“ਲੜਕੇ ਵਾਲਿਆਂ ਨੂੰ ਬਾਹਰ ਭੇਜ ਕੇ ਮੇਰੇ ਤਾਇਆ ਜੀ ਨੇ ਲੜਕੀ ਵਾਲਿਆਂ ਨੂੰ ...”
(16 ਜਨਵਰੀ 2023)
ਮਹਿਮਾਨ: 220.
ਇਹ ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਸਮੱਸਿਆ ਜਿੰਨੀ ਮਰਜ਼ੀ ਜਟਿਲ ਹੋਵੇ, ਅਖੀਰ ਵਿੱਚ ਉਸਦਾ ਹੱਲ ਮੇਜ਼ ਦੁਆਲੇ ਬੈਠ ਕੇ ਹੀ ਨਿਕਲਦਾ ਹੈ। ਇਤਿਹਾਸ ਗਵਾਹ ਹੈ ਕਿ ਅੰਤਰਰਾਸ਼ਟਰੀ ਸਮੱਸਿਆਵਾਂ ਦਾ ਹੱਲ ਵੀ ਬਹੁਤੀ ਵਾਰੀ ਗੱਲਬਾਤ ਦੀ ਮੇਜ਼ ਦੁਆਲੇ ਬੈਠ ਕੇ ਹੀ ਨਿੱਕਲਿਆ ਹੈ।
ਗੱਲ 1970 ਦੇ ਨੇੜੇ ਤੇੜੇ ਦੀ ਹੈ ਜਦੋਂ ਮੈਂ ਅੱਠਵੀਂ ਜਮਾਤ ਦਾ ਵਿਦਿਆਰਥੀ ਸਾਂ। ਐਤਵਾਰ ਦਾ ਦਿਨ, ਬਾਅਦ ਦੁਪਹਿਰ ਦੇ ਕੋਈ ਤਿੰਨ ਵਜੇ ਦਾ ਸਮਾਂ ਸੀ। ਗੇਟ ਉੱਪਰ ਦੋ ਖਿਲਰੀਆਂ ਜਟੂਰੀਆਂ ਵਾਲੇ, ਉਘੜੀਆਂ ਦੁਘੜੀਆਂ ਪੱਗਾਂ ਬੰਨ੍ਹੀ ਗਲੀ ਵਿੱਚ ਸਾਡੇ ਗੇਟ ਮੂਹਰੇ ਖੜ੍ਹੇ, “ਮਾਸਟਰ ਜੀ, ਮਾਸਟਰ ਜੀ” ਕਹਿਕੇ ਆਵਾਜ਼ਾਂ ਲਗਾ ਰਹੇ ਸਨ। ਮੈਂ ਬਾਹਰ ਨਿੱਕਲ ਕੇ ਦੇਖਿਆ ਕਿ ਆਪਣੀ ਉਮਰ ਤੋਂ ਵੱਡੇ ਲਗਦੇ 45,50 ਸਾਲ ਦੀ ਉਮਰ ਦੇ ਦੋ ਗੱਡੀਆਂ ਵਾਲੇ ਸਾਡੇ ਤਾਏ ਮਾਸਟਰ ਬਲਦੇਵ ਕ੍ਰਿਸ਼ਨ ਜੀ ਨੂੰ ਮਿਲਣਾ ਚਾਹੁੰਦੇ ਸਨ। ਓਹਨਾਂ ਦਿਨਾਂ ਵਿੱਚ ਰਾਜਪੂਤ ਘਰਾਣਿਆਂ ਦੇ ਇਹ ਗੱਡੀਆਂ ਵਾਲੇ ਰਾਜਸਥਾਨੀ ਲੁਹਾਰ ਪਿੰਡ ਪਿੰਡ ਜਾ ਕੇ ਲੁਹਾਰਾ ਕੰਮ ਕਰਿਆ ਕਰਦੇ ਸਨ। ਉਹ ਤੱਕਲੇ, ਖੁਰਚਣੇ ਵੇਚਣ ਦੇ ਨਾਲ ਨਾਲ ਟੁੱਟੇ ਬੱਠਲਾਂ, ਬਾਲਟੀਆਂ ਦੇ ਨਵੇਂ ਥੱਲੇ ਲਾਉਂਦੇ, ਖਾਲੀ ਪੀਪਿਆਂ ਨੂੰ ਢੱਕਣ ਲਾ ਕੇ ਵਰਤੋਂ ਵਿਚ ਲਿਆਉਣ ਯੋਗ ਬਣਾ ਦਿੰਦੇ। ਇਸ ਦੇ ਬਦਲੇ ਓਹ ਥੋੜ੍ਹਾ ਬਹੁਤਾ ਆਟਾ, ਦਾਣੇ, ਗੁੜ, ਪਸੂਆਂ ਲਈ ਪੱਠੇ ਅਤੇ ਮਾਮੂਲੀ ਪੈਸੇ ਲੋਕਾਂ ਕੋਲੋਂ ਲੈਂਦੇ ਸਨ। ਬਲਦਾਂ ਦਾ ਛੋਟਾ ਮੋਟਾ ਵਪਾਰ ਵੀ ਇਹਨਾਂ ਦੇ ਕਿੱਤੇ ਵਿੱਚ ਸਸ਼ਾਮਿਲ ਹੁੰਦਾ ਸੀ। ਮਹੀਨੇ ਵੀਹ ਦਿਨ ਬਾਅਦ ਉਹ ਅਗਲੇ ਪਿੰਡ ਲਈ ਚਾਲੇ ਪਾ ਦਿੰਦੇ ਸਨ।
ਸਾਡੇ ਤਾਇਆ ਬਲਦੇਵ ਕ੍ਰਿਸ਼ਨ ਜੀ,ਵਾਹਿਗੁਰੂ ਓਹਨਾਂ ਦਾ ਸਵਰਗਾਂ ਵਿੱਚ ਵਾਸਾ ਕਰੇ, ਪਿੰਡ ਵਿੱਚ ਇੱਕੋ ਇੱਕ ਸਰਕਾਰੀ ਨੌਕਰ ਯਾਨੀ ਕਿ ਸਕੂਲ ਅਧਿਆਪਕ ਸਨ। ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਤਾਇਆ ਜੀ ਬੇਸ਼ੱਕ ਪੰਚਾਇਤ ਮੈਂਬਰ ਜਾਂ ਸਰਪੰਚ ਤਾਂ ਨਹੀਂ ਸਨ ਪ੍ਰੰਤੂ ਪਿੰਡ ਦੇ ਸਾਰੇ ਸਾਂਝੇ ਕੰਮ ਪੰਚਾਇਤ ਓਹਨਾਂ ਦੀ ਸਲਾਹ ਨਾਲ ਹੀ ਨੇਪਰੇ ਚਾੜ੍ਹਦੀ ਸੀ। ਰੌਲੇ ਗੌਲੇ ਦੇ ਮਾਮਲੇ ਵਿਚ ਵੀ ਦੋਨੋਂ ਧਿਰਾਂ ਥਾਣੇ ਜਾਣ ਦੀ ਥਾਂ ਮੇਰੇ ਤਾਇਆ ਜੀ ਦੁਆਰਾ ਕੀਤੇ ਫੈਸਲੇ ਨੂੰ ਖੁਸ਼ੀ ਖੁਸ਼ੀ ਮੰਨ ਲੈਂਦੀਆਂ। ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦਾ ਜਿਵੇਂ ਓਹਨਾਂ ਨੂੰ ਕੋਈ ਵਰਦਾਨ ਮਿਲਿਆ ਹੋਵੇ। ਓਹਨਾਂ ਦੀ ਇਸ ਕਾਬਲੀਅਤ ਦਾ ਫਾਇਦਾ ਉਠਾਉਣ ਲਈ ਹੀ ਬਿਪਤਾ ਮਾਰੇ ਉਹ ਗੱਡੀਆਂ ਵਾਲੇ ਆਪਣੀ ਸਮੱਸਿਆ ਲੈਕੇ ਮੇਰੇ ਤਾਇਆ ਜੀ ਨੂੰ ਮਿਲਣ ਆਏ ਸਨ।
