“ਅੱਜ ਲੋੜ ਹੈ ਕਿਸੇ ਅਜਿਹੇ ਸੰਜੀਦਾ ਪੰਜਾਬ ਹਿਤੈਸ਼ੀ ਦੀ ਜਿਹੜਾ ਦੇਸ਼ ਦੇ ਦੁਸ਼ਮਣਾਂ, ਦੇਸੀ ਵਿਦੇਸ਼ੀ ਤਾਕਤਾਂ ...”
(19 ਅਪ੍ਰੈਲ 2023)
ਇਸ ਸਮੇਂ ਪਾਠਕ: 196.
‘ਫਲਾਨਿਆਂ ਤੇਰੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ।’ ਕਿਹੜੀ ਸੋਚ ’ਤੇ? ਮੁਜਰਮਾਨਾ ਸੋਚ ’ਤੇ? ਭ੍ਰਿਸ਼ਟ ਸੋਚ ’ਤੇ?, ਖੁਦਗਰਜ਼ ਸੋਚ ’ਤੇ? ਜਾਂ ਫਿਰ ਗੈਰ ਇਖਲਾਕੀ ਸੋਚ ’ਤੇ? ਇਹਨਾਂ ਵਿੱਚੋਂ ਕਿਹੜੀ ਸੋਚ ’ਤੇ ਠੋਕ ਕੇ ਪਹਿਰਾ ਦੇਣ ਦੀ ਗੱਲ ਕਰ ਰਹੇ ਹੋ? ਕਿਹੋ ਜਿਹਾ ਰਾਜਨੀਤਿਕ ਮਾਹੌਲ ਸਿਰਜਿਆ ਜਾ ਰਿਹਾ ਹੈ? ਜਿਹੜੇ ਲੋਕ ਕੋਈ ਜੁਰਮ ਕਰਕੇ ਸਜ਼ਾ ਦੇ ਭਾਗੀ ਬਣਦੇ ਹਨ, ਉਹ ਸਾਡੇ ਹੀਰੋ ਬਣ ਜਾਂਦੇ ਹਨ। ਕੀ ਹੁਣ ਅਸੀਂ ਜੁਰਮ ਤਹਿਤ ਸਜ਼ਾ ਕੱਟਕੇ ਬਾਹਰ ਆਇਆਂ ਜਾਂ ਰਿਸ਼ਵਤ ਦੇ ਕੇਸਾਂ ਵਿੱਚੋਂ ਜ਼ਮਾਨਤ ’ਤੇ ਬਾਹਰ ਆਇਆਂ ਦੀ ਸੋਚ ’ਤੇ ਪਹਿਰਾ ਦਿਆ ਕਰਾਂਗੇ? ਪੰਜਾਬੀਓ! ਅਕਲ ਨੂੰ ਹੱਥ ਮਾਰੋ। ਵਿਵੇਕ ਬੁੱਧੀ ਤੋਂ ਕੰਮ ਲੈ ਕੇ ਸੋਚੋ ਕਿ ਇਹਨਾਂ ਦੀ ਪੰਜਾਬ ਨੂੰ ਦੇਣ ਕੀ ਹੈ?
ਪੰਜਾਬ ਦਾ ਵਰਤਮਾਨ ਰਾਜਨੀਤਿਕ ਮਾਹੌਲ ਇੱਕ ਸੰਜੀਦਾ ਚਰਚਾ ਦੀ ਮੰਗ ਕਰਦਾ ਹੈ। ਪੰਜਾਬ ਦੇ ਸਰਬਪੱਖੀ ਵਿਕਾਸ ਦੀ ਥਾਂ ਰਾਜਨੀਤਿਕ ਘੜਮੱਸ ਜ਼ਿਆਦਾ ਦਿਖਾਈ ਦੇ ਰਿਹਾ ਹੈ। ਜਦੋਂ ਪੰਜਾਬ ਪੰਜਾਬੀਆਂ ਹੱਥੋਂ ਨਿਕਲ ਕੇ ਅੰਗਰੇਜ਼ਾਂ ਦੇ ਸਾਮਰਾਜ ਦਾ ਹਿੱਸਾ ਬਣਿਆ ਸੀ, ਉਦੋਂ ਦੀ ਹਕੀਕਤ ਦੀ ਤਰਜ਼ਮਾਨੀ ਸ਼ਾਹ ਮੁਹੰਮਦ ਨੇ ਇਹ ਕਹਿਕੇ ਕੀਤੀ ਸੀ:
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ,
ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਰਾਜ ਵਿੱਚ ਇਸ ਵੇਲੇ ਸਰਕਾਰ ਦੀ ਤਾਂ ਭਾਵੇਂ ਨਹੀਂ ਪ੍ਰੰਤੂ ਕਿਸੇ ਸਿਰ ਵਾਲੇ ਸਰਦਾਰ ਦੀ ਘਾਟ ਜ਼ਰੂਰ ਰੜਕ ਰਹੀ ਹੈ। ਆਪੋ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਖਾਤਰ ਸਾਰੇ ਹੀ ਗਰਮ ਤੰਦੂਰ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ। ਪ੍ਰੰਤੂ ਅੱਜ ਪੰਜਾਬ ਦੀ ਕਿਸੇ ਵੀ ਰਾਜਨੀਤਿਕ ਧਿਰ ਕੋਲ ਅਜਿਹਾ ਸਰਵ ਪ੍ਰਵਾਨਤ ਨੇਤਾ ਨਹੀਂ ਹੈ ਜਿਸਦੀ ਇੱਕ ਹਾਕ ਉੱਤੇ ਸਾਰਾ ਪੰਜਾਬ ਇਕੱਠਾ ਹੋ ਜਾਵੇ। ਇਸ ਰਾਜਨੀਤਿਕ ਖੱਪੇ ਦੇ ਕਾਰਨਾਂ ’ਤੇ ਵਿਚਾਰ ਕਰਦਿਆਂ ਸਾਡੇ ਸਾਹਮਣੇ ਕਈ ਕਾਬਿਲੇ ਗੌਰ ਕਾਰਨ ਦਿਖਾਈ ਪੈਂਦੇ ਹਨ ਜਿਨ੍ਹਾਂ ਵਿੱਚ ਪ੍ਰਮੁੱਖ ਹਨ, ਪਰਿਵਾਰਵਾਦ, ਰਾਜਨੀਤਿਕ ਭ੍ਰਿਸ਼ਟਾਚਾਰ, ਚਾਪਲੂਸੀ ਦਾ ਮਾਹੌਲ, ਅਫਸਰਸ਼ਾਹੀ ਉੱਪਰ ਲੋੜੋਂ ਵੱਧ ਨਿਰਭਰਤਾ। ਨੈਤਿਕਤਾ ਅਤੇ ਇਖਲਾਕੀ ਕਦਰਾਂ ਕੀਮਤਾਂ ਪਿੱਛੇ ਧੱਕ ਦਿੱਤੀਆਂ ਗਈਆਂ ਹਨ। ਵਿਚਾਰਧਾਰਾ ਉੱਪਰ ਮੌਕਾਪ੍ਰਸਤੀ ਭਾਰੂ ਪੈਂਦੀ ਦਿਖਾਈ ਦਿੰਦੀ ਹੈ।
ਰਾਜਨੀਤੀ ਵਿੱਚ ਚਾਪਲੂਸੀ ਨੇ ਇਸ ਹੱਦ ਤਕ ਪੈਰ ਪਸਾਰ ਲਏ ਹਨ ਕਿ ਕਿਸੇ ਅਖੌਤੀ ਲੀਡਰ ਦੁਆਰਾ ਸਟੇਜ ਉੱਪਰ ਚੜ੍ਹ ਕੇ ਮਿੱਧੇ ਕਮਲ ਨੂੰ ਵੀ ਸਹੀ ਠਹਿਰਾਉਣ ਲਈ ਪਿੱਛੇ ਖੜ੍ਹੀ ਚਾਪਲੂਸਾਂ ਦੀ ਫੌਜ ਜੈਕਾਰੇ ਛੱਡਣ ਲੱਗ ਪੈਂਦੀ ਹੈ। ਪਿੱਛੇ ਜਿਹੇ ਇੱਕ ਪਾਰਟੀ ਦੇ ਪ੍ਰਮੁੱਖ ਨੇ ਮੌਜੂਦਾ ਸਰਕਾਰ ਚਲਾਉਂਦੀ ਪਾਰਟੀ ਦੇ ਐੱਮ ਐੱਲ ਇਆਂ ਦੀ ਇਹ ਕਹਿਕੇ ਖਿੱਲੀ ਉਡਾਈ ਕਿ ਜਿਸ ਨੂੰ ਕੋਈ ਪਿੰਡ ਵਿੱਚ ਸਤਿ ਸ੍ਰੀ ਆਕਾਲ ਨਹੀਂ ਬੁਲਾਉਂਦਾ, ਉਹ ਐੱਮ ਐੱਲ ਏ ਬਣ ਗਿਆ। ਅਜਿਹਾ ਕਰਕੇ ਉਸ ਨੇਤਾ ਨੇ ਆਪਣੀ ਬੌਧਿਕ ਕੰਗਾਲੀ ਦਾ ਸਬੂਤ ਹੀ ਨਹੀਂ ਦਿੱਤਾ ਸਗੋਂ ਲੋਕਤੰਤਰਿਕ ਪ੍ਰਣਾਲੀ ਦਾ ਵੀ ਮਖੌਲ ਉਡਾਇਆ ਹੈ। ਇੱਕ ਉਸ ਪੱਧਰ ਦੇ ਆਦਮੀ ਨੂੰ, ਜਿਹੜਾ ਆਪਣੇ ਆਪ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਲਈ ਸਭ ਤੋਂ ਵੱਧ ਯੋਗ ਉਮੀਦਵਾਰ ਸਮਝਦਾ ਹੋਵੇ, ਸੰਵਿਧਾਨ ਦੁਆਰਾ ਸਥਾਪਤ ਵਿਧੀ ਰਾਹੀਂ ਬਣੇ ਮੁੱਖ ਮੰਤਰੀ ਦੇ ਚਿਹਰੇ ਮੋਹਰੇ ਦਾ ਮਖੌਲ ਬਣਾਉਣਾ ਉਸ ਲਈ ਸੋਭਾ ਨਹੀਂ ਦਿੰਦਾ। ਇਓਂ ਪ੍ਰਤੀਤ ਹੁੰਦਾ ਹੈ ਜਿਵੇਂ ਆਮ ਆਦਮੀ ਦਾ ਸੱਤਾ ਦੇ ਭਾਈਵਾਲ ਬਣਨਾ ਇਹਨਾਂ ਰਜਵਾੜਾਸ਼ਾਹੀ ਲੋਕਾਂ ਨੂੰ ਰਾਸ ਨਹੀਂ ਆ ਰਿਹਾ। ਉੱਤਰ ਕਾਟੋ ਮੈਂ ਚੜ੍ਹਾਂ ਦੀ ਸੋਚ ਨੂੰ ਪ੍ਰਣਾਈਆਂ ਇਹ ਪਾਰਟੀਆਂ ਦੋਸਤਾਨਾ ਮੈਚ ਖੇਡ ਕੇ ਬਹੁਤ ਖੁਸ਼ ਹੁੰਦੀਆਂ ਹਨ।
