“ਜੇਕਰ ਅਜੇ ਵੀ ਮੁਫ਼ਤ ਦੇ ਆਟੇ ਦਾਲ ਵਿੱਚੋਂ ਬਾਹਰ ਨਾ ਨਿਕਲੇ ...”
(14 ਫਰਵਰੀ 2020)
ਬਿਲਕੁਲ, ਲੋਕਾਂ ਦੀ ਜਿਹੋ ਜਿਹੀ ਲੋਕਾਂ ਦੀ ਸੋਚ ਹੋਏਗੀ, ਉਸ ਮੁਤਾਬਿਕ ਉਹ ਵੋਟ ਦੀ ਵਰਤੋਂ ਕਰਨਗੇ ਅਤੇ ਉਹੋ ਜਿਹੀਆਂ ਹੀ ਸਰਕਾਰਾਂ ਬਣ ਜਾਣਗੀਆਂ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੋ ਜਿਹੇ ਲੋਕ ਹੋਣਗੇ ਉਹੋ ਜਿਹੀਆਂ ਸਰਕਾਰਾਂ ਬਣਦੀਆਂ ਹਨ। ਜਿਸ ਤਰ੍ਹਾਂ ਹੁਣ ਚੋਣਾਂ ਹੋ ਰਹੀਆਂ ਹਨ, ਉਹ ਸਭ ਜਾਣਦੇ ਹਨ। ਪਰ ਪਹਿਲੀ ਵਾਰ ਦਿੱਲੀ ਦੀ ਚੋਣ ਵਿੱਚ ਕੁਝ ਵੱਖਰਾ ਵੇਖਣ ਨੂੰ ਮਿਲਿਆ। ਇਹ ਵੀ ਪਹਿਲੀ ਵਾਰ ਸੁਣਿਆ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਕੰਮ ਕੀਤੇ ਹਨ ਤਾਂ ਵੋਟਾਂ ਪਾਇਉ।
ਪੈਸੇ, ਸ਼ਰਾਬ ਜਾਂ ਹੋਰ ਚੀਜ਼ਾਂ ਲੈਕੇ ਵੋਟ ਵੇਚਣ ਦਾ ਰਿਵਾਜ਼ ਹੀ ਚੱਲ ਪਿਆ ਹੈ। ਵਧੇਰੇ ਕਰਕੇ ਲੋਕ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਇਨ੍ਹਾਂ ਨੇ ਕਿਹੜਾ ਬਾਅਦ ਵਿੱਚ ਹੱਥ ਆਉਣਾ, ਜੋ ਹੁਣ ਲੈ ਲਿਆ, ਉਹ ਹੀ ਲਾਹੇ ਦਾ ਹੈ। ਇਸ ਸੋਚ ਨਾਲ ਜਦੋਂ ਵੋਟਾਂ ਪੈਂਦੀਆਂ ਹਨ ਤਾਂ ਜੋ ਕੁਝ ਹੁੰਦਾ ਹੈ, ਸਾਡੇ ਸਭ ਦੇ ਸਾਹਮਣੇ ਹੈ।
ਲੋਕਾਂ ਦੀ ਸੋਚ ਹੀ ਖੂਹ ਦੇ ਡੱਡੂ ਜਿੰਨੀ ਕਰ ਦਿੱਤੀ ਹੈ। ਆਟਾ ਦਾਲ ਮੁਫ਼ਤ ਲੈਣ ਵਿੱਚ ਹੀ ਖੁਸ਼ ਹੋ ਜਾਂਦੇ ਹਨ। ਇਹ ਸੋਚਦੇ ਹੀ ਨਹੀਂ ਕਿ ਸਾਨੂੰ ਰੁਜ਼ਗਾਰ ਮਿਲੇ ਅਤੇ ਅਸੀਂ ਆਪ ਕਮਾ ਕੇ ਵਧੀਆ ਰੋਟੀ ਖਾਈਏ।
ਦਿੱਲੀ ਦੀ ਚੋਣ ਵਿੱਚ ਵੋਟਰਾਂ ਨੇ ਇੱਕ ਵੱਖਰੀ ਸੋਚ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ। ਅਸਲ ਵਿੱਚ ਹਰ ਵਰਗ ਅਤੇ ਹਰ ਜਾਤ ਦੇ ਲੋਕ ਮਹਿੰਗਾਈ, ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਵਿਗੜੀ ਹਾਲਤ ਅਤੇ ਬੇਰੁਜ਼ਗਾਰੀ ਤੋਂ ਤੰਗ ਪ੍ਰੇਸ਼ਾਨ ਹੋ ਚੁੱਕੇ ਹਨ। ਸਰਕਾਰਾਂ ਬਣਦੀਆਂ ਹਨ ਪਰ ਲੋਕਾਂ ਉੱਪਰ ਟੈਕਸ ਲਗਾਉਣ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਕਰਦੀਆਂ। ਸਿਆਣੇ ਕਹਿੰਦੇ ਹਨ ਜਦੋਂ ਘੜਾ ਭਰ ਜਾਂਦਾ ਹੈ ਤਾਂ ਉੱਛਲ ਜਾਂਦਾ ਹੈ। ਹੁਣ ਲੋਕਾਂ ਦਾ ਸਬਰ ਅਤੇ ਸਹਿਣ ਸ਼ਕਤੀ ਜਵਾਬ ਦੇ ਗਈ ਹੈ। ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦੀ ਨਬਜ਼ ਆਪਣੇ ਹੱਥ ਵਿੱਚ ਲੈ ਲਈ। ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਮੁਸ਼ਕਿਲ ਹੋ ਗਿਆ ਹੈ। ਜਦੋਂ ਦਿਲ ਕਰੇ ਅਤੇ ਜਿੰਨਾ ਦਿਲ ਕਰੇ, ਫੀਸ ਵਧਾ ਦਿਉ। ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ’ਤੇ ਵੀ ਅੱਖ ਰੱਖੀ ਅਤੇ ਸਰਕਾਰੀ ਸਕੂਲਾਂ ਦਾ ਮਿਆਰ ਉੱਪਰ ਚੁੱਕ ਦਿੱਤਾ। ਜਦੋਂ ਵੋਟਰ ਨੂੰ ਇਹ ਸੋਝੀ ਆ ਜਾਵੇ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਲਈ ਕੋਈ ਫ਼ਿਕਰਮੰਦ ਹੈ ਤਾਂ ਉਹ ਬਿਨਾਂ ਪੈਸੇ ਲਏ ਵੋਟਾਂ ਪਾਉਣਗੇ। ਇੱਥੇ ਵੋਟਰਾਂ ਨੂੰ ਆਪਣੀ ਵੋਟ ਦੀ ਕੀਮਤ ਸਮਝਣਾ ਬਹੁਤ ਜ਼ਰੂਰੀ ਹੈ। ਜੇਕਰ ਇੱਕ ਮਹੀਨਾ ਮੁਫ਼ਤ ਦੀ ਸ਼ਰਾਬ ਪੀ ਲਈ, ਸੌਫਟ ਡਰਿੰਕ ਪੀ ਲਈ ਜਾਂ ਥੋੜ੍ਹਾ ਬਹੁਤ ਪੈਸਾ ਹੱਥ ਲੱਗ ਗਿਆ ਪਰ ਉਸਦੇ ਬਦਲੇ ਆਪਣੇ ਬੱਚਿਆਂ ਦਾ ਭਵਿੱਖ ਤਬਾਹ ਕਰ ਦਿੱਤਾ ਤਾਂ ਅਸੀਂ ਕਿੰਨੇ ਕੁ ਸਿਆਣੇ ਹਾਂ, ਸੋਚਣਾ ਜ਼ਰੂਰੀ ਹੈ। ਜਦੋਂ ਅਸੀਂ ਹੀ ਆਪਣੇ ਬੱਚਿਆਂ ਲਈ ਕੁਝ ਚੰਗਾ ਨਹੀਂ ਸੋਚਦੇ ਤਾਂ ਦੂਸਰੇ ਇਹ ਨਹੀਂ ਕਰਨਗੇ।
ਵੋਟ ਦੀ ਕੀਮਤ ਸਮਝੀਏ। ਇੱਕ ਇੱਕ ਵੋਟ ਦੀ ਕੀਮਤ ਹੈ। ਇੱਕ ਵੋਟ ਤਖ਼ਤ ’ਤੇ ਬਿਠਾ ਵੀ ਸਕਦੀ ਹੈ ਅਤੇ ਤਖ਼ਤ ਤੋਂ ਲਾਹ ਵੀ ਸਕਦੀ ਹੈ। ਵੋਟ ਵੇਚਣ ਦੀ ਸੋਚ ਬਦਲੋ। ਆਪਣੇ ਬੱਚਿਆਂ ਦੇ ਭਵਿੱਖ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਜਦੋਂ ਵੋਟ ਪਾਉਣ ਦਾ ਵੇਲਾ ਹੁੰਦਾ ਹੈ। ਪਿਛਲੇ ਪੰਜ ਸਾਲਾਂ ਦਾ ਹਿਸਾਬ ਪੁੱਛਣਾ ਸਾਰੇ ਵੋਟਰਾਂ ਦਾ ਹੱਕ ਹੈ। ਅਗਲੇ ਪੰਜ ਸਾਲਾਂ ਦੀ ਗੱਲ ਬਾਅਦ ਵਿੱਚ ਕਰੋ ਅਤੇ ਸੁਣੋ। ਜਿਸਨੇ ਪਿਛਲੇ ਪੰਜ ਸਾਲਾਂ ਵਿੱਚ ਕੁਝ ਨਹੀਂ ਕੀਤਾ, ਉਹ ਅੱਗੇ ਕੀ ਕਰੇਗਾ, ਇਸ ਨੂੰ ਸਮਝਣਾ ਚਾਹੀਦਾ ਹੈ। ਪਿਛਲੀ ਵਾਰੀ ਵੀ ਕੰਮਾਂ ਦੇ ਵਾਅਦੇ ਹੀ ਕੀਤੇ ਸੀ। ਸਰਕਾਰ ਬਣਾਉਣ ਤੋਂ ਬਾਅਦ ਅੱਖਾਂ ਵਿੱਚ ਘਸੁੰਨ ਦੇ ਕੇ ਰੋਣ ਦੀ ਥਾਂ ਅਤੇ ਸਿਆਸਤਦਾਨਾਂ ਨੂੰ ਗਾਲੀ ਗਲੋਚ ਕਰਨ ਦੀ ਥਾਂ, ਆਪਣੇ ਆਪ ਨੂੰ ਸੁਧਾਰੋ।
ਅੱਜ ਪ੍ਰਾਈਵੇਟ ਹਸਪਤਾਲਾਂ ਵਿੱਚ ਬੰਦਾ ਇਲਾਜ ਕਰਵਾਉਂਦਾ ਕੰਗਾਲ ਹੋ ਜਾਂਦਾ ਹੈ। ਅਸੀਂ ਇੱਕ ਤੀਲਾਂ ਦੀ ਡੱਬੀ ਵੀ ਖਰੀਦਦੇ ਹਾਂ ਤਾਂ ਟੈਕਸ ਦਿੰਦੇ ਹਾਂ, ਇਨਕਮ ਟੈਕਸ ਦਿੰਦੇ ਹਾਂ ਸਰਕਾਰਾਂ ਨੂੰ, ਪਰ ਇਲਾਜ ਕਰਵਾਉਣ ਲਈ ਅਸੀਂ ਕਰਜ਼ਾ ਚੁੱਕਦੇ ਹਾਂ ਜਾਂ ਆਪਣੀ ਸਾਰੀ ਬੱਚਤ ਡਾਕਟਰਾਂ ਨੂੰ ਦੇ ਦਿੰਦੇ ਹਾਂ। ਸੋਚਣ ਵਾਲੀ ਗੱਲ ਹੈ ਕਿ ਸਾਡੇ ਦਿੱਤੇ ਟੈਕਸਾਂ ਦੇ ਪੈਸਿਆਂ ਦਾ ਕੀ ਬਣਿਆ? ਸਾਨੂੰ ਤਾਂ ਦੋ ਵਾਰ ਪੈਸੇ ਦੇਣੇ ਪੈ ਗਏ। ਵਿਧਾਇਕਾਂ, ਮੰਤਰੀਆਂ ਦੇ ਇਲਾਜ ਜਿੱਥੇ ਮਰਜ਼ੀ ਹੋਣ, ਲੋਕਾਂ ਦੇ ਟੈਕਸਾਂ ਦੇ ਪੈਸਿਆਂ ਵਿੱਚੋਂ ਪੈਸੇ ਚਲੇ ਜਾਂਦੇ ਹਨ। ਬਹੁਤ ਸਾਰੇ ਲੋਕ ਪੈਸੇ ਨਾ ਹੋਣ ਕਰਕੇ ਇਲਾਜ ਬਿਨਾਂ ਹੀ ਮਰ ਜਾਂਦੇ ਹਨ। ਜੇਕਰ ਪੈਸੇ ਨਹੀਂ ਦਿੱਤੇ ਜਾਂਦੇ, ਡਾਕਟਰ ਇਲਾਜ ਕਰਨ ਤੋਂ ਮਨ੍ਹਾਂ ਕਰ ਦਿੰਦੇ ਹਨ। ਹੁਣ ਸਾਨੂੰ ਸੋਚਣਾ, ਸਮਝਣਾ ਚਾਹੀਦਾ ਹੈ ਅਤੇ ਹਸਪਤਾਲਾਂ ਦੀ ਮੰਗ ਕਰਨੀ ਚਾਹੀਦੀ ਹੈ। ਜਿਹੜਾ ਤੁਹਾਨੂੰ ਖਰੀਦਣ ਆਉਂਦਾ ਹੈ, ਉਹ ਇਸ ਕਰਕੇ ਹੀ ਆਉਂਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਅਸੀਂ ਵਿਕਾਊ ਹਾਂ। ਜਦੋਂ ਅਸੀਂ ਵਿਕਣੋਂ ਬੰਦ ਹੋ ਗਏ, ਖਰੀਦਣ ਵਾਲਿਆਂ ਨੂੰ ਆਪੇ ਸਮਝ ਆ ਜਾਏਗੀ।
ਅੱਜ ਜਿਸ ਤਰ੍ਹਾਂ ਸਾਡੇ ਨੌਜਵਾਨ ਬੇਰੁਜ਼ਗਾਰੀ ਨੇ ਝੰਬੇ ਹੋਏ ਹਨ, ਇਸ ਵਿੱਚ ਜਿੱਥੇ ਸਾਡੀਆਂ ਸਰਕਾਰਾਂ ਗੁਨਾਹਗਾਰ ਹਨ, ਉੱਥੇ ਅਸੀਂ ਵੀ ਦੋਸ਼ੀ ਹਾਂ। ਕੋਈ ਸਰਕਾਰ ਆਪਣੇ ਆਪ ਨਹੀਂ ਬਣਦੀ। ਅਸੀਂ ਸਰਕਾਰਾਂ ਬਣਾਈਆਂ, ਕੰਡੇ ਬੀਜੇ, ਜੋ ਅੱਜ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਚੁੱਭ ਰਹੇ ਨੇ। ਜੇਕਰ ਅਜੇ ਵੀ ਮੁਫ਼ਤ ਦੇ ਆਟੇ ਦਾਲ ਵਿੱਚੋਂ ਬਾਹਰ ਨਾ ਨਿਕਲੇ, ਵੋਟ ਵੇਚਣ ਤੋਂ ਨਾ ਹਟੇ ਤਾਂ ਅਗਲੀਆਂ ਪੀੜ੍ਹੀਆਂ ਦੀ ਤਬਾਹੀ ਨੂੰ ਕੋਈ ਨਹੀਂ ਰੋਕ ਸਕਦਾ। ਸਰਕਾਰਾਂ ਤੋਂ ਵੱਧ ਇਸ ਤਬਾਹੀ ਦੇ ਗੁਨਾਹਗਾਰ ਅਸੀਂ ਹੋਵਾਂਗੇ। ਆਪਣੀ ਸੋਚ ਬਦਲੀਏ, ਵੋਟ ਦੀ ਕੀਮਤ ਸਮਝੀਏ। ਇਹ ਗੱਲ ਆਪਣੇ ਜ਼ਿਹਨ ਵਿੱਚ ਚੰਗੀ ਤਰ੍ਹਾਂ ਪੱਕੀ ਕਰ ਲਈਏ ਕਿ ਜਿਹੋ ਜਿਹੀ ਅਸੀਂ ਚਾਹਾਂਗੇ, ਉਹੋ ਜਿਹੀ ਸਰਕਾਰ ਬਣਾਵਾਂਗੇ। ਦਿੱਲੀ ਦੇ ਲੋਕਾਂ ਨੇ ਵਿਕਾਸ ਹੋਇਆ ਵੇਖਿਆ, ਫੇਰ ਵੋਟ ਦਿੱਤੀ। ਹੁਣ ਇਵੇਂ ਹੀ ਦੂਸਰੇ ਸਿਆਸਤਦਾਨ ਆਪਣੇ ਪਿਛਲੇ ਪੰਜ ਸਾਲਾਂ ਦੇ ਕੰਮ ਵਿਖਾਉਣ ਅਤੇ ਵੋਟ ਲੈ ਲੈਣ, ਇਹੋ ਜਿਹਾ ਸਿਸਟਮ ਬਣਾਈਏ। ਅਗਲੇ ਪੰਜ ਸਾਲਾਂ ਵਿੱਚ ਕੀ ਕਰਨਾ ਹੈ, ਉਹ ਬਾਅਦ ਵਿੱਚ ਵੇਖਿਆ ਜਾਵੇ। ਬਿਲਕੁਲ, ਇਨ੍ਹਾਂ ਤਿੰਨਾਂ ਦਾ ਗੂੜ੍ਹਾ ਰਿਸ਼ਤਾ ਹੈ - ਲੋਕਾਂ ਦੀ ਸੋਚ, ਵੋਟ ਅਤੇ ਸਰਕਾਰ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1939)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)