“ਸੁਣ ਕੁੜੀਏ, ਤੂੰ ਐਂ ਸਾਡੇ ਘਰ ਦੀ ਧੀ। ਤੇਰੇ ਕੋਲੋਂ ਕਾਹਦਾ ਉਹਲਾ, ਲੋਕਾਂ ਦੀ ਗੱਲ ...”
(1 ਜੂਨ 2026)
ਉਦੋਂ ਅਨਪੜ੍ਹਤਾ ਦਾ ਬੋਲਬਾਲਾ ਸੀ। ਖਾਸ ਤੌਰ ’ਤੇ ਇਸਤਰੀ ਸਿੱਖਿਆ ਨਾ ਮਾਤਰ ਹੀ ਸੀ। ਪਿੰਡਾਂ ਵਾਲਿਆਂ ਦੀਆਂ ਟਾਵੀਆਂ ਟਾਵੀਆਂ ਲੜਕੀਆਂ ਹੀ ਪੰਜਵੀਂ ਤਕ ਪਹੁੰਚਦੀਆਂ ਸਨ। ਇਸਤਰੀ ਸਿੱਖਿਆ ਦਾ ਅੰਦਾਜ਼ਾ ਇਸ ਗੱਲ ਤੋਂ ਭਲੀ ਭਾਂਤ ਲਾਇਆ ਜਾ ਸਕਦਾ ਹੈ ਕਿ ਜਦੋਂ ਮੈਂ ਨੌਂਵੀਂ ਕਲਾਸ ਵਿੱਚ ਦਾਖਲਾ ਲਿਆ ਤਾਂ ਹਾਈ ਸਕੂਲ ਵਾਲੇ ਪਿੰਡ ਵਿੱਚ ਲਾਗਲੇ ਪੱਚੀ ਪਿੰਡਾਂ ਵਿੱਚੋਂ ਸਿਰਫ ਇੱਕ ਲੜਕੀ ਸਾਡੀ ਜਮਾਤਣ ਸੀ। ਪੜ੍ਹਾਈ ਦੀ ਅਣਹੋਂਦ ਕਾਰਨ ਲੋਕਾਂ ਵਿੱਚ ਵਹਿਮਾਂ ਭਰਮਾਂ ਦੀ ਭਰਮਾਰ ਸੀ। ਬਿਮਾਰੀ ਦਾ, ਲੜਾਈ ਦਾ, ਗਰੀਬੀ ਦਾ ਕਾਰਨ ਵਹਿਮ ਭਰਮ ਸਮਝੇ ਜਾਂਦੇ ਸਨ। ਲੋਕ ਇਨ੍ਹਾਂ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ ਟੂਣੇ ਟਾਮਣਾਂ, ਧਾਗੇ ਤਵੀਤਾਂ ਦਾ ਸਹਾਰਾ ਲੈਂਦੇ ਸਨ। ਸੱਸ ਨਾਲ ਨਹੀਂ ਬਣਦੀ, ਘਰ ਵਾਲੇ ਨੂੰ ਵੱਸ ਵਿੱਚ ਕਰਨਾ ਹੈ, ਬਹੂ ਕੋਲ ਵਿਆਹ ਤੋਂ ਕਾਫੀ ਦੇਰ ਬਾਅਦ ਤਕ ਨਿਆਣਾ ਨਹੀਂ ਹੋਇਆ, ਇੱਥੋਂ ਤਕ ਕਿ ਬੱਚੇ ਦੇ ਵਾਰ ਵਾਰ ਫੇਲ੍ਹ ਹੋਣ ਦਾ ਇਲਾਜ ਵੀ ਪੁੱਛਾਂ ਦੇਣ ਵਾਲਿਆਂ, ਪੱਤਰੀ ਦੇਖਣ ਵਾਲਿਆਂ, ਤਾਂਤਰਿਕਾਂ ਕੋਲੋਂ ਲੱਭਿਆ ਜਾਂਦਾ ਸੀ। ਇਸ ਤਰ੍ਹਾਂ ਇਨ੍ਹਾਂ ਲੋਕਾਂ ਦਾ ਵੀ ਤੋਰੀ ਫੁਲਕਾ ਵਧੀਆ ਚੱਲੀ ਜਾਂਦਾ ਸੀ।
