“ਚਿੱਠੀ ਵਿੱਚ ਲਿਖਿਐ ਬਈ ਕਿਉਂ ਨਾ ਤੇਰੇ ਪਿਛਵਾੜੇ ਲੱਤ ਮਾਰਕੇ ਤੈਨੂੰ ਦਫਤਰੋਂ ਬਾਹਰ ਕੱਢ ਦਿੱਤਾ ਜਾਵੇ? ਜੇਕਰ ...”
(30 ਅਗਸਤ 2024)
ਸਾਡੇ ਮਹਿਕਮੇ ਵਿੱਚ ਇੱਕ ਮੁਲਾਜ਼ਮ ਹੁੰਦਾ ਸੀ, ਡਿਊਟੀ ਪ੍ਰਤੀ ਰੱਜ ਕੇ ਬੇਪ੍ਰਵਾਹ। ਉਸਦਾ ਮਨ ਕਰਦਾ, ਡਿਊਟੀ ਆਉਂਦਾ, ਮਨ ਕਰਦਾ ਕਈ ਕਈ ਦਿਨ ਬਿਨਾਂ ਛੁੱਟੀ ਦਾ ਕੋਈ ਅਰਜ਼ੀ ਪਰਚਾ ਦਿੱਤਿਆਂ ਗੈਰ ਹਾਜ਼ਰ ਰਹਿੰਦਾ। ਸੀਨੀਅਰ ਸਾਥੀਆਂ ਨੇ ਬਥੇਰਾ ਸਮਝਾਉਣਾ ਬਈ ਨੌਕਰੀ ਬੜੀ ਮੁਸ਼ਕਿਲ ਮਿਲਦੀ ਐ ਤੂੰ ਕਿਉਂ ਚੰਗੀ ਭਲੀ ਨੌਕਰੀ ਨੂੰ ਲੱਤ ਮਾਰਦੈਂ। ਮੁੰਡਾ ਖੁੰਡਾ ਸੀ, ਸਾਰੀਆਂ ਸਿਆਣਪਾਂ ਉਸਦੇ ਸਿਰ ਉੱਪਰੋਂ ਟੱਪ ਜਾਂਦੀਆਂ। ਨੌਕਰੀ ਤੋਂ ਗੈਰਹਾਜ਼ਰ ਹੋ ਕੇ ਉਹ ਅਵਾਰਾਗਰਦਾਂ ਨਾਲ ਘੁੰਮਦਾ ਰਹਿੰਦਾ। ਛੁੱਟ ਭਲਾਈ ਦੇ, ਉਹ ਹੋਰ ਸਾਰੇ ਕੰਮਾਂ ਦਾ ਮਾਹਿਰ ਸੀ। ਜਿਹੜੀ ਵੀ ਅੱਗ ਸੁਆਹ ਮਿਲਦੀ, ਖਾ ਪੀ ਛੱਡਦਾ। ਕੱਲਮ ’ਕੱਲਾ, ਛੜਾ ਛਾਂਟ, ਨਾ ਰੰਨ ਨਾ ਕੰਨ। ਦੋਵੇਂ ਟਾਈਮ ਹੋਟਲ ਦੀਆਂ ਛਕ ਲੈਂਦਾ। ਦਾਰੂ, ਕਈ ਵਾਰੀ ਤਾਂ ਡਿਊਟੀ ’ਤੇ ਵੀ ਦਿਨੇ ਹੀ ਡੱਫ ਲੈਂਦਾ। ਖਾਧੀ ਪੀਤੀ ਵਿੱਚ ਪਤਾ ਨਹੀਂ ਡਿਊਟੀ ਤੋਂ ਹੀ ਕਿੱਧਰ ਨੂੰ ਤੁਰ ਜਾਂਦਾ। ਅਫਸਰ ਉਸ ਤੋਂ ਡਾਢੇ ਦੁਖੀ ਰਹਿੰਦੇ। ਜ਼ਿਆਦਾ ਗੈਰ ਹਾਜ਼ਰੀਆਂ ਹੋ ਜਾਣ ’ਤੇ ਉਸ ਨੂੰ ਘਰ ਚਿੱਠੀ ਭੇਜਦੇ ਅਤੇ ਡਿਊਟੀ ਤੇ ਨਾ ਆਉਣ ਦੀ ਸੂਰਤ ਵਿੱਚ ਨੌਕਰੀ ਤੋਂ ਕੱਢ ਦੇਣ ਤਕ ਦੀ ਧਮਕੀ ਦੇ ਦਿੰਦੇ। ਸ਼ਹਿਰ ਦੇ ਕਿਸੇ ਮੁਹਤਬਰ ਦੀਆਂ ਮਿੰਨਤਾਂ ਕਰਕੇ ਉਹ ਉਸ ਨੂੰ ਨਾਲ ਲਿਆਉਂਦਾ। ਅਫਸਰ ਦੀ ਮਿੰਨਤ ਮਨੌਤ ਕਰਕੇ ਫਿਰ ਜੁਆਇਨ ਕਰ ਲੈਂਦਾ। ਕੋਈ ਵੀ ਅਫਸਰ ਨੌਕਰੀਓਂ ਜਵਾਬ ਦੇ ਕੇ ਪਾਪਾਂ ਦਾ ਭਾਗੀ ਨਹੀਂ ਸੀ ਬਣਨਾ ਚਾਹੁੰਦਾ। ਅਫਸਰਾਂ ਦੀ ਇਸੇ ਨਰਮਾਈ ਦਾ ਉਹ ਫਾਇਦਾ ਉਠਾਉਂਦਾ ਰਿਹਾ। ਪਰ ਕਿੰਨਾ ਕੁ ਚਿਰ? ਇੱਕ ਦਿਨ ਉਹ ਵੀ ਆ ਗਿਆ ਕਿ ਇੱਕ ਸਖ਼ਤ ਅਫਸਰ ਨੇ ਉਸ ਨੂੰ ਲੰਮੀ ਗੈਰ ਹਾਜ਼ਰੀ ਕਾਰਨ ਮੁਅੱਤਲ ਕਰ ਦਿੱਤਾ ਅਤੇ ਉਸਦੇ ਖਿਲਾਫ ਇਨਕੁਆਇਰੀ ਬਹਾ ਦਿੱਤੀ। ਨਾ ਉਸਨੇ ਇਨਕੁਆਇਰੀ ਤੇ ਆਉਣਾ ਸੀ ਅਤੇ ਨਾ ਹੀ ਉਹ ਆਇਆ। ਮਹਿਕਮੇ ਨੇ ਸਖ਼ਤ ਫੈਸਲਾ ਲੈਂਦਿਆਂ ਉਸ ਨੂੰ ਮਹਿਕਮੇ ਵਿੱਚੋਂ ਕੱਢਣ ਦਾ ਮਨ ਬਣਾ ਲਿਆ। ਨਿਆਂ ਦਾ ਤਕਾਜ਼ਾ ਹੈ ਕਿ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਅਜਿਹੇ ਤਥਾਕਥਿਤ ਮੁਜਰਿਮ ਨੂੰ ਵੀ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦੇਣਾ ਹੁੰਦਾ ਹੈ। ਅਜਿਹਾ ਹੀ ਇੱਕ ਪੱਤਰ ਉਸ ਨੂੰ ਵੀ ਭੇਜ ਦਿੱਤਾ ਗਿਆ। ਪੱਤਰ ਦੀਆਂ ਅਖੀਰਲੀਆਂ ਸੱਤਰਾਂ ਸਨ ਕਿ ਕਿਉਂ ਨਾ ਤੈਨੂੰ ਮਹਿਕਮੇ ਵਿੱਚੋਂ ਕੱਢ ਦਿੱਤਾ ਜਾਵੇ? ਜੇਕਰ ਤੂੰ ਆਪਣੇ ਪੱਖ ਵਿੱਚ ਕੁਛ ਕਹਿਣਾ ਚਾਹੁੰਦਾ ਹੈਂ ਤਾਂ ਫਲਾਂ ਤਾਰੀਖ ਨੂੰ ਨਿੱਜੀ ਤੌਰ ’ਤੇ ਪੇਸ਼ ਹੋਕੇ ਅਪਣਾ ਪੱਖ ਰੱਖ ਸਕਦਾ ਹੈਂ। ਚਿੱਠੀ ਲੈ ਕੇ ਉਹ ਸਾਰੇ ਮੁਲਾਜ਼ਮਾਂ ਕੋਲ ਘੁੰਮਦਾ ਰਿਹਾ। ਗੇਂਦ ਦੇ ਟੱਲਾ ਮਾਰਨ ਵਾਂਗ ਸਾਰੇ ਹੀ ਉਸ ਨੂੰ ਮੇਰੀ ਸਲਾਹ ਲੈਣ ਦੀ ਸਲਾਹ ਦੇ ਦੇਣ।
“ਅੰਕਲ ਜੀ! ਆਹ ਚਿੱਠੀ ਜਹੀ ਆਈ ਐ, ਦੇਖਿਓ ਭਲਾ ਕੀ ਲਿਖਿਐ?” ਅਖੀਰ ਨੂੰ ਉਸਨੇ ਉਹ ਚਿੱਠੀ ਮੇਰੇ ਮੋਹਰੇ ਕਰ ਦਿੱਤੀ।
