“ਅਸੀਂ ਹੁਣ ਇੱਕ ਹੋਰ ਯੂਨਿਟ ਲਗਾਉਣਾ ਹੈ, ਜ਼ਮੀਨ ਲੈ ਲਈ ਗਈ ਹੈ ਅਤੇ ਬਿਲਡਿੰਗ ਬਣ ਰਹੀ ਹੈ। ਮਸ਼ੀਨਰੀ ...”
(12 ਦਸੰਬਰ 2024)
“ਸਾਡੇ ਅਦਾਰੇ ਵਿੱਚ ਆਉਣ ਵਾਲਾ ਸਭ ਤੋਂ ਵੱਧ ਲੋੜੀਂਦਾ ਹੁੰਦਾ ਹੈ ਗਾਹਕ। ਉਹ ਸਾਡੇ ਉੱਪਰ ਨਿਰਭਰ ਨਹੀਂ ਹੁੰਦਾ ਸਗੋਂ ਅਸੀਂ ਉਸ ਉੱਪਰ ਨਿਰਭਰ ਹੁੰਦੇ ਹਾਂ। ਉਹ ਸਾਡੇ ਕੰਮ ਵਿੱਚ ਰੁਕਾਵਟ ਨਹੀਂ, ਸਗੋਂ ਉਹ ਸਾਡੇ ਕੰਮ ਦਾ ਉਦੇਸ਼ ਹੈ। ਸਾਡੇ ਕਾਰੋਬਾਰ ਲਈ ਉਹ ਬਿਗਾਨਾ ਨਹੀਂ, ਉਹ ਇਸਦਾ ਹਿੱਸੇਦਾਰ ਹੈ। ਉਸਦੀ ਸੇਵਾ ਕਰਕੇ ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ ਹੁੰਦੇ ਪ੍ਰੰਤੂ ਸਾਨੂੰ ਸੇਵਾ ਦਾ ਮੌਕਾ ਦੇ ਕੇ ਉਹ ਸਾਡੇ ਉੱਪਰ ਅਹਿਸਾਨ ਕਰ ਰਿਹਾ ਹੁੰਦਾ ਹੈ।”
ਮਹਾਤਮਾ ਗਾਂਧੀ ਦੇ ਉਪਰੋਕਤ ਕਥਨ ਉੱਪਰ ਪਹਿਰਾ ਦਿੰਦਿਆਂ ਬੈਂਕਾਂ ਵੀ ਵਧੀਆ ਗਾਹਕ ਸੇਵਾ ਦੇਣ ਲਈ ਹਮੇਸ਼ਾ ਬਚਨ ਵੱਧ ਰਹਿੰਦੀਆਂ ਹਨ ਅਤੇ ਇਸ ਮਕਸਦ ਦੀ ਪੂਰਤੀ ਹਿਤ ਸਮੇਂ ਸਮੇਂ ’ਤੇ ਆਪਣੇ ਮੁਲਾਜ਼ਮਾਂ ਨੂੰ ਇਸ ਵਿਸ਼ੇ ਦੀ ਟ੍ਰੇਨਿੰਗ ਵੀ ਦਿੰਦੀਆਂ ਹਨ। ਅਜਿਹੇ ਸੈਮੀਨਾਰਾਂ ਵਿੱਚ ਇਸ ਗੱਲ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਕਿ ਗਾਹਕ ਹਰ ਹਾਲਤ ਵਿੱਚ ਸਹੀ ਹੁੰਦਾ ਹੈ ਅਤੇ ਕਈ ਵਾਰ ਹਾਲਾਤ ਸੁਖਾਵੇਂ ਨਾ ਹੋਣ ਦੀ ਸੂਰਤ ਵਿੱਚ ਵੀ ਕਰਮਚਾਰੀ ਨੇ ਆਪਣਾ ਧੀਰਜ ਨਹੀਂ ਖੋਣਾ ਹੁੰਦਾ। ਵਧੀਆ ਗਾਹਕ ਸੇਵਾ ਵਾਲਾ ਇਹ ਸੂਤਰ ਚੰਗੀ ਤਰ੍ਹਾਂ ਸਮਝ ਕੇ ਅਤੇ ਆਪਣੇ ਰੋਜ਼ਾਨਾ ਵਿਹਾਰਕ ਜੀਵਨ ਵਿੱਚ ਆਪਣਾ ਕੇ, ਮੈਂ ਖੁਦ ਗਾਹਕਾਂ ਕੋਲੋਂ ਬਹੁਤ ਇੱਜ਼ਤ ਮਾਣ ਪਾਇਆ ਤੇ ਬੈਂਕ ਤੋਂ ਵੀ ਕਈ ਸਨਮਾਨ ਹਾਸਲ ਕੀਤੇ।
ਗੱਲ 2002 ਦੀ ਹੈ, ਮੈਂ ਜ਼ਿਲ੍ਹੇ ਦੀ ਸਭ ਤੋਂ ਸਭ ਤੋਂ ਵੱਡੀ ਬਰਾਂਚ ਵਿੱਚ ਤਾਇਨਾਤ ਸਾਂ। ਆਪਣੀ ਬੈਂਕ ਦੀ ਨੌਕਰੀ ਦਾ ਜ਼ਿਆਦਾਤਰ ਸਮਾਂ ਮੈਂ (34 ਵਿੱਚੋਂ 29 ਸਾਲ) ਕਰਜ਼ਾ ਵਿਭਾਗ ਨਾਲ ਜੁੜਿਆ ਰਿਹਾ। ਇਸ ਬਰਾਂਚ ਵਿੱਚ ਵੀ ਮੈਂ ਕਰਜ਼ੇ ਵਾਲੀ ਸੀਟ ਦਾ ਇੰਚਾਰਜ ਸਾਂ। ਸ਼ਹਿਰ ਦੇ ਇੱਕ ਕਹਿੰਦੇ ਕਹਾਉਂਦੇ ਸਨਅਤਕਾਰ ਦਾ ਸਾਡੇ ਬੈਂਕ ਵਿੱਚ ਲੋਨ ਖਾਤਾ ਸੀ। ਫੈਕਟਰੀ ਦਾ ਮਾਲਕ ਪੜ੍ਹਿਆ ਲਿਖਿਆ, ਮਿੱਠ ਬੋਲੜਾ, ਸੀਮਤ ਬੋਲਬਾਣੀ, ਸਮੇਂ ਦੀ ਕਦਰ ਕਰਨ ਵਾਲਾ ਸੀ। ਬੈਂਕ ਨੂੰ ਲੋੜੀਂਦਾ ਕਾਗਜ਼ ਪੱਤਰ ਪਹੁੰਚਾਉਣ ਵਿੱਚ ਉਹ ਕਦੇ ਦੇਰੀ ਨਾ ਕਰਦਾ। ਇੱਕ ਦਿਨ ਚਾਰ ਕੁ ਵਜੇ ਉਹ ਮੇਰੇ ਸਾਹਮਣੇ ਆ ਕੇ ਬੈਠ ਗਿਆ। ਦੁਆ ਸਲਾਮ ਤੋਂ ਬਾਅਦ ਬੜੀ ਹਲੀਮੀ ਨਾਲ ਬੋਲਿਆ,
“ਸਰ, ਤੁਹਾਡੇ ਦਸ ਕੁ ਮਿੰਟ ਲੈਣੇ ਹਨ, ਸਮਾਂ ਹੈ?”
“ਹਾਂ, ਕਹੋ। ਸਾਡਾ ਸਮਾਂ ਤਾਂ ਤੁਹਾਡੇ ਲਈ ਹੀ ਹੁੰਦਾ ਹੈ।” ਮੇਰਾ ਉੱਤਰ ਸੀ।
ਉਹ ਕਹਿਣ ਲੱਗੇ ਕਿ ਤੁਹਾਨੂੰ ਪਤਾ ਹੀ ਹੈ, ਤੁਹਾਡੇ ਬੈਂਕ ਵਿੱਚ ਸਾਡੀ ਫੈਕਟਰੀ ਦੀ ਲਿਮਿਟ ਚਲਦੀ ਹੈ। ਅਸੀਂ ਬੈਂਕ ਨੂੰ ਲੋੜੀਂਦੇ ਕਾਗਜ਼ ਪੱਤਰ ਨਿਯਮਤ ਰੂਪ ਵਿੱਚ ਦਿੰਦੇ ਰਹਿੰਦੇ ਹਾਂ। ਕਦੇ ਦੇਣਦਾਰੀ ਪੱਖੋਂ ਡਿਫਾਲਟਰ ਨਹੀਂ ਹੋਏ। ਅਸੀਂ ਹੁਣ ਇੱਕ ਹੋਰ ਯੂਨਿਟ ਲਗਾਉਣਾ ਹੈ, ਜ਼ਮੀਨ ਲੈ ਲਈ ਗਈ ਹੈ ਅਤੇ ਬਿਲਡਿੰਗ ਬਣ ਰਹੀ ਹੈ। ਮਸ਼ੀਨਰੀ ਵਾਸਤੇ ਕਰਜ਼ੇ ਦੀ ਅਤੇ ਨਕਦ ਉਧਾਰ ਦੀ ਲਿਮਿਟ ਦੀ ਲੋੜ ਪਏਗੀ। ਸਾਡਾ ਲੋਨ ਕਿੰਨੇ ਦਿਨਾਂ ਵਿੱਚ ਕਰ ਦੇਵੋਗੇ? ਉਸਨੇ ਅੱਗੇ ਦੱਸਿਆ ਕਿ ਪਿਛਲੀ ਵਾਰੀ ਦਾ ਤਜਰਬਾ ਉਸਦਾ ਵਧੀਆ ਨਹੀਂ ਰਿਹਾ ਸੀ। ਇਸ ਲਈ ਉਸ ਨੂੰ ਹੋਣ ਵਾਲੀ ਖੱਜਲ ਖੁਆਰੀ ਤੋਂ ਡਰ ਲੱਗ ਰਿਹਾ ਸੀ।
“ਇੱਕ ਦਿਨ ਵਿੱਚ।” ਮੇਰਾ ਸੰਕੁਚਤ ਜਵਾਬ ਸੀ।
“ਸਿਰਫ ਇੱਕ ਦਿਨ ਵਿੱਚ?” ਉਹ ਅਚੰਭੇ ਨਾਲ ਬੋਲਿਆ, ਜਿਵੇਂ ਉਸ ਨੂੰ ਯਕੀਨ ਨਾ ਆ ਰਿਹਾ ਹੋਵੇ।
“ਹਾਂ, ਜਿਸ ਦਿਨ ਤੁਸੀਂ ਮੈਨੂੰ ਸਾਰੇ ਦਸਤਾਵੇਜ਼ ਦੇ ਜਾਵੋਗੇ, ਉਸ ਤੋਂ ਸਿਰਫ ਇੱਕ ਦਿਨ ਬਾਅਦ ਤੁਹਾਡਾ ਲੋਨ ਹੋ ਜਾਵੇਗਾ।” ਮੈਂ ਉਸਦਾ ਖਦਸ਼ਾ ਦੂਰ ਕੀਤਾ।
ਲੋੜੀਂਦੇ ਦਸਤਾਵੇਜ਼ਾਂ ਦੀ ਲਿਸਟ ਮੇਰੇ ਕੋਲੋਂ ਲੈ ਕੇ ਉਹ ਚਲੇ ਗਿਆ। ਹੋਰ ਦਸ ਕੁ ਦਿਨ ਬਾਅਦ ਉਹ ਸਾਰੇ ਕਾਗਜ਼ ਪੱਤਰ ਲੈਕੇ ਹਾਜ਼ਰ ਹੋ ਗਿਆ। ਉਸਦੇ ਨਾਲ ਜਾ ਕੇ ਮੈਂ ਲੱਗਣ ਵਾਲੀ ਫੈਕਟਰੀ ਅਤੇ ਕਰਜ਼ੇ ਦੇ ਇਵਜ਼ ਵਿੱਚ ਰਹਿਣ ਕੀਤੀਆਂ ਜਾਣ ਵਾਲੀਆਂ ਸੰਪਤੀਆਂ ਦਾ ਨਿਰੀਖਣ ਕਰ ਆਇਆ ਸਾਂ। ਸ਼ਾਮ ਨੂੰ ਡਿਊਟੀ ਤੋਂ ਵਿਹਲੇ ਹੁੰਦਿਆਂ ਮੈਂ ਉਸਦੀ ਫਾਈਲ ਘਰ ਲੈ ਆਇਆ। ਸਵੇਰੇ ਚਾਰ ਵਜੇ ਉੱਠਿਆ ਅਤੇ ਕੋਈ ਚਾਰ ਕੁ ਘੰਟੇ ਵਿੱਚ ਉਸਦੀ ਪੂਰੀ ਪਰਪੋਜ਼ਲ ਤਿਆਰ ਕਰ ਲਈ। ਬੈਂਕ ਪਹੁੰਚਦਿਆਂ ਹੀ ਉਸ ਨੂੰ ਫਲਾਂ ਫਲਾਂ ਬੰਦਿਆਂ ਨੂੰ ਨਾਲ ਲੈ ਕੇ ਬੈਂਕ ਆ ਕੇ ਦਸਤਖ਼ਤ ਕਰਨ ਲਈ ਫੋਨ ਖੜਕਾ ਦਿੱਤਾ। ਉਨ੍ਹਾਂ ਦੇ ਦਸਤਖ਼ਤ ਕਰਵਾ ਲਏ ਅਤੇ ਚਾਰ ਵਜੇ ਤਕ ਉਹਨਾਂ ਨੂੰ ਮਸ਼ੀਨਰੀ ਦਾ ਡਰਾਫਟ ਦੇ ਦਿੱਤਾ। ਉਹ ਹੈਰਾਨ ਸੀ ਕਿ ਮੈਂ ਮੰਗ ਕੇ ਲਿਆ ਇੱਕ ਦਿਨ ਵੀ ਨਹੀਂ ਸੀ ਲਾਇਆ ਅਤੇ ਉਸਦਾ ਰੋਮ ਰੋਮ ਮੇਰਾ ਸ਼ੁਕਰਗੁਜ਼ਾਰ ਸੀ।
ਦੋ ਕੁ ਮਹੀਨੇ ਬਾਅਦ ਸਾਡੀ ਬਰਾਂਚ ਨੇ ਗਾਹਕ ਮਿਲਣੀ ਪ੍ਰੋਗਰਾਮ ਆਯੋਜਿਤ ਕੀਤਾ। ਸੈਮੀਨਾਰ ਸ਼ਹਿਰ ਦੇ ਇੱਕ ਵੱਡੇ ਹੋਟਲ ਵਿੱਚ ਰੱਖਿਆ ਹੋਇਆ ਸੀ ਅਤੇ ਬੈਂਕ ਦੇ ਜ਼ੋਨਲ ਮੈਨੇਜਰ ਸਾਹਿਬ ਮੁੱਖ ਮਹਿਮਾਨ ਸਨ। ਮੁੱਖ ਮਹਿਮਾਨ ਦੀ ਆਉ ਭਗਤ ਸਮੇਂ ਉਸ ਨੂੰ ਬੁੱਕੇ (ਫੁੱਲਾਂ ਦੇ ਗੁਲਦਸਤੇ) ਭੇਂਟ ਕੀਤੇ ਗਏ। ਬੁਲਾਰੇ, ਜਿਨ੍ਹਾਂ ਵਿੱਚ ਬੈਂਕ ਦੇ ਅਧਿਕਾਰੀ ਅਤੇ ਗਾਹਕ ਸ਼ਾਮਿਲ ਸਨ, ਬੋਲੇ। ਬੁਲਾਰਿਆਂ ਵਿੱਚ ਉਪਰੋਕਤ ਸਨਅਤਕਾਰ ਵੀ ਸ਼ਾਮਿਲ ਸੀ। ਉਸਨੇ ਦੋ ਮਹੀਨੇ ਪਹਿਲਾਂ ਸਾਡੇ ਕੋਲੋਂ ਲਏ ਲੋਨ ਦੀ ਪੂਰੀ ਕਹਾਣੀ ਦੁਹਰਾ ਦਿੱਤੀ ਅਤੇ ਮੇਰੀ ਭਰਪੂਰ ਪ੍ਰਸ਼ੰਸਾ ਕੀਤੀ। ਹਾਲ ਵਿੱਚ ਮੇਰੇ ਨਾਂ ਦੀਆਂ ਤਾੜੀਆਂ ਗੂੰਜਣ ਲੱਗੀਆਂ। ਮੈਂ ਗਦ ਗਦ ਹੋ ਗਿਆ।
ਸਭ ਤੋਂ ਅਖੀਰ ਵਿੱਚ ਜ਼ੋਨਲ ਮੈਨੇਜਰ ਸਾਹਿਬ ਬੋਲੇ। ਉਨ੍ਹਾਂ ਗਾਹਕਾਂ ਦਾ ਧੰਨਵਾਦ ਕੀਤਾ ਅਤੇ ਬੈਂਕ ਦੀਆਂ ਸਕੀਮਾਂ ’ਤੇ ਰੋਸ਼ਨੀ ਪਾਈ। ਮੈਨੂੰ ਸਟੇਜ ’ਤੇ ਬੁਲਾਕੇ ਸਾਰਿਆਂ ਨੂੰ ਸੰਬੋਧਨ ਹੁੰਦਿਆਂ ਉਹ ਕਹਿਣ ਲੱਗੇ, “ਜੇਕਰ ਅੱਜ ਸਾਡਾ ਬੈਂਕ ਤਰੱਕੀਆਂ ’ਤੇ ਹੈ ਤਾਂ ਇਸਦਾ ਸਿਹਰਾ ਸਾਡੇ ਸ਼ਰਮਾ ਜੀ ਵਰਗੇ ਅਧਿਕਾਰੀਆਂ ਨੂੰ ਜਾਂਦਾ ਹੈ। ਸਨਮਾਨ ਦੇ ਅਸਲ ਹੱਕਦਾਰ ਤਾਂ ਇਹ ਹਨ ਨਾ ਕਿ ਅਸੀਂ ...।” ਇਸਦੇ ਨਾਲ ਹੀ ਉਸਨੇ ਖੁਦ ਨੂੰ ਮਿਲੇ ਬੁੱਕਿਆਂ ਵਿੱਚੋਂ ਇੱਕ ਬੁੱਕਾ ਮੈਨੂੰ ਭੇਂਟ ਕਰ ਦਿੱਤਾ। ਮੇਰੇ ਲਈ ਇਸ ਤੋਂ ਵੱਡਾ ਸਨਮਾਨ ਭਲਾ ਹੋਰ ਕੀ ਹੋ ਸਕਦਾ ਸੀ ਕਿ ਬੈਂਕ ਦਾ ਸਟੇਟ ਮੁਖੀ ਮੇਰਾ ਸਨਮਾਨ ਕਰੇ। ਇਸ ਪ੍ਰਸੰਗ ਨੇ ਮੈਨੂੰ ਹੋਰ ਵੀ ਵਧੀਆ ਕੰਮ ਕਰਨ ਲਈ ਪ੍ਰੇਰਤ ਕੀਤਾ ਅਤੇ ਅੱਗੇ ਚੱਲ ਕੇ ਮੈਂ ਲਗਾਤਾਰ ਦੋ ਸਾਲ ਬੈਂਕ ਦਾ ਸਟਾਰ ਪ੍ਰਫਾਰਮਰ ਬਣਿਆ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5523)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)