ਬਹੁਗਿਣਤੀ ਦੇ ਵਿਚਾਰ ਆਲੇ ਦੁਆਲੇ ਨੂੰ ਪ੍ਰਭਾਵਿਤ ਜ਼ਰੂਰ ਕਰਦੇ ਹਨ, ਇਸ ਲਈ ਅਜਿਹੇ ਮਾਮਲਿਆਂ ਵਿੱਚ ਮੇਰੀ ਸੋਚ ਵੀ ਰਲੀ ਮਿਲੀ ਜਿਹੀ ਹੀ ਸੀ। ਮੈਂ ਉਸੇ ਜ਼ਮਾਨੇ ਦੀ ਗੱਲ ਕਰਨ ਲੱਗਿਆ ਹਾਂ ਅਤੇ ਅੱਖੀਂ ਦੇਖੀ ਅਤੇ ਕੰਨੀ ਸੁਣੀ ਘਟਨਾ ਬਿਆਨ ਕਰਨ ਲੱਗਿਆ ਹਾਂ। ਸਾਡੇ ਪਿੰਡ ਤੋਂ ਕੋਈ ਦੋ ਢਾਈ ਕਿਲੋਮੀਟਰ ਦੂਰ, ਨਾਲ ਦੇ ਪਿੰਡ ਇੱਕ ਪੁੱਛਾਂ ਦੇਣ ਵਾਲਾ ਚੌਕੀ ਲਾਇਆ ਕਰਦਾ ਸੀ। ਬਿਪਤਾ ਮਾਰੇ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਉਸ ਤਕ ਪਹੁੰਚ ਕਰਦੇ ਸਨ। ਕਿਉਂਕਿ ਪੁੱਛਾਂ ਦੇਣ ਵਾਲਾ ਸਾਡੇ ਵਾਲੇ ਭਾਈਚਾਰੇ ਵਿੱਚੋਂ ਸੀ, ਦੂਰੋਂ ਨੜਿਉਂ ਉਹ ਸਾਡਾ ਰਿਸ਼ਤੇਦਾਰ ਵੀ ਸੀ, ਇਸ ਲਈ ਉਹ ਸਾਡੇ ਬਜ਼ੁਰਗਾਂ ਕੋਲ ਆਉਂਦਾ ਜਾਂਦਾ ਰਹਿੰਦਾ ਸੀ। ਮੇਰੇ ਦਾਦਾ ਜੀ ਦੀ ਉਮਰ ਦਾ ਹੋਣ ਕਾਰਨ ਅਸੀਂ ਉਸ ਨੂੰ ਬਾਬਾ ਜੀ ਕਿਹਾ ਕਰਦੇ ਸਾਂ। ਮੈਂ ਅੱਠਵੀਂ ਵਿੱਚ ਪੜ੍ਹਦਾ ਸਾਂ, ਗਰਮੀਆਂ ਦੀਆਂ ਛੁੱਟੀਆਂ ਦੇ ਦਿਨ ਸਨ। ਸ਼ਰੀਕੇ ਵਿੱਚੋਂ ਭੂਆ ਲਗਦੀ, ਮੇਰੇ ਤੋਂ ਸੱਤ ਅੱਠ ਸਾਲ ਵੱਡੀ ਇੱਕ ਲੜਕੀ, ਜਿਹੜੀ ਕਿ ਵਿਆਹੀ ਹੋਈ ਸੀ, ਦੀ ਆਪਣੀ ਸੱਸ ਨਾਲ ਨਹੀਂ ਬਣਦੀ ਸੀ। ਸੱਸ ਨਾਲ ਲੜ ਕੇ ਉਹ ਪੇਕੇ ਘਰ ਆਈ ਹੀ ਰਹਿੰਦੀ ਸੀ। ਉਸਦੀ ਮਨਸ਼ਾ ਸੀ ਕਿ ਲਾਗਲੇ ਪਿੰਡ ਵਾਲੇ ਪੁੱਛਾਂ ਦੇਣ ਵਾਲੇ ਪੰਡਤ ਨੂੰ ਮਿਲ ਕੇ ਸੱਸ ਨਾਲ ਹੁੰਦੇ ਨਿੱਤ ਦੇ ਕਲੇਸ਼ ਦਾ ਕੋਈ ਬਾਨ੍ਹਣੂ ਬੰਨ੍ਹਿਆ ਜਾਵੇ। ਘਰ ਪਰਿਵਾਰ ਨਾਲ ਸਲਾਹ ਕਰਕੇ ਇੱਕ ਦਿਨ ਬਾਬੇ ਕੋਲ ਜਾਣ ਦਾ ਪ੍ਰੋਗਰਾਮ ਬਣਾ ਲਿਆ ਗਿਆ। ਦੋਵੇਂ ਪਿੰਡ ਖੇਤਾਂ ਵਿੱਚੋਂ ਦੀ ਹੁੰਦੇ ਹੋਏ ਇੱਕ ਪਹੇ ਨਾਲ ਜੁੜੇ ਹੋਏ ਸਨ। ਦੂਜਾ ਪਿੰਡ ਭਾਵੇਂ ਬਹੁਤਾ ਦੂਰ ਤਾਂ ਨਹੀਂ ਸੀ ਫਿਰ ਵੀ ਇਕੱਲੀ-ਕੱਤਰੀ ਕੁੜੀ ਨੂੰ ਇਉਂ ਸੁੰਨੇ ਰਾਹਾਂ ’ਤੇ ਭੇਜਣ ਤੋਂ ਖੌਫ ਆਉਂਦਾ ਸੀ। ਸੋ ਸਾਥ ਵਜੋਂ ਮੈਨੂੰ ਮੇਰੀ ਭੂਆ ਨਾਲ ਭੇਜ ਦਿੱਤਾ ਗਿਆ।
ਅਸੀਂ ਦੋਨੋਂ ਭੂਆ ਭਤੀਜਾ ਗੱਲਾਂਬਾਤਾਂ ਮਾਰਦੇ ਕੋਈ ਅੱਧੇ ਕੁ ਘੰਟੇ ਵਿੱਚ ਬਾਬੇ ਦੇ ਦਵਾਰੇ ਪਹੁੰਚ ਗਏ। ਇੱਕ ਖੁੱਲ੍ਹੇ ਜਿਹੇ ਵਰਾਂਡੇ ਵਿੱਚ ਬਾਬਾ ਆਪ ਇੱਕ ਪਟੜੇ ਉੱਪਰ ਬੈਠਾ ਸੀ ਅਤੇ ਪੈਂਤੀ ਚਾਲੀ ਲੋਕ, ਜਿਨ੍ਹਾਂ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ, ਦਰੀਆਂ ਉੱਪਰ ਬੈਠੇ ਸਨ। ਚਿੱਟੇ ਬਾਣੇ ਵਿੱਚ ਖੁੱਲ੍ਹੇ ਚਿੱਟੇ ਦਾੜ੍ਹੇ ਵਾਲਾ ਬਾਬਾ ਪੂਰਾ ਜਚ ਰਿਹਾ ਸੀ। ਲੋਕ ਆਪਣੀ ਵਾਰੀ ਨਾਲ ਉੱਠਦੇ, ਰੁਪਈਆ, ਦੋ ਰੁਪਈਏ ਮੱਥਾ ਟੇਕਦੇ, ਨੀਵੀਂ ਜਿਹੀ ਆਵਾਜ਼ ਵਿੱਚ ਆਪਣੀ ਸਮੱਸਿਆ ਬਾਬੇ ਅੱਗੇ ਰੱਖਦੇ ਅਤੇ ਬਾਬਾ ਜੀ ਹਰ ਇੱਕ ਨੂੰ ਕੋਈ ਨਾ ਕੋਈ ਉਪਾਅ ਦੱਸ ਦਿੰਦੇ। ਕਿਸੇ ਨੂੰ ਧਾਗਾ ਤਵੀਤ ਵੀ ਕਰ ਕੇ ਦਿੰਦੇ ਸਨ ਬਾਬਾ ਜੀ। ਵਾਪਸ ਜਾਣ ਵੇਲੇ ਲੋਕਾਂ ਦੇ ਚਿਹਰਿਆਂ ਤੋਂ ਤਸੱਲੀ ਦੇ ਹਾਵ ਭਾਵ ਸਾਫ ਪੜ੍ਹੇ ਜਾ ਸਕਦੇ ਸਨ। ਗਿਆਰਾਂ ਵੱਜੇ, ਬਾਬਾ ਜੀ ਦਾ ਟੀ ਬ੍ਰੇਕ ਹੋ ਗਿਆ। ਚਾਹ ਪੀਣ ਲਈ ਉੱਠ ਕੇ ਜਾਣ ਲੱਗਿਆ ਬਾਬਾ ਇਸ਼ਾਰੇ ਨਾਲ ਸਾਨੂੰ ਭੂਆ ਭਤੀਜੇ ਨੂੰ ਵੀ ਅੰਦਰ ਆਉਣ ਲਈ ਕਹਿ ਗਿਆ। ਬਾਬਾ ਜੀ ਦੇ ਪਿੱਛੇ ਪਿੱਛੇ ਅਸੀਂ ਵੀ ਬੈਠਕ ਨੁਮਾ ਕਮਰੇ ਵਿੱਚ ਪਹੁੰਚ ਗਏ। ਬਾਬੇ ਲਈ ਚਾਹ ਆ ਗਈ ਅਤੇ ਸਾਡੇ ਲਈ ਵੀ।
“ਹਾਂ ਕੁੜੀਏ! ਤੂੰ ਦੱਸ ਕਿਵੇਂ ਆਈ ਸੀ?” ਚਾਹ ਦੀਆਂ ਚੁਸਕੀਆਂ ਲੈਂਦੇ ਬਾਬਾ ਜੀ ਮੇਰੀ ਭੂਆ ਜੀ ਨੂੰ ਸੰਬੋਧਿਤ ਸਨ।
“ਚਾਚਾ ਜੀ! ਕੀ ਦੱਸਾਂ, ਮੇਰੀ ਸੱਸ ਬੜੀ ਕੁਪੱਤੀ ਐ। ਬਿਨਾਂ ਮਤਲਬ ਗੱਲ ਗੱਲ ’ਤੇ ਕਲੇਸ਼ ਰੱਖਦੀ ਐ। ਖੇਤੋਂ ਥੱਕੇ ਹਾਰੇ ਆਏ ਮੇਰੇ ਘਰ ਵਾਲੇ ਦੇ ਵੀ ਕੰਨ ਭਰ ਦਿੰਦੀ ਐ। ਫਿਰ ਉਹ ਡਾਂਗ ਲੈਕੇ ਮੇਰੇ ਦੁਆਲੇ ਹੋ ਜਾਂਦਾ ਐ। ਮੈਂ ਤਾਂ ਸਾਰੇ ਟੱਬਰ ਦੀ ਤਪਾਈ ਪਈ ਆਂ। ਥੋਡੇ ਕੋਲ ਤਾਂ ਸੌ ਹੱਲ ਨੇ, ਕਰੋ ਕੋਈ ਉਪਾਏ, ਸੱਸੜੀ ਦੀ ਬੋਲਤੀ ਬੰਦ ਹੋ ਜਾਵੇ।” ਮੇਰੀ ਭੂਆ ਨੇ ਆਪਣਾ ਦੁਖੜਾ ਰੋਇਆ।
“ਸੁਣ ਕੁੜੀਏ, ਤੂੰ ਐਂ ਸਾਡੇ ਘਰ ਦੀ ਧੀ। ਤੇਰੇ ਕੋਲੋਂ ਕਾਹਦਾ ਉਹਲਾ, ਲੋਕਾਂ ਦੀ ਗੱਲ ਹੋਰ ਐ। ਉਹਨਾਂ ਦਾ ਮੇਰੇ ਉੱਪਰ ਵਿਸ਼ਵਾਸ ਬੱਝਿਆ ਹੋਇਆ ਐ ਜਿਸ ਕਾਰਨ ਉਹ ਮੇਰੇ ਕੋਲ ਆਉਂਦੇ ਹਨ ਅਤੇ ਮੈਂ ਉੱਘ ਦੀਆਂ ਪਤਾਲ ਮਾਰਕੇ ਉਹਨਾਂ ਦੇ ਕਸ਼ਟ ਕਲੇਸ਼ ਕੱਟਣ ਦੀਆਂ ਵਿਉਂਤਾਂ ਦੱਸ ਦਿੰਦਾ ਹਾਂ, ਜਿਸ ਨਾਲ ਮੇਰਾ ਪਰਿਵਾਰ ਪਲਦਾ ਐ। ਮੇਰੇ ਵਰਗਿਆਂ ਕੋਲ ਜੇਕਰ ਸਾਰੀਆਂ ਸਮੱਸਿਆਵਾਂ ਦੀ ਦਾਰੂ ਹੋਵੇ, ਫਿਰ ਲੋਕ ਦੁੱਖ ਕਿਉਂ ਭੋਗਣ? ਸਾਫ ਦੱਸਾਂ, ਮੇਰੇ ਕੋਲ ਅਜਿਹੀ ਕੋਈ ਕੈਂਚੀ ਨਹੀਂ ਜਿਸ ਨਾਲ ਤੇਰੀ ਸੱਸ ਦੀ ਲੁਤਰੋ ਵੱਢੀ ਜਾਵੇ। ਚਾਹ ਪੀ ਅਤੇ ਘਰ ਨੂੰ ਜਾ। ਹਾਂ, ਇੱਕ ਗੱਲ ਤੇਰੇ ਭਲੇ ਵਾਸਤੇ ਦੱਸ ਦਿਆਂ, ਜੇਕਰ ਕਰ ਲਵੇਂਗੀ। ਬਜ਼ੁਰਗਾਂ ਦੀ ਸੇਵਾ ਕਰਿਆ ਕਰੋ। ਮਾਂ ਪਿਉ ਦੀਆਂ ਗਾਲ੍ਹਾਂ, ਦੇਸੀ ਘਿਉ ਦੀਆਂ ਨਾਲਾਂ।” ਇਹ ਕਹਿਕੇ ਬਾਬਾ ਫਿਰ ਚੌਕੀ ’ਤੇ ਜਾ ਬੈਠਿਆ ਸੀ ਪ੍ਰੰਤੂ ਮੇਰੀ ਸੋਚ ਨੂੰ 360 ਡਿਗਰੀ ਦਾ ਗੇੜਾ ਦੇ ਗਿਆ। ਅੱਜ ਤਕ ਬਾਲ ਮਨ, ਜਿਹੜਾ ਕਿ ਅਜਿਹੇ ਲੋਕਾਂ ਵਿੱਚ ਕੁਛ ਕੁਛ ਵਿਸ਼ਵਾਸ ਰੱਖਦਾ ਸੀ, ਬਾਬੇ ਦੇ ਮੂੰਹੋਂ ਸਚਾਈ ਸੁਣਕੇ ਹੈਰਾਨ ਸੀ। ਅੱਜ ਮੈਂ ਸੱਚ ਸਿਰ ਚੜ੍ਹ ਕੇ ਬੋਲਦਾ ਆਪਣੇ ਅੱਖੀਂ ਦੇਖ ਲਿਆ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
















































































