“ਚਿੱਠੀ ਵਿੱਚ ਲਿਖਿਐ ਬਈ ਕਿਉਂ ਨਾ ਤੇਰੇ ਪਿਛਵਾੜੇ ਲੱਤ ਮਾਰਕੇ ਤੈਨੂੰ ਦਫਤਰੋਂ ਬਾਹਰ ਕੱਢ ਦਿੱਤਾ ਜਾਵੇ? ਜੇਕਰ ਤੇਰੇ ਕੋਲ ਕਹਿਣ ਨੂੰ ਕੁਛ ਹੈ ਤਾਂ ਫਲਾਂ ਦਿਨ ਇੱਥੇ ਆਕੇ ਆਪਣੀ ਸਫਾਈ ਪੇਸ਼ ਕਰ ਸਕਦਾ ਹੈਂ।” ਚਿੱਠੀ ਪੜ੍ਹ ਕੇ ਮੈਂ ਉਸ ਨੂੰ ਉਸੇ ਦੀ ਭਾਸ਼ਾ ਵਿੱਚ ਸਮਝਾਇਆ। ਮੇਰੀ ਗੱਲ ਸੁਣਦਿਆਂ ਹੀ, ਹੁਣ ਤਕ ਚਿੱਠੀਆਂ ਚੁੱਠੀਆਂ ਦੀ ਪ੍ਰਵਾਹ ਨਾ ਕਰਨ ਵਾਲੇ ਦੇ ਇੱਕਦਮ ਪਿੱਸੂ ਪੈ ਗਏ।
“ਅੰਕਲ ਜੀ ਹੁਣ ਕੀ ਬਣੂ?” ਉਸਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਸਾਫ ਦਿਖਾਈ ਦੇ ਰਹੀਆਂ ਸਨ।
“ਸਾਫ਼ ਸਫ਼ਾਈ ਤਾਂ ਤੇਰੇ ਨੇੜਿਓਂ ਪਹਿਲਾਂ ਈ ਨਹੀਂ ਲੰਘਦੀ, ਤੇਰੇ ਕੋਲ ਆਪਣੀ ਸਫਾਈ ਵਿੱਚ ਕਹਿਣ ਨੂੰ ਹੈ ਕੀ? ਮਹਿਕਮੇ ਵਿੱਚੋਂ ਤੇਰਾ ਅੰਨ ਪਾਣੀ ਮੁੱਕ ਗਿਆ ਹੁਣ, ਜਾਂ ਕਹਿ ਲਓ ਕਿ ਤੈਂ ਆਪੇ ਈ ਮੁਕਾ ਲਿਆ। ਬੱਸ ਬੋਰੀਆ ਬਿਸਤਰਾ ਬੰਨ੍ਹਣ ਦੀ ਤਿਆਰੀ ਕਰ ਲੈ।” ਮੈਂ ਉਸ ਨੂੰ ਉਸਦੇ “ਕੱਲ੍ਹ” ਦੇ ਦਰਸ਼ਨ ਕਰਵਾ ਦਿੱਤੇ।
“ਮੈਂ ਕਹਿ ਦੇਊਂ ਕਿ ਮੇਰੇ ਢੂਹੀ ਵਿੱਚ ਚੁੱਕ ਪੈ ਗਈ ਸੀ, ਇਸ ਲਈ ਡਿਊਟੀ ’ਤੇ ਨਹੀਂ ਆ ਸਕਿਆ।” ਉਸ ਨੂੰ ਇਹ ਬਹਾਨਾ ਵਧੀਆ ਲੱਗਿਆ।
“ਤੇਰੇ ਵਰਗੇ ਦੀ ਚੁੱਕ ਉਹ ਰੋਜ਼ ਈ ਕੱਢਦੇ ਨੇ, ਤੂੰ ਕੀ ਸਮਝਦਾ ਹੈਂ ਬਈ ਐਡੇ ਵੱਡੇ ਅਫਸਰ ਉਹ ਐਵੇਂ ਈ ਬਣ ਗਏ?” ਛੇਤੀ ਹੀ ਆਉਣ ਵਾਲੀ ਆਫ਼ਤ ਦੇ ਮੱਦੇਨਜ਼ਰ ਮੈਂ ਉਸ ਨੂੰ ਬਚਗਾਨਾ ਗੱਲਾਂ ਦੇ ਖਿਲਾਫ ਆਗਾਹ ਕੀਤਾ।
“ਸਰ! ਮੈਂ ਤਾਂ ਤੁਹਾਡੇ ਕੋਲ ਬੜੀ ਆਸ ਲੈ ਕੇ ਆਇਆ ਸੀ, ਤੁਸੀਂ ਤਾਂ ਕੋਈ ਹੱਲ ਦੱਸਣ ਦੀ ਬਜਾਏ ਮੇਰੇ ਪੈਰਾਂ ਥੱਲਿਓਂ ਮਿੱਟੀ ਹੀ ਸਰਕਾ ਦਿੱਤੀ। ਤੁਸੀਂ ਹੀ ਦੱਸੋ ਕਿ ਮੈਂ ਕੀ ਕਰਾਂ?” ਹੁਣ ਉਹ ਮੈਨੂੰ ਮੱਖਣ ਲਗਾਉਣ ’ਤੇ ਉੱਤਰ ਆਇਆ ਸੀ।
“ਇੱਕ ਹੱਲ ਹੈ, ਜੇਕਰ ਕਰ ਲਏਂਗਾ।” ਮੈਂ ਉਸਦੀਆਂ ਗੱਲਾਂ ਵਿੱਚ ਆ ਗਿਆ ਸੀ।
“ਹਾਂ! ਹਾਂ!! ਛੇਤੀ ਦੱਸੋ ਕੀ ਕਰਨਾ ਹੋਵੇਗਾ?” ਜਾਨ ਛੁਡਵਾਉਣ ਵਾਲਾ ਹੱਲ ਉਹ ਛੇਤੀ ਜਾਣਨ ਲਈ ਉਤਸੁਕ ਦਿਖਾਈ ਦੇ ਰਿਹਾ ਸੀ।
“ਦੇਖ, ਜਦੋਂ ਤੈਨੂੰ ਵੱਡਾ ਅਫਸਰ ਅੰਦਰ ਬੁਲਾਵੇਗਾ, ਤੈਂ ਅੰਦਰ ਵੜਦਿਆਂ ਹੀ ਸਭ ਤੋਂ ਪਹਿਲਾਂ ਉਸਦੇ ਪੈਰ ਛੂਹਣੇ ਹੋਣਗੇ। ਫਿਰ ਦੋਵੇਂ ਹੱਥ ਜੋੜਕੇ ਇਓਂ ਖੜ੍ਹਨਾ ਹੈ ਜਿਵੇਂ ਕਿਸੇ ਧਾਰਮਿਕ ਅਸਥਾਨ ਤੇ ਖੜ੍ਹਾ ਹੋਵੇਂ, ਥੋੜ੍ਹਾ ਜਿਹਾ ਮੂੰਹ ਲਟਕਾ ਕੇ। ਫਿਰ ਕਹਿਣਾ ਹੈ ਕਿ ਤੁਹਾਡਾ ਬੱਚਾ ਹਾਂ ਜੀ, ਮੇਰੇ ਮਾਂ ਬਾਪ ਦੋਨੋ ਮਰੇ ਹੋਏ ਨੇ, ਯਤੀਮ ਆਂ, ਹੁਣ ਤਾਂ ਤੁਸੀਂ ਹੀ ਮੇਰੇ ਮਾਈ ਬਾਪ ਹੋ। ਇਸ ਵਾਰ ਗਲਤੀ ਹੋ ਗਈ, ਦੁਬਾਰਾ ਨਹੀਂ ਕਰਾਂਗਾ। ਇੱਕ ਵਾਰੀ ਮੁਆਫੀ ਦੇ ਦਿਓ। ਹੋਰ ਐਧਰਲੇ ਓਧਰਲੇ ਬਹਾਨੇ ਨਹੀਂ ਮਾਰਨੇ। ਆਹ ਕੰਮ ਕਰਨਾ ਪਊ, ਕਰਲੇਂਗਾ?” ਮੈਂ ਉਸਦੇ ਅੰਦਰ ਕੁਛ ਆਸ ਦੀ ਉਮੀਦ ਜਗਾਈ।
“ਵਾਹ ਅੰਕਲ ਜੀ! ਮੈਂ ਸਮਝ ਗਿਆ, ਡਰਾਮਾ ਕਰਨਾ ਪਊ। ਇਹ ਕੰਮ ਤਾਂ ਮੈਂ ਬਾਖੂਬੀ ਕਰ ਲਊਂ, ਮੈਂ ਤਾਂ ਸੱਚੀ ਮੁੱਚੀ ਰੋਣ ਵੀ ਲੱਗ ਜਾਊਂ, ਤੁਸੀਂ ਤਾਂ ਮੇਰੇ ਸਿਰ ਤੋਂ ਮਣਾਂ ਮੂਹੀਂ ਭਾਰ ਲਾਹ ਤਾ, ਦੇਖਿਓ ਸਹੀ।” ਉਸ ਨੂੰ ਮੇਰੀਆਂ ਗੱਲਾਂ ਵਿੱਚ ਦਮ ਨਜ਼ਰ ਆ ਰਿਹਾ ਸੀ।
ਦੋ ਦਿਨ ਬਾਅਦ ਉਹ ਵੱਡੇ ਦਫਤਰ ਜਾ ਆਇਆ ਅਤੇ ਅਗਲੇ ਦਿਨ ਦਫਤਰ ਵਿੱਚ ਬਾਘੀਆਂ ਪਾਉਂਦਾ ਫਿਰੇ। ਭੱਜਿਆ ਭੱਜਿਆ ਸਭ ਦੇ ਪੈਰੀਂ ਹੱਥ ਲਾਉਂਦਾ ਫਿਰੇ। ਉਸ ਨੂੰ ਕੋਲ ਬੁਲਾਕੇ ਮੈਂ ਪੁੱਛਿਆ, “ਓਏ! ਕੀ ਬਣਿਆ ਫਿਰ?”
“ਤੁਹਾਡੇ ਪੈਰ ਕਿੱਥੇ ਨੇ ਜੀ? ਤੁਹਾਡੇ ਆਲਾ ਫਾਰਮੂਲਾ ਤਾਂ ਇੱਕ ਦਮ ਫਿੱਟ ਬਹਿ ਗਿਆ। ਤੁਹਾਡੇ ਵੱਲੋਂ ਦੱਸੀਆਂ ਜੁਗਤਾਂ ਵਿੱਚ ਵਾਧਾ ਕਰਦਿਆਂ ਮੈਂ ਅਫਸਰ ਨੂੰ ਕਿਹਾ ਕਿ ਜਦੋਂ ਮੈਨੂੰ ਮੇਰੇ ਮਰੇ ਹੋਏ ਮਾਂ ਬਾਪ ਯਾਦ ਆ ਜਾਂਦੇ ਹਨ ਮੈਂ ਤਾਂ ਕਮਲਾ ਬਾਉਲਾ ਜਿਹਾ ਹੋਇਆ ਕਈ ਕਈ ਦਿਨ ਘਰੇ ਹੀ ਪਿਆ ਰਹਿੰਦਾ ਹਾਂ। ਸਰ ਡਿਊਟੀ ਤਾਂ ਕੀ, ਮੈਨੂੰ ਤਾਂ ਰੋਟੀ ਦੀ ਵੀ ਸੁੱਧ ਬੁੱਧ ਨਹੀਂ ਰਹਿੰਦੀ। ਕਹਿਕੇ ਮੈਂ ਰੁਮਾਲ ਨਾਲ ਅੱਖਾਂ ਪੂੰਝਣ ਲੱਗ ਪਿਆ। ਮੇਰੀਆਂ ਗੱਲਾਂ ਸੁਣ ਕੇ ਤਾਂ ਸਾਹਿਬ ਦਾ ਵੀ ਗੱਚ ਭਰ ਆਇਆ। ਮੈਨੂੰ ਕਹਿਣ ਲੱਗੇ, “ਜਾਹ, ਜਾ ਕੇ ਬਾਹਰੋਂ ਫਲਾਣੀ ਸੀਟ ਤੋਂ ਬਹਾਲੀ ਦਾ ਪੱਤਰ ਲੈ ਜਾ, ਮੈਂ ਇੰਟਰ ਕਾਮ ’ਤੇ ਕਹਿ ਦਿੰਨਾ।”
ਵਾਹ! ਵਿਲੀਅਮ ਸ਼ੈਕਸਪੀਅਰ ਨੇ ਕਿੰਨਾ ਸਹੀ ਕਿਹਾ ਸੀ, ‘ਇਹ ਦੁਨੀਆ ਇੱਕ ਸਟੇਜ ਹੈ ਅਤੇ ਅਸੀਂ ਸਾਰੇ ਐਕਟਰ।’ ਮੈਂ ਇਸ ਵਿੱਚ ਥੋੜ੍ਹਾ ਜਿਹਾ ਵਾਧਾ ਕਰਾਂਗਾ ਕਿ ਜਿੰਨੀ ਵਧੀਆ ਐਕਟਿੰਗ ਓਨੀ ਹੀ ਵਧੀਆ ਕਾਮਯਾਬੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5258)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.