“ਪੁਲਿਸ ਅਫਸਰਾਂ ਅਤੇ ਡਰੱਗ ਮਹਿਕਮੇ ਦੇ ਅਫਸਰਾਂ ਦੀ ਧਾੜ ਦੇ ਨੱਕ ਥੱਲੇ ...”
(12 ਨਵੰਬਰ 2026)
ਪੰਜਾਬ ਗੁਰੂਆਂ ਪੀਰਾਂ ਅਤੇ ਸੂਰਬੀਰਾਂ ਦੀ ਧਰਤੀ ਰਿਹਾ ਹੈ। ਸਭ ਤੋਂ ਪੁਰਾਣੇ ਵੇਦ “ਰਿਗਵੇਦ” ਦੀ ਰਚਨਾ ਇਸੇ ਧਰਤੀ ਉੱਤੇ ਹੀ ਹੋਈ ਸੀ। ਸ਼੍ਰੀ ਕ੍ਰਿਸ਼ਨ ਨੇ ਅਰਜਨ ਨੂੰ ਗੀਤਾ ਉਪਦੇਸ਼ ਕੁਰੂਕਸ਼ੇਤਰ, ਜਿਹੜਾ ਕਿਸੇ ਵੇਲੇ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ, ਵਿਖੇ ਹੀ ਦਿੱਤਾ ਸੀ। ਦੁਨੀਆ ਨੂੰ ਜੀਵਨ ਜਾਚ ਸਿਖਾਉਣ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਇਸ ਮੁਕੱਦਸ ਧਰਤੀ ’ਤੇ ਹੀ ਹੋਈ ਸੀ। ਨਿਰਾਲੀ ਫੌਜ, ਖਾਲਸਾ ਪੰਥ ਦਸਵੇਂ ਪਾਤਸ਼ਾਹ ਨੇ ਇੱਥੇ ਹੀ ਸਾਜੀ ਸੀ। ਹਰੀ ਸਿੰਘ ਨਲੂਆ, ਬਾਬਾ ਬੰਦਾ ਸਿੰਘ ਬਹਾਦਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਜਿਹੇ ਯੋਧੇ ਪੰਜਾਬ ਨੇ ਪੈਦਾ ਕੀਤੇ ਹਨ।
ਸਪਤ ਸਿੰਧੂ ਦੇ ਨਾਂ ਨਾਲ ਜਾਣੇ ਜਾਂਦੇ ਇਸ ਪੰਜਾਬ ਦੀ ਮਿੱਟੀ ਜ਼ਰਖੇਜ਼ ਹੀ ਨਹੀਂ, ਇੱਥੋਂ ਦਾ ਪੌਣ ਪਾਣੀ, ਦਰਿਆਵਾਂ ਦਾ ਜਾਲ਼, ਹਿਮਾਲਿਆ ਦੇ ਪੈਰਾਂ ਵਿੱਚ ਵਸੇ ਹੋਏ ਪੰਜਾਬ ਦੀਆਂ ਦੇਸ਼ ਵਿਦੇਸ਼ ਵਿੱਚ ਧੁੰਮਾਂ ਹੁੰਦੀਆਂ ਸਨ। ਇੱਥੋਂ ਦੀ ਜ਼ਰਖੇਜ਼ ਮਿੱਟੀ ਵਿੱਚੋਂ ਹੀ ਸ਼੍ਰੋਮਣੀ ਸ਼ਹੀਦ ਸ੍ਰ. ਭਗਤ ਸਿੰਘ, ਲਾਲਾ ਲਾਜਪਤ ਰਾਇ, ਰਾਜ ਗੁਰੂ, ਸੁਖਦੇਵ ਸਿੰਘ ਵਰਗੇ ਸਿਰਲੱਥ ਪੈਦਾ ਹੋਏ ਅਤੇ ਦੇਸ਼ ਨੂੰ ਅਜ਼ਾਦੀ ਦਿਵਾਉਣ ਵਿੱਚ ਭਰਪੂਰ ਯੋਗਦਾਨ ਪਾਇਆ। ਜਦੋਂ ਹਰ ਪੱਖੋਂ ਖੁਸ਼ਹਾਲ ਪੰਜਾਬ ਨੂੰ ਰੰਗਲਾ ਪੰਜਾਬ ਕਿਹਾ ਕਰਦੇ ਸਨ ਉਦੋਂ ਖੇਤੀ ਪੰਜਾਬੀਆਂ ਦਾ ਪ੍ਰਮੁੱਖ ਕਿੱਤਾ ਹੁੰਦੀ ਸੀ। ਪੰਜਾਬੀ ਹੱਡ ਭੰਨਵੀਂ ਕਮਾਈ ਕਰਕੇ ਤਕੜੇ ਜੁੱਸੇ ਬਣਾਉਂਦੇ ਸਨ। ਮਨੋਰੰਜਨ ਦੇ ਨਾਂ ’ਤੇ ਰਵਾਇਤੀ ਗਾਉਣ ਵਜਾਉਣ ਤੋਂ ਇਲਾਵਾ ਖੇਡਾਂ ਵੀ ਰਵਾਇਤੀ ਹੀ ਹੁੰਦੀਆਂ ਸਨ। ਉਦੋਂ ਜਵਾਨ ਮੁੰਡੇ ਮੁਗਧਰ ਚੁੱਕਦੇ, ਕੁਛ ਕਬੱਡੀ ਖੇਡਦੇ, ਅਤੇ ਕੁਛ ਅਖਾੜਿਆਂ ਵਿੱਚ ਜ਼ੋਰ ਅਜ਼ਮਾਈ ਕਰਦੇ। ਛਿੰਝਾਂ ਵਿੱਚ ਲਿਸ਼ਕਾਂ ਮਾਰਦੇ ਸਰੀਰ ਕਿਸੇ ਨਸ਼ੇ ਨਾਲ ਨਹੀਂ, ਸਗੋਂ ਦੁੱਧ ਮੱਖਣਾਂ ਨਾਲ ਪਾਲੇ ਹੁੰਦੇ ਸਨ। ਥਕਾਵਟ ਨੇੜੇ ਨਹੀਂ ਸੀ ਢੁੱਕਦੀ। ਛੇਤੀ ਕੀਤਿਆਂ ਕੋਈ ਬਿਮਾਰੀ ਨਹੀਂ ਸੀ ਲਗਦੀ। ਬੀ ਪੀ, ਸ਼ੂਗਰ ਵਰਗੀਆਂ ਬਿਮਾਰੀਆਂ ਦਾ ਕੋਈ ਨਾ ਨਹੀਂ ਸੀ ਜਾਣਦਾ ਹੁੰਦਾ। ਨਸ਼ੇ ਹੁੰਦੇ ਸਨ, ਪਰ ਬਹੁਤ ਥੋੜ੍ਹੇ ਅਤੇ ਉਹ ਵੀ ਰਵਾਇਤੀ, ਜਿਵੇਂ ਅਫੀਮ, ਨਸਵਾਰ ਵਗੈਰਾ।
ਰਾਸ਼ਟਰੀ, ਅੰਤਰਰਾਸ਼ਟਰੀ ਖੇਡਾਂ ਵਿੱਚ ਪੰਜਾਬੀਆਂ ਦਾ ਬੋਲਬਾਲਾ ਹੁੰਦਾ ਸੀ। ਜੂੜਿਆਂ ਉੱਪਰ ਚਿੱਟੇ ਰੁਮਾਲ ਬੰਨ੍ਹੇ ਜਵਾਨਾਂ ਦੀ ਹਾਕੀ ਦੇ ਮੈਦਾਨਾਂ ਵਿੱਚ ਭਰਮਾਰ ਹੁੰਦੀ ਸੀ। ਉੱਡਣਾ ਸਿੱਖ ਮਿਲਖਾ ਸਿੰਘ, ਵਰਡ ਕੁਸ਼ਤੀ ਦਾ ਚਮਕਦਾ ਸਿਤਾਰਾ ਦਾਰਾ ਸਿੰਘ ਅਤੇ ਹਾਕੀ ਦਾ ਜਾਦੂਗਰ ਧਿਆਨ ਚੰਦ ਉਸ ਸਮੇਂ ਦੀ ਪੈਦਾਵਾਰ ਹੋਏ ਹਨ। 2001 ਰਾਸ਼ਟਰੀ ਖੇਡਾਂ ਵਿੱਚ ਪੰਜਾਬ ਦੀ ਪਹਿਲੀ ਪੁਜ਼ੀਸ਼ਨ ਸੀ, ਜਿਹੜੀ ਖਿਸਕਦੀ ਖਿਸਕਦੀ 2022 ਵਿੱਚ 10ਵੀਂ, 2023 ਵਿੱਚ 11ਵੀਂ ਅਤੇ 2025 ਵਿੱਚ 9ਵੀਂ ਰਹੀ, ਜਦਕਿ 1966 ਵਿੱਚ ਪੰਜਾਬ ਤੋਂ ਵੱਖ ਹੋਏ ਹਰਿਆਣੇ ਦੀ ਪੁਜ਼ੀਸ਼ਨ ਇਨ੍ਹਾਂ ਤਿੰਨਾਂ ਸਾਲਾਂ ਦੌਰਾਨ ਤੀਜੀ ਰਹੀ।
ਸਮਾਂ ਲੰਘਿਆ, ਜ਼ਰਦਾ, ਬੀੜੀ, ਸਿਗਰਟ, ਘਰ ਦੀ ਕੱਢੀ ਦਾਰੂ, ਭੁੱਕੀ, ਪੋਸਤ, ਅਫੀਮ ਤੋਂ ਹੁੰਦੇ ਹੋਏ ਅੱਜ ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਧਸ ਚੁੱਕਿਆ ਹੈ। ਹਰ ਗਲੀ, ਹਰ ਮੋੜ ਤੇ ਸਿੰਥੈਟਿਕ ਨਸ਼ੇ ਜਿਵੇਂ ਕਿ ਚਿੱਟਾ, ਹੈਰੋਇਨ, ਆਈਸ, ਭੰਗ ਵਗੈਰਾ ਆਮ ਮਿਲਦੇ ਹਨ। ਕੁਛ ਚਿਰ ਪਹਿਲਾਂ ਤਾਂ ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀ ਕਿਰਲੀਆਂ ਤਕ ਮਾਰ ਕੇ ਖਾ ਜਾਂਦੇ ਸਨ। ਬੇੜਾ ਇੱਥੋਂ ਤਕ ਗਰਕ ਗਿਆ ਸੀ ਕਿ ਬੂਟਾਂ ਨੂੰ ਚਮਕਾਉਣ ਵਾਲੀ ਪਾਲਸ਼ ਨੂਜਵਾਨ ਬਰੈਡਾਂ ਉੱਤੇ ਲਾਕੇ ਖਾ ਲੈਂਦੇ ਸਨ। ਫਿਰ ਜ਼ਮਾਨਾ ਆਇਆ ਕਿ ਮਰੀਜ਼ ਨੂੰ ਨੀਂਦ ਲਿਆਉਣ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਅਤੇ ਖੰਘ ਦੀਆਂ ਦਵਾਈਆਂ ਨੂੰ ਨਸ਼ੇ ਦੇ ਤੌਰ ’ਤੇ ਵਰਤਿਆ ਜਾਣ ਲੱਗਿਆ। ਕੋਡੀਨ ਯਾਨੀ ਕਿ ਅਫੀਮ ਯੁਕਤ ਖੰਘ ਦੀ ਦਵਾਈ ਦੀ ਲਗਾਤਾਰ ਵਰਤੋਂ ਬੰਦੇ ਨੂੰ ਨਸ਼ੇ ਦਾ ਆਦੀ ਬਣਾ ਦਿੰਦੀ ਹੈ ਅਤੇ ਇਸਦੀ ਲਗਾਤਾਰ ਜ਼ਿਆਦਾ ਮਾਤਰਾ ਵਿੱਚ ਵਰਤੋਂ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਅਖੀਰ ਨੂੰ ਇਨ੍ਹਾਂ ਸਾਰੇ ਨਸ਼ਿਆਂ ਦਾ ਤੋੜ ਲੱਭਿਆ ਚਿੱਟੇ ਦੇ ਰੂਪ ਵਿੱਚ। ਥੋੜ੍ਹ ਸਮੇਂ ਦੇ ਲੋਰ ਨੇ ਘਰਾਂ ਦੀਆਂ ਖੁਸ਼ੀਆਂ ਖੋਹ ਲਈਆਂ ਹਨ, ਰਸਦੇ-ਵਸਦੇ ਘਰ ਨਸ਼ਾ ਤਸਕਰਾਂ ਨੇ ਲੁੱਟ ਲਏ ਹਨ, ਜਵਾਨੀਆਂ ਖਾ ਲਈਆਂ ਹਨ, ਘਰ ਘਰ ਸੱਥਰ ਵਿਛਣ ਲੱਗ ਪਏ ਹਨ। ਸੁਹਾਗਣਾਂ ਰੰਡੀਆਂ ਹੋਣ ਲੱਗੀਆਂ ਹਨ ਅਤੇ ਬੱਚੇ ਅਨਾਥ ਹੋਣ ਲੱਗੇ ਹਨ। ਮਾਵਾਂ ਦੇ ਕੀਰਨੇ ਸੁਣੇ ਨਹੀਂ ਜਾਂਦੇ। ਬੁੱਢੇ ਮਾਪੇ ਪੁੱਤਰਾਂ ਦੀਆਂ ਅਰਥੀਆਂ ਢੋਹ ਰਹੇ ਹਨ।
ਅੱਜ ਇਕੱਲੇ ਨੌਜਵਾਨਾਂ ਨੂੰ ਹੀ ਨਹੀਂ, ਮੁਟਿਆਰਾਂ ਨੂੰ ਵੀ ਇਸ ਵਬਾ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇੱਕਲੀਆਂ ਮੌਤਾਂ ਹੀ ਨਹੀਂ, ਦਿਨ ਬਦਿਨ ਵਧ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ, ਗੈਂਗਵਾਦ, ਫਿਰੌਤੀਆਂ ਲਈ ਕਾਲਾਂ ਅਤੇ ਕਤਲ; ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਖਤਰਾ ਵੀ ਨਸ਼ੇ ਦੀ ਹੀ ਦੇਣ ਹੈ। ਨਸ਼ੇੜੀ ਪੈਸਿਆਂ ਦਾ ਜੁਗਾੜ ਬਣਾਉਣ ਲਈ ਕਿਸੇ ਹੱਦ ਤਕ ਵੀ ਜਾ ਸਕਦੇ ਹਨ। ਵਿਦੇਸ਼ਾਂ ਨੂੰ ਪ੍ਰਵਾਸ ਵੀ ਨਸ਼ਿਆਂ ਦੇ ਵਧਦੇ ਪ੍ਰਭਾਵ ਕਾਰਨ ਹੀ ਹੈ। ਮਾਪੇ ਸੋਚਦੇ ਹਨ ਕਿ ਪੰਜਾਬੋਂ ਦੂਰ ਜਾ ਕੇ ਸ਼ਾਇਦ ਉਨ੍ਹਾਂ ਦਾ ਬੱਚਾ ਨਸ਼ਿਆਂ ਤੋਂ ਬਚਿਆ ਰਹਿ ਜਾਵੇ।
ਸੋਚਣ ਵਾਲੀ ਗੱਲ ਹੈ ਕਿ ਭੰਗੜੇ-ਗਿੱਧੇ ਪਾਉਂਦਾ ਪੰਜਾਬ, ਮੇਲੇ-ਮੱਸਿਆ ਮਨਾਉਂਦਾ ਪੰਜਾਬ, ਹੀਰਾਂ ਰਾਂਝਿਆਂ ਦਾ ਪੰਜਾਬ ਅਜੋਕੇ ਹਾਲਾਤ ਨੂੰ ਕਿਵੇਂ ਪੁੱਜ ਗਿਆ? ਕਾਰਨ ਬਹੁਤ ਸਾਰੇ ਹਨ। ਪਦਾਰਥਵਾਦ ਨੇ ਸਮਾਜ ਨੂੰ ਛੇਤੀ ਅਮੀਰ ਬਣਨ ਵੱਲ ਧੱਕਿਆ। ਪੰਜਾਬੀਆਂ ਦੀ ਖੁਰਾਕ, ਦੁੱਧ, ਢੋਲਾਂ ਦਾ ਸ਼ਿੰਗਾਰ ਬਣਨ ਲੱਗਿਆ ਹੈ। ਥੱਕਿਆ ਹਾਰਿਆ ਕਿਸਾਨ ਮਜ਼ਦੂਰ, ਥਕੇਵਾਂ ਦੂਰ ਕਰ ਲਈ ਨਸ਼ਿਆਂ ’ਤੇ ਲੱਗ ਗਿਆ। ਨਸ਼ਾ ਤਸਕਰਾਂ ਨੇ ਵੀ ਮੌਕਾ ਸਾਂਭਣ ਨੂੰ ਫੋਰਾ ਨਹੀਂ ਲਾਇਆ। ਛੋਟੇ ਮੋਟੇ ਨਸ਼ੇ ਵੇਚਣ ਵਾਲਿਆਂ ਨੂੰ ਮਗਰਮੱਛਾਂ ਨੇ ਸਿੰਥੈਟਿਕ ਨਸ਼ੇ ਵੇਚਣ ਲਈ ਉਕਸਾਇਆ। ਦਿਨਾਂ ਵਿੱਚ ਹੀ ਕਾਰਾਂ ਕੋਠੀਆਂ ਦੇ ਮਾਲਕ ਬਣਦਿਆਂ ਦੇਖ ਲਾਲਚੀ ਕਿਸਮ ਦੇ ਲੋਕ ਇਸ ਧੰਦੇ ਵਿੱਚ ਰਲਣ ਲੱਗੇ। ਏਜੰਟ ਪਾਲ਼ੇ ਜਾਣ ਲੱਗੇ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਬਾਹਰ ਘੁੰਮਦੇ ਇਨ੍ਹਾਂ ਦਲਾਲਾਂ ਨੇ ਨਸ਼ੇ ਦੇ ਖਰੀਦਦਾਰ ਤਿਆਰ ਕਰ ਲਏ। ਬੱਚੇ ਬੱਚੀਆਂ ਵੀ ਨਹੀਂ ਬਖਸ਼ੇ ਗਏ। ਜਦੋਂ ਇੱਕ ਗ੍ਰਾਮ ਹੈਰੋਇਨ ਦਾ ਅੰਤਰਰਾਸ਼ਟਰੀ ਮੁੱਲ 80 ਹਜ਼ਾਰ ਰੁਪਏ ਹੋਵੇ, ਕੌਣ ਨਹੀਂ ਚਾਹੇਗਾ ਵਗਦੀ ਗੰਗਾ ਵਿੱਚ ਹੱਥ ਰੰਗਣੇ। ਕਾਲੀਆਂ ਭੇਡਾਂ ਕਿੱਥੇ ਨਹੀਂ ਮਿਲਦੀਆਂ? ਚੋਣਵੇਂ ਰਾਜਨੀਤਿਕ ਲੋਕਾਂ ਦੀ ਸਰਪ੍ਰਸਤੀ ਅਤੇ ਕੁਛ ਕੁ ਉੱਚ ਪੁਲਿਸ ਅਫਸਰਾਂ ਦੀ ਮਿਲੀਭੁਗਤ ਨੇ ਨਸ਼ਾਖੋਰੀ ਨੂੰ ਉਤਸ਼ਾਹਿਤ ਕੀਤਾ। ਬੇਰੁਜ਼ਗਾਰੀ ਤੋਂ ਨਿਰ ਉਤਸਹਿਤ ਬੱਚੇ ਨਿਰਾਸ਼ਾ ਦੇ ਆਲਮ ਤੋਂ ਨਜਾਤ ਪਾਉਣ ਲਈ ਨਸ਼ੇ ਦਾ ਸਹਾਰਾ ਲੈਣ ਲੱਗੇ।
ਇਹ ਇੱਕ ਸਰਵ ਵਿਆਪਕ ਤੱਥ ਹੈ ਕਿ ਪੜ੍ਹਾਈ ਨਾਲ ਜਾਗਰੂਕਤਾ ਵਧਦੀ ਹੈ। ਇਨਸਾਨ ਆਪਣਾ ਚੰਗਾ ਮਾੜਾ ਸੋਚਣ ਦੇ ਸਮਰੱਥ ਹੋ ਜਾਂਦਾ ਹੈ। ਪ੍ਰੰਤੂ ਨਸ਼ਿਆਂ ਦੇ ਫਰੰਟ ਉੱਪਰ ਇਸਦੇ ਉਲਟ ਪਾਇਆ ਗਿਆ ਹੈ। ਪੰਜਾਬ ਵਿੱਚ ਅੱਜ ਸਾਖਰਤਾ ਦਰ 75.84% ਹੈ। ਕੇਰਲਾ ਨੂੰ ਪਛਾੜ ਕੇ ਪੰਜਾਬ, ਸਕੂਲ ਸਿੱਖਿਆ ਵਿੱਚ ਸਾਰੇ ਦੇਸ਼ ਵਿੱਚੋਂ ਨੰਬਰ 1 ’ਤੇ ਹੈ। ਸਕੂਲਾਂ ਵਿੱਚ ਏ ਆਈ ਦੀ ਸਿੱਖਿਆ ਦਾ ਵਿਸ਼ਾ ਸ਼ੁਰੂ ਕਾਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਜਿੱਥੇ ਸਿੱਖਿਆ ਦੇ ਮਾਮਲੇ ਵਿੱਚ ਸਾਡੀ ਸਥਿਤੀ ਸੰਤੋਸ਼ਜਨਕ ਹੈ, ਉੱਥੇ ਹੀ ਪੰਜਾਬ ਨਸ਼ਿਆਂ ਦੇ ਸੇਵਨ ਲਈ ਸੰਸਾਰ ਪ੍ਰਸਿੱਧ ਹੋ ਗਿਆ ਹੈ। ਮੈਂ ਵਧਦੀ ਬੇਰੁਜ਼ਗਾਰੀ ਨੂੰ ਇਸਦਾ ਮੁੱਖ ਕਾਰਨ ਸਮਝਦਾ ਹਾਂ। ਨਸ਼ਿਆਂ ਦੀ ਸੌਖੀ ਉਪਲਬਧਤਾ ਵੀ ਇੱਕ ਕਾਰਨ ਹੋ ਸਕਦਾ ਹੈ। ਬੁੱਧੀਜੀਵੀਆਂ ਲਈ, ਸ਼ਾਸਨ ਪ੍ਰਸ਼ਾਸਨ ਲਈ ਇਹ ਇੱਕ ਗੰਭੀਰ ਸਵਾਲ ਹੈ। ਪੰਜਾਬ ਨੂੰ ਨਸ਼ੇੜੀ ਬਣਾਉਣ ਲਈ ਜ਼ਿੰਮੇਵਾਰ ਅਨਸਰਾਂ ਵਿੱਚ ਸਭ ਤੋਂ ਵੱਧ ਕਸੂਰਵਾਰ ਮੈਂ ਖੁਦ ਨਸ਼ੇੜੀ ਅਤੇ ਉਸਦੇ ਪਰਿਵਾਰ ਨੂੰ ਸਮਝਦਾ ਹਾਂ। ਕੋਈ ਵੀ ਵਿਅਕਤੀ ਇੱਕ ਦਿਨ ਵਿੱਚ ਨਸ਼ੇੜੀ ਨਹੀਂ ਬਣ ਜਾਂਦਾ। ਬੱਚਾ ਕਿੱਧਰ ਨੂੰ ਜਾ ਰਿਹਾ ਹੈ, ਉਸਦਾ ਉੱਠਣ ਬੈਠਣ ਕਿਹੋ ਜਿਹੇ ਸੰਗੀ ਸਾਥੀਆਂ ਨਾਲ ਹੈ, ਨੇੜਿਓਂ ਵਾਚਿਆ ਜਾਣਾ ਪਰਿਵਾਰ ਦਾ ਫਰਜ਼ ਹੁੰਦਾ ਹੈ। ਬੁਰਾਈ ਨੂੰ ਜਨਮ ਤੋਂ ਪਹਿਲਾਂ ਹੀ ਨੱਪ ਦਿਓ।
ਦੂਜੀ ਕਸੂਰਵਾਰ ਧਿਰ ਹੈ ਸ਼ਾਸਨ-ਪ੍ਰਸ਼ਾਸਨ। ਮਾੜੀਆਂ ਤੋਂ ਮਾੜੀਆਂ ਪ੍ਰਸਥਿਤੀਆਂ ਵਿੱਚੋਂ ਵੀ ਵੋਟਾਂ ਲੱਭਣ ਦੀ ਪ੍ਰਵਿਰਤੀ ਨੇ ਸਾਡੀ ਸਿਆਸਤ ਨੂੰ ਗੰਧਲਾ ਕਰ ਦਿੱਤਾ ਹੈ। ਹਰੇਕ ਪਾਰਟੀ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰਦਿਆਂ ਦੂਜੇ ਉੱਪਰ ਚਿੱਕੜ ਉਛਾਲੀ ਕਰਨ ਨੂੰ ਤਰਜੀਹ ਦਿੰਦੀ ਹੈ। ਪੰਜਾਬ ਵਿੱਚ ਆਏ ਚਿੱਟੇ ਲਈ ਸਾਰੇ ਹੀ ਇੱਕ ਖਾਸ ਪਾਰਟੀ ਨੂੰ ਜ਼ਿੰਮੇਵਾਰ ਮੰਨਦੇ ਹਨ। ਉਸ ਵਕਤ ਪੰਜਾਬ ਦੀ ਵਿਗੜਦੀ ਹਾਲਤ ਉੱਪਰ “ਉੜਤਾ ਪੰਜਾਬ” ਵਰਗੀਆਂ ਫਿਲਮਾਂ ਵੀ ਬਣੀਆਂ ਸਨ। ਨਸ਼ੇ ਉੱਪਰ ਤਾਂ ਕੋਈ ਲਗਾਮ ਨਹੀਂ ਲੱਗੀ ਪ੍ਰੰਤੂ ਫਿਲਮ ਬਣਾਉਣ ਵਾਲਿਆਂ ਨੂੰ ਭੰਡਣ ਉੱਪਰ ਬਹੁਤ ਜ਼ੋਰ ਲਾਇਆ ਗਿਆ।
ਸਰਕਾਰ ਬਦਲੀ ਪਰ ਹਾਲਾਤ ਨਹੀਂ ਬਦਲੇ। ਸਰਕਾਰ ਪ੍ਰਮੁੱਖ ਨੇ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਲੋਕਾਂ ਨੂੰ ਭਾਵਨਾਤਮਿਕ ਤੌਰ ’ਤੇ ਬਲੈਕ ਮੇਲ ਕਰਕੇ ਵੋਟਾਂ ਬਟੋਰ ਲਈਆਂ ਅਤੇ ਸੱਤਾ ਹਥਿਆ ਲਈ ਪ੍ਰੰਤੂ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਕੋਈ ਫਰਕ ਨਹੀਂ ਪਿਆ। ਤੀਜੀ ਵਾਰ ਅੱਕੇ ਹੋਏ ਲੋਕਾਂ ਨੇ ਵਰਤਮਾਨ ਸਰਕਾਰ ਨੂੰ ਰਿਕਾਰਡ ਤੋੜ ਸੀਟਾਂ ਜਿਤਾ ਕੇ ਸੱਤਾ ਸੌਂਪ ਦਿੱਤੀ। ਬੇਸ਼ਕ ਹੁਣ ਵਾਲੀ ਸਰਕਾਰ ਪਹਿਲੇ ਦਿਨ ਤੋਂ ਹੀ ਨਸ਼ਿਆਂ ਦੇ ਖਾਤਮੇ ਲਈ ਜੂਝ ਰਹੀ ਹੈ ਪ੍ਰੰਤੂ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਹਾਲਾਤ ਸੁਧਰਨ ਦੀ ਬਜਾਏ ਵਿਗੜੇ ਹੀ ਹਨ। ਇਹ ਸਰਕਾਰ ਇਹ ਕਹਿੰਦਿਆਂ ਨਹੀਂ ਥੱਕਦੀ ਕਿ ਉਹ ਤਾਂ ਪਿਛਲੀਆਂ ਸਰਕਾਰਾਂ ਦੇ ਬੀਜੇ ਕੰਡੇ ਹੀ ਚੁਗ ਰਹੀ ਹੈ। ਸਭ ਜਾਣਦੇ ਹਨ ਕਿ ਹੈਰੋਇਨ ਵਰਗੇ ਨਸ਼ੇ ਪੰਜਾਬ ਵਿੱਚ ਤਾਂ ਨਹੀਂ ਬਣਦੇ ਅਤੇ ਨਾ ਹੀ ਅਸਮਾਨੋ ਡਿਗਦੇ ਹਨ; ਸਗੋਂ ਪਾਕਿਸਤਾਨ ਦੇ ਜ਼ਰੀਏ ਅਫਗਾਨਿਸਤਾਨ ਵਗੈਰਾ ਤੋਂ ਆਉਂਦੇ ਹਨ। ਕਿਸੇ ਸਮੇਂ ਸਰਕਾਰ ਦੀ ਭਾਈਵਾਲ ਰਹੀ, ਕੇਂਦਰ ਵਿੱਚ ਸੱਤਾਧਾਰੀ ਪਾਰਟੀ ਦੋ ਸਵਾਲਾਂ ਦੇ ਜਵਾਬ ਦੇਣ ਤੋਂ ਕੰਨੀ ਕਤਰਾਉਂਦੀ ਨਜ਼ਰ ਆਉਂਦੀ ਹੈ। ਪਹਿਲਾ ਸਵਾਲ ਕਿ ਬਾਰਡਰ ਤੋਂ ਪੰਜਾਹ ਕਿਲੋਮੀਟਰ ਤਕ ਦਾ ਇਲਾਕਾ ਬੀ ਐੱਸ ਐੱਫ ਦੇ ਕੰਟਰੋਲ ਹੇਠ ਆਉਂਦਾ ਹੈ ਅਤੇ ਬੀ ਐੱਸ ਐੱਫ ਕੇਂਦਰ ਦੇ ਅਧੀਨ ਹੈ; ਇਸ ਤਰ੍ਹਾਂ ਸਰਹੱਦ ਪਾਰੋਂ ਆਉਂਦਾ ਨਸ਼ਾ ਰੋਕਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ। ਦੂਜਾ ਸਵਾਲ, ਸਿੰਥੈਟਿਕ ਨਸ਼ੇ ਦੀਆਂ ਵੱਡੀਆਂ ਖੇਪਾਂ ਗੁਜਰਾਤ ਦੇ ਇੱਕ ਸਮੁੰਦਰੀ ਬੰਦਰਗਾਹ ਤੋਂ ਫੜੀਆਂ ਜਾਂਦੀਆਂ ਹਨ। ਸਵਾਲ ਭਾਵੇਂ ਜਾਇਜ਼ ਹਨ ਪ੍ਰੰਤੂ ਭਗਵੰਤ ਮਾਨ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ। ਲੋਕ ਤਾਂ ਸਵਾਲ ਪੁੱਛਣਗੇ।
ਇੱਕ ਕਸੂਰਵਾਰ ਧਿਰ ਹੈ, ਅਫਸਰਸ਼ਾਹੀ। ਪੁਲਿਸ ਅਫਸਰਾਂ ਅਤੇ ਡਰੱਗ ਮਹਿਕਮੇ ਦੇ ਅਫਸਰਾਂ ਦੀ ਧਾੜ ਦੇ ਨੱਕ ਥੱਲੇ ਨਸ਼ੇ ਦੁਕਾਨਾਂ ’ਤੇ ਆਮ ਵਿਕ ਰਹੇ ਹਨ। ਆਪਣੀ ਡਿਊਟੀ ਪ੍ਰਤੀ ਅਣਗਹਿਲੀ ਵਰਤਦਿਆਂ ਅਜਿਹੇ ਅਸਮਾਜਿਕ ਅਨਸਰਾਂ ਦੀ ਲੋਕਾਂ ਦੇ ਪੁੱਤ ਮਰਦਿਆਂ ਦੇਖ ਜ਼ਮੀਰ ਕਿਉਂ ਨਹੀਂ ਜਾਗਦੀ? ਜਿਹੜੇ ਅਫਸਰਾਂ ਦੇ ਇਲਾਕੇ ਨਸ਼ਾ ਤਸਕਰੀ ਲਈ ਬਦਨਾਮ ਹਨ, ਨਸ਼ੇੜੀ ਦੀ ਮੌਤ ਹੋ ਜਾਣ ’ਤੇ ਅਫਸਰ ਉੱਪਰ ਵੀ ਧਾਰਾ 302 ਤਹਿਤ ਮੁਕੱਦਮਾ ਚੱਲਣਾ ਚਾਹੀਦਾ ਹੈ। ਪੰਜਾਬੀ ਪੁੱਤਾਂ ਦੀਆਂ ਲਾਸ਼ਾਂ ’ਤੇ ਮਹਿਲ ਉਸਾਰਨ ਵਾਲੇ ਤਸਕਰਾਂ ਨੂੰ ਨੀਂਦ ਕਿਵੇਂ ਆਉਂਦੀ ਹੈ? ਦਹਾਕਿਆਂ ਤੋਂ ਮੂੰਹ ਨੂੰ ਖੂਨ ਲੱਗੇ ਇਨ੍ਹਾਂ ਅਨਸਰਾਂ ਲਈ ਤਾਂ ਗੋਲੀ ਹੀ ਅੰਤਿਮ ਇਲਾਜ ਹੈ ਅਤੇ ਗੁਰੇਜ਼ ਵੀ ਨਹੀਂ ਕੀਤਾ ਜਾਣਾ ਚਾਹੀਦਾ।
ਕਦੇ ਕਦੇ ਠੰਢੀ ਹਵਾ ਬੁੱਲਾ ਆਉਂਦਾ ਹੈ ਜਦੋਂ ਕੋਈ ਸਹੀ ਅਰਥਾਂ ਵਿੱਚ ਨਸ਼ਾ ਵਿਰੋਧੀ ਅੰਦੋਲਨ ਸ਼ੁਰੂ ਕਰਦਾ ਹੈ। ਕਾਸ਼! ਮਾਨਸਾ ਤੋਂ ਸ਼ੁਰੂ ਹੋਇਆ ਨਸ਼ਿਆਂ ਵਿਰਧੀ ਅੰਦੋਲਨ ਪੰਜਾਬ ਵਿੱਚੋਂ ਨਸ਼ਿਆਂ ਨੂੰ ਉਖਾੜ ਸੁੱਟਣ ਲਈ ਮੀਲ ਪੱਥਰ ਸਾਬਤ ਹੋ ਸਕੇ। ਪੰਜਾਬ ਦੀ ਜਵਾਨੀ ਨੂੰ ਨੌਜਵਾਨ ਹੀ ਬਚਾ ਸਕਦੇ ਹਨ। ਸੋ ਬੱਚਿਓ, ਬੱਚੀਓ! ਆਉ, ਸਰਿੰਜਾਂ ਨੂੰ ਤਿਆਗੀਏ ਅਤੇ ਮੁੜ ਤੋਂ ਛਿੰਝਾਂ ਲਈ ਜਾਣੇ ਜਾਂਦੇ ਪੰਜਾਬ ਦੀ ਸਿਰਜਣਾ ਕਰੀਏ। ਪੰਜਾਬੀ ਪੁੱਤ ਬਣੀਏ, ਨਾ ਕਿ ਪੈਸੇ ਦੇ ਪੁੱਤ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