ਵਰਤਮਾਨ ਸਰਕਾਰ ਵਿੱਚ ਜ਼ਿਆਦਾਤਰ ਐੱਮ ਐੱਲ ਏ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਹਨ। ਰਾਜਨੀਤੀ ਦੇ ਦਾਅ ਪੇਚਾਂ ਤੋਂ ਕੋਰੇ ਅਜਿਹੇ ਲੋਕ ਕਦੇ ਕਦੇ ਗੱਚਾ ਖਾ ਜਾਂਦੇ ਹਨ। ਪ੍ਰੰਪਰਾਵਾਦੀ ਪਾਰਟੀਆਂ ਨਾਲ ਜ਼ਿਆਦਾ ਸਮਾਂ ਕੰਮ ਕਰ ਚੁੱਕੀ ਅਫਸਰਸ਼ਾਹੀ ਆਪਣੇ ਮੁਫ਼ਾਦ ਨੂੰ ਸਾਹਮਣੇ ਰੱਖ ਕੇ ਗਲਤ ਸਲਾਹ ਦੇ ਦਿੰਦੀ ਹੈ ਜਿਸਦੀਆਂ ਕਈ ਸਾਰੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ। ਪਹਿਲਾਂ ਸਰਕਾਰ ਨੇ ਤੱਥ ਭੜੱਥੀ ਵਿੱਚ ਫੈਸਲੇ ਲਏ ਅਤੇ ਫਿਰ ਤੱਥ ਭੜੱਥੀ ਵਿੱਚ ਹੀ ਵਾਪਸ ਵੀ ਲੈ ਲਏ, ਜਿਨ੍ਹਾਂ ਕਾਰਨ ਸਰਕਾਰ ਨੂੰ ਕਿਰਕਿਰੀ ਦਾ ਸਾਹਮਣਾ ਕਰਨਾ ਪਿਆ। ਅਫਸਰਸ਼ਾਹੀ ਉੱਪਰ ਲੋੜੋਂ ਵੱਧ ਨਿਰਭਰਤਾ ਅਜਿਹੀ ਸਥਿਤੀ ਦਾ ਕਾਰਨ ਬਣਦੀ ਹੈ।
ਸਾਡੇ ਦੇਸ਼ ਵਿੱਚ ਸੰਵਿਧਾਨ ਅਨੁਸਾਰ ਸੰਘਾਤਮਿਕ ਢਾਂਚਾ ਹੈ। ਸਮਰੱਥ ਸੂਬਿਆਂ ਦੇ ਨਾਲ ਨਾਲ ਇੱਕ ਤਾਕਤਵਰ ਕੇਂਦਰ ਵੀ ਹੈ। ਫੈਡਰਲ ਸਿਸਟਮ ਵਿੱਚ ਕੌਮੀ ਪਾਰਟੀਆਂ ਦੇ ਨਾਲ ਤਾਕਤਵਰ ਖੇਤਰੀ ਪਾਰਟੀਆਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਬਦਕਿਸਮਤੀ ਨੂੰ ਸਾਡੇ ਸੂਬੇ ਦੀ ਤਾਕਤਵਰ ਖੇਤਰੀ ਪਾਰਟੀ ਨੂੰ ਪਰਿਵਾਰਵਾਦ ਦਾ ਘੁਣ ਲੱਗ ਗਿਆ ਹੈ। ਅੰਨ੍ਹਾ ਵੰਡੇ ਸੀਰਨੀ, ਮੁੜ ਮੁੜ ਘਰਦਿਆਂ ਨੂੰ। ਇਹੀ ਕਾਰਨ ਹੈ ਕਿ ਪਿਛਲੇ ਲਗਭਗ ਇੱਕ ਦਹਾਕੇ ਤੋਂ ਇਹ ਪਾਰਟੀ ਰਸਾਤਲ ਵੱਲ ਜਾ ਰਹੀ ਹੈ। ਲੋਕਤੰਤਰਿਕ ਪ੍ਰੰਪਰਾਵਾਂ ਨੂੰ ਪ੍ਰਣਾਈ ਪਾਰਟੀ ਨੂੰ ਇੱਕ ਪਰਿਵਾਰ ਅਤੇ ਨੇੜਲੇ ਰਿਸ਼ਤੇਦਾਰਾਂ ਤੋਂ ਬਿਨਾ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਹੋਰ ਕੋਈ ਯੋਗ ਵਿਅਕਤੀ ਹੀ ਨਹੀਂ ਲੱਭ ਰਿਹਾ। ਲਗਦਾ ਸੀ ਕਿ ਇਤਿਹਾਸ ਵਿੱਚ ਸਭ ਤੋਂ ਬੁਰੀ ਹਾਰ ਦੇ ਕਾਰਨਾਂ ਉੱਪਰ ਮੰਥਨ ਕਰਨ ਲਈ ਬਣਾਈ ਕਮੇਟੀ ਦੀਆਂ ਸਿਫਾਰਿਸ਼ਾਂ ਕੁਛ ਸੁਧਾਰ ਕਰਨ ਵਿੱਚ ਸਹਾਈ ਹੋਣਗੀਆਂ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਲੋਕਤੰਤਰ ਦੀ ਹਾਮੀ ਪਾਰਟੀ ਵਿੱਚੋਂ ਅੰਦਰੂਨੀ ਲੋਕਤੰਤਰ ਗਾਇਬ ਹੈ।
ਕਾਂਗਰਸ ਦੀ ਕਰੀਮ ਦੂਜੀਆਂ ਪਾਰਟੀਆਂ ਵਿੱਚ ਆਪਣਾ ਭਵਿੱਖ ਤਲਾਸ਼ਣ ਵਿੱਚ ਵਿਅਸਤ ਹੈ। ਇਸ ਰਾਜਸੀ ਖਲਾਅ ਦੇ ਚੱਲਦਿਆਂ ਕੌਮੀ ਪਾਰਟੀ ਦੇ ਦੋ ਪ੍ਰਧਾਨ ਅਤੇ ਦੋ ਵਾਰੀ ਦੇ ਮੁੱਖ ਮੰਤਰੀ, ਇਖਲਾਕੀ ਕਦਰਾਂ ਕੀਮਤਾਂ ਅਤੇ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਕੇ ਆਪਣੀ ਘੋਰ ਵਿਰੋਧੀ ਪਾਰਟੀ ਨਾਲ ਖੰਡ ਖੀਰ ਹੋ ਗਏ ਹਨ। ਬਾਕੀ ਬਚੀ ਪਾਰਟੀ ਵਿੱਚ ਕੋਈ ਕੱਦਾਵਰ ਨੇਤਾ ਦਿਖਾਈ ਨਹੀਂ ਦਿੰਦਾ ਜਿਹੜਾ ਪੰਜਾਬੀਆਂ ਨੂੰ ਅਗਵਾਈ ਦੇ ਸਕੇ। ਅਜਿਹੇ ਵਿੱਚ ਜਨਤਾ ਕਿਸਦੀ ਅਗਵਾਈ ਕਬੂਲ ਕਰੇ।
ਹਰ ਪ੍ਰਕਾਰ ਦਾ ਭ੍ਰਿਸ਼ਟਾਚਾਰ, ਖਾਸ ਤੌਰ ’ਤੇ ਰਾਜਨੀਤਿਕ ਭ੍ਰਿਸ਼ਟਾਚਾਰ ਵੀ ਸੂਬੇ ਦੀ ਇਸ ਅਵਸਥਾ ਲਈ ਜ਼ਿੰਮੇਵਾਰ ਹੈ। ਜਦੋਂ ਹਰੇਕ ਮੰਤਰੀ-ਸੰਤਰੀ ਦਾ ਇਸ਼ਟ ਪੈਸਾ ਬਣ ਜਾਵੇ ਤਾਂ ਆਮ ਆਦਮੀ ਕਿਸ ਕੋਲ ਜਾ ਕੇ ਅਪਣਾ ਦੁਖੜਾ ਰੋਵੇ। ਹਮਾਮ ਵਿੱਚ ਸਾਰੇ ਨੰਗੇ ਹਨ। ਸਮਾਜ ਸੇਵਾ ਦੇ ਨਾਂ ’ਤੇ ਖੁਦ ਦੀ ਅਤੇ ਪਰਿਵਾਰ ਦੀ ਸੇਵਾ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜਿਨ੍ਹਾਂ ਕੋਲੋਂ ਕੌਮ ਨੂੰ ਅਗਵਾਈ ਦੀ ਆਸ ਹੁੰਦੀ ਹੈ ਉਹ ਇੱਕ ਧਿਰ ਦੇ ਬਣ ਕੇ ਖੜ੍ਹ ਜਾਂਦੇ ਹਨ, ਲਿਫ਼ਾਫ਼ਾ ਕਲਚਰ ਦੀ ਪੈਦਾਵਾਰ ਜੋ ਹੋਏ। ਗਲੀ ਦਾ ਗੁੰਡਾ, ਪੈਸੇ ਦੀ ਧੌਂਸ ਅਤੇ ਬਾਹੂਬਲ ਦੇ ਜ਼ੋਰ ’ਤੇ ਰਾਜ ਦੇ ਮੰਤਰੀ, ਸੰਤਰੀ ਦੀ ਕੁਰਸੀ ਹਥਿਆਉਣ ਵਿੱਚ ਕਾਮਯਾਬ ਹੋ ਜਾਂਦਾ ਹੈ। ਜਿੱਡਾ ਵੱਡਾ ਗੁੰਡਾ, ਪਾਰਟੀ ਵਿੱਚ ਓਡਾ ਹੀ ਵੱਡਾ ਅਹੁਦਾ। ਦੇਸ਼ ਨਾਲੋਂ ਪਾਰਟੀ ਪਹਿਲਾਂ, ਪਾਰਟੀ ਨਾਲੋਂ ਪਰਿਵਾਰ ਪਹਿਲਾਂ, ਪਰਿਵਾਰ ਨਾਲੋਂ ਖੁਦ ਪਹਿਲਾਂ ਦੀ ਸਥਿਤੀ ਵਿੱਚ ਸਿਆਸਤਦਾਨਾਂ ਕੋਲੋਂ ਸਮਾਜ ਦੇ ਭਲੇ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ।
ਕਿਸੇ ਵੇਲੇ ਪੰਜਾਬੀਆਂ ਦਾ ਇੱਕ ਵੱਡਾ ਕਾਡਰ ਕਾਮਰੇਡਾਂ ਨਾਲ ਜੁੜਿਆ ਹੁੰਦਾ ਸੀ ਅਤੇ ਇਸ ਕਾਡਰ ਦੇ ਸਿਰ ’ਤੇ ਕਾਮਰੇਡਾਂ ਦੀ ਸਰਕਾਰੇ ਦਰਬਾਰੇ ਸੁਣੀ ਜਾਂਦੀ ਸੀ। “ਢਾਈ ਪਾਅ ਆਟਾ ਚੁਬਾਰੇ ਰਸੋਈ” ਵਾਲੀ ਪਹੁੰਚ ਕਾਰਨ ਇਹ ਕਾਡਰ ਕਾਮਰੇਡਾਂ ਤੋਂ ਦੂਰ ਹੁੰਦਾ ਚਲਾ ਗਿਆ। ਪਹਿਲਾਂ ਪਹਿਲ ਇਹਨਾਂ ਨੂੰ ਬੀ ਐੱਸ ਪੀ ਨੇ ਵਰਤਿਆ, ਫਿਰ ਡੇਰਾਵਾਦ ਨੇ ਅਤੇ ਅੱਜ ਕੱਲ੍ਹ ਇਹਨਾਂ ਦਾ ਝੁਕਾਅ ‘ਆਪ’ ਪਾਰਟੀ ਵੱਲ ਜ਼ਿਆਦਾ ਹੈ। ਕਾਮਰੇਡਾਂ ਦੀ ਹਾਲਤ ਹੁਣ ਇਹ ਹੈ ਕਿ ਲੋਕਾਂ ਨਾਲ ਤਾਂ ਖੜ੍ਹਦੇ ਹਨ ਇਹ ਲੋਕ, ਧਰਨੇ ਮੁਜ਼ਾਹਰਿਆਂ ਵਿੱਚ ਅੱਗੇ ਹੋ ਕੇ ਭਾਗ ਲੈਂਦੇ ਹਨ ਇਹ ਲੋਕ, ਪਰ ਵੋਟਾਂ ਵੇਲੇ ਧਰਮ, ਜਾਤ, ਪੈਸਾ ਅਤੇ ਨਸ਼ਾ ਇਹਨਾਂ ਦੀ ਪੀਪੀ ਖਾਲੀ ਰੱਖਣ ਲਈ ਇਹਨਾਂ ਦੇ ਆੜ੍ਹੇ ਆ ਜਾਂਦੇ ਹਨ।
ਕਿਸੇ ਵੀ ਰਾਜਸੀ ਪਾਰਟੀ ਨੂੰ ਕਿਸੇ ਇੱਕ ਫਿਰਕੇ ਦੀ ਜਾਂ ਕਿਸੇ ਖ਼ਾਸ ਧਰਮ ਦੀ ਪਾਰਟੀ ਬਣਕੇ ਨਹੀਂ ਵਿਚਰਨਾ ਚਾਹੀਦਾ ਅਤੇ ਨਾ ਹੀ ਇਹ ਧਾਰਨਾ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਗਵਾਰਾ ਹੋ ਸਕਦੀ ਹੈ। ਹੁਣ ਬੇਸ਼ਕ ਦੂਜੀਆਂ ਪਾਰਟੀਆਂ ਦੇ ਤਥਾ ਕਥਿਤ ਧਰਮ ਨਿਰਪੱਖ ਸੋਚ ਦੇ ਲੀਡਰਾਂ ਨੂੰ ਆਪਣੇ ਵੱਲ ਖਿੱਚ ਕੇ ਦੇਸ਼ ਦੀ ਪ੍ਰਮੁੱਖ ਪਾਰਟੀ ਵੱਲੋਂ ਪੰਜਾਬ ਵਿੱਚ ਆਪਣਾ ਅਕਸ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੰਤੂ ਲੋੜ ਹੈ ਵਿਚਾਰਧਾਰਕ ਤਬਦੀਲੀ ਦੀ ਤਾਂ ਕਿ ਇਹ ਪਾਰਟੀ ਪੰਜਾਬੀਆਂ ਨੂੰ ਸਹੀ ਮਾਅਨਿਆਂ ਪੰਜਾਬ ਦੀ ਪ੍ਰਤੀਨਿਧਤਾ ਕਰਦੀ ਪ੍ਰਤੀਤ ਹੋਵੇ।
ਪੰਜਾਬ ਵਿੱਚ ਰਾਜਸੀ ਖੜੋਤ ਤਾਂ ਨਹੀਂ, ਘੜਮੱਸ ਹੈ। ਰਾਜਨੀਤੀ ਵਿੱਚ ਹੱਦਾਂ ਪਾਰ ਕਰ ਚੁੱਕੀ ਗਿਰਾਵਟ, ਸ਼ੁੱਧ ਪ੍ਰਗਤੀਵਾਦੀ ਸੋਚ ਦੇ ਧਾਰਨੀਆਂ ਅਤੇ ਬੁੱਧੀਜੀਵੀਆਂ ਨੂੰ ਰਾਜਨੀਤੀ ਤੋਂ ਪਰਹੇਜ਼ ਲਈ ਉਤਸ਼ਾਹਿਤ ਕਰਦੀ ਹੈ। ਇਹੀ ਕਾਰਨ ਹੈ ਕਿ ਸੁਹਿਰਦ ਲੋਕ ਅੱਗੇ ਆਉਣ ਤੋਂ ਗ਼ੁਰੇਜ਼ ਕਰਦੇ ਹਨ ਅਤੇ ਦੇਸ਼ ਅਜਿਹੇ ਲੋਕਾਂ ਦੀ ਅਗਵਾਈ ਤੋਂ ਵਾਂਝਾ ਰਹਿ ਜਾਂਦਾ ਹੈ।
ਫਿਰ ਰਾਜਨੀਤਿਕ ਖਲਾਅ ਵਿੱਚੋਂ ਪੈਦਾ ਹੁੰਦੇ ਹਨ ਕੁਛ ਆਪੂੰ ਬਣੇ ਅਹਿਮਕ ਲੀਡਰ ਜੋ ਕਿ ਕੌਮ ਦੇਸ਼ ਨੂੰ ਕੋਈ ਸੇਧ ਦੇਣ ਦੇ ਸਮਰੱਥ ਤਾਂ ਨਹੀਂ ਹੁੰਦੇ ਸਗੋਂ ਆਪਣੇ ਗੁਮਰਾਹਕੁੰਨ ਭਾਸ਼ਣਾਂ ਦੇ ਜ਼ਰੀਏ ਨਿਆਣ ਮੱਤ ਜਵਾਨੀ ਨੂੰ ਭੜਕਾਉਣ ਦਾ ਕੰਮ ਜ਼ਰੂਰ ਕਰ ਜਾਂਦੇ ਹਨ। ਵਿਦੇਸ਼ੀ ਤਾਕਤਾਂ ਦੇ ਹੱਥਾਂ ਵਿੱਚ ਖੇਲ੍ਹਦੇ ਹੋਏ, ਪੰਜਾਬ ਨੂੰ ਬਲਦੀ ਦੇ ਬੂਥੇ ਦੇ ਕੇ ਆਪ ਉਹ ਇੱਧਰ ਉੱਧਰ ਹੋ ਜਾਂਦੇ ਹਨ। ਅੱਜ ਪੰਜਾਬ ਵਿੱਚ ਇਹੀ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਮੈਦਾਨ ਖਾਲੀ ਪਿਆ ਦੇਖ ਕੇ ਦੂਜੇ ਨੂੰ ਵਾਕ ਓਵਰ ਦਾ ਮੌਕਾ ਮਿਲ ਜਾਂਦਾ ਹੈ। ਦੁਬਿਧਾ ਵਿੱਚ ਪਏ ਪੰਜਾਬੀ ਕਦੇ ਆਪ ਵੰਨੀ ਝਾਕਦੇ ਹਨ ਅਤੇ ਕਦੇ ਭਗਤ ਸਿੰਘ ਵਰਗਿਆਂ ਦੀ ਸ਼ਹੀਦੀ ਨੂੰ ਨਕਾਰਨ ਵਾਲੇ ਲੀਡਰਾਂ ਵੱਲ। ਅਜਿਹੇ ਲੀਡਰਾਂ ਦਾ ਅਸਲੀ ਰੂਪ ਦੇਖ ਲੈਣ ਤੋਂ ਬਾਅਦ ਛੇਤੀ ਹੀ ਉਪਰਾਮ ਹੋ ਕੇ ਪੰਜਾਬੀ ਨਵਾਂ ਬਦਲ ਲੱਭਣ ਵਿੱਚ ਜੁਟ ਜਾਂਦੇ ਹਨ।
ਅੱਜ ਲੋੜ ਹੈ ਕਿਸੇ ਅਜਿਹੇ ਸੰਜੀਦਾ ਪੰਜਾਬ ਹਿਤੈਸ਼ੀ ਦੀ ਜਿਹੜਾ ਦੇਸ਼ ਦੇ ਦੁਸ਼ਮਣਾਂ, ਦੇਸੀ ਵਿਦੇਸ਼ੀ ਤਾਕਤਾਂ ਨੂੰ ਉਹਨਾਂ ਦੀ ਬੋਲੀ ਵਿੱਚ ਹੀ ਜਵਾਬ ਦੇਣ ਦੀ ਜੁਰਅਤ ਕਰ ਸਕਦਾ ਹੋਵੇ, ਨਹੀਂ ਤਾਂ ਸਰਹੱਦੀ ਸੂਬੇ ਪੰਜਾਬ ਨੂੰ ਗਿਰਝਾਂ ਨੋਚਣ ਦੀ ਤਾਕ ਵਿੱਚ ਘਾਤ ਲਗਾਈ ਬੈਠੀਆਂ ਹੀ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3920)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)