“ਤੁਸੀਂ ਸਿਖਰ ਦੁਪਹਿਰੇ ਇਕੱਲੀ ਤੀਵੀਂ ਦੇ ਘਰ ਕਿਵੇਂ ਆ ਵੜੇ? ਤੁਹਾਨੂੰ ਦਿਸਦਾ ਨਹੀਂ, ... ਜੇਕਰ ਇਸ ਨੂੰ ਕੁਛ ਹੋ ਗਿਆ ...”
(16 ਨਵੰਬਰ 2023)
ਇਸ ਸਮੇਂ ਪਾਠਕ: 355.
ਅਸਲ ਮੁੱਦੇ ’ਤੇ ਆਉਣ ਤੋਂ ਪਹਿਲਾਂ ਮੈਂ ਪਾਠਕਾਂ ਦੀ ਜਾਣਕਾਰੀ ਲਈ ਬੈਂਕ ਕਰਜ਼ਿਆਂ ਸੰਬੰਧੀ ਇੱਕ ਗੱਲ ਸਾਂਝੀ ਕਰਨੀ ਚਾਹਾਂਗਾ। ਬੈਂਕਾਂ ਦੁਆਰਾ ਦਿੱਤੇ ਜਾਂਦੇ ਸਾਰੇ ਹੀ ਕਰਜ਼ੇ ਲਿਮੀਟੇਸ਼ਨ ਐਕਟ 1963 ਦੇ ਤਹਿਤ ਨਿਯੰਤ੍ਰਿਤ ਹੁੰਦੇ ਹਨ। ਇਹ ਓਹੀ ਲਿਮੀਟੇਸ਼ਨ ਐਕਟ ਹੈ ਜੋ ਕਿ ਆਮ ਪ੍ਰੋਨੋਟਾਂ ਉੱਤੇ ਲਾਗੂ ਹੁੰਦਾ ਹੈ। ਇਸ ਐਕਟ ਮੁਤਾਬਿਕ ਹਰ ਇੱਕ ਕਰਜ਼ੇ ਦੀ ਮਿਆਦ ਤਿੰਨ ਸਾਲ ਦੀ ਹੁੰਦੀ ਹੈ ਅਤੇ ਜੇਕਰ ਕਰਜ਼ਾ ਤਿੰਨ ਸਾਲ ਤੋਂ ਵੱਧ ਸਮਾਂ ਚੱਲੇਗਾ ਤਾਂ ਸਮਾਂ ਰਹਿੰਦਿਆਂ ਪ੍ਰਨੋਟ ਦੀ ਤਰ੍ਹਾਂ ਹੀ ਕਰਜ਼ੇ ਦੀ ਮਿਆਦ ਵਧਾਉਣ ਵਾਸਤੇ ਕਰਜ਼ਦਾਰ ਦਾ ਅੰਗੂਠਾ ਲਗਵਾਉਣਾ ਜਾਂ ਦਸਤਖ਼ਤ ਕਰਵਾਉਣੇ ਪੈਂਦੇ ਹਨ। ਮਿਆਦ ਲੰਘ ਜਾਣ ਦੀ ਸੂਰਤ ਵਿੱਚ ਕਰਜ਼ਦਾਰ ਤੋਂ ਕਰਜ਼ ਦੀ ਬਕਾਇਆ ਰਕਮ ਅਦਾਲਤ ਰਾਹੀਂ ਵਸੂਲ ਨਹੀਂ ਕੀਤੀ ਜਾ ਸਕਦੀ।
ਇਹ ਗੱਲ ਕੋਈ 1990 ਦੇ ਨੇੜ ਤੇੜ ਦੀ ਹੈ। ਇਸੇ ਹੀ ਮਕਸਦ ਨਾਲ ਮੈਂ ਅਤੇ ਸਾਡੇ ਮੈਨੇਜਰ ਸਾਹਿਬ ਪਿੰਡਾਂ ਵਿੱਚੋਂ ਕਰਜ਼ਦਾਰਾਂ ਦੇ ਅੰਗੂਠਾ ਦਸਖ਼ਤ ਕਰਵਾ ਕੇ ਸ਼ਾਮ ਦੇ ਵਕਤ ਵਾਪਸ ਆ ਰਹੇ ਸਾਂ। ਸਾਡੀ ਲਿਸਟ ਮੁਤਾਬਿਕ ਆਖਰੀ ਪਿੰਡ ਵਿੱਚ ਸਿਰਫ ਇੱਕੋ ਹੀ ਅਜਿਹਾ ਖਾਤਾਧਾਰਕ ਸੀ, ਜਿਸਨੂੰ ਅਸੀਂ ਮਿਲਣਾ ਸੀ। ਪਿੰਡ ਦੀ ਸੱਥ ਵਿੱਚ ਬੈਠੇ ਸੱਜਣ ਪੁਰਸ਼ਾਂ ਕੋਲੋਂ ਕਰਜ਼ਦਾਰ ਦਾ ਨਾਂ ਦੱਸ ਕੇ ਘਰ ਦੀ ਜਾਣਕਾਰੀ ਲੈਣੀ ਚਾਹੀ। ਸਾਨੂੰ ਦੱਸਿਆ ਗਿਆ ਕਿ ਇਹ ਫਲਾਣੇ ਗਿੰਦਰ ਦੀ ਨੂੰਹ ਹੈ। ਅਸੀਂ ਪੁੱਛਦੇ ਪੁਛਾਉਂਦੇ ਗਿੰਦਰ ਦੇ ਘਰ ਪਹੁੰਚ ਗਏ। ਆਪਣੀ ਜਾਣ ਪਹਿਚਾਣ ਦੱਸ ਕੇ ਅਤੇ ਆਪਣੇ ਆਉਣ ਦਾ ਮੰਤਵ ਦੱਸ ਕੇ ਅਸੀਂ ਉਸਦੀ ਨੂੰਹ, ਜਿਸਦਾ ਨਾਂ ਸੀਤੋ ਸੀ, ਨੂੰ ਬੁਲਾਉਣ ਲਈ ਕਿਹਾ। ਅੱਗਿਓਂ ਗਿੰਦਰ ਕਹਿਣ ਲੱਗਿਆ ਕਿ ਉਹਨਾਂ ਦੇ ਪਰਿਵਾਰ ਵਿੱਚ ਤਾਂ ਕੋਈ ਸੀਤੋ ਹੀ ਨਹੀਂ ਹੈ। ਸ਼ਾਮ ਜਿਹੇ ਦਾ ਵਕਤ ਸੀ ਅਤੇ ਸਾਨੂੰ ਵੀ ਵਾਪਸੀ ਦੀ ਕਾਹਲੀ ਸੀ, ਮੈਂ ਮੈਨੇਜਰ ਸਾਹਿਬ ਨੂੰ ਕਿਸੇ ਦਿਨ ਫਿਰ ਫੋਟੋ ਸਮੇਤ ਆਉਣ ਦੀ ਸਲਾਹ ਦਿੱਤੀ।
ਪੰਜ ਸੱਤ ਦਿਨਾਂ ਬਾਅਦ ਫਿਰ ਅਸੀਂ ਫੋਟੋ ਸਮੇਤ ਉਸੇ ਪਿੰਡ ਪਹੁੰਚ ਗਏ। ਸੱਥ ਵਿੱਚ ਬੈਠੇ ਮੋਹਤਬਰਾਂ ਨੂੰ ਫੋਟੋ ਦਿਖਾ ਕੇ ਅਸੀਂ ਫਿਰ ਸੀਤੋ ਦਾ ਘਰ ਪੁੱਛਿਆ। ਸਾਡੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਸਾਨੂੰ ਫਿਰ ਦੱਸਿਆ ਗਿਆ ਕਿ ਇਹ ਗਿੰਦਰ ਦੀ ਨੂੰਹ ਹੀ ਹੈ। ਅਸੀਂ ਫਿਰ ਸਕੂਟਰ ਗਿੰਦਰ ਦੇ ਘਰ ਮੂਹਰੇ ਜਾ ਲਾਇਆ। ਫੋਟੋ ਦੇਖ ਕੇ ਭਮੱਤਰਿਆ ਜਿਹਾ ਗਿੰਦਰ ਕਹਿਣ ਲੱਗਿਆ ਕਿ ਹਾਂ, ਇਹ ਉਸੇ ਦੀ ਨੂੰਹ ਹੈ। ਉਸਨੇ ਦੱਸਿਆ ਕਿ ਹੁਣ ਇਹ ਸਾਡੇ ਨਾਲੋਂ ਵੱਖ ਰਹਿੰਦੇ ਹਨ ਅਤੇ ਆਹ ਨਾਲ ਵਾਲਾ ਘਰ ਸੀਤੋ ਦਾ ਹੈ। ਅਸੀਂ ਨਾਲ ਵਾਲੇ ਘਰ ਦਾ ਕੁੰਡਾ ਖੜਕਾਇਆ ਅਤੇ ਅੰਦਰੋਂ ਇੱਕ ਪੈਂਤੀ ਕੁ ਸਾਲ ਦੀ ਔਰਤ ਜੋ ਕਿ ਪੇਟ ਤੋਂ ਸੀ, ਬਾਹਰ ਆਈ। ਅਸੀਂ ਰੁਟੀਨ ਮੁਤਾਬਿਕ ਆਪਣੀ ਜਾਣ ਪਛਾਣ ਦੱਸੀ ਅਤੇ ਅੰਗੂਠਾ ਲਗਵਾਉਣ ਲਈ ਕਾਗਜ਼ ਉਸ ਅੱਗੇ ਕਰ ਦਿੱਤੇ। ਉਹ ਔਰਤ ਕਹਿਣ ਲੱਗੀ ਕਿ ਉਹ ਸੀਤੋ ਨਹੀਂ, ਸਗੋਂ ਸੀਤੋ ਤਾਂ ਦੂਜੀ ਹੈ ਜੋ ਕਿ ਖੇਤਾਂ ਵਿੱਚ ਕੰਮ ਕਰਨ ਗਈ ਹੋਈ ਹੈ। ਮੈਨੇਜਰ ਸਾਹਿਬ ਮੈਨੂੰ ਉੱਥੇ ਹੀ ਬਹਾ ਕੇ ਅਤੇ ਬਜ਼ੁਰਗ ਗਿੰਦਰ ਨੂੰ ਸਕੂਟਰ ਪਿੱਛੇ ਬਹਾ ਕੇ ਖੇਤਾਂ ਨੂੰ ਚਲੇ ਗਏ। ਆਖ਼ਿਰ ਅੰਗੂਠਾ ਤਾਂ ਲਗਵਾਉਣਾ ਹੀ ਸੀ। ਖੇਤ ਪਹੁੰਚ ਕੇ ਖੇਤ ਵਿੱਚ ਕੰਮ ਕਰ ਰਹੀ ਸੀਤੋ ਨੂੰ ਮਿਲੇ। ਉਹ ਕਹਿਣ ਲੱਗੀ ਕਿ ਉਹ ਸੀਤੋ ਨਹੀਂ, ਸੀਤੋ ਤਾਂ ਜਿਹੜੀ ਘਰ ਹੈ ਅਤੇ ਜਿਸਦੇ ਬੱਚਾ ਹੋਣ ਵਾਲਾ ਹੈ, ਉਹ ਹੈ। ਗਰਮੀ ਤੋਂ ਅਤੇ ਸੀਤੋਆਂ ਦੇ ਭੰਬਲਭੂਸੇ ਤੋਂ ਪ੍ਰੇਸ਼ਾਨ ਮੈਨੇਜਰ ਸਾਹਿਬ ਖੇਤ ਵਾਲੀ ਸੀਤੋ ਅਤੇ ਗਿੰਦਰ ਨੂੰ ਸਕੂਟਰ ਉੱਤੇ ਲੱਦ ਕੇ ਫਿਰ ਘਰ ਆ ਗਏ। ਅੱਕੇ ਹੋਏ ਮੈਨੇਜਰ ਸਾਹਿਬ ਗੁੱਸੇ ਵਿੱਚ ਲਾਲ ਪੀਲੇ ਹੋ ਰਹੇ ਸਨ। ਰੌਲਾ ਪੈਂਦਾ ਦੇਖ ਕੇ ਆਂਢ ਗੁਆਂਢ ਦੀਆਂ ਔਰਤਾਂ ਇਕੱਠੀਆਂ ਹੋ ਗਈਆਂ। ਗੱਲ ਸਮਝੇ ਬਿਨਾ ਹੀ ਜਿਸਦੇ ਜੋ ਮੂੰਹ ਆ ਰਿਹਾ ਸੀ, ਬੋਲੀ ਜਾ ਰਹੀ ਸੀ। ਉਹਨਾਂ ਵਿੱਚੋਂ ਇੱਕ, ਜੋ ਕਿ ਸੱਤ ਅੱਠ ਪੜ੍ਹੀ ਹੋਵੇਗੀ, ਜ਼ਿਆਦਾ ਹੀ ਭੱਜ ਭੱਜ ਪੈ ਰਹੀ ਸੀ, “ਤੁਸੀਂ ਸਿਖਰ ਦੁਪਹਿਰੇ ਇਕੱਲੀ ਤੀਵੀਂ ਦੇ ਘਰ ਕਿਵੇਂ ਆ ਵੜੇ? ਤੁਹਾਨੂੰ ਦਿਸਦਾ ਨਹੀਂ, ਇਹ ਪੈਰਾਂ ’ਤੇ ਹੈ? ਜੇਕਰ ਇਸ ਨੂੰ ਕੁਛ ਹੋ ਗਿਆ, ਅਸੀਂ ਤੁਹਾਨੂੰ ਅੰਦਰ ਕਰਵਾ ਦਿਆਂਗੇ...।”
ਔਰਤਾਂ ਦੇ ਝੁੰਡ ਵਿੱਚ ਘਿਰੇ, ਮੰਜੇ ਉੱਪਰ ਬੈਠੇ ਪਸੀਨੋ ਪਸੀਨੀ ਹੋਏ ਮੈਨੇਜਰ ਸਾਹਿਬ ਘਬਰਾ ਗਏ। ਅਜਿਹੇ ਨਾਜ਼ੁਕ ਮੌਕੇ ਬੈਂਕਿੰਗ ਦਾ ਕੋਈ ਕਾਨੂੰਨ ਕਿਸੇ ਕੰਮ ਨਹੀਂ ਆਉਂਦਾ ਸਗੋਂ ਟੈਕਟਫੁਲ ਹੈਂਡਲਿੰਗ ਦੀ ਲੋੜ ਪੈਂਦੀ ਹੈ। ਹੁਣ ਮੇਰਾ ਰੋਲ ਸੀ ਵਕਤ ਸੰਭਾਲਣ ਦਾ। ਆਪਣੇ ਆਪ ਨੂੰ ਪੜ੍ਹੀ ਲਿਖੀ ਸਮਝ ਰਹੀ ਔਰਤ ਨੂੰ ਸੰਬੋਧਿਤ ਹੁੰਦਿਆਂ ਮੈਂ ਕਹਿਣ ਕਹਾ, “ਭਾਈ, ਤੈਨੂੰ ਪਤਾ ਹੈ ਕਿ ਕਹਾਣੀ ਕੀ ਹੈ? ਅਸੀਂ ਕੋਈ ਚੋਰ ਉਚੱਕੇ ਤਾਂ ਹੈ ਨਹੀਂ, ਬੈਂਕ ਦੇ ਅਧਿਕਾਰੀ ਹਾਂ ਅਤੇ ਇਸ ਵਕਤ ਅਸੀਂ ਡਿਊਟੀ ’ਤੇ ਹਾਂ। ਇਹਨਾਂ ਨੇ ਬੈਂਕ ਨਾਲ ਧੋਖਾ ਕੀਤਾ ਹੈ, ਅਸੀਂ ਇੱਥੋਂ ਸਿੱਧੇ ਥਾਣੇ ਜਾਵਾਂਗੇ। ਤੂੰ ਵੀ ਭਾਈ ਆਪਣਾ ਨਾਮ ਲਿਖਵਾ ਦੇ, ਇਹਨਾਂ ਉੱਤੇ ਤਾਂ ਕਾਰਵਾਈ ਹੋਵੇਗੀ ਹੀ, ਅਸੀਂ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਸਰਕਾਰੀ ਕਰਮਚਾਰੀਆਂ ਦੀ ਲਾਹ ਪਾਹ ਕਰਨ ਦਾ ਕੇਸ ਤੇਰੇ ’ਤੇ ਵੀ ਕਰਾਂਗੇ।”
ਮੇਰੇ ਐਨਾ ਕਹਿਣ ਦੀ ਦੇਰ ਸੀ ਕਿ ਸਾਰੀ ਭੀੜ ਤਿੱਤਰ ਬਿੱਤਰ ਹੋ ਗਈ। ਭੱਜਣ ਵਾਲੀਆਂ ਵਿੱਚੋਂ ਸਭ ਤੋਂ ਮੂਹਰੇ ਆਪਣੇ ਆਪ ਨੂੰ ਨੇਤਾ ਸਮਝਦੀ ਓਹੀ ਪੜ੍ਹੀ ਲਿਖੀ ਔਰਤ ਸੀ।
ਹੁਣ ਕਮਰੇ ਵਿੱਚ ਦੋਨੋਂ ਅਸੀਂ, ਦੋਵੇਂ ਦਰਾਣੀ ਜੇਠਾਣੀ ਅਤੇ ਉਹਨਾਂ ਦਾ ਸਹੁਰਾ ਗਿੰਦਰ ਹੀ ਸਾਂ। ਸਾਰੀ ਗੱਲ ਸਮਝ ਕੇ ਪਤਾ ਚੱਲਿਆ ਕਿ ਜਦੋਂ ਕਰਜ਼ੇ ਦਾ ਕੇਸ ਪਾਸ ਹੋ ਕੇ ਆਇਆ ਸੀ, ਉਦੋਂ ਅੱਜ ਖੇਤ ਕੰਮ ਕਰਨ ਗਈ, ਅਸਲੀ ਸੀਤੋ ਆਪਣੇ ਪੇਕੇ ਨਿਆਣਾ ਜੰਮਣ ਗਈ ਹੋਈ ਸੀ। ਘਰ ਦੇ ਮੈਂਬਰਾਂ ਨੇ ਦੂਜੀ ਨੂੰਹ, ਜਿਸਦੇ ਹੁਣ ਨਿਆਣਾ ਹੋਣ ਵਾਲਾ ਸੀ, ਦੀ ਫੋਟੋ ਲਾਕੇ ਅਤੇ ਉਸ ਨੂੰ ਸੀਤੋ ਦਰਸਾ ਕੇ ਬੈਂਕ ਤੋਂ ਕਰਜ਼ਾ ਲੈ ਲਿਆ ਸੀ। ਬੈਂਕ ਵਿੱਚ ਫੋਟੋ ਇੱਕ ਦੀ ਅਤੇ ਨਾਓਂ ਦੂਜੀ ਦਾ, ਇਸੇ ਲਈ ਦੋਨੋ ਇੱਕ ਦੂਜੀ ਨੂੰ ਸੀਤੋ ਠਹਿਰਾ ਰਹੀਆਂ ਸਨ।
ਅਸੀਂ ਪੰਚਾਇਤ ਮੈਂਬਰ ਨੂੰ ਬੁਲਾਕੇ ਸਾਰੀ ਗੱਲ ਸਮਝਾਈ। ਪੰਚਾਇਤ ਮੈਂਬਰ ਸਮਝਦਾਰ ਸੀ। ਉਸਨੇ ਸਾਡੇ ਕੋਲੋਂ 15 ਦਿਨ ਦਾ ਸਮਾਂ ਲੈ ਲਿਆ ਅਤੇ ਬੈਂਕ ਦਾ ਸਾਰਾ ਬਕਾਇਆ ਭਰਵਾਉਣ ਦੀ ਜ਼ਿੰਮੇਵਾਰੀ ਵੀ ਲੈ ਲਈ। ਅਸੀਂ ਵੀ ਅੱਗਿਓਂ ਕੋਈ ਕਾਰਵਾਈ ਨਹੀਂ ਕੀਤੀ। ਮਿਥੇ ਸਮੇਂ ਤੋਂ ਪਹਿਲਾਂ ਹੀ ਮੈਂਬਰ ਸਾਹਿਬ ਨੇ ਸਾਰੇ ਪੈਸੇ ਭਰਵਾ ਦਿੱਤੇ ਅਤੇ ਇਸ ਤਰ੍ਹਾਂ ਸੁਖਾਵੇਂ ਤਰੀਕੇ ਬੈਂਕ ਦੀ ਅਤੇ ਕਰਜ਼ਦਾਰ ਦੀ ਖਲਾਸੀ ਹੋ ਗਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4483)
(ਸਰੋਕਾਰ ਨਾਲ ਸੰਪਰਕ ਲਈ: (