ਦਰ ਅਸਲ, ਓਹਨਖ਼ ਗੱਡੀਆਂ ਵਾਲਿਆਂ ਦਾ ਇੱਕ ਮੁੰਡਾ ਸੀ ਜੋ ਕਿ ਵਿਆਹਿਆ ਹੋਇਆ ਸੀ। ਤਿੰਨ ਚਾਰ ਸਾਲ ਦਾ ਇੱਕ ਲੜਕਾ ਵੀ ਸੀ। ਕਿਸੇ ਗਲਤ ਫਹਿਮੀ ਦਾ ਸ਼ਿਕਾਰ ਹੋ ਕੇ ਓਹਨਾਂ ਦੀ ਨੂੰਹ ਆਪਣੇ ਪਤੀ ਨਾਲ ਲੜ ਕੇ ਪੇਕੀਂ ਜਾ ਬੈਠੀ ਸੀ। ਸਬੱਬੀਂ ਉਸ ਲੜਕੀ ਦੇ ਪੇਕਿਆਂ ਵਾਲਿਆਂ ਦਾ ਟੋਲਾ ਉਸ ਪਿੰਡ ਵਿੱਚ ਬੈਠਾ ਸੀ, ਜਿਸ ਪਿੰਡ ਵਿੱਚ ਮੇਰੇ ਤਾਇਆ ਜੀ ਦੀ ਅਧਿਆਪਕ ਵਜੋਂ ਡਿਊਟੀ ਸੀ। ਓਹਨਾਂ ਦੋਵੇਂ ਗੱਡੀਆਂ ਵਾਲਿਆਂ ਨੇ ਆਪਣੀ ਸਾਰੀ ਸਮੱਸਿਆ ਵਿਸਥਾਰ ਵਿੱਚ ਮੇਰੇ ਤਾਇਆ ਜੀ ਕੋਲ ਰੱਖੀ। ਗੱਲਬਾਤ ਦਾ ਲਬੋ ਲਬਾਬ ਇਹ ਸੀ ਕਿ ਉਹ ਚਾਹੁੰਦੇ ਸਨ ਕਿ ਓਹਨਾਂ ਦੀ ਨੂੰਹ ਆ ਕੇ ਓਹਨਾਂ ਦੇ ਘਰ ਵਸੇ ਪਰ ਲੜਕਾ ਕੁਛ ਆਨਾਕਾਨੀ ਕਰਦਾ ਸੀ ਅਤੇ ਲੜਕੀ ਵਾਲੇ ਲੜਕੀ ਨਾ ਤੋਰਨ ਦੇ ਨਾਲ ਨਾਲ ਚਾਹੁੰਦੇ ਸਨ ਕਿ ਛੋਟਾ ਬੱਚਾ ਜੋ ਕਿ ਆਪਣੇ ਪਿਤਾ ਜੀ ਕੋਲ ਸੀ, ਦੀ ਸਪੁਰਦਗੀ ਓਹਨਾਂ ਦੀ ਲੜਕੀ ਨੂੰ ਮਿਲੇ। ਮੇਰੇ ਤਾਇਆ ਜੀ ਨੇ ਓਹਨਾਂ ਨੂੰ ਇਹ ਕਹਿਕੇ ਤੋਰ ਦਿੱਤਾ ਕਿ ਲੜਕੀ ਵਾਲਿਆਂ ਨੂੰ ਮਿਲਕੇ ਅੱਗੇ ਗੱਲ ਕੀਤੀ ਜਾਵੇਗੀ।
ਅਗਲੇ ਦਿਨ ਮੇਰੇ ਤਾਇਆ ਜੀ ਨੇ ਲੜਕੀ ਵਾਲੇ ਗੱਡੀਆਂ ਵਾਲਿਆਂ ਨੂੰ ਸਕੂਲ ਚੌਕੀਦਾਰ ਰਾਹੀਂ ਸੁਨੇਹਾ ਭੇਜ ਕੇ ਸਕੂਲ ਵਿੱਚ ਬੁਲਾ ਲਿਆ। ਓਹਨਾਂ ਦੀ ਗੱਲ ਸੁਣਨ ਤੋਂ ਬਾਅਦ ਮੁੱਦਾ ਉੱਪਰ ਦੱਸੀ ਗੁੰਝਲ ਹੀ ਨਿੱਕਲਿਆ। ਮੂਹਰੇ ਆਉਣ ਵਾਲੇ ਐਤਵਾਰ ਨੂੰ ਦੋਹਾਂ ਧਿਰਾਂ ਨੂੰ ਸਾਡੇ ਘਰ ਆਉਣ ਦਾ ਪ੍ਰੋਗਰਾਮ ਉਲੀਕ ਦਿੱਤਾ ਗਿਆ। ਐਤਵਾਰ ਨੂੰ ਦੋਵੇਂ ਧਿਰਾਂ ਦਸ ਕੁ ਵਜੇ ਦੇ ਕਰੀਬ ਸਾਡੇ ਘਰ ਵਿਖੇ ਹਾਜ਼ਰ ਸਨ। ਲੜਕੀ ਵਾਲਿਆਂ ਨੂੰ ਦੂਸਰੇ ਕਮਰੇ ਵਿੱਚ ਬਹਾ ਕੇ ਮੇਰੇ ਤਾਇਆ ਜੀ ਲੜਕੇ ਵਾਲਿਆਂ ਨੂੰ ਸਮਝਾਉਣ ਲੱਗੇ, “ਦੇਖ ਬਈ ਮੁੰਡਿਆ, ਕਾਨੂੰਨ ਤਾਂ ਇਹੀ ਹੈ ਕਿ ਬੱਚਾ ਜਦੋਂ ਤੱਕ ਨਾਬਾਲਗ ਹੈ, ਆਪਣੀ ਮਾਂ ਕੋਲ ਹੀ ਰਹਿ ਸਕਦਾ ਹੈ। ਜੇਕਰ ਲੜਕੀ ਵਾਲੇ ਥਾਣੇ ਕਚਹਿਰੀ ਚਲੇ ਗਏ, ਘਰ ਵਾਲੀ ਤਾਂ ਤੇਰੀ ਪਹਿਲਾਂ ਹੀ ਚਲੀ ਗਈ ਹੈ, ਲੜਕਾ ਵੀ ਤੇਰੇ ਕੋਲੋਂ ਜਾਂਦਾ ਰਹੇਗਾ। ਛੋਟੇ ਮੋਟੇ ਝਗੜੇ ਕਿਸ ਦੇ ਨਹੀਂ ਹੁੰਦੇ? ਇਸ ਲਈ ਮੇਰੀ ਮੰਨ, ਜਾ ਕੇ ਆਪਣੀ ਘਰ ਵਾਲੀ ਨੂੰ ਲੈ ਆ। ਇਸ ਤਰ੍ਹਾਂ ਲੜਕਾ ਵੀ ਤੇਰੇ ਕੋਲ ਰਹੇਗਾ ਅਤੇ ਤੇਰਾ ਘਰ ਵੀ ਵਸਦਾ ਹੋ ਜਾਵੇਗਾ।”
ਮੇਰੇ ਤਾਏ ਦੀਆਂ ਦਲੀਲਾਂ ਅੱਗੇ ਅਤੇ ਆਪਣੇ ਮਾਪਿਆਂ ਦੇ ਜ਼ੋਰ ਦੇਣ ਤੇ ਓਹ ਲੜਕੀ ਨੂੰ ਲਿਆਉਣ ਲਈ ਮੰਨ ਗਿਆ।
ਹੁਣ ਵਾਰੀ ਸੀ ਲੜਕੀ ਵਾਲਿਆਂ ਦੀ। ਲੜਕੇ ਵਾਲਿਆਂ ਨੂੰ ਬਾਹਰ ਭੇਜ ਕੇ ਮੇਰੇ ਤਾਇਆ ਜੀ ਨੇ ਲੜਕੀ ਵਾਲਿਆਂ ਨੂੰ ਸਮਝਾਇਆ, “ਦੇਖੋ ਬਈ! ਮੀਆਂ ਬੀਵੀ ਦੇ ਛੋਟੇ ਮੋਟੇ ਝਗੜੇ ਤਾਂ ਹੁੰਦੇ ਹੀ ਰਹਿੰਦੇ ਹਨ, ਇਸ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਰਿਸ਼ਤਾ ਹੀ ਖਤਮ ਕਰ ਦਿੱਤਾ ਜਾਵੇ। ਜੁਆਨ ਜਹਾਨ ਧੀ ਨੂੰ ਤੁਸੀਂ ਕਿੰਨਾ ਕੁ ਚਿਰ ਘਰ ਬਹਾਈ ਰੱਖੋਗੇ? ਆਖਿਰ ਇੱਕ ਦਿਨ ਤਾਂ ਤੋਰਨੀ ਹੀ ਪਵੇਗੀ। ਇਸ ਗੱਲ ਦੀ ਕੀ ਗਰੰਟੀ ਹੈ ਕਿ ਨਵੀਂ ਸਹੇੜ ਵਧੀਆ ਹੀ ਮਿਲੇਗੀ। ਤੁਹਾਡਾ ਦੋਹਤਾ ਤੁਹਾਨੂੰ ਇਹ ਐਨਾ ਸੌਖਾ ਨਹੀਂ ਦੇਣ ਲੱਗੇ। ਲੜਾਈ ਝਗੜਾ ਤਾਂ ਤੁਸੀਂ ਕਰ ਕੇ ਦੇਖ ਹੀ ਲਿਆ ਹੈ। ਅੱਗੇ ਬਚੇ ਥਾਣੇ ਕਚਹਿਰੀਆਂ, ਮੇਰੀ ਤਾਂ ਸਲਾਹ ਹੈ ਕਿ ਤੁਸੀਂ ਲੜਕੀ ਨੂੰ ਲੜਕੇ ਨਾਲ ਤੋਰ ਦਿਓ। ਫਿਰ ਦੋਹਤਾ ਵੀ ਤੁਹਾਡਾ ਅਤੇ ਜੁਆਈ ਵੀ ਤੁਹਾਡਾ। ਜੇਕਰ ਤੁਸੀਂ ਲੁਟਾ ਹੀ ਹੋਣਾ ਹੈ ਤਾਂ ਤੁਹਾਡੀ ਮਰਜ਼ੀ।”
ਬਾਹਰ ਨਿੱਕਲ ਕੇ ਲੜਕੀ ਵਾਲਿਆਂ ਨੇ ਦਸ ਕੁ ਮਿੰਟ ਘੁਸਰ ਮੁਸਰ ਜਿਹੀ ਕਰਨ ਤੋਂ ਬਾਅਦ ਲੜਕੀ ਨੂੰ ਤੋਰਨ ਦੀ ਹਾਮੀ ਭਰ ਦਿੱਤੀ।
ਘੰਟਾ ਕੁ ਪਹਿਲਾਂ ਜਿਹੜੇ ਇੱਕ ਦੂਜੇ ਦੇ ਜੂੰਡੇ ਪੁੱਟਣ ਨੂੰ ਤਿਆਰ ਬੈਠੇ ਸਨ, ਹੁਣ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਆਪਣੀ ਠਾਹਰ ਵੱਲ ਜਾ ਰਹੇ ਸਨ। ਇਸ ਤਰ੍ਹਾਂ ਇੱਕ ਟੁੱਟ ਚੁੱਕਾ ਪਰਿਵਾਰ ਫਿਰ ਤੋਂ ਜੁੜ ਗਿਆ ਅਤੇ ਨਾਲ ਹੀ ਜੁੜ ਗਈ ਸਾਡੇ ਤਾਇਆ ਜੀ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਪ੍ਰਾਪਤੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3742)
(ਸਰੋਕਾਰ ਨਾਲ ਸੰਪਰਕ ਲਈ: