“ਜਾਤ ਪਾਤ ਦੇ ਵਿਰੋਧ ਵਿੱਚ ਬਾਣੀ ਵਿੱਚ ਬੜਾ ਸਪਸ਼ਟ ਹੈ: “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ...”
(27 ਨਵੰਬਰ 2023)
ਇਸ ਸਮੇਂ ਪਾਠਕ: 75.
ਸਮੁੱਚੀ ਮਾਨਵਤਾ ਦਾ ਧਾਰਮਿਕ ਗ੍ਰੰਥ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ। ਬਿਨਾ ਕਿਸੇ ਜਾਤੀ, ਧਰਮ ਦੇ ਭੇਦ ਭਾਵ ਦੇ 1430 ਅੰਗਾਂ ਵਾਲਾ, 31 ਰਾਗਾਂ ਵਿੱਚ, ਛੇ ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ 3 ਗੁਰਸਿੱਖ ਸਾਹਿਬਾਨ ਦੀ ਬਾਣੀ ਸਮੇਟੇ, ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਤ, ਗੁਰਮੁਖੀ ਲਿੱਪੀ ਵਿੱਚ ਭਾਈ ਗੁਰਦਾਸ ਜੀ ਦੁਆਰਾ ਲਿਖਤ, ਸੰਪੂਰਨ ਗ੍ਰੰਥ ਸਮੁੱਚੀ ਮਾਨਵਤਾ ਦੇ ਭਲੇ ਦੀ ਗੱਲ ਕਰਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 187 ਉੱਤੇ ਆਪਣੇ ਸ਼ਬਦ ਵਿੱਚ ਫੁਰਮਾਉਂਦੇ ਹਨ:
“ਏਕ ਪਿਤਾ ਏਕਸ ਕੇ ਹਮ ਬਾਰਿਕ”
ਜ਼ਿੰਦਗੀ ਦੇ ਸਾਰੇ ਪੜਾਵਾਂ, ਯਾਨੀਕਿ ਜਦੋਂ ਬੱਚਾ ਗਰਭ ਵਿੱਚ ਆਉਂਦਾ ਹੈ ਅਤੇ ਅਖੀਰ ਮਿੱਟੀ ਸੰਗ ਮਿੱਟੀ ਹੋਣ ਵੇਲੇ ਤਕ ਦਾ ਵਰਣਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਖੂਬੀ ਕੀਤਾ ਗਿਆ ਹੈ।
ਭਗਤ ਨਾਮ ਦੇਵ ਜੀ ਨੇ ਵੀ ਕਿਹਾ ਹੈ:
ਜਲ ਕੀ ਭਿਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ॥
ਹਾੜ ਮਾਸ ਨਾ ਕੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥ ਪੰਨਾ 659.
ਅਰਥਾਤ: ਪੰਛੀ ਰੂਪੀ ਵਿਚਾਰਾ ਮਾਨਸ ਹੱਡ ਮਾਸ ਅਤੇ ਨਾੜੀਆਂ ਦੇ ਉਸ ਪਿੰਜਰ ਰੂਪੀ ਸਰੀਰ ਵਿੱਚ ਰਹਿ ਰਿਹਾ ਹੈ ਜਿਸਦੀ ਕੰਧ ਪਾਣੀ ਦੀ ਹੈ, ਜਿਸਦੀ ਥੰਮ੍ਹੀ ਹਵਾ ਦੇ ਸਾਹਾਂ ਦੀ ਹੈ, ਮਾਂ ਦਾ ਖੂਨ ਤੇ ਪਿਉ ਦੀ ਬੂੰਦ ਦਾ ਜਿਸ ਨੂੰ ਗਾਰਾ ਲੱਗਾ ਹੈ।
ਇਸ ਸੰਸਾਰ ਦੇ ਕੁੱਲ ਜੀਵ ਜੰਤੂਆਂ ਅਤੇ ਬਨਸਪਤੀ ਦੀ ਪੈਦਾਇਸ਼ ਦੇ ਚਾਰ ਸ੍ਰੋਤ (ਚਾਰ ਖਾਣੀਆਂ) ਬਾਣੀ ਵਿੱਚ ਦਰਜ਼ ਹਨ ਯਾਨੀ ਕਿ ਅੰਡਜ਼, ਸੇਤਜ, ਜ਼ੇਰਜ਼, ਅਤੇ ਉਤਭਜ। ਅੱਜ ਤਕ ਦੁਨੀਆਂ ਭਰ ਦੇ ਵਿਗਿਆਨੀਆਂ ਨੂੰ ਵੀ ਇਹਨਾਂ ਚਾਰ ਸਰੋਤਾਂ ਤੋਂ ਬਿਨਾ ਕਿਸੇ ਵੀ ਹੋਰ ਸ੍ਰੋਤ ਦਾ ਗਿਆਨ ਪ੍ਰਾਪਤ ਨਹੀਂ ਹੋਇਆ ਹੈ। ਗੁਰੂ ਜੀ ਚਾਰ ਖਾਣੀਆਂ ਸ਼ਬਦ ਹੀ ਵਰਤਦੇ ਹਨ:
ਅੰਡਜ ਜੇਰਜ ਸਾਧਕੈ ਸੇਤਜ ਉਤਭੁਜ ਖਾਣੀ ਬਾਣੀ॥ (ਵਾਰ 7, ਪਉੜੀ 4)
ਅਰਥਾਤ : ਅੰਡਜ (ਅੰਡਾ), ਜੇਰਜ (ਜ਼ੇਰ), ਸੇਤਜ (ਪਸੀਨਾ), ਅਤੇ ਉਤਭੁਜ (ਧਰਤ ਦਾ ਸ਼ੀਨਾ ਪਾੜ ਕੇ) ਚਾਰੇ ਖਾਣੀਆਂ, ਵਿਸ਼ਵ ਉਤਪਤੀ ਦਾ ਸਰੋਤ ਹਨ।
ਬਾਣੀ ਵਿੱਚ ਮਨੁੱਖ ਦੇ ਪੂਰੇ ਜੀਵਨ ਨੂੰ ਰਾਤ ਦੇ ਚਾਰ ਪਹਿਰ ਨਾਲ ਤਸ਼ਬੀਹ ਦਿੱਤੀ ਗਈ ਹੈ ਅਤੇ ਇਹਨਾਂ ਚਾਰੇ ਅਵਸਥਾਵਾਂ ਵਿੱਚੋਂ ਗੁਜ਼ਰਦਿਆਂ ਮਨੁੱਖ ਕਿਸ ਤਰ੍ਹਾਂ ਵਿਹਾਰ ਕਰਦਾ ਹੈ, ਦਾ ਬਾਣੀ ਵਿੱਚ ਵਰਣਨ ਇਸ ਪ੍ਰਕਾਰ ਕੀਤਾ ਗਿਆ ਹੈ:
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ॥
ਅਰਥਾਤ: ਰਾਤ ਦੇ ਪਹਿਲੇ ਪਹਿਰ ਵਿੱਚ ਜੀਵ ਮਾਂ ਦੇ ਪੇਟ ਵਿੱਚ ਗਰਭ ਦੇ ਰੂਪ ਵਿੱਚ ਆਉਂਦਾ ਹੈ ਅਤੇ ਮਨੁੱਖੀ ਜੀਵਨ ਦੀ ਇਹ ਪਹਿਲੀ ਅਵਸਥਾ ਹੈ।
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ॥ ਹੱਥੋਂ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉਂ ਜਸੁਦਾ ਘਰਿ ਕਾਨੁ॥
ਅਰਥਾਤ: ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਯਾਨੀਕਿ ਬਚਪਨ ਵਿੱਚ ਇਹ ਜੀਵ ਜਨਮਦਾਤੇ ਨੂੰ ਭੁਲਾ ਕੇ ਹੋਰਾਂ ਦਾ ਪਿਆਰਾ ਬਣ ਜਾਂਦਾ ਹੈ।
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ॥ ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ॥
ਬਾਣੀ ਅਨੁਸਾਰ ਜ਼ਿੰਦਗੀ ਦੀ ਰਾਤ ਦੇ ਤੀਜੇ ਪਹਿਰੇ ਯਾਨੀਕਿ ਜਵਾਨੀ ਰੁੱਤੇ ਮਨੁੱਖ ਦਾ ਮਨ ਧਨ ਅਤੇ ਜੁਬਾਨੀ ਦੇ ਚੁੰਗਲ ਵਿੱਚ ਫਸ ਕੇ ਰਹਿ ਜਾਂਦਾ ਹੈ।
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥ ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ।
ਜ਼ਿੰਦਗੀ ਦੀ ਰਾਤ ਦੇ ਆਖਰੀ ਪਹਿਰ ਵਿੱਚ ਜੀਵ ਦੇ ਇਸ ਸੰਸਾਰ ਤੋਂ ਜਾਣ ਦਾ ਸਮਾਂ ਆ ਜਾਂਦਾ ਹੈ।
ਜਿਸ ਦਿਨ ਬੱਚਾ ਮਾਂ ਦੇ ਪੇਟ ਵਿੱਚ ਆਉਂਦਾ ਹੈ ਉਸੇ ਦਿਨ ਉਸਦੇ ਇਸ ਸੰਸਾਰ ਤੋਂ ਜਾਣ ਦਾ ਸਮਾਂ ਵੀ ਨੀਯਤ ਹੋ ਜਾਂਦਾ ਹੈ। ਗੁਰੂ ਜੀ ਫਰਮਾਉਂਦੇ ਹਨ:
ਜਿਤੁ ਦਿਹਾੜੇ ਧਨ ਵਰੀ, ਸਾਹੇ ਲਏ ਲਿਖਾਇ॥
ਗੁਰਬਾਣੀ ਅਨੁਸਾਰ ਮੌਤ ਇੱਕ ਸਚਾਈ ਹੈ:
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥
ਪੰਨਾ 474
ਸਭਨਾ ਮਰਣਾ ਆਇਆ ਵੇਛੋੜਾ ਸਭਨਾਹ।। ਪੰਨਾ 595
ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੇ ਸਮਾਇ।। ਪੰਨਾ 940
ਘਲੇ ਆਵਹਿ ਨਾਨਕਾ ਸਦੇ ਉੱਠੀ ਜਾਹਿ 1।। ਪੰਨਾ 1239।
ਕਾਲੁ ਚਲਾਏ ਬੰਨਿ ਕੋਇ ਨ ਰਖਸੀ।। ਪੰਨਾ 1290
ਗੁਰਬਾਣੀ ਦੀਆਂ ਉਪਰੋਕਤ ਸੱਤਰਾਂ ਮਰਨ ਦਾ ਹੀ ਸੱਤਿਆਪਨ ਕਰਦੀਆਂ ਹਨ। ਬਾਣੀ ਮੌਤ ਉਪਰੰਤ ਰੋਣ ਧੋਣ ਦੀ ਮਨਾਹੀ ਕਰਦੀ ਹੈ।
ਸਤਿਗੁਰਿ ਭਾਣੈ ਆਪਣੇ ਬਹਿ ਪਰਿਵਾਰੁ ਸਦਾਇਆ
ਮਤ ਮੈਂ ਪਿਛੈ ਕੋਈ ਰੋਵਸੀ, ਸੋ ਮੈ ਮੂਲਿ ਨਾ ਭਾਇਆ
ਗੁਰਾਂ ਦੀ ਬਾਣੀ ਵਿੱਚ ਦੁੱਖ ਸੁਖ, ਦੋਵੇਂ ਅਵਸਥਾਵਾਂ ਦਾ ਬਿਰਤਾਂਤ ਸਿਰਜਿਆ ਗਿਆ ਹੈ। ਜਨਮ, ਬਚਪਨ, ਜਵਾਨੀ, ਬੁਢਾਪਾ ਅਤੇ ਮੌਤ, ਯਾਨੀ ਕਿ ਜ਼ਿੰਦਗੀ ਦੇ ਹਰ ਪਹਿਲੂ ਨੂੰ ਵਿਚਾਰਦਿਆਂ, ਵਿਆਹ ਵੀ ਛੁੱਟਿਆ ਨਹੀਂ ਰਿਹਾ। ਵਿਆਹ ਵਿੱਚ ਨਿਭਾਈਆਂ ਜਾਣ ਵਾਲੀਆਂ ਹੋਰ ਰਸਮਾਂ ਵਿੱਚੋਂ ਇੱਕ ਮਹੱਤਵਪੂਰਨ ਰਸਮ ਹੁੰਦੀ ਹੈ ਲਾਵਾਂ ਦੀ। ਗੁਰਬਾਣੀ ਵਿੱਚ ਵਿਆਹ ਵੇਲੇ ਪੜ੍ਹੀਆਂ ਜਾਣ ਵਾਲੀਆਂ ਚਾਰ ਲਾਵਾਂ ਦਾ ਵੀ ਬੜਾ ਖੂਬਸੂਰਤ ਵਰਣਨ ਕੀਤਾ ਗਿਆ ਹੈ। ਚਾਰੇ ਲਾਵਾਂ ਵਾਹਿਗੁਰੂ ਦੇ ਲੜ ਲੱਗ ਕੇ ਇੱਕ ਖੂਬਸੂਰਤ ਵਿਆਹੁਤਾ ਜੀਵਨ ਜਿਊਣ ਦੀ ਸਿੱਖਿਆ ਦਿੰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 774 ਉੱਪਰ ਗੁਰੂ ਰਾਮ ਦਾਸ ਜੀ ਵੱਲੋਂ ਉਚਾਰਿਆ ਚਾਰ ਬੰਦਾਂ ਵਾਲਾ ਸ਼ਬਦ ਲਾਵਾਂ ਕਹਿਲਾਉਂਦਾ ਹੈ।
ਇਸ ਸਮੁੱਚੇ ਬ੍ਰਹਿਮੰਡ ਨੂੰ ਚਲਾਉਣ ਵਾਲੇ ਦੀ ਉਸਤਤਿ ਕਰਦਿਆਂ ਗੁਰੂ ਜੀ ਆਸਾ ਦੀ ਵਾਰ ਸਲੋਕ ਮ: 1 ਵਿੱਚ ਫਰਮਾਉਂਦੇ ਹਨ ਕਿ ਇੱਕ ਓਂਕਾਰ, ਜਿਸਦੀ ਰਜ਼ਾ ਨਾਲ ਸਾਰਾ ਸਿਸਟਮ ਚੱਲ ਰਿਹਾ ਹੈ, ਉਸ ਬਾਰੇ ਗੁਰਬਾਣੀ ਵਿੱਚ ਫ਼ੁਰਮਾਇਆ ਗਿਆ ਹੈ ਕਿ ਸਾਰੇ ਦੇਵੀ ਦੇਵਤੇ, ਚੰਦ, ਤਾਰੇ, ਸੂਰਜ, ਧਰਤੀ, ਅਕਾਸ਼, ਬ੍ਰਹਿਮੰਡ, ਬੱਦਲ, ਅੱਗ, ਪਵਨ, ਰਾਜੇ, ਰਾਣੇ, ਜਨਮ, ਮਰਨ, ਦਰਿਆ, ਪਹਾੜ, ਆਦਿ ਇੱਕ ਸਰਬ ਸ਼ਕਤੀਮਾਨ ਨਿਰਭੈ ਨਿਰੰਕਾਰ ਦੇ ਹੁਕਮ ਵਿੱਚ ਆਪੋ ਆਪਣੀ ਡਿਊਟੀ ਵਜਾਉਂਦੇ ਹਨ। ਅਤੇ ਇੱਕੋ ਇੱਕ ਸੱਚਾ ਨਿਰੰਕਾਰ ਹੀ ਭੈ-ਰਹਿਤ ਹੈ।
ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਕੇ ਛਕਣਾ ਇੱਕ ਮਨੁੱਖ ਦੀ ਜ਼ਿੰਦਗੀ ਦਾ ਅਧਾਰ ਮੰਨਿਆ ਗਿਆ ਹੈ। ਵੰਡ ਕੇ ਛਕਣ ਦਾ ਸੰਕਲਪ ਬਾਬੇ ਨਾਨਕ ਨੇ 20 ਸਾਧੂਆਂ ਨੂੰ ਭੋਜਨ ਛਕਾ ਕੇ ਦਿੱਤਾ ਸੀ। ਜਿੱਥੇ ਗੁਰੂ ਘਰਾਂ ਵਿੱਚ ਅਟੁੱਟ ਲੰਗਰ ਪ੍ਰਥਾ ਉਦੋਂ ਤੋਂ ਹੀ ਚਾਲੂ ਹੈ, ਉੱਥੇ ਹੀ ਗੁਰੂ ਸਾਹਿਬ ਪਰਾਇਆ ਹੱਕ ਖਾਣ ਦੀ ਮਨਾਹੀ ਕਰਦੇ ਕਹਿੰਦੇ ਹਨ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੂ ਪੀਰੁ ਹਾਮਾ ਤਾਂ ਭਰੇ ਜਾ ਮੁਰਦਾਰੁ ਨ ਖਾਇ॥
ਮਤਲਬ, ਪਰਾਇਆ ਹੱਕ ਜੇਕਰ ਮੁਸਲਮਾਨ ਲਈ ਸੂਰ ਹੈ ਤਾਂ ਹਿੰਦੂ ਲਈ ਗਾਂ ਹੈ। ਗੁਰੂ ਤੇਰੇ ਹੱਕ ਵਿੱਚ ਤਾਂ ਹੀ ਹਾਮੀ ਭਰੇਗਾ ਜੇਕਰ ਤੂੰ ਪਰਾਇਆ ਹੱਕ ਨਹੀਂ ਮਾਰੇਂਗਾ। ਇਸ ਲਈ ਕਿਰਤ ਕਰਨੀ, ਨਾਮ ਜਪੁਣਾ ਅਤੇ ਵੰਡ ਛਕਣਾ ਹੀ ਜ਼ਿੰਦਗੀ ਦਾ ਮਨੋਰਥ ਹੋਣਾ ਚਾਹੀਦਾ ਹੈ।
ਔਰਤ ਨੂੰ ਜੱਗ ਜਣਨੀ ਦੱਸਦਿਆਂ ਗੁਰਾਂ ਦੀ ਬਾਣੀ ਲਿੰਗ ਭੇਦ ਨਹੀਂ ਕਰਦੀ ਸਗੋਂ ਔਰਤ ਜਾਤ ਦੀ ਵਡਿਆਈ ਕਰਦਿਆਂ ਫਰਮਾਇਆ ਗਿਆ ਹੈ ਕਿ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੀ ਵਿਆਹੁ।।
ਭੰਡਹੁ ਹੋਵੈ ਦੋਸਤੀ ਭੰਡਹੁ ਚੱਲੈ ਰਾਹੁ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।
ਸੋ ਕਿਉਂ ਮੰਦਾ ਆਖੀਐ ਜਤਿ ਜੰਮਹਿ ਰਾਜਾਨ।।
ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕਰਦਿਆਂ ਕਿਹਾ ਹੈ:
ਸਤੀਆ ਏਹਿ ਨ ਆਖੀਅਨਿ ਜੋ ਮੜੀਆ ਲਗਿ ਜਲੰਨਿ।।
ਨਾਨਕ ਸਤੀਆ ਸੇਈ ਜਾਣੀਅਨਿ, ਜਿ ਬਿਰਹੇ ਚੋਟ ਮਰੰਨਿ।।
ਰਹਤਿਨਾਮੇ ਅਨੁਸਾਰ: ਕੁੜੀਮਾਰ ਆਦਿਕ ਹੈ ਜੇਤੇ।
ਬਾਬਾ ਫ਼ਰੀਦ ਜੀ ਫੁਰਮਾਉਂਦੇ ਹਨ ਕਿ ਸਭ ਦੇ ਮਨਾਂ ਵਿੱਚ ਗੁਰੂ ਦਾ ਵਾਸਾ ਹੁੰਦਾ ਹੈ ਅਤੇ ਸਭ ਦੇ ਮਨ ਬੇਸ਼ਕੀਮਤੀ ਹੁੰਦੇ ਹਨ ਇਸ ਲਈ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ:
ਇਕ ਫਿਕਾ ਨਾ ਗਾਲਾਇ, ਸਭਨਾ ਮਹਿ ਸਚਾ ਧਣੀ॥
ਹਿਆਉ ਨਾ ਕੈਹੀ ਠਾਹਿ, ਮਾਣਕ ਸਭ ਅਮੋਲਵੇ॥ 129 ॥
ਗੁਰਬਾਣੀ ਦਾ ਇਕੱਲਾ ਇੱਕਲਾ ਸ਼ਬਦ ਸਾਡਾ ਰਾਹ ਦਸੇਰਾ ਹੈ। ਸਫ਼ਲ ਜੀਵਨ ਜਿਊਣ ਲਈ ਅਤੇ ਅਗਿਆਨਤਾ ਦਾ ਹਨੇਰਾ ਦੂਰ ਕਰਨ ਲਈ ਗੁਰਬਾਣੀ ਮੂਰਤੀ ਪੂਜਾ, ਵਿਅਕਤੀ ਪੂਜਾ, ਮੜ੍ਹੀਆਂ, ਮਸਾਣਾਂ, ਪਿਤਰ ਪੂਜਾ, ਚਮਤਕਾਰਾਂ, ਵਹਿਮਾਂ ਭਰਮਾਂ ਦਾ ਦੱਬ ਕੇ ਵਿਰੋਧ ਕਰਦੀ ਹੈ। ਗੁਰੂਆਂ ਦਾ ਕਹਿਣਾ ਹੈ ਕਿ ਗੁਰੂ ਦਾ ਸ਼ਬਦ ਹੀ ਮੂਰਤੀ ਹੈ।
ਗੁਰਬਾਣੀ ਵਿੱਚ ਜ਼ਿੰਦਗੀ ਦੇ ਵਿਕਾਰਾਂ ਦੀ ਵਿਰੋਧਤਾ ਵੀ ਬੜੇ ਸੋਹਣੇ ਢੰਗ ਨਾਲ ਕੀਤੀ ਗਈ ਹੈ:
ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹਿ ਸੁਖੁ ਨਹੀ ਪਾਈਐ॥
ਭਾਵ ਇਹਨਾਂ ਵਕਾਰਾਂ ਨੂੰ ਅਪਣਾਉਣ ਵਾਲੇ ਮਨੁੱਖ ਜ਼ਿੰਦਗੀ ਵਿੱਚ ਸੁਖ ਨਹੀਂ ਪਾ ਸਕਦੇ, ਇਸ ਲਈ ਇਹਨਾਂ ਦਾ ਤਿਆਗ ਹੀ ਸਾਨੂੰ ਸਹੀ ਰਸਤੇ ’ਤੇ ਪਵੇਗਾ:
ਕਾਮੁ ਕ੍ਰੋਧੁ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੈ॥ (ਪੰਨਾ 932)
ਭਾਵ ਕਾਮ ਕ੍ਰੋਧ ਸਾਡੀ ਸੋਨੇ ਵਰਗੀ ਦੇਹੀ ਨੂੰ ਗਾਲਣ ਦਾ ਕੰਮ ਕਰਦੇ ਹਨ।
ਗੁਰੂ ਜੀ ਨਾ ਹੀ ਕਿਸੇ ਕੋਲੋਂ ਡਰਨ ਦੀ ਅਤੇ ਨਾ ਹੀ ਕਿਸੇ ਨੂੰ ਡਰਾਉਣ ਦੀ ਸਿੱਖਿਆ ਦਿੰਦੇ ਹੋਏ ਕਹਿੰਦੇ ਹਨ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ (ਪੰਨਾ 1427)
ਇੱਥੋਂ ਤਕ ਕੇ ਗੁਰੂ ਜੀਆਂ ਨੇ ਜਬਰ ਜ਼ੁਲਮ ਦੇ ਖਿਲਾਫ ਹਥਿਆਰ ਚੁੱਕਣ ਤੋਂ ਵੀ ਮਨ੍ਹਾ ਨਹੀਂ ਕੀਤਾ।
ਜਾਤ ਪਾਤ ਦੇ ਵਿਰੋਧ ਵਿੱਚ ਬਾਣੀ ਵਿੱਚ ਬੜਾ ਸਪਸ਼ਟ ਹੈ: “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ “
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ, ਸਾਰੇ ਸਿੱਖ-ਸਤਿਗੁਰਾਂ ਨੇ ਜਾਤੀਵੰਡ ਦੀ ਭਰਪੂਰ ਖੰਡਨਾ ਕੀਤੀ ਅਤੇ ਹਰ ਥਾਂ ਜਾ ਕੇ ਪ੍ਰਚਾਰ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਨੇ ਜਾਤੀਵੰਡ ਨੂੰ ਮੁੱਢੋਂ ਹੀ ਖ਼ਤਮ ਕਰਨ ਲਈ ਸਭ ਨੂੰ ਖੰਡੇ-ਬਾਟੇ ਦੀ ਪਾਹੁਲ ਛਕਾਈ। ਗੁਰਬਾਣੀ ਦਾ ਫ਼ੁਰਮਾਨ ਹੈ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿੱਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (ਗੁ. ਗ੍ਰੰ. ਸਾ. ਪੰਨਾ-15)
ਗੁਰੂ ਨਾਨਕ ਜੀ ਫਰਮਾਉਂਦੇ ਹਨ ਕਿ ਮੈਨੂੰ ਵੱਡਿਆਂ ਨਾਲ ਚੱਲਣ ਦੀ ਕੋਈ ਇੱਛਾ ਨਹੀਂ ਹੈ, ਸਗੋਂ ਮੈਂ ਉਹਨਾਂ ਦਾ ਸਾਥੀ ਹਾਂ ਜਿਨ੍ਹਾਂ ਨੂੰ ਤਥਾ ਕਥਿਤ ਨੀਵੇਂ ਤੋਂ ਵੀ ਨੀਵੇਂ ਕਿਹਾ ਗਿਆ ਹੈ। ਮੈਂ ਜਾਣਦਾ ਹਾਂ ਕਿ ਤੇਰੀ ਮਿਹਰ ਦੀ ਨਜ਼ਰ ਉੱਥੇ ਹੈ, ਜਿੱਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ।
ਸ਼ਬਦ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ਼ ਸੰਪੂਰਨ ਗੁਰਬਾਣੀ ਤਰਕ, ਦਲੀਲ ਅਤੇ ਵਿਗਿਆਨ ’ਤੇ ਖਰੀ ਉੱਤਰਦੀ ਹੈ। “ਗੁਰਬਾਣੀ” ਮਨੁੱਖਤਾ ਲਈ ਗਿਆਨ ਵੰਡਦਾ ਖਜ਼ਾਨਾ ਹੈ। ਬਾਣੀ ਦਾ ਜਾਪ ਸਾਨੂੰ ਸਫਲ ਜ਼ਿੰਦਗੀ ਜਿਊਣ ਦੀ ਜਾਚ ਸਿਖਾਉਂਦਾ ਹੈ। ਇਹ ਵਿਸ਼ਾ ਬਹੁਤ ਗੰਭੀਰ ਹੋਣ ਦੇ ਨਾਲ ਨਾਲ ਲੰਬੇਰਾ ਵੀ ਹੈ ਅਤੇ ਇੱਕ ਲੇਖ ਵਿੱਚ ਵਿਸ਼ੇ ਨਾਲ ਨਿਆਂ ਨਹੀਂ ਕੀਤਾ ਜਾ ਸਕਦਾ। ਇਸ ਲਈ ਦਾਸ ਖਿਮਾ ਦਾ ਜਾਚਕ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4507)
(ਸਰੋਕਾਰ ਨਾਲ ਸੰਪਰਕ ਲਈ: (