਼ੋਸ਼ੇਬਾਜ਼ੀ ਵਿੱਚ ਪਿਆ ਹੋਇਆ ਹੈ।
ਇੱਕ ਗੱਲ ਇਹ ਵੀ ਪੱਕੀ ਹੈ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਕਸੂਰ ਦੋਹਾਂ ਵਿੱਚ ਹੋਏਗਾ, ਫ਼ਰਕ ਸਿਰਫ਼ ਇੰਨਾ ਹੋਏਗਾ ਕਿ ਇੱਕ ਦਾ ਥੋੜ੍ਹਾ ਘੱਟ ਅਤੇ ਦੂਸਰੇ ਦਾ ਵੱਧ।
ਬਿਲਕੁਲ, ਵਿਆਹ ਵੇਲੇ ਕੀਤੇ ਖਰਚੇ ਦਾ ਵੇਰਵਾ ਦੋਵੇਂ ਧਿਰਾਂ ਉਵੇਂ ਦੇਣ ਜਿਵੇਂ ਲਾਵਾਂ ਤੋਂ ਬਾਦ ਗੁਰਦੁਆਰਾ ਸਾਹਿਬ ਵਿੱਚ ਦਸਤਖ਼ਤ ਹੁੰਦੇ ਹਨ। ਜੇਕਰ ਸਮਸਿਆ ਹੁੰਦੀ ਹੈ ਤਾਂ ਦੋਵੇਂ ਧਿਰਾਂ ਆਪਣਾ ਆਪਣਾ ਸਮਾਨ ਲੈ ਲੈਣ। ਦਹੇਜ ਦੇ ਕੇਸ ਵਿੱਚ ਦਹੇਜ ਲੈਣ ਅਤੇ ਦੇਣ ਵਾਲੇ, ਦੋਵਾਂ ਧਿਰਾਂ ’ਤੇ ਕੇਸ ਦਰਜ ਹੋਵੇ। ਲੜਕੇ ਦੇ ਪਰਿਵਾਰ ਦੀ ਜਾਇਦਾਦ ਜਾਂ ਉਸਦੇ ਮਾਪਿਆਂ ਦੀ ਜਾਇਦਾਦ ਵਿੱਚੋਂ ਕੋਈ ਹਿੱਸਾ ਦੀ ਗੱਲ ਨਾ ਹੋਵੇ। ਲੜਕੀ ਵੀ ਲੜਕੇ ਵਾਂਗ ਆਪਣੇ ਮਾਪਿਆਂ ਦੀ ਜਾਇਦਾਦ ਵਿੱਚ ਬਰਾਬਰ ਦੀ ਹਿੱਸੇਦਾਰ ਹੈ, ਇਸ ਲਈ ਮਾਪਿਆਂ ਦੇ ਘਰ ਵਿੱਚੋਂ ਹਿੱਸਾ ਰਹਿਣ ਲਈ ਕਾਨੂੰਨੀ ਤੌਰ ’ਤੇ ਉਸ ਨੂੰ ਮਿਲਣਾ ਹੀ ਹੈ। ਹਰ ਕੋਈ ਗੱਲ ਕਰਦਾ ਹੈ ਸਮੇਂ ਦੇ ਬਦਲਣ ਦੀ, ਲੜਕੀਆਂ ਦੇ ਬਰਾਬਰ ਹੋਣ ਦੀ, ਫੇਰ ਇਹ ਬਦਲਾਅ ਵੀ ਮੰਨਣਾ ਚਾਹੀਦਾ ਹੈ। ਇਸ ਸੱਚ ਹੈ ਕਿ ਅੱਜ ਮੁੰਡੇ ਵੀ ਦੁਹਾਈ ਪਾ ਰਹੇ ਹਨ, ਸਿਰਫ਼ ਲਾੜੀਆਂ ਦੀ ਗੱਲ ਹੀ ਨਾ ਕਰੀ ਜਾਵੋ, ਅਸੀਂ ਲਾੜੇ ਹਾਂ, ਸਾਡੀ ਵੀ ਗੱਲ ਸੁਣ ਲਵੋ।
*****
(1492)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)