“ਤੁਸੀਂ ਵੀ ਅੰਕਲ ਜੀ ਬੱਚਿਆਂ ਆਲੀਆਂ ਗੱਲਾਂ ਕਰਦੇ ਓ।ਤੁਸੀਂ ਅਮੀਰ ਲੋਕ ਵੀ ...”
(15 ਜਨਵਰੀ 2026)
“ਪਟਵਾਰੀ ਸਾਹਿਬ! ਦੇਖਿਓ ਭਲਾ, ਮੈਂ ਕੋਈ ਅੱਠ ਨੌਂ ਸਾਲ ਪਹਿਲਾਂ ਆਹ ਇੱਕ ਚਾਰ ਕੁ ਵਿਸਵਿਆਂ ਦਾ ਪਲਾਟ ਲਿਆ ਸੀ, ਮੈਂ ਇਸਦੀ ਫਰਦ ਜਮ੍ਹਾਂਬੰਦੀ ਕਢਵਾਉਣੀ ਹੈ।
“ਅੰਕਲ ਜੀ, ਅੱਜ ਕੱਲ੍ਹ ਫਰਦ ਜਮ੍ਹਾਂਬੰਦੀ ਦੀ ਨਕਲ ਤਾਂ ਫਰਦ ਕੇਂਦਰ ਤੋਂ ਮਿਲਦੀ ਹੈ, ਇਸ ਲਈ ਤੁਸੀਂ ਤਹਿਸੀਲ ਦਫਤਰ ਜਾ ਕੇ ਫਰਦ ਸੁਵਿਧਾ ਕੇਂਦਰ ਵਿੱਚ ਅਪਲਾਈ ਕਰੋ।”
“ਉਹ ਕਾਕਾ! ਮੈਂ ਗਿਆ ਸੀ ਉੱਥੇ, ਉਹ ਕਹਿੰਦੇ ਕਿ ਤੇਰੇ ਨਾਂ ਯਾਨੀ ਕਿ ਜਸਮੀਤ ਸਿੰਘ ਦੇ ਨਾਂ ’ਤੇ ਤਾਂ ਸਾਰੇ ਪਿੰਡ ਦੇ ਰਿਕਾਰਡ ਵਿੱਚ ਇੱਕ ਇੰਚ ਵੀ ਜ਼ਮੀਨ ਨਹੀਂ ਬੋਲਦੀ। ਮੈਂ ਉਹਨਾਂ ਨੂੰ ਆਹ ਰਜਿਸਟਰੀ ਦਿਖਾਈ ਜਿਸਦੇ ਮੁਤਾਬਿਕ ਮੈਂ ਇਹ ਜ਼ਮੀਨ ਦਾ ਪਲਾਟ ਖਰੀਦਿਆ ਸੀ। ਫਰਦ ਕੇਂਦਰ ਵਾਲਿਆਂ ਨੇ ਮੈਨੂੰ ਅੱਗੇ ਦੱਸਿਆ ਕਿ ਇਹ ਨੰਬਰ ਤਾਂ ਕਿਸੇ ਜਗਮੀਤ ਸਿੰਘ ਦੇ ਨਾਂ ਬੋਲਦੇ ਨੇ। ਸਬੱਬੀਂ ਮੇਰੇ ਅਤੇ ਇਸਦੇ ਬਾਪ ਦਾ ਨਾਂ ਵੀ ਸੁੱਚਾ ਸਿੰਘ ਹੀ ਹੈ।?”
“ਲਿਆਓ ਮੈਂ ਦੇਖਾਂ, ਕੀ ਨਾਂ ਦੱਸਿਐ? ਜਗਮੀਤ?”
“ਉਹ ਨਹੀਂ, ਮੇਰਾ ਨਾਂ ਹੈ ਜਸਮੀਤ ਸਿੰਘ, ਜ ਸ ਮੀ ਤ। ਇਹ ਜਸਮੀਤ ਤੋਂ ਜਗਮੀਤ ਕਿਵੇਂ ਹੋ ਗਿਆ?”
ਪਟਵਾਰੀ ਸਾਹਿਬ ਨੇ ਥੋੜ੍ਹੇ ਜਿਹੇ ਟਾਈਮ ਵਿੱਚ ਲੈਪਟਾਪ ਖੋਲ੍ਹ ਕੇ ਰਜਿਸਟਰੀ ਵਿਚਲੇ ਖਸਰਾ ਨੰਬਰ ਤੋਂ ਦੇਖਿਆ ਤਾਂ ਇਹ ਨੰਬਰ ਵਾਕਿਆ ਹੀ ਕਿਸੇ ਜਗਮੀਤ ਸਿੰਘ ਪੁੱਤਰ ਸੁੱਚਾ ਸਿੰਘ ਦੇ ਨਾਮ ਬੋਲਦੇ ਸਨ।
“ਹਾਂ ਅੰਕਲ ਜੀ, ਤੁਸੀਂ ਠੀਕ ਹੀ ਕਹਿੰਦੇ ਹੋ। ਮੈਨੂੰ ਇਓਂ ਲਗਦਾ ਹੈ ਕਿ ਜਦੋਂ ਰਿਕਾਰਡ ਕੰਪਊਟਰ ’ਤੇ ਚਾੜ੍ਹਿਆ ਗਿਆ ਉਦੋਂ ਕਿਸੇ ਤੋਂ ਇਹ ਗ਼ਲਤੀ ਹੋਈ ਹੈ। ਸੱਸੇ ਵਿਚਲੀ ਘੁੰਡੀ ਕਿਤੇ ਪੂਰੀ ਨਹੀਂ ਪਈ ਹੋਣੀ, ਇਸ ਲਈ ਉਸਨੇ ਸੱਸੇ ਨੂੰ ਗੱਗਾ ਪੜ੍ਹ ਲਿਆ ਅਤੇ ਤੁਹਾਡੇ ਆਲੇ ਪਲਾਟ ਦਾ ਮਾਲਕ ਬਣ ਗਿਆ ਜਗਮੀਤ ਸਿੰਘ।”
