“ਜਿਹੋ ਜਿਹੇ ਲੋਕ ਹੁੰਦੇ ਹਨ, ਉਹੋ ਜਿਹੀ ਉਨ੍ਹਾਂ ਨੂੰ ਸਰਕਾਰ ਮਿਲਦੀ ...”
(22 ਮਈ 2019)
ਸਿਸਟਮ ਵਿਗਾੜਨ ਵਿੱਚ ਸਾਡਾ ਵੀ ਯੋਗਦਾਨ ਪੂਰਾ ਪੂਰਾ ਹੈ ਪਰ ਇਸ ਹਕੀਕਤ ਨੂੰ ਮੰਨਣ ਨੂੰ ਤਿਆਰ ਕੋਈ ਨਹੀਂ। ਜਦੋਂ ਸਾਡੀ ਕਰਨੀ ਅਤੇ ਕਥਨੀ ਵਿੱਚ ਫ਼ਰਕ ਹੋਵੇ ਤਾਂ ਬਹੁਤ ਕੁਝ ਆਪੇ ਹੀ ਵਿਗੜ ਜਾਂਦਾ ਹੈ। ਇਸ ਸਮੇਂ ਮੈਂ ਅਤੇ ਤੁਸੀਂ, ਹਰ ਕੋਈ ਸਿਸਟਮ ਦਾ ਸਤਾਇਆ ਹੋਇਆ ਹੈ। ਅੱਜ ਅਸੀਂ ਦਫਤਰਾਂ ਵਿੱਚ ਵਿਗੜੇ ਸਿਸਟਮ ਤੋਂ ਤੰਗ ਹਾਂ, ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਾਂ। ਨਸ਼ਿਆਂ ਨੇ ਜੋ ਸਾਡਾ ਨੁਕਸਾਨ ਕੀਤਾ ਹੈ, ਉਸਦੀ ਭਰਪਾਈ ਕਦੇ ਨਹੀਂ ਹੋ ਸਕਦੀ। ਇਸ ਸਭ ਦੀ ਮਾਂ ਰਿਸ਼ਵਤ ਹੈ।
ਚੋਣਾਂ ਸਮੇਂ ਵੋਟਾਂ ਲੈਣ ਵਾਸਤੇ ਕਈ ਢੰਗ ਤਰੀਕੇ ਵਰਤੇ ਗਏ। ਸਾਡੇ ਸਿਆਸਤਦਾਨਾਂ ਨੇ ਇੱਕ ਦੂਸਰੇ ਲਈ ਘਟੀਆ ਸ਼ਬਦਾਵਲੀ ਅਤੇ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ, ਅਸੀਂ ਤਾੜੀਆਂ ਮਾਰਦੇ ਰਹੇ। ਪਰ ਯਾਦ ਰੱਖੋ, ਜੋ ਸਾਡੇ ਸਾਹਮਣੇ ਦੂਸਰੇ ਲਈ ਘਟੀਆ ਸ਼ਬਦਾਵਲੀ ਵਰਤਦਾ ਹੈ, ਉਹ ਸਾਡੀ ਇੱਜ਼ਤ ਵੀ ਕਦੇ ਨਹੀਂ ਕਰੇਗਾ।
ਸਾਨੂੰ ਸਭ ਨੂੰ ਆਪਣੀ ਸੋਚ ਅਤੇ ਸਮਝ ਨੂੰ ਵੀ ਉੱਚਾ ਚੁੱਕਣਾ ਪਵੇਗਾ। ਹਰ ਸਿਆਸਤਦਾਨ ਦੂਸਰੀ ਪਾਰਟੀ ਅਤੇ ਉਸਦੇ ਲੀਡਰਾਂ ਨੂੰ ਘਟੀਆ ਦੱਸਦਾ ਹੈ। ਇਸਦਾ ਮਤਲਬ ਇਹ ਹੋਇਆ ਕਿ ਕੋਈ ਵੀ ਚੰਗਾ ਨਹੀਂ। ਜੇਕਰ ਕੋਈ ਬੁਰਾ ਬੋਲਦਾ ਹੈ ਤਾਂ ਉਸਨੂੰ ਹੱਲਾਸ਼ੇਰੀ ਦੇ ਕੇ, ਤਾੜੀਆਂ ਮਾਰ ਕੇ ਜੋ ਗੁਨਾਹ ਅਸੀਂ ਕਰਦੇ ਹਾਂ, ਉਹ ਵੀ ਸਿਸਟਮ ਨੂੰ ਬਰਬਾਦ ਕਰਦਾ ਹੈ।
ਚੋਣਾਂ ਵੇਲੇ ਵੋਟਾਂ ਦੀ ਸੌਦੇਬਾਜ਼ੀ ਹੁੰਦੀ ਹੈ, ਮੁਫ਼ਤ ਦੀਆਂ ਚੀਜ਼ਾਂ ਵੱਲ ਅੱਖ ਹੁੰਦੀ ਹੈ। ਜਦੋਂ ਵੋਟ ਦਾ ਸੌਦਾ ਹੁੰਦਾ ਹੈ ਤਾਂ ਦੇਸ਼ ਦੇ ਭਵਿੱਖ ਦਾ ਸੌਦਾ ਹੋ ਰਿਹਾ ਹੁੰਦਾ ਹੈ। ਸਾਨੂੰ ਨਾ ਵੋਟ ਦੀ ਕੀਮਤ ਦੀ ਸਮਝ ਹੈ ਅਤੇ ਨਾ ਉਸਦੀ ਸ਼ਕਤੀ ਦੀ। ਸਾਡੀ ਵੋਟ ਕਿਸੇ ਨੂੰ ਸਰਕਾਰ ਦਾ ਹਿੱਸਾ ਬਣਾ ਸਕਦੀ ਹੈ ਅਤੇ ਅਸੀਂ ਉਸ ਨੂੰ ਕੁਝ ਕੁ ਪੈਸਿਆਂ ਜਾਂ ਸ਼ਰਾਬ ਦੀਆਂ ਬੋਤਲਾਂ ਲੈ ਕੇ ਵੇਚਦੇ ਹਾਂ। ਜੋ ਬੀਜਾਂਗੇ, ਉਹ ਹੀ ਵੱਢਾਂਗੇ। ਜਿਹੜਾ ਸਿਆਸਦਾਨ ਤੁਹਾਡੀ ਵੋਟ ਦੀ ਕੀਮਤ ਲਗਾਉਂਦਾ ਹੈ ਉਸਨੂੰ ਕਦੇ ਵੋਟ ਨਾ ਪਾਉ। ਜਦੋਂ ਤੁਸੀਂ ਵੋਟ ਵੇਚ ਦਿੱਤੀ ਫਿਰ ਕਿਸੇ ਤਰ੍ਹਾਂ ਦੇ ਕੰਮ ਦੀ ਆਸ ਰੱਖਣਾ ਹੀ ਗਲਤ ਹੈ। ਜਿਸਨੇ ਬਹੁਤ ਸਾਰਾ ਪੈਸਾ ਲਗਾ ਕੇ ਚੋਣ ਲੜੀ, ਵੋਟਾਂ ਖਰੀਦੀਆਂ, ਉਹ ਰਿਸ਼ਵਤ ਲਵੇਗਾ ਅਤੇ ਭ੍ਰਿਸ਼ਟਾਚਾਰ ਕਰੇਗਾ। ਉਸਨੂੰ ਅਜਿਹਾ ਕਰਨ ਲਈ ਅਸੀਂ ਖੁੱਲ੍ਹ ਦਿੱਤੀ ਹੈ। ਅਜਿਹਾ ਕਰਨ ਲੱਗਿਆਂ ਅਸੀਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਸਿਸਟਮ ਨੂੰ ਵਿਗਾੜਨ ਵਿੱਚ ਕਿੰਨਾ ਵੱਡਾ ਯੋਗਦਾਨ ਪਾ ਰਹੇ ਹਾਂ।
ਜਦੋਂ ਸਰਕਾਰ ਵਧੀਆ ਚੁਣਾਂਗੇ। ਇਮਾਨਦਾਰੀ ਨਾਲ ਇਮਾਨਦਾਰ ਉਮੀਦਵਾਰ ਨੂੰ ਵੋਟ ਪਾਵਾਂਗੇ ਤਾਂ ਦਫ਼ਤਰਾਂ ਵਿੱਚ ਵੀ ਖੱਜਲ ਖੁਆਰੀ ਨਹੀਂ ਹੋਏਗੀ। ਰਿਸ਼ਵਤ ਦੀ ਭੇਂਟ ਸਾਡੀਆਂ ਗਲੀਆਂ ਨਾਲੀਆਂ ਅਤੇ ਮੁੱਢਲੀਆਂ ਸਹੂਲਤਾਂ ਨਹੀਂ ਚੜ੍ਹਨਗੀਆਂ। ਹੈਰਾਨੀ ਹੁੰਦੀ ਹੈ, ਦੁੱਖ ਹੁੰਦਾ ਹੈ ਜਦੋਂ ਅਸੀਂ ਸੱਤਰਾਂ ਸਾਲਾਂ ਤੋਂ ਬਾਦ ਵੀ ਉੱਥੇ ਹੀ ਖੜ੍ਹੇ ਹਾਂ। ਕਸਰ ਗੰਦ ਪਾਉਣ ਅਤੇ ਗਲਤ ਕੰਮ ਕਰਨ ਵਿੱਚ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਿਣ ਵਾਲੇ ਵੀ ਨਹੀਂ ਛੱਡਦੇ। ਇੱਥੇ ਜਿਹੜੇ ਗਲਤ ਕੰਮ ਨੂੰ ਵੇਖਕੇ ਚੁੱਪ ਹਨ, ਉਹ ਵੀ ਅਤੇ ਜਿਹੜੇ ਸਾਥ ਦਿੰਦੇ ਹਨ ਉਹ ਵੀ, ਕਸੂਰਵਾਰ ਹਨ।
ਮੈਂ ਖੁਦ ਵੇਖਿਆ ਹੈ ਕਿ ਸੀਵਰੇਜ਼ ਦੀ ਪਾਈਪ ਗਟਰ ਵਿੱਚੋਂ ਬਾਹਰ ਸੜਕ ’ਤੇ ਕੱਢੀ ਹੋਈ ਸੀ ਅਤੇ ਸਾਰਾ ਗੰਦ ਸੜਕ ਉੱਤੇ ਵਹਿ ਰਿਹਾ ਸੀ। ਲੋਕ ਉਸ ਵਿੱਚੋਂ ਲੰਘ ਰਹੇ ਸੀ। ਬਦਬੂ ਨਾਲ ਬੁਰੀ ਹਾਲਤ ਸੀ। ਮੈਂ ਵਾਰ ਵਾਰ ਉਸ ਪਾਈਪ ਨੂੰ ਠੀਕ ਥਾਂ ਕਰਨ ਵਾਸਤੇ ਕਿਹਾ, ਪਰ ਪੜ੍ਹਿਆਂ ਲਿਖਿਆਂ ਨੂੰ ਮਾਣ ਸੀ ਆਪਣੇ ਆਪ ਤੇ ਕਿ ਅਸੀਂ ਸੀਵਰੇਜ਼ ਦਾ ਕੰਮ ਬਹੁਤ ਵਧੀਆ ਕੀਤਾ ਹੈ। ਇੱਥੇ ਸਿਸਟਮ ਲੋਕਾਂ ਨੇ ਵਿਗਾੜਿਆ ਹੈ। ਕਿਸੇ ਨੇ ਉਸਦਾ ਹੱਲ ਕੱਢਣ ਲਈ ਜ਼ੋਰ ਨਹੀਂ ਦਿੱਤਾ ਪਰ ਗੰਦਗੀ ਫੈਲਾ ਦਿੱਤੀ। ਹਾਂ, ਅਜਿਹੇ ਲੋਕ ਸਵੱਛ ਭਾਰਤ ਦੀ ਗੱਲ ਵੀ ਕਰਨਗੇ ਅਤੇ ਫੋਟੋ ਵੀ ਖਚਵਾਉਣਗੇ।
ਜਦੋਂ ਅਸੀਂ ਆਪ ਆਪਣੇ ਬਾਰੇ ਨਹੀਂ ਸੋਚਦੇ ਸਮਝਦੇ ਤਾਂ ਦੂਸਰਾ ਕਦੇ ਵੀ ਨਹੀਂ ਸੋਚੇਗਾ।
ਅਸੀਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ। ਸਰਕਾਰਾਂ ਅਸੀਂ ਬਣਾਉਂਦੇ ਹਾਂ। ਜਿਹੋ ਜਿਹੀ ਸਰਕਾਰ ਬਣਾਈ ਜਾਵੇਗੀ, ਉਹੋ ਜਿਹਾ ਪ੍ਰਸ਼ਾਸਨ ਚਲਾਇਆ ਜਾਵੇਗਾ। ਜਦੋਂ ਅਸੀਂ ਸੜਕਾਂ ਉੱਤੇ ਸੀਵਰੇਜ਼ ਸੁੱਟਾਂਗੇ ਤਾਂ ਵਿਭਾਗਾਂ ਕੋਲੋਂ ਕੰਮ ਕੀ ਕਰਾਵਾਂਗੇ। ਅਸੀਂ ਸਿਸਟਮ ਵਿਗਾੜਨ ਵਿੱਚ ਪੂਰਾ ਯੋਗਦਾਨ ਪਾਉਂਦੇ ਹਾਂ ਪਰ ਦੋਸ਼ ਦੂਸਰਿਆਂ ਨੂੰ ਦਿੰਦੇ ਹਾਂ। ਇੱਕ ਬੁੱਧੀਜੀਵੀ ਨੇ ਲਿਖਿਆ ਹੈ ਜਿਹੋ ਜਿਹੇ ਲੋਕ ਹੁੰਦੇ ਹਨ, ਉਹੋ ਜਿਹੀ ਉਨ੍ਹਾਂ ਨੂੰ ਸਰਕਾਰ ਮਿਲਦੀ ਹੈ। ਇਸ ਉੱਤੇ ਵਿਚਾਰ ਕਰਨਾ ਬਹੁਤ ਬਹੁਤ ਜ਼ਰੂਰੀ ਹੈ। ਜਿਸ ਦਿਨ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਲਈ, ਜਿਸ ਦਿਨ ਸਾਨੂੰ ਸਰਕਾਰ ਬਣਾਉਣ ਦੀ ਸਮਝ ਆ ਗਈ, ਉਸ ਦਿਨ ਸਿਸਟਮ ਵੀ ਠੀਕ ਹੋ ਜਾਏਗਾ। ਫਿਰ ਅਸੀਂ ਸਿਸਟਮ ਨੂੰ ਵਿਗਾੜਨ ਵਿੱਚ ਪਾਏ ਆਪਣੇ ਯੋਗਦਾਨ ਨੂੰ ਭਲੀਭਾਂਤ ਸਮਝ ਜਾਵਾਂਗੇ ਅਤੇ ਗਲਤੀ ਨਹੀਂ ਕਰਾਂਗੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1602)
(ਸਰੋਕਾਰ ਨਾਲ ਸੰਪਰਕ ਲਈ: