PrabhjotKDhillon7“ਆਪਣਾ ਦਰਦ ਤਕਲੀਫ਼ ਦੱਸਣ ਦਾ ਹੱਕ ਤਾਂ ਸਭ ਨੂੰ ਹੈ ਫਿਰ ...”
(8 ਫਰਵਰੀ 2020)

 

ਇਹ ਨਾਅਰਾ ਜਾਂ ਪੰਕਤੀ ਬੋਲੀ ਅਤੇ ਲਿਖੀ ਹੋਈ ਸੀ। ਹਾਂ, ਇਹ ਤਖ਼ਤੀਆਂ ਫੜੀਆਂ ਹੋਈਆਂ ਸਨ ਉਨ੍ਹਾਂ ਦੇ ਹੱਥਾਂ ਵਿੱਚ ਜੋ ਪੁਰਸ਼ ਆਯੋਗ ਦੀ ਮੰਗ ਕਰ ਰਹੇ ਸਨ। ਵੈਸੇ ਵੇਖਿਆ ਜਾਵੇ ਤਾਂ ਇਸਦਾ ਹੋਣਾ ਵੀ ਜ਼ਰੂਰੀ ਹੈ। ਜਲ ਸਰੋਤ ਅਯੋਗ ਹੈ, ਪਸ਼ੂਆਂ ਪੰਛੀਆਂ ਲਈ ਹੈ, ਮਹਿਲਾਵਾਂ ਅਤੇ ਬੱਚਿਆਂ ਲਈ ਹੈ ਪਰ ਇੱਕ ਮਰਦ ਹੀ ਹੈ ਜਿਸਦੀਆਂ ਪ੍ਰੇਸ਼ਾਨੀਆਂ ਅਤੇ ਮੁਸ਼ਕਿਲਾਂ ਸੁਣਨ ਵਾਸਤੇ ਕੋਈ ਉਚਿਤ ਥਾਂ ਨਹੀਂ। ਮਹਿਲਾਵਾਂ ਦੀ ਮਦਦ ਕਰਨ ਲਈ ਕਾਨੂੰਨ ਬਣ ਗਏ ਪਰ ਬਦਕਿਸਮਤੀ ਇਹ ਹੈ ਕਿ ਇਨ੍ਹਾਂ ਦੀ ਵਰਤੋਂ ਘੱਟ ਅਤੇ ਦੁਰਵਰਤੋਂ ਵਧੇਰੇ ਹੋਣ ਲੱਗ ਗਈ। ਹੁਣ ਹਾਲਾਤ ਇਹ ਬਣ ਗਏ ਕਿ ਆਦਮੀਆਂ ਨੂੰ ਵੀ ਇਕੱਠੇ ਹੋਕੇ ਆਪਣੇ ਬਚਾਅ ਅਤੇ ਜਿਉਣ ਦੇ ਹੱਕ ਲਈ ਜੰਤਰ-ਮੰਤਰ ’ਤੇ ਧਰਨਾ ਦੇਣਾ ਪਿਆ ਅਤੇ ਪੁਰਸ਼ ਆਯੋਗ ਬਣਾਉਣ ਦੀ ਮੰਗ ਸਰਕਾਰ ਅੱਗੇ ਰੱਖੀ। ਇਸਦੇ ਨਾਲ ਹੀ ਉਨ੍ਹਾਂ ਨੇ ਲਿੰਗ ਦੇ ਆਧਾਰ ’ਤੇ ਕਾਨੂੰਨ ਨੂੰ ਬਣਾਉਣਾ ਵੀ ਗਲਤ ਦੱਸਿਆ, ਜੋ ਕਿ ਠੀਕ ਵੀ ਹੈ। ਇੱਕ ਪਾਸੇ ਤਾਂ ਔਰਤ ਮਰਦ ਦੇ ਬਰਾਬਰ ਹੋਣ ਦੀ ਦੁਹਾਈ ਪਾਈ ਜਾਂਦੀ ਹੈ ਅਤੇ ਦੂਸਰੇ ਪਾਸੇ ਸਿਰਫ਼ ਔਰਤਾਂ ਦੇ ਹੱਕ ਵਿੱਚ ਕਾਨੂੰਨ ਬਣਾ ਕੇ ਲੜਕਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ।

ਸੱਚ ਹੈ ਅੱਜ ਸਰਕਾਰਾਂ, ਪੁਲਿਸ ਸਟੇਸ਼ਨਾਂ ਵਿੱਚ, ਪ੍ਰਸ਼ਾਸਨ, ਵਕੀਲ ਸਾਰੇ ਸਿਰਫ਼ ਨੂੰਹ ਨੂੰ ਔਰਤ ਮੰਨਦੇ ਹਨ। ਲੜਕੇ ਦੀ ਮਾਂ, ਭੈਣ, ਭਾਬੀ, ਮਾਸੀ, ਤਾਈ, ਚਾਚੀ, ਮਾਮੀ ਕੋਈ ਵੀ ਉਨ੍ਹਾਂ ਵਾਸਤੇ ਔਰਤ ਨਹੀਂ ਹੈ। ਕਾਨੂੰਨ ਬਣਾਉਣ ਵੇਲੇ ਅਤੇ ਇਸ ’ਤੇ ਅਮਲ ਕਰਨ ਲੱਗਿਆਂ ਕੋਈ ਵੀ ਸੋਚਦਾ ਨਹੀਂ।

ਇੱਕ ਔਰਤ ਪੁਲਿਸ ਸਟੇਸ਼ਨ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਅਰਜ਼ੀ ਦਿੰਦੀ ਹੈ ਤਾਂ ਉਸਦੀ ਸੁਣਵਾਈ ਹੁੰਦੀ ਹੈ ਪਰ ਲੜਕੇ ਦੀ ਮਾਂ ਕੁਝ ਦੱਸਣ ਲੱਗਦੀ ਹੈ ਤਾਂ ਪੁਲਿਸ ਅਤੇ ਸਿਵਲ ਅਧਿਕਾਰੀ ਉਸ ਨੂੰ ਚੁੱਪ ਕਰਵਾ ਦਿੰਦੇ ਹਨ, ਪੈਸੇ ਦੇ ਕੇ ਰਾਜ਼ੀਨਾਮੇ ਦੀ ਗੱਲ ਸਮਝਾ ਦਿੰਦੇ ਹਨ। ਕਹਿੰਦੇ ਨੇ ਅੱਗ ਜਦੋਂ ਸਾਰੇ ਪਾਸੇ ਫੈਲਦੀ ਹੈ ਤਾਂ ਸਭ ਭਸਮ ਕਰ ਦਿੰਦੀ ਹੈ। ਸਮਾਜ ਵਿੱਚ ਅੱਜ ਜਿਸ ਤਰ੍ਹਾਂ ਲੜਕੀਆਂ ਦੇ ਪਰਿਵਾਰਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਲੜਕੇ ਵਾਲੇ ਧੱਕੇ ਖਾ ਰਹੇ ਹਨ। ਇਹ ਹਰ ਕਿਸੇ ਦੇ ਘਰ ਵਾਪਰਨ ਲੱਗ ਜਾਏਗਾ। ਜਿਵੇਂ ਦਾ ਸਮਾਜ ਬਣ ਰਿਹਾ ਹੈ, ਉਸੇ ਸਮਾਜ ਵਿੱਚੋਂ ਪੁਲਿਸ ਅਤੇ ਬਾਕੀਆਂ ਦੇ ਬੇਟਿਆਂ ਦੇ ਰਿਸ਼ਤੇ ਹੋਣੇ ਹਨ। ਇਸ ਕਾਨੂੰਨ ਦੀ ਦੁਰਵਰਤੋਂ ਨੇ ਜੱਜ, ਪੁਲਿਸ ਅਫ਼ਸਰ ਅਤੇ ਹੋਰ ਅਧਿਕਾਰੀਆਂ ਨੂੰ ਵੀ ਆਤਮ-ਹੱਤਿਆ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਪਰ ਹੈਰਾਨੀ ਹੁੰਦੀ ਹੈ ਕਿ ਉੱਚ ਅਹੁਦਿਆਂ ਤੇ ਬੈਠੇ ਅਤੇ ਸਰਕਾਰਾਂ ਵਿੱਚ ਬੈਠੇ ਫਿਰ ਵੀ ਲੜਕਿਆਂ ਦੇ ਹੱਕ ਲਈ ਆਵਾਜ਼ ਨਹੀਂ ਚੁੱਕ ਰਹੇ। ਕਦੇ ਕਿਸੇ ਨੇ ਇਹ ਸੋਚਿਆ ਹੈ ਕਿ ਵੋਟਾਂ ਅੱਧੀਆਂ ਮਰਦਾਂ ਦੀਆਂ ਹਨ। ਅੱਸੀ ਪ੍ਰਤੀਸ਼ਤ ਮਰਦ ਟੈਕਸ ਦਿੰਦੇ ਹਨ ਪਰ ਮੁਆਫ਼ ਕਰਨਾ ਉਨ੍ਹਾਂ ਨੂੰ ਕਾਨੂੰਨ ਨੇ ਰੋਲਕੇ ਰੱਖ ਦਿੱਤਾ। ਜਦੋਂ ਮਾਣਯੋਗ ਸਰਵਉੱਚ ਅਦਾਲਤ ਇਸ ਨੂੰ ਮੰਨ ਚੁੱਕੀ ਹੈ ਕਿ ਇਸ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ, ਤਾਂ ਇਸ ਕਾਨੂੰਨ ਨੂੰ ਸੋਧਿਆ ਕਿਉਂ ਨਹੀਂ ਜਾ ਰਿਹਾ? ਮਰਦਾਂ ਲਈ ਕਾਨੂੰਨ ਬਣਾਉਣ ਵਿੱਚ ਮੁਸ਼ਕਿਲ ਹੀ ਹੈ?

ਪੁਰਸ਼ ਆਯੋਗ ਦੀ ਮੰਗ ਕਰਨ ਆਏ ਲੜਕੇ ਆਪਣਾ ਸਾਰਾ ਕੁਝ ਗੁਆ ਚੁੱਕੇ ਹਨ। ਨੌਕਰੀਆਂ ਵਿੱਚੋਂ ਕੱਢੇ ਗਏ। ਮਾਪੇ ਇਸ ਤਕਲੀਫ਼ ਨੂੰ ਨਾ ਸਹਾਰਦੇ ਹੋਏ ਮੌਤ ਦੇ ਮੂੰਹ ਵਿੱਚ ਚਲੇ ਗਏ। ਘਰ ਤਬਾਹ ਹੋ ਗਿਆ ਪਰ ਸਾਡੀਆਂ ਸਰਕਾਰਾਂ ਇਸ ਪਾਸੇ ਆ ਹੀ ਨਹੀਂ ਰਹੀਆਂ।

ਬੜੀ ਹੈਰਾਨੀ ਹੁੰਦੀ ਹੈ ਜਦੋਂ ਵੱਡੀਆਂ ਵੱਡੀਆਂ ਰਕਮਾਂ ਲੜਕੀਆਂ ਵੱਲੋਂ ਮੰਗੀਆਂ ਜਾਂਦੀਆਂ ਹਨ। ਵੱਡੀਆਂ ਰਕਮਾਂ ਲੈ ਕੇ, ਫੇਰ ਵਿਆਹ ਦੁਬਾਰਾ ਵਿਆਹ ਵੀ ਕਰਵਾ ਲੈਂਦੀਆਂ ਹਨ। ਇੱਕ ਬਜ਼ੁਰਗ ਸੋਸ਼ਲ ਮੀਡੀਆ ਤੇ ਦੱਸ ਰਹੇ ਸੀ ਕਿ ਉਨ੍ਹਾਂ ਦੀ ਨੂੰਹ ਨੂੰ ਖਰਚਾ ਉਹ ਦੇ ਰਹੇ ਹਨ, ਉਸਨੇ ਅੱਗੇ ਵਿਆਹ ਵੀ ਕਰਵਾ ਲਿਆ ਅਤੇ ਉਸਦੇ ਬੱਚਾ ਵੀ ਹੈ। ਖ਼ਰਚਾ ਤਾਂ ਇਸ ਕਰਕੇ ਦੇਣਾ ਹੁੰਦਾ ਹੈ ਕਿ ਉਸਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ। ਜੇਕਰ ਉਹ ਪੜ੍ਹੀ ਲਿਖੀ ਹੈ ਤਾਂ ਨੌਕਰੀ ਕਿਉਂ ਨਹੀਂ ਕਰਦੀ? ਉਸਦੇ ਮਾਪੇ ਉਸ ਨੂੰ ਕਾਨੂੰਨੀ ਤੌਰ ’ਤੇ ਬਣਦਾ ਜਾਇਦਾਦ ਦਾ ਹੱਕ ਕਿਉਂ ਨਹੀਂ ਦਿੰਦੇ? ਇਹ ਵੀ ਤਾਂ ਸੋਚਣ ਵਾਲੀ ਗੱਲ ਹੈ। ਇੱਥੇ ਤਾਂ ਲੜਕੀਆਂ ਦੇ ਮਾਪੇ ਵੂਮੈਨ ਸੈੱਲ ਵਿੱਚ ਜਾਕੇ ਵੱਡੀਆਂ ਵੱਡੀਆਂ ਰਕਮਾਂ ਦੀ ਮੰਗ ਕਰਦੇ ਹਨ। ਲੜਕੇ ਅਤੇ ਉਸਦੇ ਮਾਪਿਆਂ ਨੂੰ ਲੜਕੀ ਦੀ ਦਿੱਤੀ ਅਰਜ਼ੀ ’ਤੇ ਸਾਰੇ ਮੁਲਜ਼ਮ ਮੰਨ ਲੈਂਦੇ ਹਨ। ਵਿਆਹ ਵਿੱਚ ਖ਼ਾਲੀ ਹੱਥ ਆਈ ਨੂੰਹ, ਵਿਆਹ ਦੇ ਕੁਝ ਮਹੀਨਿਆਂ ਬਾਦ ਹੀ ਖਾਲੀ ਕਰਕੇ, ਮਾਲੋ ਮਾਲ ਹੋ ਕੇ ਚਲੀ ਜਾਂਦੀ ਹੈ। ਸਾਡੀ ਬਦਕਿਸਮਤੀ ਇਹ ਹੈ ਕਿ ਕਾਨੂੰਨ, ਪੁਲਿਸ ਅਤੇ ਹਰ ਵਿਭਾਗ ਸਿਰਫ਼ ਨੂੰਹ ਨੂੰ ਔਰਤ ਮੰਨਦਾ ਹੈ। ਲੜਕੇ ਦੀ ਮਾਂ ਔਰਤ ਨਹੀਂ ਹੈ ਕਾਨੂੰਨ ਅਨੁਸਾਰ, ਨਾ ਉਸਦੀ ਭੈਣ ਔਰਤ ਹੈ ਅਤੇ ਨਾ ਉਸਦੀਆਂ ਬਾਕੀ ਰਿਸ਼ਤੇਦਾਰ ਔਰਤਾਂ, ਔਰਤਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ।

ਬਿਲਕੁਲ ਮਰਦ ਅਯੋਗ ਬਣਨਾ ਚਾਹੀਦਾ ਹੈ। ਕਾਨੂੰਨ ਲਿੰਗ ਆਧਾਰਤ ਕਿਵੇਂ ਬਣ ਸਕਦਾ ਹੈ ਜਦਕਿ ਸਾਡਾ ਸੰਵਿਧਾਨ ਸਭ ਨੂੰ ਬਰਾਬਰਤਾ ਦਾ ਹੱਕ ਦਿੰਦਾ ਹੈ। ਬਹੁਤ ਸਾਰੀਆਂ ਔਰਤਾਂ ਇਸ ਮਰਦ ਅਯੋਗ ਲਈ ਲੜਾਈ ਲੜ ਰਹੀਆਂ ਹਨ। ਹਕੀਕਤ ਇਹ ਹੈ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਬਰਬਾਦ ਹੋ ਜਾਣਗੀਆਂ। ਲੜਕੇ ਵਿਆਹ ਕਰਵਾਉਣ ਲਈ ਤਿਆਰ ਹੀ ਨਹੀਂ ਹੋਣਗੇ। ਆਪਣਾ ਦਰਦ ਤਕਲੀਫ਼ ਦੱਸਣ ਦਾ ਹੱਕ ਤਾਂ ਸਭ ਨੂੰ ਹੈ ਫਿਰ ਲੜਕੇ ਦੇ ਪਰਿਵਾਰ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ? ਜਿਸ ਦਿਨ ਇਹ ਵੱਡੀਆਂ ਰਕਮਾਂ ਮਿਲਣੀਆਂ ਬੰਦ ਹੋ ਗਈਆਂ, ਝੂਠੇ ਕੇਸ ਦਰਜ ਹੋਣ ਦੀ ਗਿਣਤੀ ਬਹੁਤ ਘੱਟ ਜਾਏਗੀ। ਜਿਸ ਦਿਨ ਝੂਠਾ ਕੇਸ ਦਰਜ ਕਰਵਾਉਣ ਅਤੇ ਕਰਨ ਵਾਲੇ ਨੂੰ ਸਜ਼ਾ ਮਿਲਣ ਲੱਗ ਗਈ, ਉਸ ਦਿਨ ਠੱਲ੍ਹ ਪਵੇਗੀ। ਇਹ ਅੱਗ ਹੈ, ਜੋ ਸਮਾਜ ਵਿੱਚ ਫੈਲ ਰਹੀ ਹੈ। ਦੂਸਰੇ ਦੇ ਘਰ ਲੱਗੀ ਵੇਖਕੇ ਖੁਸ਼ ਨਾ ਹੋਵੋ, ਇਹ ਕਦੋਂ ਤੁਹਾਡੇ ਘਰ ਲੱਗ ਜਾਵੇ, ਸਮਝ ਵੀ ਨਹੀਂ ਆਉਣੀ। ਲੜਕਿਆਂ ਦੀ ਆਤਮ-ਹੱਤਿਆ ਦੀ ਗਿਣਤੀ ਲੜਕੀਆਂ ਨਾਲੋਂ ਵਧੇਰੇ ਹੈ ਪਰ ਫਿਰ ਵੀ ਸਮਾਜ ਸਚਾਈ ਨੂੰ ਮੰਨਣ ਲਈ ਤਿਆਰ ਨਹੀਂ। ਸਮਾਜ ਅਤੇ ਪਰਿਵਾਰਾਂ ਨੂੰ ਜੇਕਰ ਬਚਾਉਣਾ ਹੈ ਤਾਂ ਹਕੀਕਤ ਨੂੰ ਸਮਝੋ।

ਬੜੀ ਹੈਰਾਨੀ ਹੁੰਦੀ ਹੈ ਜਦੋਂ ਲੜਕੇ ਨੂੰ ਉਸਦੇ ਮਾਪਿਆਂ ਤੋਂ ਵੱਖਰਾ ਰਹਿਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਜਾਂ ਮਾਪਿਆਂ ਦੇ ਸਾਹਮਣੇ ਬੋਲਣ ਅਤੇ ਉਨ੍ਹਾਂ ਨੂੰ ਬੁਰਾ ਭਲਾ ਕਹਿਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਜਿਸ ਨੂੰ ਬੁਰਾ ਭਲਾ ਬੋਲਣਾ ਦੀ ਆਦਤ ਪਾਉਗੇ, ਉਹ ਤੁਹਾਨੂੰ ਵੀ ਇੱਕ ਦਿਨ ਜ਼ਰੂਰ ਉਵੇਂ ਹੀ ਬੋਲੇਗਾ। ਹਾਂ, ਵੂਮੈਨ ਅਯੋਗ, ਸਿਰਫ਼ ਨੂੰਹ ਨੂੰ ਵੂਮੈਨ ਮੰਨਦਾ ਹੈ ਤਾਂ ਇਸ ਤੋਂ ਵੱਡੀ ਬਦਕਿਸਮਤੀ ਹੋਰ ਕੋਈ ਨਹੀਂ ਹੋ ਸਕਦੀ। ਜਿਹੜੇ ਉਥੇੱ ਬੁੱਧੀਮਾਨ ਬੈਠੇ ਹਨ, ਮੁਆਫ਼ ਕਰਨਾ ਉਹ ਆਪਣੀਆਂ ਮਾਵਾਂ, ਭੈਣਾਂ, ਭਾਬੀਆਂ, ਤਾਈਆਂ ਚਾਚੀਆਂ ਨੂੰ ਔਰਤਾਂ ਮੰਨਦੇ ਹਨ ਜਾਂ ਨਹੀਂ,ਇਹ ਵੀ ਵੱਡਾ ਸਵਾਲ ਹੈ ਅਤੇ ਸੋਚਣ ਸਮਝਣ ਵਾਲੀ ਗੱਲ ਹੈ। ਮਰਦ ਪੱਥਰ ਨਹੀਂ ਹੈ, ਉਸਦਾ ਵੀ ਦਿਲ ਦਿਮਾਗ਼ ਹੈ ,ਉਹ ਵੀ ਦਰਦ ਮਹਿਸੂਸ ਕਰਦਾ ਹੈ। ਉਸ ਨੂੰ ਵੀ ਤਕਲੀਫ਼ ਹੁੰਦੀ ਹੈ, ਇਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਸ ਨੂੰ ਜਿਸ ਮਾਂ ਨੇ ਜਨਮ ਦਿੱਤਾ ਹੈ, ਉਹ ਵੀ ਔਰਤ ਹੈ। ਬਿਲਕੁਲ, ਪੁਰਸ਼ ਆਯੋਗ ਬਣਾਉਣਾ ਸਮੇਂ ਅਤੇ ਸਮਾਜ ਦੀ ਜ਼ਰੂਰਤ ਹੈ। ਇਸ ’ਤੇ ਸਰਕਾਰ ਨੂੰ ਟਾਲਮਟੋਲ ਵਾਲਾ ਰਵੱਈਆ ਨਹੀਂ ਅਪਨਾਉਣਾ ਚਾਹੀਦਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1927)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author