“ਚਲੋ ਕੋਈ ਨੀ ਪਟਵਾਰੀ ਸਾਹਿਬ, ਗ਼ਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਐ, ਤੁਸੀਂ ਇਸਨੂੰ ਮੇਰੀ ਆਹ ਰਜਿਸਟਰੀ ਮੁਤਾਬਿਕ ਠੀਕ ਕਰ ਦਿਓ।”
“ਤੁਸੀਂ ਵੀ ਅੰਕਲ ਜੀ ਬੱਚਿਆਂ ਆਲੀਆਂ ਗੱਲਾਂ ਕਰਦੇ ਓ। ਤੁਸੀਂ ਅਮੀਰ ਲੋਕ ਵੀ ਥਾਂ ਥਾਂ ਪਲਾਟ ਲੈ ਲੈ ਛੱਡੀ ਜਾਂਦੇ ਓ। ਕਦੇ ਕਦੇ ਇਨ੍ਹਾਂ ਦੀ ਸਾਰ ਵੀ ਲੈ ਲਿਆ ਕਰੋ। ਹੁਣ ਤਾਂ ਸਰਕਾਰ ਨੇ ਸਭ ਕੁਛ ਓਨ ਲਾਈਨ ਕਰ ਦਿੱਤਾ ਹੈ, ਉਂਜ ਤਾਂ ਤੁਸੀਂ ਸਾਰਾ ਦਿਨ ਮੁਬਾਇਲ ਵਿੱਚੋਂ ਨੀ ਨਿੱਕਲਦੇ, ਕਦੇ ਕਦੇ ਆਪਣੀ ਜਾਇਦਾਦ ਦੇ ਰਿਕਾਰਡ ’ਤੇ ਵੀ ਨਿਗ੍ਹਾ ਮਾਰ ਲਿਆ ਕਰੋ ਕਿ ਥਾਂ ਸਿਰ ਹੈ ਵੀ ਕਿ ਨਹੀਂ? ਨਾਲੇ ਐਨਾ ਸੌਖਾ ਨੀ ਇਹ ਨਾਂ ਠੀਕ ਹੋਣਾ। ਨਾਮ ਦਰੁਸਤੀ ਦੀ ਫਾਈਲ ਤਿਆਰ ਹੋਊ। ਪਹਿਲਾਂ ਤਾਂ ਪੁਰਾਣਾ ਰਿਕਾਰਡ ਲੱਭਣਾ ਪਊ। ਆਹ ਕਰਿੰਦੇ ਨੂੰ ਲਾਊਂ ਮੈਂ ਇਸ ਕੰਮ ’ਤੇ, ਪੰਜ ਚਾਰ ਦਿਨ ਲੱਗ ਜਾਣਗੇ। ਥੋੜ੍ਹਾ ਬਹੁਤਾ ਇਸਦਾ ਮਾਣ ਤਾਣ ਕਰ ਦਿਓ। ਇਨ੍ਹਾਂ ਨੂੰ ਵਿਚਾਰਿਆਂ ਨੂੰ ਸਰਕਾਰ ਕੋਈ ਤਨਖਾਹ ਤਾਂ ਦਿੰਦੀ ਨਹੀਂ। ਬੱਸ ਇਓਂ ਹੀ ਟਾਈਮ ਪਾਸ ਕਰਦੇ ਨੇ। ਫਿਲਹਾਲ ਤੁਸੀਂ ਇੱਕ ਅਰਜ਼ੀ ਲਿਖ ਕੇ ਉਸ ਨਾਲ ਆਪਣੀ ਆਹ ਰਜਿਸਟਰੀ ਦੀ ਨਕਲ ਅਤੇ ਆਪਣੇ ਨਾਂ ਦੇ ਤਿੰਨ ਸਬੂਤਾਂ ਦੀ ਫੋਟੋ ਸਟੇਟ ਨਾਲ ਲਾ ਕੇ ਫਰਦ ਕੇਂਦਰ ਵਿੱਚ ਦੇ ਆਇਓ। ਇਸਦੀ ਕੁਛ ਸਰਕਾਰੀ ਫੀਸ ਵੀ ਹੋਊ, ਉੱਥੋਂ ਪੁੱਛ ਕੇ ਜਮ੍ਹਾਂ ਕਰਵਾ ਦਿਓ। ਜੇਕਰ ਤੁਹਾਡੇ ਕੋਲੋਂ ਇਹ ਕੰਮ ਨਹੀਂ ਹੋਣਾ ਤਾਂ ਕਿਸੇ ਵਸੀਕਾ ਨਵੀਸ ਤੋਂ ਫਾਈਲ ਤਿਆਰ ਕਰਵਾ ਲਿਓ। ਪੰਦਰਾਂ ਕੁ ਦਿਨ ਬਾਅਦ ਗੇੜਾ ਮਾਰਿਓ।”
ਪਟਵਾਰੀ ਸਾਹਿਬ ਨੇ ਜਸਮੀਤ ਸਿੰਘ ਨੂੰ ਸਾਰਾ ਸਿਸਟਮ ਸਮਝਾ ਦਿੱਤਾ।
“ਫੀਸ ਕਾਹਦੀ? ਗ਼ਲਤੀ ਤਾਂ ਸਾਰੀ ਤੁਹਾਡੇ ਮਹਿਕਮੇ ਦੀ ਹੈ। ਰਜਿਸਟਰੀ ਮੇਰੇ ਕੋਲ ਹੈ ਅਤੇ ਰਜਿਸਟਰੀ ਵਿੱਚ ਮੇਰਾ ਨਾਮ ਸਹੀ ਹੈ ਜ ਸ ਮੀ ਤ ਸਿੰਘ। ਇਹਨੂੰ ਦੇਖ ਕੇ ਤੁਸੀਂ ਠੀਕ ਕਰ ਦਿਓ ਆਪਦੇ ਰਿਕਾਰਡ ਵਿੱਚ।”
ਜਸਮੀਤ ਸਿੰਘ ਚਾਹੁੰਦਾ ਸੀ ਕਿ ਕੰਮ ਸੌਖਿਆਂ ਹੀ ਹੋ ਜਾਵੇ।
“ਅੰਕਲ ਜੀ, ਮੈਂ ਤਾਂ ਤੁਹਾਨੂੰ ਸਹੀ ਰਾਹ ਪਾਇਆ ਹੈ, ਬਾਕੀ ਤੁਹਾਡੀ ਮਰਜ਼ੀ।”
ਕਹਿੰਦਿਆਂ ਪਟਵਾਰੀ ਨੀਵੀਂ ਪਾਕੇ ਆਪਦੇ ਕੰਮ ਲੱਗ ਗਿਆ।
ਪਟਵਾਰੀ ਦੇ ਦੱਸੇ ਮੁਤਾਬਿਕ ਜਸਮੀਤ ਸਿੰਘ ਨੇ ਵਸੀਕਾ ਨਵੀਸ ਨੂੰ ਤਿੰਨ ਸੌ ਰੁਪਈਆ ਦੇਕੇ ਫਾਈਲ ਤਿਆਰ ਕਰਵਾ ਲਈ। ਆਪਣੇ ਅਧਾਰ ਕਾਰਡ, ਪੈੱਨ ਕਾਰਡ ਅਤੇ ਬੈਂਕ ਦੀ ਕਾਪੀ ਦੀ ਨਕਲ ਨਾਲ ਰਜਿਸਟਰੀ ਦੀ ਫੋਟੋ ਸਟੇਟ ਲਾਕੇ ਫਰਦ ਕੇਂਦਰ ਵਿੱਚ ਫਾਈਲ ਜਮ੍ਹਾਂ ਕਰਵਾ ਦਿੱਤੀ। ਨਿਰਧਾਰਤ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਗਈ। ਪੰਦਰਾਂ ਦਿਨ ਲੰਘ ਜਾਣ ਬਾਅਦ ਜਸਮੀਤ ਸਿੰਘ ਜਾ ਪਟਵਾਰੀ ਸਾਹਿਬ ਦੇ ਦਫਤਰ ਪੇਸ਼ ਹੋਇਆ, “ਹਾਂ ਜੀ ਪਟਵਾਰੀ ਸਾਹਿਬ, ਹੋ ਗਈ ਦਰੁਸਤੀ ਮੇਰੇ ਨਾਓਂ ਦੀ?”
“ਨਹੀਂ ਅੰਕਲ ਜੀ, ਅਸੀਂ ਪੁਰਾਣਾ ਰਿਕਾਰਡ ਦੇਖਿਆ ਸੀ, ਉੱਥੇ ਵੀ ਮਾਮਲਾ ਸ਼ੱਕੀ ਜਿਹਾ ਬਣਿਆ ਪਿਆ ਹੈ। ਸੱਸੇ ਦੀ ਡੰਡੀ ਮੌਕੇ ਦੇ ਪਟਵਾਰੀ ਨੇ ਪੂਰੀ ਨਹੀਂ ਖਿੱਚੀ, ਹੁਣ ਉਸਨੂੰ ਚਾਹੋ ਤਾਂ ਜਸਮੀਤ ਪੜ੍ਹ ਲਓ ਚਾਹੇ ਜਗਮੀਤ। ਖੈਰ ਅਸੀਂ ਤਾਂ ਕੇਸ ਤਿਆਰ ਕਰਕੇ ਤਹਿਸੀਲ ਦਫਤਰ ਭੇਜ ਦਿੱਤਾ ਸੀ। ਉੱਥੋਂ ਨਾਇਬ ਸਾਹਿਬ ਨੇ ਹੁਕਮ ਕੀਤਾ ਹੈ ਕਿ ਤਤਕਾਲੀ ਨੰਬਰਦਾਰ ਅਤੇ ਗਵਾਹਾਂ ਨੂੰ ਪੇਸ਼ ਕਰਕੇ ਤਸਦੀਕ ਕਰਵਾਇਆ ਜਾਵੇ। ਸੋ ਤੁਸੀਂ ਕਿਸੇ ਦਿਨ ਨੰਬਰਦਾਰ ਅਤੇ ਗਵਾਹਾਂ ਨੂੰ ਆਪਣੇ ਪਛਾਣ ਪੱਤਰ ਲੈ ਕੇ ਤਹਿਸੀਲ ਦਫਤਰ ਨਾਇਬ ਸਾਹਿਬ ਦੇ ਪੇਸ਼ ਹੋ ਜਾਇਓ।”
“ਉਹਨਾਂ ਦੀ ਗਵਾਹੀ ਜ਼ਰੂਰੀ ਐ? ਮੇਰੀ ਤਾਂ ਪਰਸੋਂ ਨੂੰ ਫਲਾਈਟ ਐ। ਕੈਨੇਡਾ ਦੀ ਟਿਕਟ ਆਈ ਪਈ ਐ। ਮੈਂ ਕਿੱਥੋਂ ਲਿਆਵਾਂ ਉਸ ਵੇਲੇ ਦੇ ਨੰਬਰਦਾਰ ਅਤੇ ਗਵਾਹ। ਮੈਨੂੰ ਤਾਂ ਐਂ ਵੀ ਨੀ ਯਾਦ ਬਈ ਕਿਹੜਾ ਨੰਬਰਦਾਰ ਸੀ। ਇੱਥੋਂ ਈ ਲਿਆ ਸੀ ਕੋਈ ਤਹਿਸੀਲ ਵਿੱਚੋਂ ਈ। ਆਹ ਨਵਾਂ ਈ ਜੱਭ ਛਿੜ ਗਿਆ।” ਜਸਮੀਤ ਸਿੰਘ ਮੂੰਹ ਵਿੱਚ ਹੀ ਬੁੜਬੁੜਾਇਆ ਸੀ।
“ਕੋਈ ਨੀ ਬਜ਼ੁਰਗੋ, ਤੁਸੀਂ ਜਾਓ ਕੈਨੇਡਾ, ਆਪੇ ਹੀ ਹੋਈ ਜਾਊ, ਜਿਵੇਂ ਹੋਣਾ ਹੋਇਆ।”
ਪਟਵਾਰੀ ਗੱਲ ਨੂੰ ਲੰਬੀ ਨਹੀਂ ਸੀ ਖਿੱਚਣੀ ਚਾਹੁੰਦਾ।
ਕੋਈ ਪੰਜ ਕੁ ਸਾਲ ਅਮਰੀਕਾ ਵਿੱਚ ਗੁਜ਼ਾਰ ਕੇ ਜਸਮੀਤ ਸਿੰਘ ਵਾਪਸ ਇੰਡੀਆ ਆ ਗਿਆ। ਦੋ ਕੁ ਦਿਨ ਆਰਾਮ ਫਰਮਾਉਣ ਤੋਂ ਬਾਅਦ ਉਸਨੇ ਪਟਵਾਰੀ ਨੂੰ ਮਿਲਕੇ ਪਤਾ ਕਰਨਾ ਚਾਹਿਆ ਕਿ ਮਹਿਕਮੇ ਦੇ ਰਿਕਾਰਡ ਵਿੱਚ ਉਸਦੇ ਨਾਮ ਦੀ ਦਰੁਸਤੀ ਹੋਈ ਕਿ ਨਹੀਂ? ਪਟਵਾਰ ਖ਼ਾਨੇ ਜਾਕੇ ਜਸਮੀਤ ਸਿੰਘ ਨੇ ਦੇਖਿਆ ਕਿ ਨਾ ਤਾਂ ਉੱਥੇ ਪਹਿਲਾਂ ਵਾਲਾ ਪਟਵਾਰੀ ਸੀ ਅਤੇ ਨਾ ਹੀ ਉਸਦਾ ਕਰਿੰਦਾ। ਵਰਤਮਾਨ ਪਟਵਾਰੀ ਨੇ ਦੱਸਿਆ ਕਿ ਪਟਵਾਰੀ ਤਾਂ ਦੋ ਕੁ ਸਾਲ ਪਹਿਲਾਂ ਰਿਟਾਇਰ ਹੋ ਗਿਆ ਸੀ ਅਤੇ ਉਸ ਵੇਲੇ ਦੇ ਕਰਿੰਦੇ ਨੂੰ ਬਿਜਲੀ ਮਹਿਕਮੇ ਵਿੱਚ ਲਾਈਨ ਮੈਨ ਦੀ ਨੌਕਰੀ ਮਿਲ ਗਈ ਸੀ। ਸਾਰਾ ਰਿਕਾਰਡ ਫਰੋਲ ਕੇ ਪਟਵਾਰੀ ਗੁਰਮੁਖ ਸਿੰਘ ਨੇ ਦੱਸਿਆ ਕਿ ਰਿਕਾਰਡ ਮੁਤਾਬਿਕ ਨਾ ਹੀ ਜਸਮੀਤ ਸਿੰਘ ਦੇ ਨਾਂ ਅਤੇ ਨਾ ਹੀ ਜਗਮੀਤ ਸਿੰਘ ਦੇ ਨਾਂ ’ਤੇ ਕੋਈ ਪਲਾਟ ਹੈ। ਹਾਂ, ਇੱਕ ਪਲਾਟ ਹੈ ਚਾਰ ਵਿਸਵੇ ਦਾ। ਇਹ ਪਲਾਟ ਜਗਮੀਤ ਸਿੰਘ ਪੁੱਤਰ ਸੁੱਚਾ ਸਿੰਘ ਨੇ ਕਿਸੇ ਕ੍ਰਿਸ਼ਨ ਲਾਲ ਨੂੰ ਵੇਚਿਆ ਸੀ ਅਤੇ ਕ੍ਰਿਸ਼ਨ ਲਾਲ ਨੇ ਅੱਗਿਓਂ ਇਹ ਕਿਸੇ ਪ੍ਰਸਿੰਨੀ ਨੂੰ ਵੇਚਿਆ ਹੋਇਆ ਹੈ। ਵਰਤਮਾਨ ਰਿਕਾਰਡ ਮੁਤਾਬਿਕ ਇਸ ਪਲਾਟ ’ਤੇ ਕਿਸੇ ਬੈਂਕ ਦਾ ਮਕਾਨ ਬਣਾਉਣ ਦਾ ਕਰਜ਼ਾ ਹੈ ਅਤੇ ਹੁਣ ਇਹ ਬੈਂਕ ਕੋਲ ਰਹਿਣ ਹੈ। ਅੰਕਲ ਜੀ, ਤੁਸੀਂ ਇਸ ਜਗਮੀਤ ਸਿੰਘ ਨੂੰ ਮਿਲੋ, ਇਹ ਤੁਹਾਨੂੰ ਸਾਰੀ ਗੱਲ ਸਮਝਾ ਸਕਦੈ।”
“ਐਂ ਕਿਵੇਂ ਵਿਕ ਗਿਆ ਭਲਾ? ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ? ਕਿਸਨੇ ਉਸਨੂੰ ਨੰਬਰ ਦੇ ਦਿੱਤੇ? ਕਿਸਨੇ ਰਜਿਸਟਰੀ ਕਰ ਦਿੱਤੀ? ਨੰਬਰਦਾਰ ਗਵਾਹ ਵੀ ਲਏ ਹੋਣਗੇ। ਖਾਲਾ ਜੀ ਦਾ ਵਾੜਾ ਸਮਝ ਰੱਖਿਐ। ਮੈਂ ਉੱਪਰ ਤਕ ਜਾਊਂਗਾ। ਸਭ ਦੀ ਸਾਰ ਲਊਂਗਾ। ਉਂਝ ਮੈਂ ਸਮਝ ਤਾਂ ਗਿਆ ਕਿ ਕਿੱਥੇ ਅਤੇ ਕਿਵੇਂ ਹੋਇਆ ਹੈ ਇਹ ਘਾਲਾ ਮਾਲਾ?”
“ਬਾਬਾ! ਇੱਥੇ ਰੌਲਾ ਪਾਉਣ ਦਾ ਕੀ ਫਾਇਦਾ। ਮੈਂ ਤਾਂ ਤੈਨੂੰ ਰਿਕਾਰਡ ਦੇਖ ਕੇ ਦੱਸਤਾ, ਬਾਕੀ ਤੂੰ ਜਾਣੇ ਤੇ ਤੇਰਾ ਕੰਮ।” ਕਹਿੰਦਿਆਂ ਪਟਵਾਰੀ ਸਾਹਿਬ ਤਹਿਸੀਲ ਜਾਣ ਲਈ ਦਫਤਰੋਂ ਬਾਹਰ ਹੋ ਗਏ।
ਉੱਥੋਂ ਆਪਣਾ ਲਕਾ ਤੁਕਾ ਸਮੇਟ ਕੇ ਜਸਮੀਤ ਸਿੰਘ ਨੇ ਜਗਮੀਤ ਸਿੰਘ ਦੇ ਘਰ ਵੱਲ ਚਾਲੇ ਪਾ ਦਿੱਤੇ। ਜਗਮੀਤ ਸਿੰਘ ਘਰ ਹੀ ਸੀ। ਉਸਨੇ ਆਦਤਨ ਥੋੜ੍ਹੀ ਪੀ ਰੱਖੀ ਸੀ।
“ਜਗਮੀਤ ਸਿਹਾਂ, ਮੈਂ ਪਟਵਾਰੀ ਕੋਲੋਂ ਆਇਆਂ, ਉਸਨੇ ਮੈਨੂੰ ਦੱਸਿਐ ਬਈ ਆਹ ਮੇਰਾ ਚਾਰ ਬਿਸਵੇ ਦਾ ਪਲਾਟ ਤੈਂ ਵੇਚਤਾ। ਤੂੰ ਭਲਾ ਕਿਵੇਂ ਵੇਚ ਸਕਦੈਂ, ਜਦੋਂ ਤੂੰ ਇਸਦਾ ਮਾਲਿਕ ਹੀ ਨਹੀਂ, ਸਗੋਂ ਮਾਲਿਕ ਤਾਂ ਮੈਂ ਆਂ। ਤੈਨੂੰ ਇਸਦੇ ਨੰਬਰ ਕਿਸਨੇ ਦੇ ਦਿੱਤੇ? ਕਿਹੜਾ ਪਟਵਾਰੀ ਸੀ ਉਸ ਵਕਤ? ਰਜਿਸਟਰੀ ਕਿਵੇਂ ਹੋ ਗਈ?” ਜਸਮੀਤ ਸਿੰਘ ਨੇ ਕਈ ਸਵਾਲ ਇੱਕ ਦਮ ਹੀ ਦਾਗ਼ ਦਿੱਤੇ ਸਨ।
“ਕਿਹੜੇ ਪਲਾਟ ਦੀ ਗੱਲ ਕਰਦੇ ਓ ਅੰਕਲ ਜੀ ਤੁਸੀਂ? ਅਸੀਂ ਤਾਂ ਰੋਜ਼ ਈ ਕੋਈ ਨਾ ਕੋਈ ਪਲਾਟ ਵੇਚਦੇ ਆਂ। ਥੋਨੂੰ ਪਤਾ ਈ ਐ, ਮੇਰਾ ਪਿਓ ਥਾਣੇਦਾਰ ਸੀ, ਸਵਰਗਾਂ ਵਿੱਚ ਕੁਰਸੀ ਮਿਲੇ ਵਿਚਾਰੇ ਨੂੰ, ਸਾਡੇ ਵਾਸਤੇ ਥਾਓਂ ਥਾਓਂ ਪਲਾਟ ਲੈ ਕੇ ਰੱਖ ਗਿਆ।” ਲੜਖੜਾਉਂਦੀ ਜ਼ਬਾਨ ਵਿੱਚ ਜਗਮੀਤ ਨੇ ਜਵਾਬ ਦਿੱਤਾ।
“ਆਹ ਜਿਹੜਾ ਨਵਯੁਗ ਕਾਲੋਨੀ ਵਾਲਾ, ਚਾਰ ਵਿਸਵੇ ਦਾ ਪਲਾਟ, ਜਿਹੜਾ ਤੈਂ ਕਿਸੇ ਕ੍ਰਿਸ਼ਨ ਲਾਲ ਨੂੰ ਵੇਚਿਐ, 14 ਲੱਖ ਦਾ, ਇਸਦਾ ਮਾਲਿਕ ਤਾਂ ਮੈਂ ਆਂ। ਆਹ ਦੇਖ ਰਜਿਸਟਰੀ। ਤੇਰੇ ਕੋਲ ਇਸਦਾ ਮਾਲਿਕ ਹੋਣ ਦਾ ਕੀ ਸਬੂਤ ਐ? ਸਾਰੇ ਕਾਗਜ਼ ਜਗਮੀਤ ਅੱਗੇ ਰੱਖਦਿਆਂ ਜਸਮੀਤ ਨੇ ਗੱਲ ਸਾਫ ਕਰਨੀ ਚਾਹੀ।
“ਅੰਕਲ ਜੀ, ਮੈਨੂੰ ਕੁਛ ਨੀ ਪਤਾ। ਮੈਨੂੰ ਤਾਂ ਪਿਛਲੇ ਪਟਵਾਰੀ, ਜਿਹੜਾ ਹੁਣ ਤਾਂ ਕਹਿੰਦੇ ਰਿਟਾਇਰ ਹੋ ਗਿਆ, ਉਸਦੇ ਕਰਿੰਦੇ ਨੇ ਬੁਲਾ ਕੇ ਦੱਸਿਆ ਸੀ ਬਈ, ਇਹ ਪਲਾਟ ਮੇਰੇ ਨਾਂ ਬੋਲਦੈ। ਮੈਂ ਸੋਚਿਆ ਬਈ ਮੇਰੇ ਪਿਉ ਨੇ ਖਰੀਦਿਆ ਹੋਣਾ ਹੈ, ਰਜਿਸਟਰੀ ਕਿਸੇ ਥਾਣੇ ਵਿੱਚ ਧਰ ਕੇ ਭੁੱਲ ਗਿਆ ਹੋਊ, ਥਾਣੇਦਾਰ ਸੀ ਨਾ ਓਹੋ। ਵੀਹ ਸਾਲ ਥਾਣੇਦਾਰ ਲੱਗਿਆ ਰਿਹਾ ਹੈ, ਅੱਡ ਅੱਡ ਥਾਣਿਆਂ ਵਿੱਚ। ਧਰ ਧਰ ਭੁੱਲਦਾ ਸੀ। ਨੰਬਰ ਮੈਨੂੰ ਪਟਵਾਰੀ ਨੇ ਦੇ ਦਿੱਤੇ। ਪਲਾਟ ਮੈਂ ਆਪਣਾ ਸਮਝ ਕੇ ਵੇਚਤਾ, 14 ਲੱਖ ਦਾ ਕਿਸ਼ਨੇ ਨੂੰ। ਮੈਨੂੰ ਤਾਂ ਪਤਾ ਲੱਗਿਐ ਬਈ ਉਸਨੇ ਇਹ ਅੱਗੇ ਵੇਚਤਾ ਤੇ ਅਗਾਂਹ ਆਲੇ ਨੇ ਉੱਥੇ ਮਕਾਨ ਬਣਾ ਲਿਆ। ਹੁਣ ਤੂੰ ਕਿੱਥੋਂ ਆ ਗਿਆ, ਇਹਦਾ ਮਾਲਕ?” “ਸ਼ਰਾਬੀ ਹੋਏ ਜਗਮੀਤ ਸਿੰਘ ਨੇ ਅਚੰਭਾ ਪ੍ਰਗਟ ਕਰਦਿਆਂ ਕਿਹਾ।
“ਚਲੋ ਕੋਈ ਨੀ, ਜਿਹੜਾ ਕੁਛ ਪਿੱਛੇ ਹੋ ਗਿਆ ਸੋ ਹੋ ਗਿਆ, ਉਸ ’ਤੇ ਪਾਈਏ ਮਿੱਟੀ। ਆਪਾਂ ਕਿਸੇ ਲੜਾਈ ਝਗੜੇ ਵਿੱਚ ਨਹੀਂ ਪੈਣਾ। ਤੁਸੀਂ ਮੈਨੂੰ ਮੇਰੇ ਪਲਾਟ ਦੀ ਕੀਮਤ 14 ਲੱਖ ਹੀ ਦੇ ਦਿਓ ਅਤੇ ਸੁਰਖ਼ਰੂ ਹੋਵੋ। ਨਾ ਹੈ ਹੈ, ਨਾ ਖੈ ਖੈ। ਆਪਾਂ ਅਦਾਲਤ ਵਿੱਚ ਜਾਕੇ ਲਿਖਾ ਪੜ੍ਹੀ ਕਰ ਲਵਾਂਗੇ।” ਜਸਮੀਤ ਸਿੰਘ ਨੇ ਆਪਣੇ ਵੱਲੋਂ ਸਲਾਹ ਦਿੱਤੀ।
“ਕਿਹੜੇ ਪੈਸੇ? ਕਾਹਦੇ ਪੈਸੇ? ਉਹ ਵੀ ਚੌਦਾਂ ਲੱਖ? ਮੇਰੇ ਕੋਲ ਤਾਂ ਚੌਦਾਂ ਰੁਪਈਏ ਨਹੀਂ। ਜਿਹੜੇ ਪੈਸੇ ਮੈਂ ਵੱਟੇ ਸੀ ਉਹ ਤਾਂ ਖਾਧੇ ਪੀਤੇ ਗਏ। ਨਾਲੇ ਮੈਂ ਤਾਂ ਇਹ ਪਲਾਟ ਆਪਣਾ ਸਮਝ ਕੇ ਵੇਚਿਆ ਸੀ, ਜੇਕਰ ਮੈਨੂੰ ਪਤਾ ਹੁੰਦਾ ਬਈ ਇਹ ਪਲਾਟ ਮੇਰਾ ਨਹੀਂ, ਮੈਂ ਕਾਹਨੂੰ ਵੇਚਦਾ। ਤੂੰ ਅੰਕਲ ਜਾ ਕੇ ਤਸੀਲ ਆਲਿਆਂ ਨੂੰ ਪੁੱਛ, ਜਿਨ੍ਹਾਂ ਨੇ ਮੈਨੂੰ ਨੰਬਰ ਦਿੱਤੇ, ਜਿਨ੍ਹਾਂ ਨੇ ਰਜਿਸਟਰੀ ਕਰੀ, ਮੇਰਾ ਇਹਦੇ ਵਿੱਚ ਭਲਾ ਕੀ ਕਸੂਰ ਐ?” ਜਗਮੀਤ ਸਿੰਘ ਨੇ ਦੋ ਟੁੱਕ ਗੱਲ ਨਿਬੇੜ ਦਿੱਤੀ ਸੀ।
ਅੱਕੇ ਹੋਏ ਜਸਮੀਤ ਸਿੰਘ ਨੇ ਤਹਿਸੀਲਦਾਰ ਦੇ, ਐੱਸ ਡੀ ਐੱਮ ਦੇ, ਡੀ ਸੀ ਦੇ ਅਤੇ ਕਮਿਸ਼ਨਰ ਦੇ ਕੇਸ ਕੀਤਾ ਪ੍ਰੰਤੂ ਸਭ ਪਾਸਿਓਂ ਉਸਦੇ ਪੱਲੇ ਨਿਰਾਸਾ ਹੀ ਪਈ। ਸਭ ਨੇ ਇਹੀ ਕਿਹਾ ਕਿ 12 ਸਾਲ ਟੱਪਣ ਬਾਅਦ ਜ਼ਮੀਨ ’ਤੇ ਲਿਮੀਟੇਸ਼ਨ ਕਾਨੂੰਨ ਲਾਗੂ ਹੋ ਜਾਂਦਾ ਹੈ ਯਾਨੀ ਕਿ ਜਿਸਦਾ ਕਬਜ਼ਾ ਉਸੇ ਦਾ ਪਲਾਟ। ਕਿਸੇ ਨੇ ਸਲਾਹ ਦਿੱਤੀ ਕਿ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇ। ਪੰਜ ਲੱਖ ਰੁਪਏ ਵਕੀਲ ਨੂੰ ਦੇ ਕੇ ਹਾਈ ਕੋਰਟ ਤਕ ਪਹੁੰਚ ਕੀਤੀ ਗਈ। ਗਿਆਰਾਂ ਮਹੀਨਿਆਂ ਬਾਅਦ ਨੰਬਰ ਲੱਗਿਆ। ਤੀਜੀ ਪੇਸ਼ੀ ’ਤੇ ਕੋਰਟ ਨੇ ਉਲਝੇ ਹੋਏ ਕੇਸ ਵਿੱਚ ਸਰਕਾਰ ਨੂੰ ਹਿਦਾਇਤ ਕੀਤੀ ਕਿ ਜਸਮੀਤ ਸਿੰਘ ਨੂੰ ਉਸਦੇ ਪਲਾਟ ਦਾ ਜਾਇਜ਼ ਮੁਆਵਜ਼ਾ ਦਿੱਤਾ ਜਾਵੇ ਅਤੇ ਸਬੰਧਤ ਕਸੂਰਵਾਰਾਂ ’ਤੇ ਫੌਜਦਾਰੀ ਕੇਸ ਦਾਇਰ ਕੀਤਾ ਜਾਵੇ। ਸਰਕਾਰ ਨੇ ਚਾਰ ਬਿਸਵੇ ਦੇ ਪਲਾਟ ਦੀ ਵਰਤਮਾਨ ਸਰਕਾਰੀ ਦਰ ਦੇ ਹਿਸਾਬ 10 ਲੱਖ ਦਾ ਮੁਆਵਜ਼ਾ ਮਨਜ਼ੂਰ ਕਰ ਦਿੱਤਾ ਪ੍ਰੰਤੂ ਹੁਣ ਤਕ ਸੱਤ ਅੱਠ ਲੱਖ ਕੇਸ ਉੱਪਰ ਖਰਚ ਕਰ ਚੁੱਕੇ ਜਸਮੀਤ ਸਿੰਘ ਨੇ ਇਹ ਨਿਗੂਣਾ ਮੁਆਵਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸੁਪਰੀਮ ਕੋਰਟ ਤਕ ਪਹੁੰਚ ਕਰਨ ਦੀ ਠਾਣ ਲਈ।
ਕੇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਇਕੱਠੇ ਕਰਕੇ ਇੱਕ ਦਿਨ ਉਸਨੇ ਸਵੇਰੇ 6 ਵਜੇ ਦਿੱਲੀ ਵਾਲੀ ਇੰਟਰਸਿਟੀ ਟਰੇਨ ਪਕੜ ਲਈ। ਸੁਪਰੀਮ ਕੋਰਟ ਪਹੁੰਚ ਕੇ ਇੱਕ ਗੁਰਮੁਖ ਬੰਦਾ ਕੰਪਿਊਟਰ ’ਤੇ ਕੁਛ ਟਾਈਪ ਕਰਦਾ ਉਸਦੇ ਨਜ਼ਰੀਂ ਪਿਆ। ਜਸਦੀਪ ਸਿੰਘ ਟਾਈਪ ਕਰ ਰਹੇ ਭੱਦਰ ਪੁਰਸ਼ ਨੂੰ ਫਤਹਿ ਬੁਲਾ ਕੇ ਉਸਦੇ ਸਾਹਮਣੇ ਪਏ ਬੈਂਚ ਉੱਪਰ ਅਰਾਮ ਕਰਨ ਲਈ ਬੈਠ ਗਿਆ। ਦੋ ਚਾਰ ਮਿੰਟ ਆਰਾਮ ਫਰਮਾ ਕੇ ਜਸਦੀਪ ਸਿੰਘ ਨੇ ਅਧਖੜ ਉਮਰ ਦੇ ਟਾਈਪਿਸਟ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਉਸਨੂੰ ਸੰਬੋਧਨ ਹੋ ਕੇ ਦਸ ਕੁ ਮਿੰਟਾਂ ਵਿੱਚ ਆਪਣੀ ਸਾਰੀ ਰਾਮ ਕਹਾਣੀ ਕਹਿ ਸੁਣਾਈ ਅਤੇ ਆਖਿਆ, “ਤੁਸੀਂ ਤਾਂ ਸਭ ਨੂੰ ਜਾਣਦੇ ਹੋਵੋਗੇ, ਮੈਨੂੰ ਕਿਸੇ ਸੁਲਝੇ ਹੋਏ ਸਿਆਣੇ ਵਕੀਲ ਦੀ ਜਾਣਕਾਰੀ ਦਿਉ, ਜਿਹੜਾ ਮੇਰਾ ਕੇਸ ਲੜ ਕੇ ਮੈਨੂੰ ਮੇਰੇ ਪਲਾਟ ਦਾ ਢੁਕਵਾਂ ਮੁਆਵਜ਼ਾ ਦਿਵਾ ਸਕੇ।”
ਹੁਣ ਤਕ ਨੀਵੀਂ ਪਾਕੇ ਟਾਈਪ ਕਰ ਰਹੇ ਸਿਆਣੇ ਗੁਰਮੁਖ ਬੰਦੇ ਨੇ ਨਾਲੋ ਨਾਲ ਉਸਦੀ ਸਾਰੀ ਵਿਥਿਆ ਸੁਣ ਅਤੇ ਸਮਝ ਲਈ ਸੀ। ਬੋਲਿਆ, “ਦੇਖੋ ਸਰਦਾਰ ਜੀ, ਤੁਸੀਂ ਪਤਾ ਨਹੀਂ ਘਰੋਂ ਕੀ ਕੀ ਉਮੀਦਾਂ ਲੈ ਕੇ ਚੱਲੇ ਹੋਵੋਂਗੇ। ਸੋਚਿਆ ਹੋਊਗਾ ਬਈ ਜੇਕਰ ਹੋਰ ਨਹੀਂ ਤਾਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤਾਂ ਤੁਹਾਡੀ ਜ਼ਰੂਰ ਸੁਣੇਗੀ ਅਤੇ ਉਚਿਤ ਨਿਆਂ ਕਰੇਗੀ ਪ੍ਰੰਤੂ ਇੱਥੇ ਅਸਲੀਅਤ ਹੋਰ ਹੀ ਹੈ। ਸਾਡੇ ਦੇਸ਼ ਵਿੱਚ ਵੱਡੀਆਂ ਅਦਾਲਤਾਂ ਸਿਰਫ ਵੱਡੇ ਲੋਕਾਂ ਲਈ ਨੇ। ਇੱਥੇ ਜਾਂ ਤਾਂ ਰਾਜਨੀਤਿਕ ਲੋਕਾਂ ਦੀ ਦਾਲ਼ ਗਲਦੀ ਹੈ ਜਾਂ ਫਿਰ ਨੰਬਰ ਦੋ ਦੇ ਰੁਪਈਏ ਵਾਲਿਆਂ ਦੀ। ਆਮ ਬੰਦੇ ਦੀ ਤਾਂ ਪੰਜ ਸੱਤ ਸਾਲ ਵਾਰੀ ਹੀ ਨਹੀਂ ਆਉਂਦੀ। ਦੂਜੀ ਗੱਲ, ਮੈਂ ਹਿਸਾਬ ਜਿਹਾ ਲਾ ਲਿਆ ਬਈ ਤੁਹਾਡੇ ਰੌਲੇ ਵਾਲੇ ਪਲਾਟ ਦੀ ਵਰਤਮਾਨ ਬਜ਼ਾਰੂ ਕੀਮਤ 20 ਕੁ ਲੱਖ ਰੁਪਏ ਹੋਊ, ਜਿਸਦਾ ਤੁਸੀਂ ਮੁਆਵਜ਼ਾ ਮੰਗਦੇ ਹੋ। ਮੈਂ ਤੁਹਾਨੂੰ ਹਨੇਰੇ ਵਿੱਚ ਨਹੀਂ ਰੱਖਣਾ ਚਾਹੁੰਦਾ। ਇੱਥੇ ਤਾਂ ਵਕੀਲ ਦੀ ਘੱਟੋ ਘੱਟ ਫੀਸ ਹੀ 20 ਲੱਖ ਤੋਂ ਸ਼ੁਰੂ ਹੁੰਦੀ ਹੈ। ਮੰਨ ਲਓ ਕੇਸ ਤੁਹਾਡੇ ਹੱਕ ਵਿੱਚ ਹੋ ਵੀ ਜਾਵੇ, ਪਲਾਟ ਦੀ ਕੀਮਤ ਤਾਂ ਵਕੀਲ ਦੀ ਫੀਸ ਵਿੱਚ ਹੀ ਚਲੀ ਜਾਊ, ਖੱਜਲ ਖੁਆਰੀ ਵਾਧੂ ਦੀ। ਕੀ ਗੰਜੀ ਨਹਾਊ, ਕੀ ਨਿਚੋੜੂ? ਮੈਨੂੰ ਤਾਂ ਲੱਗਦੈ ਕੁਛ ਨੀ ਪਿਆ ਕੱਢਣ ਪਾਉਣ ਨੂੰ। ਅੱਠ ਦਸ ਲੱਖ ਤੁਸੀਂ ਪਹਿਲਾਂ ਖਰਚ ਕਰੀ ਫਿਰਦੇ ਓ। ਮੇਰੀ ਤੁਹਾਨੂੰ ਸਲਾਹ ਹੈ ਕਿ ਜਿਹੜਾ ਮੁਆਵਜ਼ਾ ਸਰਕਾਰ ਦਿੰਦੀ ਐ, ਚੁੱਪ ਕਰਕੇ ਲੈ ਲਵੋ। ਸਮਝ ਲੈਣਾ ਕਿ ਖਰਚਾ ਮੁੜ ਆਇਆ। ਬਾਕੀ, ਜਿੱਧਰ ਗਿਆ ਬਾਣੀਆ, ਉੱਧਰ ਗਿਆ ਬਜ਼ਾਰ। ਚਾਰ ਵਿਸਵੇ ਮਿੱਟੀ ਪਿੱਛੇ ਕਿਉਂ ਮਿੱਟੀ ਹੋਣ ਲੱਗੇ ਹੋਏਓਂ?” ਇਹ ਕਹਿ ਕੇ ਜਦੋਂ ਟਾਈਪਿਸਟ ਨੇ ਉੱਪਰ ਮੂੰਹ ਚੁੱਕ ਕੇ ਜਸਮੀਤ ਸਿੰਘ ਵੱਲ ਦੇਖਿਆ, ਜਸਮੀਤ ਸਿੰਘ ਤਾਂ ਬੈਂਚ ਉੱਪਰ ਲੁੜ੍ਹਕਿਆ ਪਿਆ ਸੀ। ਦਰਅਸਲ ਜਸਮੀਤ ਸਿੰਘ ਤਾਂ ਪੰਜ ਸੱਤ ਮਿੰਟ ਪਹਿਲਾਂ ਹੀ ਵਕੀਲ ਦੀ ਫੀਸ ਸੁਣ ਕੇ ਮਿੱਟੀ ਹੋ ਚੁੱਕਿਆ ਸੀ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































