PrabhjotKDhillon7ਇਸ ਬਾਰੇ ਸਮੇਂ ਸਮੇਂ ਖ਼ਬਰਾਂ ਵੀ ਪੜ੍ਹਨ ਨੂੰ ਮਿਲੀਆਂ ਪਰ ਪ੍ਰਣਾਲਾ ਉੱਥੇ ਦਾ ਉੱਥੇ ...
(14 ਨਵੰਬਰ 2018)

 

 ਕਿੰਨਾ ਅਜੀਬ ਲੱਗਦਾ ਹੈ ਪੜ੍ਹਕੇ ਅਤੇ ਸੋਚਕੇ ਕਿ ਸਾਡੀਆਂ ਥਾਲੀਆਂ ਵਿੱਚ ਜ਼ਹਿਰ ਪਰੋਸਿਆ ਜਾਂਦਾ ਹੈ। ਖਾਣਾ ਜ਼ਿੰਦਗੀ ਲਈ ਬੇਹੱਦ ਜ਼ਰੂਰੀ ਹੈ। ਜ਼ਿੰਦਾ ਰਹਿਣ ਲਈ ਰੋਟੀ, ਦਾਲ ਸਬਜ਼ੀਆਂ, ਦੁੱਧ, ਦਹੀਂ ਅਤੇ ਫਲ ਬਹੁਤ ਜ਼ਰੂਰੀ ਹਨ। ਪੇਟ ਵਿੱਚ ਭੋਜਨ ਹੋਏਗਾ ਤਾਂ ਹੀ ਸਰੀਰ ਵਿੱਚ ਕੰਮ ਕਰਨ ਦੀ ਊਰਜਾ ਪੈਦਾ ਹੋਏਗੀ। ਜਿੱਥੇ ਖਾਧ ਪਦਾਰਥਾਂ ਵਿੱਚ ਹੀ ਜ਼ਹਿਰ ਮਿਲਾਇਆ ਜਾ ਰਿਹਾ ਹੋਵੇ, ਉਸ ਦੇਸ਼ ਦੇ ਲੋਕਾਂ ਦੇ ਸਰੀਰ ਦਾ ਕੀ ਬਣੇਗਾ, ਇਹ ਸੋਚਣ ਵਾਲੀ ਗੱਲ ਹੈ।

ਅੱਜ ਜੇਕਰ ਵੇਖੀਏ ਤਾਂ ਹਰ ਥਾਲੀ ਵਿੱਚ ਜ਼ਹਿਰ ਪਰੋਸਿਆ ਜਾ ਰਿਹਾ ਹੈ। ਸਰਕਾਰ ਬੇਪ੍ਰਵਾਹ ਹੈ, ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ। ਸਭ ਤੋਂ ਵੱਡੀ ਹੈਰਾਨੀ ਅਤੇ ਦੁੱਖ ਦੀ ਗੱਲ ਇਹ ਹੈ ਕਿ ਇਸ ਲਈ ਇੱਕ ਵਿਭਾਗ ਬਣਿਆ ਹੋਇਆ ਹੈ ਪਰ ਇਸਦੇ ਬਾਵਜੂਦ ਹਰ ਕੋਈ ਜ਼ਹਿਰ ਦੀ ਥੋੜ੍ਹੀ ਥੋੜ੍ਹੀ ਮਾਤਰਾ ਲੈ ਰਿਹਾ ਹੈ। ਖਾਦਾਂ ਧੜੱਲੇ ਨਾਲ ਪਾਈਆਂ ਜਾ ਰਹੀਆਂ ਹਨ। ਹਰ ਕੋਈ ਵਧੇਰੇ ਝਾੜ ਲੈਣ ਦੀ ਕੋਸ਼ਿਸ਼ ਵਿੱਚ ਹੈ। ਸਪਰੇ ਕੀਤੇ ਜਾਂਦੇ ਹਨ। ਹੁਣ ਤਾਂ ਇੰਨਾ ਕੁਝ ਧਰਤੀ ਵਿੱਚ ਚਲਾ ਗਿਆ ਹੈ ਕਿ ਧਰਤੀ ਵਿੱਚੋਂ ਵੀ ਜ਼ਹਿਰ ਹੀ ਮਿਲ ਰਿਹਾ ਹੈ। ਜਿਹੜੇ ਇਹ ਸਭ ਕਰਦੇ ਹਨ, ਉਹ ਵੀ ਇਹ ਹੀ ਅਨਾਜ ਖਾਂਦੇ ਹਨ, ਉਨ੍ਹਾਂ ਦੇ ਪਰਿਵਾਰ ਵੀ ਇਹ ਹੀ ਅਨਾਜ ਖਾਂਦੇ ਹਨ। ਅੰਨ ਹਰ ਕਿਸੇ ਨੇ ਖਾਣਾ ਹੈ, ਇਸ ਕਰਕੇ ਨੁਕਸਾਨ ਵੀ ਹਰ ਕਿਸੇ ਦਾ ਹੀ ਹੋਏਗਾ। ਸਬਜ਼ੀਆਂ ਵੀ ਹਰ ਕਿਸੇ ਨੇ ਖਾਣੀਆਂ ਹਨ। ਪਰ ਜਿਵੇਂ ਦੀਆਂ ਸਬਜ਼ੀਆਂ ਬਾਜ਼ਾਰ ਵਿੱਚ ਵਧੇਰੇ ਆ ਰਹੀਆਂ ਹਨ, ਉਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਕੁਝ ਸਬਜ਼ੀਆਂ ਤਾਂ ਗੰਦੇ ਨਾਲਿਆਂ ਅਤੇ ਪਾਣੀ ਦੇ ਸਰੋਤਾਂ ਦੇ ਕੰਢਿਆਂ ’ਤੇ ਉਗਾਈਆਂ ਜਾ ਰਹੀਆਂ ਹਨ। ਉਨ੍ਹਾਂ ਪਾਣੀ ਸਰੋਤਾਂ ਵਿੱਚ ਬਿਨਾਂ ਟਰੀਟ ਕੀਤਾ ਹੋਇਆ ਸੀਵਰੇਜ਼ ਦਾ ਗੰਦ ਪਾਇਆ ਜਾਂਦਾ ਹੈ। ਕਈ ਥਾਵਾਂ ਤੇ ਹੋਰ ਵੀ ਗੰਦਗੀ ਸੁੱਟੀ ਜਾਂਦੀ ਹੈ ਅਤੇ ਇਹ ਪਾਣੀ ਸਬਜ਼ੀਆਂ ਵਿੱਚ ਪਾਇਆ ਜਾਂਦਾ ਹੈ। ਖਾਣ ਵਾਲਿਆਂ ਉੱਪਰ ਇਸਦਾ ਕੀ ਅਸਰ ਪੈਂਦਾ ਹੈ, ਕਿਸੇ ਨੂੰ ਕੋਈ ਫ਼ਿਕਰ ਨਹੀਂ। ਲੋਕਾਂ ਦਾ ਲਿਵਰ ਖਰਾਬ ਹੋ ਰਿਹਾ ਹੈ, ਇਨਫੈਕਸ਼ਨ ਪੇਟ ਅੰਦਰ ਫੈਲ ਰਹੀ ਹੈ, ਕਈ ਤਰ੍ਹਾਂ ਦੀਆਂ ਪੇਟ ਦੀਆਂ ਬੀਮਾਰੀਆਂ ਹੋ ਰਹੀਆਂ ਹਨ। ਸੱਚ ਤਾਂ ਇਹ ਹੈ ਕਿ ਆਮ ਬੰਦਾ ਰੋਜ਼ ਧੀਮੀ ਜ਼ਹਿਰ ਲੈ ਰਿਹਾ ਹੈ।

ਹਰ ਬੱਚਾ, ਜਵਾਨ ਅਤੇ ਬਜ਼ੁਰਗ ਦੁੱਧ ਦਾ ਸੇਵਨ ਕਰਦਾ ਹੈ। ਪਰ ਬਦਕਿਸਮਤੀ ਇਹ ਹੈ ਕਿ ਦੁੱਧ ਵੀ ਨਕਲੀ ਬਣ ਰਿਹਾ ਹੈ। ਕਦੇ ਖਬਰ ਪੜ੍ਹਨ ਨੂੰ ਮਿਲਦੀ ਹੈ ਕਿ ਯੂਰੀਆ ਖਾਦ, ਕਪੜੇ ਧੋਣ ਵਾਲਾ ਸਾਬਣ ਅਤੇ ਇਸੇ ਤਰ੍ਹਾਂ ਦਾ ਕਈ ਕੁਝ ਪਾ ਕੇ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ। ਮੱਖਣ, ਦੇਸੀ ਘਿਉ ਅਤੇ ਪਨੀਰ ਵੀ ਨਕਲੀ ਮਾਰਕੀਟ ਵਿੱਚ ਵਿਕ ਰਿਹਾ ਹੈ। ਕੋਈ ਵੀ ਚੀਜ਼ ਸ਼ੁੱਧ ਨਹੀਂ ਹੈ। ਜਿਹੜੀਆਂ ਚੀਜ਼ਾਂ ਸਿਹਤਮੰਦ ਜ਼ਿੰਦਗੀ ਜੀਉਣ ਲਈ ਖਾਣ ਨੂੰ ਸਿਆਣੇ ਕਹਿੰਦੇ ਸੀ, ਅੱਜ ਉਹ ਹੀ ਮੌਤ ਦਾ ਕਾਰਨ ਬਣ ਰਹੀਆਂ ਹਨ।

ਸਿਆਣਿਆਂ ਦੇ ਕਹਿਣ ਅਨੁਸਾਰ, “ਭੋਜਨ ਦੇ ਅੰਤ ਤੇ ਮਿੱਠਾ, ਲੱਸੀ ਸੇਵਨ ਕਰੋ। ਦਿਨ ਦੇ ਅੰਤ ’ਤੇ ਦੁੱਧ ਪੀਵੋ। ਰਾਤ ਦੇ ਅੰਤ ’ਤੇ ਪਾਣੀ ਪੀਵੋ। ਇਨ੍ਹਾਂ ਦਾ ਸਮੇਂ ਅਨੁਸਾਰ ਸੇਵਨ ਕਰਨ ’ਤੇ ਰੋਗ ਨਹੀਂ ਹੁੰਦੇ।” ਅੱਜ ਬਾਜ਼ਾਰ ਵਿੱਚ ਅਤੇ ਸਾਡੇ ਘਰ ਵਿੱਚ ਕੁਝ ਵੀ ਸ਼ੁੱਧ ਨਹੀਂ ਹੈ। ਪੀਣ ਵਾਲਾ ਪਾਣੀ ਠੀਕ ਨਹੀਂ, ਦੁੱਧ ਨਕਲੀ ਅਤੇ ਦਹੀਂ ਲੱਸੀ ਵੀ ਨਕਲੀ ਦੁੱਧ ਦਾ, ਲੋਕ ਸਿਹਤਮੰਦ ਕਿਵੇਂ ਰਹਿ ਸਕਦੇ ਹਨ? ਸਬਜ਼ੀਆਂ ਨੂੰ ਜਲਦੀ ਮਾਰਕੀਟ ਵਿੱਚ ਲਿਆਉਣ ਲਈ, ਟੀਕੇ ਲਗਾਏ ਜਾਂਦੇ ਹਨ। ਇਸ ਬਾਰੇ ਸਮੇਂ ਸਮੇਂ ਖ਼ਬਰਾਂ ਵੀ ਪੜ੍ਹਨ ਨੂੰ ਮਿਲੀਆਂ ਪਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਮਣਾਂ ਮੂੰਹੀਂ ਖੋਆ ਘਿਉ, ਦੁੱਧ ਮਿਠਾਈਆਂ ਨਕਲੀ ਦੁੱਧ ਦੀਆਂ ਬਣੀਆਂ ਫੜੀਆਂ ਜਾਂਦੀਆਂ ਹਨ ਪਰ ਕਿਧਰੇ ਵੀ ਕੁਝ ਰੁਕਦਾ ਵਿਖਾਈ ਨਹੀਂ ਦਿੰਦਾ। ਜਿਹੜੇ ਲੋਕ ਅਜਿਹੇ ਕੰਮ ਕਰਦੇ ਹਨ, ਉਨ੍ਹਾਂ ਨੂੰ ਭਾਰੀ ਜੁਰਮਾਨੇ ਅਤੇ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਅੱਗੋਂ ਕੋਈ ਵੀ ਅਜਿਹਾ ਕੰਮ ਨਾ ਕਰੇ।

ਫਲਾਂ ਦੀ ਗੱਲ ਕਰੀਏ ਤਾਂ ਸਥਿਤੀ ਬਹੁਤ ਮਾੜੀ ਹੈ। ਪਹਿਲਾਂ ਚਿਤਰੀ ਵਾਲੇ ਕੇਲੇ ਕਈ ਕਈ ਦਿਨ ਖਾਣ ਵਾਲੇ ਰਹਿੰਦੇ ਸਨ ਪਰ ਹੁਣ ਜਿਸ ਤਰ੍ਹਾਂ ਪਕਾਏ ਜਾ ਰਹੇ ਹਨ ਦੋ ਦਿਨ ਵੀ ਕੇਲੇ ਨਹੀਂ ਕੱਟਦੇ। ਕੇਲਿਆਂ ਵਿੱਚੋਂ ਪਾਣੀ ਚੋਣ ਲੱਗ ਜਾਂਦਾ ਹੈ ਅਤੇ ਨਾਲ ਹੀ ਨਿੱਕੇ ਨਿੱਕੇ ਚਿੱਟੇ ਕੀੜੇ ਵੇਖੇ ਜਾਂਦੇ ਹਨ। ਅੰਬ, ਸੇਬ ਵੀ ਇਵੇਂ ਹੀ ਖਰਾਬ ਹੋ ਜਾਂਦੇ ਹਨ। ਕਿਸੇ ਵੀ ਫਲ ਦਾ ਕੋਈ ਸਵਾਦ ਨਹੀਂ। ਅੰਗੂਰਾਂ ਨੂੰ ਵੀ ਕੈਮੀਕਲ ਨਾਲ ਹੀ ਪਕਾਇਆ ਜਾਂਦਾ ਹੈ। ਕੁਝ ਸਮਾਂ ਪਹਿਲਾਂ ਮੈਂ ਅੰਗੂਰ ਖਾਧੇ, ਜਿਵੇਂ ਹੀ ਰਸ ਗਲੇ ਵਿੱਚ ਲੱਗਿਆ, ਗਲ ਛਿੱਲਿਆ ਗਿਆ ਅਤੇ ਤਕਰੀਬਨ ਦੋ ਮਹੀਨੇ ਇਸ ਦੀ ਤਕਲੀਫ਼ ਝੱਲੀ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਸਾਡਾ ਕਿਸੇ ਬੀਮਾਰੀ ਦਾ ਇਲਾਜ ਵੀ ਹੋ ਰਿਹਾ ਹੋਵੇ ਤਾਂ ਉਸ ਸਮੇਂ ਅਸੀਂ ਜੋ ਵੀ ਖਾ ਰਹੇ ਹੁੰਦੇ ਹਾਂ, ਉਹ ਜ਼ਹਿਰ ਹੀ ਖਾ ਰਹੇ ਹੁੰਦੇ ਹਾਂ, ਠੀਕ ਹੋਣਾ ਬਹੁਤ ਔਖਾ ਹੁੰਦਾ ਹੈ।

ਅੱਜ ਨਵ ਜੰਮੇ ਬੱਚੇ ਵੀ ਬੀਮਾਰੀਆਂ ਨਾਲ ਹੀ ਪੈਦਾ ਹੋ ਰਹੇ ਹਨ। ਕਿਸੇ ਬੱਚੇ ਦੇ ਅੰਗ ਪੂਰੇ ਨਹੀਂ ਹੁੰਦੇ ਅਤੇ ਕਦੇ ਦਿਮਾਗ

ਪੱਖੋਂ ਸਮੱਸਿਆ ਆਉਂਦੀ ਹੈ। ਦਿਲ ਅਤੇ ਲਿਵਰ ਦੀਆਂ ਬੀਮਾਰੀਆਂ ਜੰਮਦੇ ਬੱਚਿਆਂ ਵਿੱਚ ਵੇਖਣ ਨੂੰ ਮਿਲ ਰਹੀਆਂ ਹਨ। ਬੱਚੇ ਨੂੰ ਮਾਂ ਦੇ ਗਰਭ ਵਿੱਚ ਮਿਲ ਰਿਹਾ ਖਾਣਾ ਜ਼ਹਿਰੀਲਾ ਅਤੇ ਦੂਸ਼ਿਤ ਸੀ। ਪੈਸੇ ਦੀ ਦੌੜ ਵਿੱਚ ਅਸੀਂ ਆਪਣੇ ਸਮਾਜ ਨੂੰ ਤਬਾਹ ਕਰ ਰਹੇ ਹਾਂ। ਪੈਸਾ ਬਹੁਤ ਕੁਝ ਤਾਂ ਹੋ ਸਕਦਾ ਹੈ, ਸਭ ਕੁਝ ਨਹੀਂ ਹੋ ਸਕਦਾ। ਸਰਕਾਰਾਂ ਅਤੇ ਸੰਬੰਧਿਤ ਵਿਭਾਗਾਂ ਨੂੰ ਸਖਤੀ ਵਰਤਣੀ ਚਾਹੀਦੀ ਹੈ। ਵਿਦੇਸ਼ਾਂ ਵਿੱਚ ਖਾਣ ਵਾਲੀਆਂ ਚੀਜ਼ਾਂ ਵਿੱਚ ਗੜਬੜ ਕਰਨ ਵਾਲੇ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਂਦਾ, ਇਸ ਕਰਕੇ ਉੱਥੇ ਖਾਣ ਵਾਲੀਆਂ ਚੀਜ਼ ਵਧੀਆ ਅਤੇ ਮਿਆਰੀ ਮਿਲਦੀਆਂ ਹਨ। ਚੰਗੇ ਸਰੀਰ ਅਤੇ ਸਿਹਤਮੰਦ ਸਰੀਰ ਵਿੱਚ ਹੀ ਚੰਗਾ ਦਿਮਾਗ ਹੋ ਸਕਦਾ ਹੈ। ਸਾਨੂੰ ਆਪਣੇ ਸਰੀਰ ਦੀ ਰੱਖਿਆ ਕਰਨੀ ਚਾਹੀਦੀ ਹੈ, ਕਿਉਂਕਿ ਜੇ ਸਰੀਰ ਹੀ ਨਾ ਰਿਹਾ ਤਾਂ ਬਚੇਗਾ ਕੀ?

ਭੋਜਨ ਸਰੀਰ ਨੂੰ ਤਾਕਤ ਦਿੰਦਾ ਹੈ ਅਤੇ ਚਲਦਾ ਰੱਖਦਾ ਹੈ। ਜੇਕਰ ਭੋਜਨ ਵਿੱਚ ਜ਼ਹਿਰ ਵਰਗੇ ਤੱਤ ਮਿਲੇ ਹੋਣਗੇ ਤਾਂ ਨੁਕਸਾਨ ਕਰਨਗੇ, ਜਿਉਣਾ ਔਖਾ ਹੋ ਜਾਵੇਗਾ। ਅੱਜ ਕੋਈ ਵੀ ਚੀਜ਼ ਖਾਣ ਨੂੰ ਸ਼ੁੱਧ ਨਹੀਂ ਮਿਲ ਰਹੀ। ਇਹ ਸਭ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਖਾਂ ਰਹੇ ਹਾਂ, ਕਿਉਂਕਿ ਖਾਧੇ ਬਗੈਰ ਗੁਜ਼ਾਰਾ ਨਹੀਂ। ਵਿਭਾਗਾਂ ਅਤੇ ਸਰਕਾਰਾਂ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਮਿਲਾਵਟਖੋਰਾਂ ਤੇ ਸ਼ਿਕੰਜਾ ਕੱਸਿਆ ਜਾਵੇ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਅਤੇ ਖਾਣ ਵਾਲੀਆਂ ਚੀਜ਼ਾਂ ਵਿੱਚ ਕੈਮੀਕਲ ਵਰਤਣੇ ਗੁਨਾਹ ਹੈ, ਜੁਰਮ ਹੈ। ਦੇਸ਼ ਵਾਸੀਆਂ ਦੀਆਂ ਥਾਲੀਆਂ ਵਿੱਚ ਜ਼ਹਿਰ ਰਹਿਤ ਭੋਜਨ ਹੋਵੇ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਅੱਜ ਦੇਸ਼ ਵਾਸੀਆਂ ਦੀ, ਸਾਡੀ ਸਭ ਦੀ ਬਦਕਿਸਮਤੀ ਹੈ ਕਿ ਸਾਡੀਆਂ ਥਾਲੀਆਂ ਵਿੱਚ ਜ਼ਹਿਰ ਪਰੋਸਿਆ ਜਾ ਰਿਹਾ ਹੈ।

*****

(1390)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author