“ਜਿਹੜੇ ਬੱਚੇ ਚਲੇ ਗਏ, ਉਹ ਸਾਡੇ ਦੇਸ਼ ਦੀ ਵੱਡਮੁੱਲੀ ਪੂੰਜੀ ਸਨ, ਦੇਸ਼ ਦਾ ਭਵਿੱਖ ਸਨ ...”
(30 ਮਈ 2019)
(CNN)Twenty students were killed and 17 more are being treated for injuries after a fire tore through a commercial building in Surat, in the Indian state of Gujarat.
The victims were attending classes in a tutoring center on the third and fourth floor of the building when the fire spread, Surat police commissioner Satish Kumar Sharma told CNN. (24 May 2019)
ਪਤਾ ਨਹੀਂ ਅਸੀਂ ਆਪਣੀਆਂ ਗਲਤੀਆਂ ਤੋਂ ਕਦੋਂ ਸਿੱਖਾਂਗੇ ਅਤੇ ਕਦੋਂ ਸਾਡੀ ਜ਼ਮੀਰ ਸਾਨੂੰ ਝੰਜੋੜੇਗੀ। ਅਸੀਂ ਨਾ ਗਲਤੀਆਂ ਤੋਂ ਸਿੱਖਦੇ ਹਾਂ ਅਤੇ ਨਾ ਹੀ ਘਟਨਾਵਾਂ ਅਤੇ ਦੁਰਘਟਨਾਵਾਂ ਤੋਂ। ਪਿਛਲੇ ਦਿਨੀਂ ਸੂਰਤ ਵਿੱਚ ਟਿਊਸ਼ਨ ਸੈਂਟਰ ਵਿੱਚ ਲੱਗੀ ਅੱਗ ਦੀਆਂ ਵਿਡੀਉ ਵੇਖੀਆਂ, ਜਿਸ ਵਿੱਚ ਬੱਚੇ ਛਾਲਾਂ ਮਾਰ ਰਹੇ ਹਨ ਬਚਣ ਵਾਸਤੇ। ਦਿਲ ਦਹਿਲਾ ਦੇਣ ਵਾਲਾ ਸੀ ਇਹ ਸਭ। ਪਤਾ ਨਹੀਂ ਜਿਨ੍ਹਾਂ ਦੀਆਂ ਗਲਤੀਆਂ ਕਰਕੇ ਇਹ ਹੋਇਆ, ਉਨ੍ਹਾਂ ਨੂੰ ਸ਼ਰਮ ਆਈ ਹੈ ਜਾਂ ਨਹੀਂ। ਖੈਰ, ਇਹ ਨਾ ਤਾਂ ਪਹਿਲੀ ਦਰਦਨਾਕ ਘਟਨਾ ਹੈ ਅਤੇ ਨਾ ਇਹ ਆਖ਼ਰੀ ਹੋਵੇਗੀ। ਹੁਣ ਇਸਨੂੰ ਕਿਸੇ ਨਾ ਕਿਸੇ ਤਰ੍ਹਾਂ ਦਬਾਉਣ ਦਾ ਕੰਮ ਹੋਏਗਾ। ਕੇਸ ਦਰਜ ਕਰਨ ਤੋਂ ਬਾਦ ਕਿੰਨੇ ਸਾਲ ਇਸਦੀ ਛਾਣਬੀਣ ਹੋਏਗੀ ਪਤਾ ਨਹੀਂ, ਪਰ ਕਿਸੇ ਦੇ ਸਾਹਮਣੇ ਨਤੀਜਾ ਨਹੀਂ ਆਏਗਾ। ਨਗਰ ਮਹਾਂ ਪਾਲਿਕਾ ਨੂੰ ਇਸ ਵਿੱਚ ਜ਼ਿੰਮੇਵਾਰ ਠਹਿਰਾ ਦਿੱਤਾ ਗਿਆ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਉਸਨੇ ਇਹ ਪਹਿਲੀ ਗਲਤੀ ਕੀਤੀ ਹੈ। ਜਦੋਂ ਲੋਕ ਇਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਕੁਤਾਹੀਆਂ ਬਾਰੇ ਸ਼ਿਕਾਇਤਾਂ ਕਰਦੇ ਹਨ, ਅਖ਼ਬਾਰਾਂ ਵਿੱਚ ਰੋਣਾ ਰੋਂਦੇ ਹਨ ਤਾਂ ਨਾ ਉੱਚ ਅਫ਼ਸਰਾਂ ਦੇ ਕੰਨਾਂ ਉੱਤੇ ਜੂੰ ਸਰਕਦੀ ਹੈ ਅਤੇ ਨਾ ਮੰਤਰਾਲੇ ਦੇ। ਇਹ ਅਜਿਹੀ ਖਿਚੜੀ ਪਕਾਉਂਦੇ ਹਨ ਕਿ ਸ਼ਿਕਾਇਤ ਕਰਨ ਵਾਲੇ ਦੀ ਬੁਰੀ ਹਾਲਤ ਕਰ ਦਿੰਦੇ ਹਨ। ਬਿਲਡਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੁਤਾਹੀਆਂ ਕਰਕੇ ਲੋਕਾਂ ਦਾ ਜਿਉਣਾ ਨਰਕ ਬਣਿਆ ਹੋਇਆ ਹੈ। ਹਕੀਕਤ ਇਹ ਹੈ ਕਿ ਇਸ ਵਕਤ ਅਦਾਲਤਾਂ ਦੇ ਫੈਸਲਿਆਂ ਉੱਤੇ ਵੀ ਇਹ ਅਮਲ ਨਹੀਂ ਕਰਦੇ ਅਤੇ ਨਾ ਡਰਦੇ ਹਨ। ਅਜਿਹੇ ਗਲਤ ਕੰਮ ਕਰਨ ਵਾਲਿਆਂ ਨੂੰ ਸਾਡੇ ‘ਕਾਬਲ’ ਵਕੀਲ ਵੀ ਕਈ ਤਰ੍ਹਾਂ ਦੇ ਰਾਹ ਦੱਸਦੇ ਹਨ। ਜਦੋਂ ਅਜਿਹੇ ਲੋਕਾਂ ਨੂੰ ਬਚਣ ਦੇ ਰਾਹ ਮਿਲ ਰਹੇ ਹਨ ਤਾਂ ਇਹ ਸੁਧਰਨਗੇ ਨਹੀਂ ਅਤੇ ਲੋਕਾਂ ਦੀਆਂ ਜਾਨਾਂ ਨਾਲ ਇਵੇਂ ਹੀ ਖੇਡਦੇ ਰਹਿਣਗੇ।
ਜਿਨ੍ਹਾਂ ਦੇ ਬੱਚੇ ਮਰ ਗਏ, ਉਨ੍ਹਾਂ ਨੇ ਕੀ ਕਸੂਰ ਕੀਤਾ ਸੀ ਕਿ ਉਨ੍ਹਾਂ ਨੂੰ ਜ਼ਿੰਦਗੀ ਭਰ ਦਾ ਦਰਦ ਦੇ ਦਿੱਤਾ। ਇਹ ਮਹਾਂ ਨਗਰ ਪਾਲਿਕਾ ਨੂੰ ਵੀ ਟੈਕਸ ਦੇ ਰਹੇ ਹੋਣਗੇ ਅਤੇ ਇਨਕਮ ਟੈਕਸ ਵੀ ਦੇ ਰਹੇ ਹੋਣਗੇ। ਇਨ੍ਹਾਂ ਨੇ ਮਹਾਂ ਨਗਰ ਪਾਲਿਕਾ ਦੇ ਕੌਂਸਲਰਾਂ ਨੂੰ ਵੀ ਚੁਣਿਆ ਹੋਵੇਗਾ, ਸਰਕਾਰ ਚੁਣਨ ਵੇਲੇ ਵੀ ਵੋਟਾਂ ਪਾਈਆਂ ਹੋਣਗੀਆਂ ਪਰ ਕਿਸੇ ਨੇ ਵੀ ਸਿਸਟਮ ਨੂੰ ਠੀਕ ਤਰ੍ਹਾਂ ਚਲਾਉਣ ਦੀ ਜ਼ਿੰਮੇਵਾਰੀ ਨਹੀਂ ਨਿਭਾਈ। ਵਿਭਾਗਾਂ ਵਿੱਚ ਬੈਠੇ ਹਰ ਕਰਮਚਾਰੀ, ਮੁਲਾਜ਼ਮ, ਅਫਸਰ ਅਤੇ ਅਧਿਕਾਰੀ ਨੂੰ ਤਨਖਾਹਾਂ ਇਨ੍ਹਾਂ ਲੋਕਾਂ ਦੇ ਦਿੱਤੇ ਟੈਕਸਾਂ ਵਿੱਚੋਂ ਮਿਲਦੀਆਂ ਹਨ। ਵਿਭਾਗਾਂ ਦਾ ਕੰਮ ਗਲਤ ਕੰਮ ਕਰਨ ਵਾਲਿਆਂ ਨੂੰ ਰੋਕਣਾ ਹੁੰਦਾ ਹੈ ਪਰ ਹੁਣ ਵਿਭਾਗ ਗਲਤ ਕੰਮ ਕਰਨ ਵਾਲਿਆਂ ਨਾਲ ਮਿਲਕੇ ਕਿੱਕਲੀ ਪਾਉਂਦੇ ਹਨ ਅਤੇ ਜਿਹੜਾ ਇਮਾਨਦਾਰੀ ਨਾਲ ਕੰਮ ਕਰਦਾ ਹੈ, ਉਸਦੀਆਂ ਬਾਹਾਂ ਮਰੋੜਦੇ ਹਨ।
ਇੱਥੇ ਜੋ ਵੀ ਗਲਤ ਹੋਇਆ, ਸਭ ਦੀ ਮਿਲੀ ਭੁਗਤ ਨਾਲ ਹੀ ਹੋਇਆ ਹੋਵੇਗਾ। ਜੇਕਰ ਪੌੜੀਆਂ ਲੱਕੜ ਦੀਆਂ ਸਨ ਤਾਂ ਪੱਕਾ ਹੈ ਮੰਜ਼ਿਲ ਤੱਕ ਇਜਾਜ਼ਤ ਨਹੀਂ ਲਈ ਹੋਏਗੀ। ਫਾਇਰ ਫਾਈਟਿੰਗ ਸਿਸਟਮ ਦਾ ਹੋਣਾ ਵੀ ਲਾਜ਼ਮੀ ਹੈ ਪਰ ਉਹ ਵੀ ਨਹੀਂ ਹੋਏਗਾ। ਹਾਂ, ਜੇਕਰ ਵਿਭਾਗ ਕਹਿੰਦੇ ਹਨ ਕਿ ਸਾਨੂੰ ਪਤਾ ਨਹੀਂ ਤਾਂ ਉਨ੍ਹਾਂ ਦੀ ਨਲਾਇਕੀ ਹੈ ਅਤੇ ਜੇਕਰ ਪਤਾ ਹੈ ਤਾਂ ਰਿਸ਼ਵਤ ਲਈ ਹੋਏਗੀ। ਇਹ ਹਾਲ ਸੂਰਤ ਦਾ ਹੀ ਨਹੀਂ ਸਭ ਜਗ੍ਹਾ ’ਤੇ ਹੈ। ਨਕਸ਼ੇ ਪਾਸ ਕੁਝ ਹੁੰਦੇ ਹਨ, ਬਣਦਾ ਕੁਝ ਹੋਰ ਹੈ। ਬਿਲਡਰ ਕੰਮ ਕਾਇਦੇ ਕਾਨੂੰਨ ਮੁਤਾਬਿਕ ਕਰਦਾ ਨਹੀਂ ਪਰ ਹਰ ਵਿਭਾਗ ਵੱਲੋਂ ਉਸਨੂੰ ਲੋੜੀਂਦੇ ਸਰਟੀਫਿਕੇਟ ਦੇ ਦਿੱਤੇ ਜਾਂਦੇ ਹਨ। ਲੁਧਿਆਣਾ ਵਿੱਚ ਵੀ ਇਵੇਂ ਅੱਗ ਲੱਗੀ ਸੀ ਪਰ ਕੇਸ ਦਾ ਕੀ ਬਣਿਆ, ਪਤਾ ਹੀ ਨਹੀਂ ਕਿਸੇ ਨੂੰ। ਜ਼ੀਰਕਪੁਰ ਵਿੱਚ ਘਰਾਂ ਦੇ ਪਲਾਟਾਂ ਉੱਤੇ ਫਲੈਟ ਬਣ ਰਹੇ ਸੀ ਅਤੇ ਬਣਦੇ ਬਣਦੇ ਡਿੱਗ ਗਏ। ਲੋਕਾਂ ਨੇ ਵੀ ਰੌਲੀ ਪਾਈ ਪਰ ਸਭ ਰਫ਼ਾ ਦਫ਼ਾ ਹੋ ਗਿਆ।
ਇੰਜ ਹੀ ਜਲੰਧਰ ਵਿੱਚ ਨਜ਼ਾਇਜ਼ ਇਮਾਰਤਾਂ ਬਣ ਰਹੀਆਂ ਸਨ ਅਤੇ ਨਜ਼ਾਇਜ਼ ਕਲੋਨੀਆਂ ਬਣ ਰਹੀਆਂ ਸਨ। ਉਸਨੂੰ ਮੰਤਰੀ ਸਥਾਨਕ ਸਰਕਾਰਾਂ ਨੇ ਉੱਥੋਂ ਦੇ ਇੱਕ ਵਿਧਾਇਕ ਨੂੰ ਨਾਲ ਲੈ ਕੇ ਰੋਕਣ ਦਾ ਕਦਮ ਚੁੱਕਿਆ। ਗਲਤ ਕੰਮ ਕਰਨ ਵਾਲਿਆਂ ਖ਼ਿਲਾਫ਼ ਵੀ ਕਦਮ ਚੁੱਕਿਆ ਪਰ ਹੈਰਾਨੀ ਹੋਈ ਜਦੋਂ ਉਸ ਹੀ ਪਾਰਟੀ ਦੇ ਵਿਧਾਇਕ ਗਲਤ ਕੰਮ ਕਰਨ ਵਾਲਿਆਂ ਦੇ ਹੱਕ ਵਿੱਚ ਖੜ੍ਹੇ ਹੋ ਗਏ। ਜਦੋਂ ਅਸੀਂ ਗਲਤ ਕੰਮ ਕਰਨ ਤੋਂ ਹਟਣਾ ਨਹੀਂ ਅਤੇ ਵਿਭਾਗਾਂ ਨੇ ਗਲਤ ਕੰਮ ਕਰਨ ਵਾਲਿਆਂ ਨੂੰ ਰੋਕਣਾ ਹੀ ਨਹੀਂ ਤਾਂ ਵਿਭਾਗਾਂ ਅਤੇ ਸਰਕਾਰਾਂ ਦਾ ਫ਼ਾਇਦਾ ਕੀ?
ਜਿੱਥੇ ਵੀ ਗਲਤ ਕੰਮ ਹੁੰਦੇ ਹਨ, ਉੱਥੇ ਵਿਭਾਗਾਂ ਦੀ ਪੂਰੀ ਸ਼ਮੂਲੀਅਤ ਹੁੰਦੀ ਹੈ। ਕਿਸੇ ਇੱਕ ਹੀ ਦੁਰਘਟਨਾ ਤੋਂ ਸਿੱਖ ਲਵੋ। ਜਿਹੜੇ ਬੱਚੇ ਚਲੇ ਗਏ, ਉਹ ਸਾਡੇ ਦੇਸ਼ ਦੀ ਵੱਡਮੁੱਲੀ ਪੂੰਜੀ ਸਨ, ਦੇਸ਼ ਦਾ ਭਵਿੱਖ ਸਨ। ਹਰ ਵਿਭਾਗ ਵਿੱਚ ਨੌਕਰੀ ਕਰਨ ਵਾਲੇ ਹਰ ਬੰਦੇ ਨੂੰ ਸੋਚਣਾ ਅਤੇ ਸਮਝ ਲੈਣਾ ਚਾਹੀਦਾ ਹੈ ਕਿ ਮੇਰੇ ਬੱਚਿਆਂ ਨੇ ਵੀ ਟਿਊਸ਼ਨ ਪੜ੍ਹਨ ਜਾਣਾ ਹੈ, ਮੇਰੇ ਬੱਚਿਆਂ ਨੇ ਵੀ ਕੋਚਿੰਗ ਲੈਣ ਜਾਣਾ ਹੈ। ਜਿਵੇਂ ਦੇ ਗਲਤ ਕੰਮ ਕਰਨ ਵਿੱਚ ਬਿਲਡਰਾਂ ਜਾਂ ਬਿਲਡਿੰਗਾਂ ਦੇ ਮਾਲਿਕਾਂ ਦਾ ਸਾਥ ਅਸੀਂ ਦੇ ਰਹੇ ਹਾਂ, ਇਵੇਂ ਦਾ ਹੋਰ ਵੀ ਕਰ ਰਹੇ ਹਨ। ਮੁਆਫ਼ ਕਰਨਾ, ਇਹ ਘਟਨਾ ਉੱਥੇ ਵੀ ਵਾਪਰ ਸਕਦੀ ਹੈ।
ਬੜੀ ਹੈਰਾਨੀ ਹੋਈ ਕਿ ਫਾਇਰ ਬਰਗੇਡ ਕੋਲ ਸਹਾਇਤਾ ਕਰਨ ਲਈ ਜੋ ਸਮਾਨ ਹੋਣਾ ਚਾਹੀਦਾ ਹੈ ਉਹ ਵੀ ਨਹੀਂ ਸੀ। ਪੌੜੀ ਵੀ ਪੰਦਰਾਂ ਫੁੱਟ ਸੀ, ਜਦੋਂ ਮੰਜ਼ਿਲਾਂ ਵਧ ਗਈਆਂ ਤਾਂ ਵਰਤਣਯੋਗ ਸਮਾਨ ਵੀ ਤਾਂ ਉਨ੍ਹਾਂ ਦੇ ਹਿਸਾਬ ਨਾਲ ਹੋਣੇ ਚਾਹੀਦਾ ਹੈ। ਜਿਹੜਾ ਵੀ ਗਲਤ ਕੰਮ ਕਰਦਾ ਹੈ. ਉਸਨੂੰ ਸਜ਼ਾ ਸਖ਼ਤ ਦਿੱਤੀ ਜਾਵੇ ਤਾਂ ਕਿ ਇਵੇਂ ਦੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਕੋਚਿੰਗ ਸੈਂਟਰ ਬੰਦ ਕਰਨ ਦੀ ਸੋਚ ਤਾਂ ਗਲਤ ਹੈ, ਜੋ ਪ੍ਰਬੰਧ ਚਾਹੀਦੇ ਹਨ, ਉਹ ਸਖ਼ਤੀ ਨਾਲ ਲਾਗੂ ਕਰਵਾਉ।
ਦਿੱਲੀ ਵਿੱਚ ਜਦੋਂ ਹੋਟਲ ਵਿੱਚ ਅੱਗ ਲੱਗੀ ਸੀ ਤਾਂ ਉੱਥੇ ਵੀ ਰਲ ਮਿਲਕੇ ਕੁਤਾਹੀਆਂ ਹੀ ਸਾਹਮਣੇ ਆਈਆਂ ਸਨ। ਦਿੱਲੀ ਵਿੱਚ ਸਿਨੇਮਾ ਹਾਲ ਵਿੱਚ ਲੱਗੀ ਅੱਗ ਦੇ ਵੀ ਇਹੀ ਕਾਰਨ ਸਨ। ਪਰ ਸਵਾਲ ਇਹ ਉੱਠਦਾ ਹੈ ਕਿ ਅਸੀਂ ਕਿਸ ਹਾਦਸੇ ਤੋਂ ਕੁਝ ਸਿਖਾਂਗੇ? ਕਦੋਂ ਲੋਕਾਂ ਦੇ ਦਰਦ ਨੂੰ ਸਮਝਾਂਗੇ?
ਅਸਲ ਵਿੱਚ ਪੈਸੇ ਦੇ ਲਾਲਚ ਨੇ ਲੋਕਾਂ ਦੀ ਜ਼ਮੀਰ ਹੀ ਮਾਰ ਦਿੱਤੀ ਹੈ। ਇਵੇਂ ਦੇ ਹਾਦਸੇ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦੀ ਦੇਣ ਹਨ। ਰਿਸ਼ਵਤ ਇਨ੍ਹਾਂ ਹਾਦਸਿਆਂ ਦੀ ਜਨਨੀ ਹੈ। ਪਤਾ ਨਹੀਂ ਕੁਰਖਤ ਦਿਲਾਂ ਵਾਲਿਆਂ ਉੱਤੇ ਕਦੋਂ ਅਸਰ ਹੋਵੇਗਾ। ਜੇਕਰ ਹਾਦਸਿਆਂ ਤੋਂ ਸਿੱਖਣਾ ਹੀ ਨਹੀਂ ਤਾਂ ਇਹ ਬੰਦ ਕਿਵੇਂ ਹੋਣਗੇ? ਜਿਹੜੇ ਅਜਿਹੇ ਕੰਮਾਂ ਵਿੱਚ ਭਾਗੀਦਾਰ ਹਨ, ਯਾਦ ਰੱਖੋ, ਉਹ ਵੀ ਵਿਸਫ਼ੋਟਕ ਪਦਾਰਥ ’ਤੇ ਹੀ ਬੈਠੇ ਹੋਏ ਹਨ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1612)
(ਸਰੋਕਾਰ ਨਾਲ ਸੰਪਰਕ ਲਈ: