“ਇਸ ਸਬੰਧ ਵਿੱਚ ਇੱਕ ਦੋ ਹੋਰ ਗੱਲਾਂ ਜਿਨ੍ਹਾਂ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ। ਉਹ ਇਹ ਕਿ ਜਮ੍ਹਾਂ ...”
(10 ਜੂਨ 2022)
ਮਹਿਮਾਨ: 567.
ਅੱਜ ਕੱਲ੍ਹ ਆਮ ਬੈਂਕ ਖਾਤਿਆਂ ਵਿੱਚ ਲੈਣ ਦੇਣ ਕਰਨਾ ਕਾਫੀ ਸੁਖਾਲਾ ਹੋ ਗਿਆ ਹੈ। ਇਸ ਵਿੱਚ ਵੀ ਕੋਈ ਅਤਿਕਥਨੀ ਨਹੀਂ ਕਿ ਬੈਂਕ ਨਾਲ ਸਬੰਧਤ 99% ਕੰਮ ਤੁਸੀਂ ਬਿਨਾ ਬੈਂਕ ਜਾਇਆਂ ਕਰ ਸਕਦੇ ਹੋ, ਉਹ ਵੀ ਬਿਨਾ ਕਿਸੇ ਦੇਰੀ ਦੇ। ਪਰ ਜਦੋਂ ਕਿਸੇ ਦਾ ਨੇੜਲਾ, ਬੈਂਕ ਖਾਤੇ ਵਿੱਚ ਚੋਖੀ ਰਕਮ ਛੱਡ ਕੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਜਾਂਦਾ ਹੈ, ਓਦੋਂ ਸਾਰਿਆਂ ਦੇ ਮੂੰਹ ’ਤੇ ਇੱਕੋ ਹੀ ਸਵਾਲ ਹੁੰਦਾ ਹੈ, “ਹੁਣ ਕੀ ਕਰੀਏ?” ਇਸ, “ਹੁਣ ਕੀ ਕਰੀਏ?” ਦਾ ਜਵਾਬ ਹੈ, ਅੱਜ ਦਾ ਮੇਰਾ ਇਹ ਲੇਖ। ਅੱਜ ਦੇ ਇਸ ਲੇਖ ਵਿੱਚ ਮੈਂ ਉਹਨਾਂ ਖਾਤਿਆਂ ਦੀ ਜਾਣਕਾਰੀ ਆਮ ਜਨਤਾ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜਿਨ੍ਹਾਂ ਵਿਚਲੀ ਜਮ੍ਹਾਂ ਰਾਸ਼ੀ ਬੈਂਕ ਤੋਂ ਲੈਣੀ ਕਈ ਵਾਰੀ ਟੇਢੀ ਖੀਰ ਸਾਬਤ ਹੁੰਦੀ ਹੈ। ਇਸ ਮਕਸਦ ਲਈ ਖਾਤਿਆਂ ਨੂੰ ਦੋ ਵਰਗਾਂ ਵਿੱਚ ਵੰਡ ਸਕਦੇ ਹਾਂ। ਇੱਕ ਉਹ ਖਾਤੇ ਜਿਨ੍ਹਾਂ ਦੇ ਮਾਲਿਕ ਦੀ ਮੌਤ ਹੋ ਚੁੱਕੀ ਹੁੰਦੀ ਹੈ ਅਤੇ ਦੂਜੇ ਉਹ ਖਾਤੇ ਜਿਨ੍ਹਾਂ ਵਿੱਚ ਕਿਸੇ ਨਾ ਕਿਸੇ ਵਜਾਹ ਕਰਨ ਲੰਮੇ ਸਮੇਂ ਤਕ ਕੋਈ ਲੈਣ ਦੇਣ ਨਹੀਂ ਕੀਤਾ ਹੁੰਦਾ।
ਜਿਵੇਂ ਕਹਿੰਦੇ ਹਨ ਕਿ ਮਰਨਾ ਸੱਚ ਜਿਊਣਾ ਝੂਠ, ਇੱਕ ਨਾ ਇੱਕ ਦਿਨ ਇਹ ਦਿਨ ਸਭ ’ਤੇ ਆਉਣਾ ਹੀ ਹੁੰਦਾ ਹੈ। ਕਈ ਵਾਰੀ ਜਮ੍ਹਾਂ ਕਰਤਾ ਦੇ ਵਾਰਸਾਂ ਨੂੰ ਬੈਂਕ ਕੋਲੋਂ ਰਕਮ ਵਸੂਲਣ ਵੇਲੇ ਖ਼ਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਛ ਸਾਵਧਾਨੀਆਂ ਅਤੇ ਸਹੀ ਕਾਨੂੰਨੀ ਰਾਹ ਅਪਣਾ ਕੇ ਇਹਨਾਂ ਦੁਸ਼ਵਾਰੀਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ, ਬਾਰੇ ਹੱਲ ਸੁਝਾਉਣ ਦਾ ਮਕਸਦ ਹੈ ਮੇਰੇ ਅੱਜ ਦੇ ਇਸ ਲੇਖ ਦਾ। 1985 ਤੋਂ ਪਹਿਲਾਂ ਬੈਂਕਾਂ ਵਿੱਚ ਜਮ੍ਹਾਂ ਖਾਤਿਆਂ ਵਿੱਚ ਨਾਮਜ਼ਦਗੀ (ਨਾਮੀਨੇਸ਼ਨ) ਦੀ ਸੁਵਿਧਾ ਨਹੀਂ ਹੁੰਦੀ ਸੀ। ਇਸ ਲਈ ਬੈਂਕ (ਡਾਕਖਾਨਾ ਨਹੀਂ) ਖਾਤਾ ਧਾਰਕ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਖਾਤੇ ਵਿੱਚ ਪਈ ਰਕਮ ਦੇ ਨਿਪਟਾਰੇ ਸਬੰਧੀ ਫੈਸਲਾ ਜਾਂ ਤਾਂ ਬੈਂਕ ਖੁਦ ਲੈਂਦਾ ਸੀ ਜਾਂ ਫਿਰ ਵਾਰਸ ਕੋਰਟ ਦਾ ਸਹਾਰਾ ਲੈਂਦੇ ਸਨ। ਮ੍ਰਿਤਕ ਜਮ੍ਹਾਂ ਕਰਤਾਵਾਂ ਦੇ ਵਾਰਸਾਂ ਨੂੰ ਇਹਨਾਂ ਦੁਸ਼ਵਾਰੀਆਂ ਤੋਂ ਸੌਖਾ ਕਰਨ ਲਈ ਆਰ ਬੀ ਆਈ ਨੇ 1985 (ਨਾਮੀਨੇਸ਼ਨ ਰੂਲਜ਼) ਲਿਆਂਦੇ। 29 ਮਾਰਚ 1985 ਨੂੰ ਇਸ ਸੋਧ ਦੇ ਹੋਂਦ ਵਿੱਚ ਆਉਣ ਨਾਲ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੀ ਸੈਕਸ਼ਨ 52 ਤਹਿਤ ਨਵੀਆਂ ਮਦਾਂ 45ZA, 45ZC ਅਤੇ 45ZE ਜੋੜੀਆਂ ਗਈਆਂ ਹਨ। ਇਹਨਾਂ ਧਾਰਾਵਾਂ ਤਹਿਤ ਖਾਤਾ ਧਰਾਕ ਹੁਣ ਆਪਣੇ ਬੈਂਕ ਖਾਤੇ ਵਿੱਚ ਨਾਮਜ਼ਦਗੀ ਕਰ ਵੀ ਸਕਦਾ ਹੈ, ਨਾਮਜ਼ਦਗੀ ਕੈਂਸਲ ਵੀ ਕਰ ਸਕਦਾ ਹੈ ਅਤੇ ਨਾਮਜ਼ਦਗੀ ਬਦਲ ਵੀ ਸਕਦਾ ਹੈ।
ਨਾਮਜ਼ਦਗੀ ਨਾਲ ਸੰਬੰਧਿਤ ਕੁਛ ਨਿਯਮ ਹਨ ਜਿਨ੍ਹਾਂ ਦਾ ਜ਼ਿਕਰ ਕਰੇ ਬਿਨਾ ਮਸਲਾ ਅਧੂਰਾ ਰਹਿ ਜਾਵੇਗਾ।
ਪਹਿਲਾ, ਨਾਮਜ਼ਦਗੀ ਹਰੇਕ ਕਿਸਮ ਦੇ ਜਮ੍ਹਾਂ ਖਾਤੇ ਵਿੱਚ ਕੀਤੀ ਜਾ ਸਕਦੀ ਹੈ। ਦੂਜਾ, ਨਾਮਿਨੀ (ਨਾਮਜ਼ਦ ਵਿਅਕਤੀ) ਇੱਕ ਵਿਅਕਤੀ ਹੀ ਹੋ ਸਕਦਾ ਹੈ। ਤੀਜਾ, ਨਾਮਜ਼ਦਗੀ ਦੋ ਜਾਂ ਦੋ ਤੋਂ ਵੱਧ ਬੰਦਿਆਂ ਦੁਆਰਾ ਚਲਾਏ ਜਾ ਰਹੇ ਸਾਂਝੇ ਖਾਤੇ ਵਿੱਚ ਵੀ ਕੀਤੀ ਜਾ ਸਕਦੀ ਹੈ ਬਸ਼ਰਤੇ ਨਾਮਜ਼ਦ ਵਿਅਕਤੀ ਇੱਕ ਹੀ ਹੋਵੇ। ਚੌਥਾ, ਨਾਮਜ਼ਦ ਵਿਅਕਤੀ ਨਾਬਾਲਗ ਵੀ ਹੋ ਸਕਦਾ ਹੈ ਪ੍ਰੰਤੂ ਉਸ ਸੂਰਤ ਵਿੱਚ ਨਾਮਜ਼ਦ ਵਿਅਕਤੀ ਦਾ ਇੱਕ ਸਰਪ੍ਰਸਤ ਨਿਯੁਕਤ ਕਰਨਾ ਜ਼ਰੂਰੀ ਹੁੰਦਾ ਹੈ ਜੋਕਿ ਨਾਮਜ਼ਦ ਵਿਅਕਤੀ ਦੀ ਨਾਬਾਲਗੀ ਦੇ ਦੌਰਾਨ ਬੈਂਕ ਤੋਂ ਪੈਸਾ ਕਲੇਮ ਕਰ ਸਕੇ। ਪੰਜਵਾਂ, ਅਨਪੜ੍ਹ ਖਾਤਾ ਧਾਰਕ ਵੀ ਨਾਮਜ਼ਦਗੀ ਕਰ ਸਕਦਾ ਹੈ, ਛੇਵਾਂ ਜਮ੍ਹਾਂ ਰਾਸ਼ੀ ਨਾਬਾਲਿਗ ਦੇ ਨਾਂ ਤੇ ਹੋਣ ਦੀ ਸੂਰਤ ਵਿੱਚ ਵੀ ਨਾਬਾਲਿਗ ਦੀ ਤਰਫ਼ ਤੋਂ ਅਧਿਕਾਰਿਤ ਵਿਅਕਤੀ ਨਾਮਜ਼ਦਗੀ ਕਰ ਸਕਦਾ ਹੈ। ਸੱਤਵਾਂ, ਨਾਮਜ਼ਦਗੀ ਨਵੇਂ ਖਾਤਿਆਂ ਵਿੱਚ ਤਾਂ ਕਰ ਹੀ ਸਕਦੇ ਹਾਂ, ਪਹਿਲਾਂ ਤੋਂ ਹੀ ਚਲਦੇ ਖਾਤਿਆਂ ਵਿੱਚ ਵੀ ਨਾਮਜ਼ਦਗੀ ਦਾ ਪ੍ਰਾਵਧਾਨ ਹੈ।
ਨਾਮਜ਼ਦ ਵਿਅਕਤੀ ਦੇ ਅਧਿਕਾਰਾਂ ਬਾਰੇ ਗੱਲ ਕਰਨੀ ਵੀ ਅਤੀ ਜ਼ਰੂਰੀ ਹੈ। ਬਹੁਤਿਆਂ ਦੀ ਸੋਚ ਇਹ ਹੈ ਕਿ ਜਮ੍ਹਾਂਕਰਤਾ ਦੀ ਮੌਤ ਹੋ ਜਾਣ ਤੋਂ ਬਾਅਦ ਨਾਮਜ਼ਦ ਵਿਅਕਤੀ ਬੈਂਕ ਖਾਤੇ ਵਿੱਚ ਪਏ ਪੈਸਿਆਂ ਦਾ ਮਾਲਿਕ ਬਣ ਜਾਂਦਾ ਹੈ। ਅਜਿਹਾ ਬਿਲਕੁਲ ਨਹੀਂ ਹੈ। ਸੁਪਰੀਮ ਕੋਰਟ ਆਫ ਇੰਡੀਆ ਨੇ ਨਾਮਜ਼ਦ ਵਿਅਕਤੀ ਨੂੰ ਮਾਲਿਕ ਨਹੀਂ, ਸਗੋਂ ਰਖਵਾਲਾ ਕਿਹਾ ਹੈ। ਨਾਮਜ਼ਦ ਵਿਅਕਤੀ ਨੂੰ ਅਧਿਕਾਰ ਹੁੰਦਾ ਹੈ ਕਿ ਬੈਂਕ ਨੂੰ ਜਮ੍ਹਾਕਰਤਾ ਦਾ ਮੌਤ ਸਬੰਧੀ ਰਿਕਾਰਡ ਬਗੈਰਾ ਦੇ ਕੇ ਬੈਂਕ ਤੋਂ ਪੈਸੇ ਲਵੇ ਅਤੇ ਮਰਨ ਵਾਲੇ ਦੇ ਸਾਰੇ ਵਾਰਸਾਂ ਦਰਮਿਆਨ ਉਹਨਾਂ ਦੇ ਹਿੱਸੇ ਮੁਤਾਬਿਕ ਰਾਸ਼ੀ ਵੰਡ ਦੇਵੇ। ਮੇਰੀ ਬੈਂਕ ਦੀ ਲੰਮੀ ਨੌਕਰੀ ਦੌਰਾਨ ਅਜਿਹੇ ਕਈ ਕੇਸ ਆਏ ਜਿੱਥੇ ਕੋਰਟ ਨੇ ਨਾਮਜ਼ਦਗੀ ਨੂੰ ਦਰ ਕਿਨਾਰ ਕਰਕੇ ਮਰਨ ਵਾਲੇ ਦੇ ਖਾਤੇ ਵਿੱਚ ਪਈ ਰਾਸ਼ੀ ਉਸਦੇ ਕਾਨੂੰਨੀ ਵਾਰਸਾਂ ਨੂੰ ਦੇਣ ਦੇ ਹੁਕਮ ਸੁਣਾਏ।
ਹੁਣ ਗੱਲ ਕਰਦੇ ਹਾਂ ਬੈਂਕ ਤੋਂ ਰਕਮ ਕਲੇਮ ਕਰਨ ਦੇ ਤਰੀਕਿਆਂ ਦੀ। ਇਸ ਲਈ ਸਾਨੂੰ ਖਾਤਿਆਂ ਨੂੰ ਪੰਜ ਵਰਗਾਂ ਵਿੱਚ ਵੰਡਣਾ ਪਵੇਗਾ। ਪਹਿਲਾ, ਜਿਸ ਵਿੱਚ ਮਰਨ ਵਾਲੇ ਨੇ ਨਾਮਜ਼ਦਗੀ ਕੀਤੀ ਹੋਈ ਹੈ, ਦੂਜਾ ਨਾਮਜ਼ਦਗੀ ਤੋਂ ਬਿਨਾ ਵਾਲੇ ਖਾਤੇ, ਤੀਜਾ, ਜਿਹੜੇ ਖਾਤੇ ਬਾਰੇ ਮਰਨ ਵਾਲਾ ਵਿਅਕਤੀ ਵਸੀਅਤ ਛੱਡ ਕੇ ਗਿਆ ਹੈ। ਚੌਥੇ ਉਹ ਖਾਤੇ ਜਿੱਥੇ ਨਾਮਜ਼ਦਗੀ ਵੀ ਨਹੀਂ, ਵਸੀਅਤ ਵੀ ਨਹੀਂ ਅਤੇ ਕਿਸੇ ਵਾਰਿਸ ਦਾ ਵੀ ਕੋਈ ਸਬੂਤ ਨਹੀਂ। ਪੰਜਵਾਂ ਉਹ ਖਾਤੇ ਜਿਨ੍ਹਾਂ ਵਿੱਚ ਖਾਤਾ ਧਾਰਕ ਨੇ ਨਾਮਜ਼ਦਗੀ ਵੀ ਕੀਤੀ ਹੋਈ ਹੈ ਅਤੇ ਉਸ ਖਾਤੇ ਦੀ ਵਸੀਅਤ ਵੀ ਕਰ ਰੱਖੀ ਹੈ ਅਤੇ ਨਾਮਜ਼ਦ ਵਿਅਕਤੀ ਅਤੇ ਵਸੀਅਤ ਧਾਰਕ ਹਨ ਵੀ ਵੱਖੋ ਵੱਖਰੇ ਵਿਅਕਤੀ।
ਮ੍ਰਿਤਕ ਦੇ ਬੈਂਕ ਖਾਤੇ ਵਿੱਚ ਪਏ ਪੈਸਿਆਂ ਦੇ ਨਿਪਟਾਰੇ ਲਈ ਖਾਤਾਧਾਰਕ ਦੇ ਵਾਰਸਾਂ ਅਤੇ ਬੈਂਕ ਲਈ ਸਭ ਤੋਂ ਸੌਖੇ ਖਾਤੇ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਜਮ੍ਹਾਂ ਕਰਤਾ ਨੇ ਨਾਮਜ਼ਦਗੀ ਕੀਤੀ ਹੋਵੇ। ਮ੍ਰਿਤਕ ਦੀ ਮੌਤ ਦੇ ਸਬੂਤ ਨਾਲ ਨਾਮਜ਼ਦ ਵਿਅਕਤੀ ਨੇ ਆਪਣੇ ਖੁਦ ਦੀ ਪਛਾਣ ਦੇ ਸਬੂਤ ਬੈਂਕ ਨੂੰ ਦੇਣੇ ਹੁੰਦੇ ਹਨ। ਦੋ ਖਾਤਾਧਾਰਕਾਂ ਦੁਆਰਾ, ਜਾਂ ਇੱਕ ਬੈਂਕ ਅਧਿਕਾਰੀ ਦੁਆਰਾ ਜਾਂ ਕਿਸੇ ਗਜ਼ਟਿਡ ਅਧਿਕਾਰੀ ਦੁਆਰਾ ਤਸਦੀਕ ਕੀਤਾ ਸਿਰਫ ਇੱਕ ਪੰਨੇ ਦਾ ਸਾਦਾ ਫਾਰਮ ਬੈਂਕ ਵਿੱਚ ਜਮ੍ਹਾਂ ਕਰਵਾਉਣਾ ਹੁੰਦਾ ਹੈ। ਬੈਂਕ ਨਾਮਜ਼ਦ ਵਿਅਕਤੀ ਬਾਰੇ ਤਸੱਲੀ ਕਰ ਲੈਣ ਤੋਂ ਬਾਅਦ ਰਕਮ ਨਾਮਜ਼ਦ ਵਿਅਕਤੀ ਨੂੰ ਦੇ ਦਿੰਦਾ ਹੈ।
ਜਿੱਥੇ ਨਾਮਜ਼ਦਗੀ ਨਹੀਂ ਕੀਤੀ ਹੁੰਦੀ ਅਜਿਹੇ ਖਾਤਿਆਂ ਦੇ ਨਿਪਟਾਰੇ ਲਈ ਮ੍ਰਿਤਕ ਦੇ ਕਾਨੂੰਨੀ ਵਾਰਸ ਆਪਣਾ ਦਾਅਵਾ ਬੈਂਕ ਵਿੱਚ ਦਾਖਲ ਕਰਦੇ ਹਨ। ਦਾਅਵੇਦਾਰਾਂ ਬਾਰੇ ਤਸੱਲੀ ਕਰ ਲੈਣ ਤੋਂ ਬਾਅਦ ਬੈਂਕ ਨੇ ਸਾਰੇ ਵਾਰਸਾਂ ਨੂੰ ਪੈਸੇ ਦੇ ਦੇਣੇ ਹੁੰਦੇ ਹਨ। ਵਾਰਸਾਂ ਵਿੱਚ ਨਾਬਾਲਿਗ ਵੀ ਹੋ ਸਕਦੇ ਹਨ। ਨਾਬਾਲਿਗ ਵਾਰਸ ਦੀ ਤਰਫੋਂ ਬੈਂਕ ਉਸ ਨਾਬਾਲਿਗ ਦੇ ਕੁਦਰਤੀ ਸਰਪ੍ਰਸਤ ਜਾਂ ਅਦਾਲਤ ਦੁਆਰਾ ਨਿਯੁਕਤ ਸਰਪ੍ਰਸਤ ਨੂੰ ਅਦਾਇਗੀ ਕਰਦਾ ਹੈ। ਸਾਰੇ ਵਾਰਸ ਬੈਂਕ ਵਿੱਚ ਨਾ ਆ ਸਕਣ ਦੀ ਸੂਰਤ ਵਿੱਚ ਕਿਸੇ ਇੱਕ ਵਾਰਸ ਨੂੰ ਵੀ ਪਾਵਰ ਆਫ ਅਟਾਰਨੀ ਰਾਹੀਂ ਅਧਿਕਾਰਤ ਕੀਤਾ ਜਾ ਸਕਦਾ ਹੈ। ਸਮੱਸਿਆ ਓਦੋਂ ਆਉਂਦੀ ਹੈ ਜਦੋਂ ਵਾਰਸਾਂ ਦਾ ਆਪਸੀ ਝਗੜਾ ਹੋਣ ਦੀ ਸੂਰਤ ਵਿੱਚ ਉਹ ਬੈਂਕ ਤੋਂ ਰਕਮ ਵਸੂਲੀ ਸਬੰਧੀ ਵੱਖੋ ਵੱਖਰੇ ਦਾਅਵੇ ਠੋਕਦੇ ਹਨ ਅਤੇ ਇੱਕ ਦੂਜੇ ਦੇ ਵਾਰਸ ਹੋਣ ਦੇ ਅਧਿਕਾਰ ਨੂੰ ਚੈਲੇਂਜ ਕਰਦੇ ਹਨ। ਅਜਿਹੇ ਵਿੱਚ ਬੈਂਕ ਕੋਲ ਸਾਰੇ ਵਾਰਸਾਂ ਨੂੰ ਅਦਾਲਤ ਦਾ ਦਰਵਾਜ਼ਾ ਖਟਖਟਾਉਣ ਲਈ ਕਹਿਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਦਾ ਅਤੇ ਬੈਂਕ ਅਦਾਲਤ ਦੇ ਫੈਸਲੇ ਮੁਤਾਬਿਕ ਰਕਮ ਵਾਰਸਾਂ ਨੂੰ ਦਿੰਦੇ ਹਨ।
ਤੀਜੀ ਕਿਸਮ ਦੇ ਖਾਤੇ ਉਹ ਹੁੰਦੇ ਹਨ ਜਿਨ੍ਹਾਂ ਦੇ ਸੰਬੰਧ ਵਿੱਚ ਖਾਤਾਧਾਰਕ ਨੇ ਆਪਣੇ ਜਿਉਂਦੇ ਜੀਅ ਆਪਣੀ ਸੰਪਤੀ ਬਾਰੇ ਲਿਖਤੀ ਵਸੀਅਤ ਕਾਰਵਾਈ ਹੋਈ ਹੋਵੇ। ਵਸੀਅਤ ਸਾਰੇ ਵਿਕਲਪਾਂ ਵਿੱਚੋਂ ਵਧੀਆ ਕਾਨੂੰਨੀ ਦਸਤਾਵੇਜ਼ ਹੁੰਦਾ ਹੈ। ਵਸੀਅਤ ਦੇ ਅਧਾਰ ਉੱਤੇ ਬੈਂਕ ਤੋਂ ਪੈਸੇ ਦੇ ਦਾਅਵੇਦਾਰ ਨੂੰ ਉਸ ਸਬੰਧੀ ਅਦਾਲਤ ਕੋਲੋਂ ਵਸੀਅਤ ਦਾ ਤਸਦੀਕਨਾਮਾ (ਪ੍ਰੋਬੇਟ ਆਫ ਵਿੱਲ) ਹਾਸਲ ਕਰਨਾ ਹੁੰਦਾ ਹੈ। ਅਜਿਹਾ ਤਸਦੀਕਨਾਮਾ ਦਿੰਦਿਆਂ ਅਦਾਲਤ ਇਸ ਗੱਲ ਦੀ ਤਸੱਲੀ ਕਰਦੀ ਹੈ ਕਿ ਵਸੀਅਤ ਕਰਤਾ ਨੇ ਇਸ ਤੋਂ ਬਾਅਦ ਕੋਈ ਹੋਰ ਵਸੀਅਤ ਨਹੀਂ ਕੀਤੀ ਅਤੇ ਨਾ ਹੀ ਅਜਿਹਾ ਕੋਈ ਹੋਰ ਦਸਤਾਵੇਜ਼ ਤਿਆਰ ਕਰਵਾਇਆ ਹੈ ਜਿਸ ਰਾਹੀਂ ਸਬੰਧਤ ਵਸੀਅਤ ਵਿੱਚ ਕੋਈ ਸੋਧ ਕੀਤੀ ਗਈ ਹੋਵੇ। ਇੱਥੇ ਮੈਂ ਇਹ ਗੱਲ ਸਾਫ ਕਰ ਦੇਵਾਂ ਕਿ ਵਸੀਅਤ ਵਿਚਲਾ ਇਨਸਾਨ ਖਾਤੇ ਵਿੱਚ ਨਾਮਜ਼ਦ ਕੀਤੇ ਵਿਅਕਤੀ ਦੇ ਉਲਟ ਜਾਇਦਾਦ ਦਾ ਮਾਲਿਕ ਹੁੰਦਾ ਹੈ ਨਾ ਕਿ ਰਖਵਾਲਾ। ਪਰੋਬੇਟ ਆਫ ਵਿੱਲ ਦੇ ਅਧਾਰ ’ਤੇ ਬੈਂਕ ਵਸੀਅਤ ਵਿੱਚ ਦਰਸਾਏ ਗਏ ਮਾਲਿਕ ਨੂੰ ਖਾਤੇ ਵਿਚਲੀ ਰਕਮ ਦੇ ਸਕਦਾ ਹੈ।
ਚੌਥੀ ਕਿਸਮ ਦੇ ਖਾਤੇ, ਜਿੱਥੇ ਮ੍ਰਿਤਕ ਦੇ ਵਾਰਸਾਂ ਸਬੰਧੀ ਕੋਈ ਪੁਖਤਾ ਜਾਣਕਾਰੀ ਨਾ ਹੋਵੇ, ਨਾ ਹੀ ਨਾਮਜ਼ਦਗੀ ਕੀਤੀ ਹੋਵੇ ਅਤੇ ਨੇ ਹੀ ਕਿਸੇ ਵਸੀਅਤ ਦਾ ਕੋਈ ਇਲਮ ਹੋਵੇ। ਆਮ ਤੌਰ ’ਤੇ ਛੋਟੇ ਛੋਟੇ ਡੇਰਿਆਂ ਦੇ ਮਹੰਤ ਜਾਂ ਅਜਿਹੇ ਛੜੇ ਛਾਂਟ ਬੰਦੇ ਜਿਨ੍ਹਾਂ ਦੇ ਕੋਈ ਅੱਗੇ ਪਿੱਛੇ ਨਾ ਹੋਵੇ, ਬੇਨਾਮੀ ਜ਼ਿੰਦਗੀ ਜਿਉਂਕੇ, ਬੈਂਕ ਵਿੱਚ ਆਪਣੀ ਜਮ੍ਹਾਂ ਰਾਸ਼ੀ ਛੱਡ ਕੇ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਆਮ ਤੌਰ ’ਤੇ ਅਜਿਹੇ ਖਾਤਿਆਂ ਵਿੱਚ ਪਈ ਰਾਸ਼ੀ ਦਸ ਸਾਲਾਂ ਤੋਂ ਬਾਅਦ ਆਰ ਬੀ ਆਈ ਕੋਲ ਚਲੀ ਜਾਂਦੀ ਹੈ ਅਤੇ ਬਿਨਾ ਕਲੇਮ ਕੀਤੇ ਹੀ ਰਹਿ ਜਾਂਦੀ ਹੈ। ਜੇਕਰ ਕੋਈ ਭੁੱਲਿਆ ਭਟਕਿਆ ਵਾਰਸ ਬੈਂਕ ਤਕ ਪਹੁੰਚ ਕਰਦਾ ਹੈ ਤਾਂ ਉਸ ਨੂੰ ਆਮ ਤੌਰ ਉੱਤੇ ਅਦਾਲਤ ਹੀ ਭੇਜਿਆ ਜਾਂਦਾ ਹੈ।
ਪੰਜਵੀਂ ਕਿਸਮ, ਆਪਣੇ ਆਪ ਵਿੱਚ ਜਟਿਲ ਕਿਸਮ ਹੈ। ਉਹ ਖਾਤੇ ਜਿੱਥੇ ਮਾਲਿਕ ਨੇ ਖਾਤੇ ਵਿੱਚ ਕਿਸੇ ਨੂੰ ਨਾਮਜ਼ਦ ਵੀ ਕਰ ਰੱਖਿਆ ਹੈ ਅਤੇ ਉਸ ਖਾਤੇ ਸਬੰਧੀ ਵਸੀਅਤ ਵੀ ਕੀਤੀ ਹੋਈ ਹੈ ਅਤੇ ਨਾਮਜ਼ਦ ਵਿਅਕਤੀ ਅਤੇ ਵਸੀਅਤ ਧਾਰਕ ਹਨ ਵੀ ਦੋਨੋ ਵੱਖਰੇ ਵੱਖਰੇ। ਅਜਿਹੇ ਵਿੱਚ ਵਸੀਅਤ ਧਾਰਕ ਦਾ ਦਾਅਵਾ ਮਜ਼ਬੂਤ ਅਤੇ ਮੰਨਣਯੋਗ ਹੁੰਦਾ ਹੈ ਪ੍ਰੰਤੂ ਉਸ ਨੂੰ ਅਦਾਲਤ ਕੋਲੋਂ ਪ੍ਰੋਬੈਟ ਆਫ ਵਿੱਲ ਫਿਰ ਵੀ ਲੈਣਾ ਹੀ ਪਵੇਗਾ।
ਇਸ ਸਬੰਧ ਵਿੱਚ ਇੱਕ ਦੋ ਹੋਰ ਗੱਲਾਂ ਜਿਨ੍ਹਾਂ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ। ਉਹ ਇਹ ਕਿ ਜਮ੍ਹਾਂ ਕਰਤਾ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਬੈਂਕ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂਕਿ ਬੈਂਕ ਜ਼ਰੂਰੀ ਸਾਵਧਾਨੀ ਵਰਤ ਸਕੇ। ਦੂਜਾ, ਖਾਤਾ ਧਾਰਕ ਦੀ ਮ੍ਰਿਤੂ ਤੋਂ ਬਾਅਦ ਉਸਦੇ ਘਰਦਿਆਂ ਨੂੰ ਖਾਤੇ ਵਿੱਚੋਂ ਏ ਟੀ ਐੱਮ ਕਾਰਡ ਰਾਹੀਂ ਪੈਸੇ ਕਢਵਾਉਣ ਦੀ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸਜ਼ਾ ਯੋਗ ਅਪਰਾਧ ਹੈ। ਇਸ ਲਈ ਬੈਂਕ ਵਿੱਚ ਮੌਤ ਦੇ ਸਬੂਤ ਦੇ ਨਾਲ ਕਾਰਡ ਵੀ ਜਮ੍ਹਾਂ ਕਰਵਾ ਦੇਣਾ ਚਾਹੀਦਾ ਹੈ।
ਇਸੇ ਤਰ੍ਹਾਂ ਜਮ੍ਹਾਂ ਕਰਤਾ ਦੁਆਰਾ ਕਿਸੇ ਨੂੰ ਦਿੱਤੀ ਹੋਈ ਪਾਵਰ ਆਫ ਅਟਾਰਨੀ ਵੀ ਜਮ੍ਹਾਂ ਕਰਤਾ ਦੀ ਮ੍ਰਿਤੂ ਦੇ ਨਾਲ ਹੀ ਸਮਾਪਤ ਹੋ ਜਾਂਦੀ ਹੈ, ਤੀਜਾ, ਕਾਨੂੰਨੀ ਵਾਰਸ ਸਬੰਧੀ ਬੈਂਕ ਜਾਂ ਅਦਾਲਤ ਨੂੰ ਹਨੇਰੇ ਵਿੱਚ ਨਾ ਰੱਖਿਆ ਜਾਵੇ, ਚੌਥਾ ਮ੍ਰਿਤਕ ਖਾਤਾ ਧਾਰਕ ਦੇ ਸਾਰੇ ਪਾਸਿਓਂ ਬਕਾਇਆ ਬਗੈਰਾ ਦੇ ਪੈਸੇ ਖਾਤੇ ਵਿੱਚ ਆ ਜਾਣ ਤੋਂ ਬਾਅਦ ਹੀ ਫਾਈਨਲ ਦਾਅਵਾ ਦਾਇਰ ਕੀਤਾ ਜਾਵੇ। ਅਜਿਹਾ ਨਾ ਹੋਵੇ ਕਿ ਖਾਤੇ ਦਾ ਨਿਪਟਾਰਾ ਹੋ ਜਾਣ ਤੋਂ ਬਾਅਦ, ਕਿਸੇ ਹੋਰ ਪਾਸਿਓਂ ਪੈਸੇ ਆ ਜਾਣ ਅਤੇ ਉਸ ਸੂਰਤ ਵਿੱਚ ਦੁਸ਼ਵਾਰੀਆਂ ਵਧ ਜਾਣ। ਪੰਜਵਾਂ, ਮਿਆਦੀ ਖਾਤਾ (ਐੱਫ ਡੀ) ਧਾਰਕ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ, ਦਾਅਵੇਦਾਰ ਮਿਆਦ ਪੁੱਗਣ ਤੋਂ ਪਹਿਲਾਂ ਵੀ ਐੱਫ ਡੀ ਤੁੜਵਾ ਕੇ ਰਕਮ ਵਸੂਲ ਸਕਦੇ ਹਨ। ਪ੍ਰੰਤੂ ਐੱਫ ਡੀ ਧਾਰਕ ਦੀ ਮੌਤ ਤੋਂ ਬਾਅਦ ਐੱਫ ਡੀ ਨੂੰ ਨਵਿਆਉਣ ਦੀ ਸੁਵਿਧਾ ਨਹੀਂ ਹੈ। ਛੇਵਾਂ, ਮ੍ਰਿਤਕ ਦੇ ਖਾਤੇ ਵਿੱਚ ਦਾਅਵੇ ਦੇ ਨਿਪਟਾਰੇ ਤਕ ਦਾ ਕਾਨੂੰਨ ਮੁਤਾਬਿਕ ਬਿਆਜ ਦੇਣ ਲਈ ਬੈਂਕਾਂ ਵਚਨਬੱਧ ਹੁੰਦੀਆਂ ਹਨ।
ਉਪਰੋਕਤ ਤੋਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਹਰ ਖਾਤਾ ਧਾਰਕ ਨੂੰ ਖਾਤੇ ਵਿੱਚ ਨਾਮਜ਼ਦਗੀ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਉੱਪਰ ਦਿੱਤੇ ਮੁਤਾਬਿਕ ਸਹੀ ਕਾਨੂੰਨੀ ਰਾਹ ਹੀ ਅਪਣਾਉਣਾ ਚਾਹੀਦਾ ਹੈ। ਕਿਸੇ ਵੀ ਕਿਸਮ ਦੇ ਝਗੜੇ ਦੀ ਸੂਰਤ ਵਿੱਚ ਅਦਾਲਤ ਦਾ ਫੈਸਲਾ ਸਾਰੀਆਂ ਧਿਰਾਂ ਨੂੰ ਮੰਨਣਯੋਗ ਹੁੰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3620)
(ਸਰੋਕਾਰ ਨਾਲ ਸੰਪਰਕ ਲਈ: