JagdevSharmaBugra7ਗਾਇਕੀ ਹੁਣ ਸੁਣਨ ਵਾਲੀ ਨਹੀਂ ਸਗੋਂ ਦੇਖੀ ਜਾਣ ਵਾਲੀ ਵਸਤੂ ਬਣ ਕੇ ...
(7 ਜਨਵਰੀ 2025)

 

ਆਪਣੇ ਮਨ ਦੇ ਚਾਵਾਂ ਦੀ ਪੂਰਤੀ ਹਿਤ ਮਨੁੱਖ ਨੇ ਮਨੋਰੰਜਨ ਦੇ ਬਹੁਤ ਸਾਰੇ ਸਾਧਨ ਇਜਾਦ ਕੀਤੇ ਹੋਏ ਹਨ। ਇਹਨਾਂ ਸਾਧਨਾਂ ਵਿੱਚ ਪ੍ਰਮੁੱਖ ਸਥਾਨ ਹੈ ਗੀਤ ਸੰਗੀਤ ਦਾ। ਗੀਤ ਸੰਗੀਤ ਨੂੰ ਸੁਹਜਮਈ ਬਣਾਉਣ ਵਾਲੇ ਪ੍ਰਮੁੱਖ ਪਾਤਰਾਂ ਵਿੱਚੋਂ ਇੱਕ ਹੁੰਦਾ ਹੈ, ਗੀਤਕਾਰ। ਸੰਗੀਤ ਦੇ ਖੇਤਰ ਦਾ ਸੂਤਰਧਾਰ ਹੁੰਦਾ ਹੈ, ਗੀਤਕਾਰ। ਮਾਖਿਓਂ ਮਿੱਠੇ ਗੀਤ ਲਿਖ ਕੇ ਬਹੁਤ ਸਾਰੇ ਗੀਤਕਾਰਾਂ ਨੇ ਆਪਣਾ ਯੋਗਦਾਨ ਪਾਇਆ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੰਦਰਜੀਤ ਹਸਨਪੁਰੀ ਦੀ, ਜਿਸਨੇ ਸਾਨੂੰ ਸਦਾਬਹਾਰ ਗੀਤ, “ਗੜਬਾ ਲੈਂਦੇ ਚਾਂਦੀ ਦਾ” ਦਿੱਤਾ। ਜਿੰਨੇ ਵਧੀਆ ਗੀਤ ਦੇ ਬੋਲ, ਓਨੀ ਹੀ ਵਧੀਆ ਹਰਚਰਨ ਗਰੇਵਾਲ ਅਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਆਵਾਜ਼। ਹਸਨਪੁਰੀ ਦੇ ਕੋਈ 2500 ਗੀਤ ਵੱਖ ਵੱਖ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋਏ, ਚਰਖਾ ਮੇਰਾ ਰੰਗਲਾ, ਵਿੱਚ ਸੋਨੇ ਦੀਆਂ ਮੇਖਾਂ, ਲੈ ਜਾ ਛੱਲੀਆਂ ਭੁਨਾ ਲਈਂ ਦਾਣੇ ਵੇ ਮਿੱਤਰਾ ਦੂਰ ਦਿਆ, ਕੁੜਤੀ ਮਲਮਲ ਦੀ, ਢਾਈ ਦਿਨ ਨਾ ਜਵਾਨੀ ਨਾਲ ਚਲਦੀ ਅਤੇ ਘੁੰਡ ਕੱਢ ਕੇ ਖੈਰ ਨਾ ਪਾਈਏ, ਵਰਗੇ ਉਸਦੇ ਗਾਣਿਆਂ ਨੇ ਧੁੰਮਾਂ ਪਾਈਆਂ।

ਕਰਮਜੀਤ ਧੂਰੀ ਨੂੰ ਰਾਤੋ ਰਾਤ ਸਟਾਰ ਬਣਾਉਣ ਵਿੱਚ ਗੁਰਦੇਵ ਸਿੰਘ ਮਾਨ ਦੇ ਗੀਤ, ਮਿੱਤਰਾਂ ਦੀ ਲੂਣ ਦੀ ਡਲੀ ਨੂੰ ਕੋਈ ਭੁੱਲ ਸਕਦਾ ਹੈ? ਇੱਕ ਫੁੱਲ ਕੱਢਦਾ ਫੁਲਕਾਰੀ, ਮੈਂ ਵੈਲਣ ਹੋ ਜੂੰਗੀ, ਮੋਟਰ ਮਿੱਤਰਾਂ ਦੀ, ਚੱਲ ਬਰਨਾਲੇ ਚੱਲੀਏ, ਦੁਸ਼ਾਲਾ ਮੇਰਾ ਰੇਸ਼ਮੀ, ਸਤਸੰਗ ਦੋ ਘੜੀਆਂ, ਮੈਂ ਅੰਗਰੇਜ਼ੀ ਬੋਤਲ, ਉੱਚੇ ਟਿੱਬੇ ਮੈਂ ਤਾਣਾ ਤਣਦੀ, ਧਰਤੀ ਨੂੰ ਕਲੀ ਕਰਾਦੇ, ਨੱਚੂੰਗੀ ਸਾਰੀ ਰਾਤ, ਤਾਣ ਛਤਰੀ ਵੇ ਜਿਹੜੀ ਲੰਡਨੋਂ ਮੰਗਾਈ ਐ, ਮਾਂ ਦੀਏ ਰਾਮ ਰੱਖੀਏ, ਉਸਦੇ ਹੋਰ ਯਾਦਗਾਰੀ ਗੀਤ ਹਨ।

ਗ਼ਜ਼ਲਾਂ ਦੇ ਬਾਬਾ ਬੋਹੜ, ਦੀਪਕ ਜੈਤੋਈ ਨੇ ਵੀ ਬਹੁਤ ਸਾਰੇ ਗੀਤ ਲਿਖੇ। ਉਸਦਾ ਲਿਖਿਆ ਅਤੇ ਨਰਿੰਦਰ ਬੀਬਾ ਦਾ ਗਾਇਆ ਗੀਤ, “ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ” ਕਦੇ ਵੀ ਪੁਰਾਣਾ ਨਹੀਂ ਹੋਵੇਗਾ। ਅਸਾਂ ਨਹੀਂ ਘਨੌੜ ਝੱਲਣੀ, ਜੁੱਤੀ ਲਗਦੀ ਹਾਣੀਆਂ ਮੇਰੇ, ਤੋਂ ਇਲਾਵਾ ਉਸਦੇ ਲਿਖੇ ਧਾਰਮਿਕ ਗੀਤਾਂ, ‘ਸਾਕਾ ਚਾਂਦਨੀ ਚੌਂਕ, ਗੁਰੂ ਨਾਨਕ ਸਾਖੀ ਨੇ ਉਸ ਨੂੰ ਜਗਤ ਪ੍ਰਸਿੱਧੀ ਦਵਾਈ। ਦੀਪਕ ਜੈਤੋਈ ਦੇ ਲਿਖੇ ਜ਼ਿਆਦਾਤਰ ਗੀਤ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਹੀ ਰਿਕਾਰਡ ਹੋਏ ਹਨ।

ਗੀਤਕਾਰੀ ਦੀ ਦੁਨੀਆਂ ਦਾ ਇੱਕ ਪੁਰਾਣਾ ਨਾਮ ਹੈ, ਨੰਦ ਲਾਲ ਨੂਰਪੁਰੀ, ਜਿਸਨੇ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਚੰਨ ਵੇ ਕਿ ਸ਼ੌਂਕਣ ਮੇਲੇ ਦੀ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਆਦਿ ਗੀਤ ਮਨੋਰੰਜਨ ਦੀ ਝੋਲੀ ਪਾਏ। ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ, ਗਾਣੇ ਨੇ ਕਈ ਦਹਾਕੇ ਅਕਾਸ਼ਬਾਣੀ ’ਤੇ ਰੌਣਕਾਂ ਲਾਈ ਰੱਖੀਆਂ। ਨੰਦ ਲਾਲ ਨੂਰਪੁਰੀ ਦੇ ਲਿਖੇ ਜ਼ਿਆਦਾਤਰ ਗੀਤ ਸੁਰਿੰਦਰ ਕੌਰ, ਪਰਕਾਸ਼ ਕੌਰ, ਹਰਚਰਨ ਗਰੇਵਾਲ ਅਤੇ ਆਸ਼ਾ ਸਿੰਘ ਮਸਤਾਨਾ ਨੇ ਗਾਏ ਹੋਏ ਹਨ।

ਚਤਰ ਸਿੰਘ ਪ੍ਰਵਾਨੇ ਦਾ ਨਾਂ ਨ ਲਾਈਏ ਤਾਂ ਜ਼ਿਆਦਤੀ ਹੋਵੇਗੀ। ਉਸਨੇ ਕੋਈ 1000 ਦੇ ਕਰੀਬ ਗੀਤ ਲਿਖੇ। ਇੱਕੋ ਸਮੇਂ ਗੀਤ ਲਿਖਣ ਵਾਲੇ ਅਤੇ ਗਾਉਣ ਵਾਲੇ ਪ੍ਰਵਾਨੇ ਦੇ ਗੀਤ ਉਸਦੇ ਜ਼ਮਾਨੇ ਦੇ ਸਾਰੇ ਸਿੰਗਰਾਂ ਨੇ ਗਾਏ। ਮਿੱਤਰਾਂ ਦਾ ਚੱਲਿਆ ਟਰੱਕ ਨੀ ਚੁੱਪ ਕਰਕੇ ਚੜ੍ਹ ਜਾ, ਤੇਰਾ ਜੀਜਾ ਲੈ ਗਿਆ ਸਾਕ, ਇੱਕ ਦੂਣੀ ਦੂਣੀ, ਕੁੱਤੇ ਵਾਲੀ ਕੰਪਨੀ ਵਿੱਚ ਗੀਤ ਭਰਾਉਣ ਚੱਲੀ ਆਂ, ਜੋਬਨ ਭਰੀ ਜਵਾਨੀ, ਭੱਠੀ ਉੱਤੇ ਖੜ੍ਹ, ਚੰਨਾ ਦਾਣੇ ਮੈਂ ਭੁਨਾਉਨ ਆਂ, ਉਸਦੇ ਮਸ਼ਹੂਰ ਗੀਤਾਂ ਵਿੱਚੋਂ ਹਨ। ਇੱਕ ਜ਼ਮਾਨਾ ਸੀ ਜਦੋਂ ਚਾਰੇ ਪਾਸੇ ਪ੍ਰਵਾਨਾ ਪ੍ਰਵਾਨਾ ਹੋਇਆ ਕਰਦੀ ਸੀ।

ਦੇਵ ਥਰੀਕਿਆਂ ਵਾਲਾ ਉਰਫ ਹਰਦੇਵ ਦਿਲਗੀਰ ਦੇ ਨਾਮ ਤੋਂ ਕੌਣ ਵਾਕਿਫ਼ ਨਹੀਂ। ਕੁਲਦੀਪ ਮਾਣਕ ਨੂੰ ਕਲੀਆਂ ਦੇ ਬਾਦਸ਼ਾਹ ਬਣਾਉਣ ਵਾਲੇ ਦੇਵ ਨੇ ਅਣਗਿਣਤ ਗਾਣੇ ਲਿਖੇ। ਤੇਰੇ ਟਿੱਲੇ ਤੋਂ ਔਹ ਸੂਰਤ ਦੀਹੰਦੀ ਆ ਹੀਰ ਦੀ, ਮਾਂ ਹੁੰਦੀ ਏ ਮਾਂ, ਜੱਟੀਏ ਜੇ ਹੋ ਗਈ ਸਾਧਣੀ, ਯਾਰਾਂ ਦਾ ਟਰੱਕ ਬੱਲੀਏ, ਜੁਗਨੀ, ਸਾਹਿਬਾਂ ਬਣੀ ਭਰਾਵਾਂ ਦੀ, ਵਰਗੇ ਗੀਤ ਅਤੇ ਕਲੀਆਂ, ਸਰਵਣ ਪੁੱਤਰ, ਜਿਊਣਾ ਮੌੜ, ਸੱਸੀ, ਜੈਮਲ ਫੱਤਾ, ਜੱਗਾ, ਪੂਰਨ ਭਗਤ ਵਰਗੇ ਕਿੱਸੇ ਲਿਖਣੇ ਦੇਵ ਥਰੀਕਿਆਂ ਵਾਲੇ ਦੇ ਹਿੱਸੇ ਆਏ।

ਅਜਿਹਾ ਹੀ ਇੱਕ ਹੋਰ ਨਾਮ ਜਿਸਨੇ ਗੀਤਕਾਰੀ ਵਿੱਚ ਆਪਣੀ ਸ਼ੋਹਰਤ ਦੇ ਝੰਡੇ ਗੱਡੇ, ਉਹ ਹੈ ਬਾਬੂ ਸਿੰਘ ਮਾਨ ਉਰਫ ਮਾਨ ਮਰਾੜ੍ਹਾਂ ਵਾਲਾ। ਦੋਗਾਣੇ ਲਿਖਣ ਦਾ ਉਸਦਾ ਆਪਣਾ ਹੀ ਸਟਾਈਲ ਸੀ। ਤੇਲੂ ਰਾਮ ਦੀ ਹੱਟੀ ਦਾ ਜ਼ਰਦਾ, ਭੋਏਂ ਵੇਚ ਕੇ ਟਰੱਕ ਲੈ ਆਂਦਾ, ਬਾਬੇ ਦੀ ਫੁੱਲ ਕਿਰਪਾ, ਦੁੱਧ ਕਾੜ੍ਹ ਕੇ ਜਾਗ ਨਾ ਲਾਇਆ, ਆ ਗਿਆ ਵਣਜ਼ਾਰਾ ਨੀ ਚੜ੍ਹਾ ਲੈ ਭਾਬੀ ਚੂੜੀਆਂ, ਖਰਬੂਜ਼ੇ ਵਰਗੀ ਜੱਟੀ, ਖਾ ਲਈ ਵੇ ਕਾਲੇ ਨਾਗ ਨੇ, ਲਿਆ ਮੈਂ ਤੇਰੇ ਕੇਸ ਬੰਨ੍ਹ ਦਿਆਂ, ਆਦਿ ਗੀਤ ਬਾਬੂ ਸਿੰਘ ਮਾਨ ਦੇ ਹੀ ਲਿਖੇ ਹੋਏ ਹਨ। ਉਸਨੇ ਸੋਹਣੀ ਮਹੀਂਵਾਲ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ ਆਦਿ ਦੇ ਕਿੱਸੇ ਵੀ ਲਿਖੇ। ਉਸਨੇ ਕਈ ਫਿਲਮਾਂ ਲਈ ਵੀ ਗੀਤ ਲਿਖੇ ਹਨ। ਮਾਨ ਮਰਾੜ੍ਹਾਂ ਵਾਲੇ ਦੇ ਜ਼ਿਆਦਾਤਰ ਗੀਤ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼ ਵਿੱਚ ਰਿਕਾਰਡ ਹੋਏ ਹਨ।

ਆਪਣੇ ਜ਼ਮਾਨੇ ਦਾ ਮਸ਼ਹੂਰ ਗਾਇਕ, ਦੀਦਾਰ ਸੰਧੂ ਜ਼ਿਆਦਤਰ ਆਪਣੇ ਲਿਖੇ ਗਾਣੇ ਹੀ ਗਾਉਂਦਾ ਸੀ। ਉਸਦੇ ਲਿਖੇ ਅਤੇ ਗਾਏ ਗੀਤਾਂ ਵਿੱਚ ਛਣਕਾਟਾ ਪੈਂਦਾ ਗਲੀ-ਗਲੀ, ਮੇਰੀ ਅਜਿਹੀ ਝਾਂਜਰ ਛਣਕੇ, ਚੜ੍ਹ ਗਿਆ ਮਹੀਨਾ ਸੌਣ ਕੁੜੇ, ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾਂ ਦੇ ਨਜ਼ਰੀਂ ਚੜ੍ਹ ਜਾਵਾਂ, ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾਂ ਦੇ, ਘੱਗਰੇ ਦੀ ਵੇ ਲੌਣ ਭਿੱਜ ਗਈ, ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨ ਮਸੁੰਨੀ ਹਾਂ, ਤੇਰਾ ਆਉਣਾ ਨੀ ਸਮੁੰਦਰਾਂ ਦੀ ਛੱਲ੍ਹ ਵਰਗਾ, ਵਰਗੇ ਗੀਤਾਂ ਨੇ ਨਾਮਣਾ ਖੱਟਿਆ।

ਕੋਈ 300 ਤੋਂ ਉੱਪਰ ਖੁਦ ਲਿਖ ਕੇ ਖੁਦ ਹੀ ਗਾਉਣ ਵਾਲੇ ਗੁਰਦਾਸ ਮਾਨ ਨੇ ਗੀਤਕਾਰੀ ਅਤੇ ਗਾਇਕੀ ਨਾਲ ਬੁਲੰਦੀਆਂ ਨੂੰ ਛੂਹਿਆ ਹੈ। ਕੀ ਬਣੂ ਦੁਨੀਆਂ ਦਾ, ਛੱਲਾ, ਰੋਟੀ, ਬੂਟ ਪਾਲਸ਼ਾਂ, ਪਹਿਲਾਂ ਸਿਹਤ ਜ਼ਰੂਰੀ ਐ, ਇਸ਼ਕ ਦਾ ਗਿੱਧਾ, ਲੜ ਗਿਆ ਪੇਚਾ, ਨੱਚੋ ਬਾਬਿਓ, ਲੰਬੀ ਸੀਟੀ ਮਾਰ ਮਿੱਤਰਾ, ਵਾਹ ਨੀ ਜਵਾਨੀਏਂ, ਗੱਲ ਚਾਂਦੀ ਦੇ ਰੁਪਏ ਵਾਂਗ ਟਣਕੇ ਅਤੇ ਪਤਾ ਨਹੀਂ ਹੋਰ ਕਿੰਨੇ ਹੀ ਹਰਮਨ ਪਿਆਰੇ ਗੀਤਾਂ ਦਾ ਰਚੇਤਾ ਹੈ, ਮਾਨ ਮਰ ਜਾਣਾ।

ਸੱਭਿਆਚਾਰਕ ਗੀਤਾਂ ਦੇ ਰਚੇਤਾ, ਸਮਸ਼ੇਰ ਸੰਧੂ ਦੇ ਲਿਖੇ ਜ਼ਿਆਦਾਤਰ ਗੀਤਾਂ ਨੂੰ ਸੁਰਜੀਤ ਬਿੰਦਰੱਖੀਏ ਨੇ ਆਵਾਜ਼ ਦਿੱਤੀ। ਹੁਣ ਤਕ ਸਮਸ਼ੇਰ ਸੰਧੂ ਦੇ ਗੀਤਾਂ ਨੂੰ ਕੋਈ ਪੌਣੀ ਸੇਂਚੁਰੀ ਦੇ ਕਰੀਬ ਗਾਇਕਾਂ ਅਤੇ ਗਾਇਕਾਵਾਂ ਨੇ ਉਸ ਦੇ 500 ਤੋਂ ਵੱਧ ਗੀਤਾਂ ਨੂੰ ਆਵਾਜ਼ ਦਿੱਤੀ ਹੈ। ਇਨ੍ਹਾਂ ਗੀਤਾਂ ਵਿੱਚੋਂ 154 ਗੀਤ ਇਕੱਲੇ ਸੁਰਜੀਤ ਬਿੰਦਰੱਖੀਆ ਵੱਲੋਂ ਗਾਏ ਗਏ। ਲੋਕਾਂ ਦਾ ਨਾ ਦੁੱਧ ਵਿਕਦਾ, ਨਾ ਧੁੱਪ ਰਹਿਣੀ ਨਾ ਛਾਂ ਬੰਦਿਆਂ, ਮੋਢੇ ਤੋਂ ਤਿਲਕਦਾ ਜਾਵੇ, ਦੁਪੱਟਾ ਤੇਰਾ ਸੱਤ ਰੰਗ ਦਾ, ਮਾਂ ਮੈਂ ਮੁੜ ਨਹੀਂ ਪੇਕੇ ਆਉਣਾ, ਕਚਹਿਰੀਆਂ ਵਿੱਚ ਮੇਲੇ ਲੱਗਦੇ ਆਦਿ ਗੀਤ ਸਮਸ਼ੇਰ ਸੰਧੂ ਦੀ ਕਲਮ ਵਿੱਚੋਂ ਨਿਕਲੇ ਗੀਤ ਹਨ। ਉਸਦਾ ਲਿਖਿਆ ਅਤੇ ਬਿੰਦਰੱਖੀਏ ਦਾ ਗਾਇਆ ਗੀਤ, ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ, ਬਗੈਰ ਕੋਈ ਵਿਆਹ ਸੰਪੰਨ ਨਹੀਂ ਹੁੰਦਾ। ਤਿੜਕੇ ਘੜੋ ਦਾ ਪਾਣੀ, ਬਿੰਦਰੱਖੀਏ ਦਾ ਆਖਰੀ ਗੀਤ ਹੋ ਨਿੱਬੜਿਆ।

ਚਰਚਿਤ ਗੀਤਾਂ ਦਾ ਗਾਇਕ, ਅਮਰ ਚਮਕੀਲਾ, ਗਾਇਕੀ ਤੋਂ ਪਹਿਲਾਂ ਗੀਤ ਲਿਖਿਆ ਕਰਦਾ ਸੀ। ਸੁਰਿੰਦਰ ਸ਼ਿੰਦੇ ਨੇ ਚਮਕੀਲੇ ਦੇ ਬਹੁਤ ਸਾਰੇ ਗੀਤ ਗਾਕੇ ਉਸ ਨੂੰ ਗਾਇਕੀ ਵੱਲ ਤੋਰਿਆ। ਨੀ ਮੈਂ ਡਿਗੀ ਤਿਲਕ ਕੇ, ਉਸਦਾ ਪਹਿਲਾ ਗੀਤ ਰਿਕਾਰਡ ਹੋਇਆ। ਉਸਦੀ ਆਪਣੀ ਹੀ ਆਵਾਜ਼ ਵਿੱਚ, ਟਕੂਏ ਤੇ ਟਕੂਆ ਖੜ੍ਹਕੇ, ਪਹਿਲੇ ਲਲਕਾਰੇ ਨਾਲ ਮੈਂ ਡਰ ਗਈ, ਹਾੜਾ ਵੇ ਵਿੱਚ ਟਰੱਕਾਂ ਦੇ, ਮੈਂ ਫੀਅਟ ਵਰਗੀ ਫਸ ਗਈ, ਅੱਜ ਵੀ ਟਰੱਕ ਡਰਾਈਵਰਾਂ ਦੀ ਪਹਿਲੀ ਪਸੰਦ ਹਨ।

ਸੈਂਕੜਿਆਂ ਦੀ ਗਿਣਤੀ ਵਿੱਚ ਗੀਤ ਲਿਖਣ ਵਾਲੇ ਪਾਲੀ ਦੇਤਵਾਲੀਏ ਦੇ ਕੋਈ 250 ਪ੍ਰੀਵਾਰਿਕ ਗੀਤ ਰਿਕਾਰਡ ਹੋਏ ਹਨ। ਜਿਵੇਂ ਕਿ, ਮੈਨੂੰ ਰੱਖ ਲੈ ਕਲੀਂਡਰ ਯਾਰਾ, ਵੀਰਾ ਵੇ ਤੇਰੇ ਬੰਨ੍ਹਾ ਰੱਖੜੀ, ਆਉਣ ਪੇਕਿਆਂ ਤੋਂ ਠੰਢੀਆਂ ਹਵਾਵਾਂ, ਇੱਕ ਵੀਰ ਦੇਈਂ ਵੇ ਰੱਬਾ, ਭਾਬੀਏ ਭਰਿੰਡ ਰੰਗੀਏ, ਵੀਰ ਮੇਰੇ ਰਹਿਣ ਵਸਦੇ, ਗੁੱਡੀਆਂ ਪਟੋਲੇ ਰੋਣਗੇ ਆਦਿ।

ਮਾਸਟਰ ਹਰਨੇਕ ਸੋਹੀ ਦੇ ਲਿਖੇ ਗੀਤ ਧੂਰੀ ਦੇ ਗਾਇਕਾਂ ਨੇ ਗਾਏ। ਹੱਟੀ ਹੱਟੀ ਫਿਰੇ ਪੁੱਛਦੀ, ਚੁੰਨੀ ਲੈਕੇ ਸੂਹੇ ਰੰਗ ਦੀ (ਕਰਮਜੀਤ ਧੂਰੀ), ਮੁੰਡਾ ਸੋਨੇ ਦੇ ਤਵੀਤਾਂ ਵਾਲਾ (ਗੁਰਦਿਆਲ ਨਿਰਮਾਣ), ਖੱਟੀ ਮਿਹਨਤ ਦੀ, ਤੰਗਲੀ ਨਾਲ ਉਡਾਵੇਂ (ਨਰਿੰਦਰ ਬੀਬਾ ਅਤੇ ਗੁਰਦਿਆਲ ਨਿਰਮਾਣ), ਤੇਰੀ ਅੱਖ ਨੇ ਸ਼ਰਾਰਤ ਕੀਤੀ, ਸੱਦੀ ਹੋਈ ਮਿੱਤਰਾਂ ਦੀ, ਕੱਤਣੀ ਵਿੱਚ ਪੰਜ ਪੂਣੀਆਂ, ਲਿੱਪ ਲੈ ਭੜੋਲੇ ਗੋਰੀਏ ਬੰਬਾਂ ਟਿੱਬਿਆਂ ’ਤੇ ਮਾਰਦਾ ਫਰਾਟੇ’, ਸੌਂ ਜਾ ਬਚਨ ਕੁਰੇ ਸਾਬ੍ਹ ਕਰਾਂਗੇ ਤੜਕੇ’ ਉਸਦੇ ਲਿਖੇ ਗੀਤ ਅਖਾੜਿਆਂ ਦੀ ਸ਼ਾਨ ਬਣੇ।

ਰਿਟਾਇਰਡ ਅਧਿਆਪਕ ਮੂਲ ਚੰਦ ਰੰਚਨਾ ਦੇ ਲਿਖੇ 43 ਗੀਤ ਰਿਕਾਰਡ ਹੋ ਚੁੱਕੇ ਹਨ। ਪਾਣੀ ਦਾ ਜੱਗ ਫੜਾ ਦੇ, ਕੌਲੀ ਵਿੱਚ ਸਬਜ਼ੀ ਪਾ ਦੇ, ਤਾਂ ਤਿੰਨ ਵੱਖੋ-ਵੱਖ ਕਲਾਕਾਰਾਂ ਨੇ ਰਿਕਾਰਡ ਕਰਵਾਇਆ। ਅਖਾੜਿਆਂ ਦੇ ਬਾਬਾ ਬੋਹੜ ਰਹੇ ਗੁਰਦਿਆਲ ਨਿਰਮਾਣ ਧੂਰੀ ਦੀ ਆਵਾਜ਼ ਵਿੱਚ ਰਿਕਾਰਡ ਗੀਤ ‘ਮੈਂ ਇੱਕ ਜਗਦਾ ਦੀਵਾ ਹਾਂ, ਵੀ ਮੂਲ ਚੰਦ ਜੀ ਦਾ ਲਿਖਿਆ ਹੋਇਆ ਹੈ।

ਉਪਰੋਕਤ ਗੀਤਕਾਰਾਂ ਤੋਂ ਇਲਾਵਾ ਪ੍ਰਗਟ ਲਿੱਦੜਾਂ, (‘ਮਿੱਤਰਾਂ ਦਾ ਨਾਂਅ ਚੱਲਦਾ), ਬਚਨ ਬੇਦਿਲ, (‘ਮੇਰੀ ਰੰਗਲੀ ਚਰਖੀ’, ‘ਝੰਡੇ ਖ਼ਾਲਸਾ ਰਾਜ ਦੇ’), ਚੰਨ ਗੁਰਾਇਆਂ ਵਾਲਾ (ਨੈਣ ਪ੍ਰੀਤੋ ਦੇ), ਸਵਰਨ ਸੀਵੀਆ (ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ, ਤਲਵਾਰ ਮੈਂ ਕਲਗੀਧਰ ਦੀ ਹਾਂ, ਐਵੇਂ ਨਾ ਜਿੰਦੇ ਮਾਣ ਕਰੀਂ।), ਗਿੱਲ ਸੁਰਜੀਤ, (ਸ਼ਹਿਰ ਪਟਿਆਲੇ ਦੇ, ਮੁੰਡੇ ਮੁੱਛਫੁੱਟ ਗੱਭਰੂ ਨੇ ਸੋਹਣੇ), ਸੁਰਿੰਦਰ ਗਿੱਲ ਦੁੱਗਰੀ ਵਾਲੇ ਦੀ ਲਿਖੀ, ਅਮਰ ਸਿੰਘ ਸ਼ੌਂਕੀ ਅਤੇ ਪਾਰਟੀ ਦੁਆਰਾ ਗਾਈ ਮਸ਼ਹੂਰ ਕਲੀ, ਸਾਹਿਬਾਂ ਵਾਜਾਂ ਮਾਰਦੀ, ਕਹਿੰਦੀ ਉੱਠ ਖਾਂ ਮਿਰਜ਼ਿਆ ਯਾਰ ਵੇ, ਜੱਗਾ ਨੱਥੋਹੇੜੀ ਵਾਲਾ, ਅਲਬੇਲ ਬਰਾੜ, ਕਰਨੈਲ ਸੀਬੀਆ, ਜਸਵੰਤ ਸੰਦੀਲਾ, ਚਮਕੌਰ ਚੱਕਵਾਲਾ, ਗੁਰਭਜਨ ਗਿੱਲ, ਚੰਨ ਜੰਡਿਆਲਵੀ, ਹਰਦੀਪ ਰਾਏਕੋਟੀ ਨੇ ਵੀ ਗੀਤਕਾਰੀ ਦੇ ਪਿੜ ਵਿੱਚ ਹਾਜ਼ਰੀ ਲਗਵਾਈ ਹੈ ਅਤੇ ਮਨੋਰੰਜਨ ਦੇ ਖੇਤਰ ਵਿੱਚ ਇਹਨਾਂ ਦਾ ਯੋਗਦਾਨ ਜ਼ਿਕਰਯੋਗ ਹੈ।

ਗਾਇਕੀ ਹੁਣ ਸੁਣਨ ਵਾਲੀ ਨਹੀਂ ਸਗੋਂ ਦੇਖੀ ਜਾਣ ਵਾਲੀ ਵਸਤੂ ਬਣ ਕੇ ਰਹਿ ਗਈ ਹੈ। ਇਸੇ ਕਰਕੇ ਹੁਣ ਉਂਗਲਾਂ ’ਤੇ ਗਿਣੇ ਜਾਣ ਜੋਗੇ ਗੀਤਕਾਰ ਹੀ ਬਚੇ ਹਨ ਜਿਹੜੇ ਸ਼ਬਦਾਬਲੀ ’ਤੇ ਕੇਂਦ੍ਰਿਤ ਕਰਦੇ ਹਨ। ਜ਼ਿਆਦਾਤਰ ਗੀਤਕਾਰਾਂ ਦੇ ਘਰ ਤਾਂ ਭੰਗ ਹੀ ਭੁੱਜਦੀ ਹੈ। ਪੰਜਾਬੀ ਪਿਆਰਿਆਂ ਨੂੰ ਅਜਿਹੇ ਗੀਤਕਾਰਾਂ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਕਿ ਆਮ ਜਨਤਾ ਸਾਫ ਸੁਥਰੀ ਗਾਇਕੀ ਦਾ ਆਨੰਦ ਮਾਣ ਸਕੇ।

**     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5596)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਜਗਦੇਵ ਸ਼ਰਮਾ ਬੁਗਰਾ

ਜਗਦੇਵ ਸ਼ਰਮਾ ਬੁਗਰਾ

Retd. Senior Manager, Punjab National Bank.
Phone: (91 - 98727 - 87243)

Email: (jagdevsharma325@gmail.com)

More articles from this author