“ਲੋਕ ਕਾਂਗਰਸ ਦੀ ਅੰਦਰੂਨੀ ਲੜਾਈ ਤੋਂ ਅੱਕੇ ਪਏ ਹਨ ਅਤੇ ਵੱਖ ਵੱਖ ਰਾਵਾਂ ...”
(12 ਅਗਸਤ 2026)
ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ 2027 ਨੇੜੇ ਆ ਰਹੀਆਂ ਹਨ, ਤਿਉਂ ਤਿਉਂ ਪੰਜਾਬ ਕਾਂਗਰਸ ਪਾਰਟੀ ਅੰਦਰਲੀ ਧੜੇਬੰਦੀ ਅਤੇ ਆਪਸੀ ਕਲੇਸ਼ ਵਧਦਾ ਨਜ਼ਰ ਆ ਰਿਹਾ ਹੈ। ਕਦੇ ਕਦੇ ਤਾਂ ਇਉਂ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਕਿਧਰੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਪਾਰਟੀ ਦੇ ਖੇਡਣੇ ਜਿਹੇ ਨਾ ਖਿੰਡ ਜਾਣ?
ਪਾਰਟੀ ਵਿੱਚ ਇਸ ਸਥਿਤੀ ਦਾ ਮੁੱਢ ਬੱਝਿਆ ਪਾਰਟੀ ਵਿਚਲੇ ਸੰਗਠਨਾਤਮਿਕ ਢਾਂਚੇ ਦੇ ਪੁਨਰਗਠਨ ਨਾਲ। ਪਹਿਲੀ ਜੁਲਾਈ 2026 ਨੂੰ ਕਾਂਗਰਸ ਹਾਈ ਕਮਾਂਡ ਨੇ ਰਾਜਾ ਵੜਿੰਗ ਨੂੰ ਪਾਰਟੀ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀ ਪਾਰਟੀ ਦੇ ਅਹੁਦਿਆਂ ਉੱਪਰ ਬਰਕਰਾਰ ਰੱਖਦਿਆਂ ਹੋਰ ਕਈ ਕਮੇਟੀਆਂ ਬਣਾ ਦਿੱਤੀਆਂ ਅਤੇ ਇੱਕ ਤੋਂ ਵੱਧ ਕਾਰਜਕਾਰੀ ਪ੍ਰਧਾਨ ਬਣਾ ਦਿੱਤੇ ਸਨ। ਅਜਿਹਾ ਕੀਤਾ ਤਾਂ ਇਸ ਲਈ ਗਿਆ ਸੀ ਕਿ ਪ੍ਰਮੁੱਖ ਨੇਤਾਵਾਂ ਨੂੰ ਪ੍ਰਤੀਨਿਧਤਾ ਦੇ ਕੇ ਰੁੱਸਣ ਦੀ ਗੁੰਜਾਇਸ਼ ਘਟਾਈ ਜਾਵੇ ਅਤੇ ਅਗਾਮੀ ਚੋਣਾਂ ਇੱਕਜੁੱਟਤਾ ਨਾਲ ਲੜੀਆਂ ਜਾਣ ਪ੍ਰੰਤੂ ਇਸ ਨਾਲ ਆਪਸੀ ਵਿਰੋਧ ਸ਼ੁਰੂ ਹੋ ਗਿਆ ਅਤੇ ਦਾਅ ਪੁੱਠਾ ਪੈ ਗਿਆ। ਦਰਅਸਲ ਪਾਰਟੀ ਅੰਦਰ ਇਹ ਧਾਰਨਾ ਭਾਰੂ ਹੈ ਕਿ ਪੰਜਾਬ ਅੰਦਰ ਪਾਰਟੀ ਦੇ ਜਿੱਤ ਜਾਣ ਦੀ ਸੂਰਤ ਵਿੱਚ ਮੁੱਖ ਮੰਤਰੀ ਦੀ ਕੁਰਸੀ ਨੂੰ ਰਸਤਾ ਪ੍ਰਧਾਨ ਦੀ ਕੁਰਸੀ ਰਾਹੀਂ ਹੋ ਕੇ ਜਾਵੇਗਾ। ਪ੍ਰੰਤੂ ਜਿਹੋ ਜਿਹੇ ਹਾਲਾਤ ਬਣੇ ਹੋਏ ਹਨ, ਲਗਦਾ ਹੈ ਕਿ ਕਿਤੇ ਕਾਂਗਰਸ ਦੀ ਜਿੱਤ ਦਾ ਰਸਤਾ ਗੁੰਮ ਹੀ ਨਾ ਹੋ ਜਾਵੇ। ਮੁੱਖ ਮੰਤਰੀ ਦੀ ਕੁਰਸੀ ਦੇ ਇੱਕ ਤੋਂ ਵੱਧ ਦਾਅਵੇਦਾਰਾਂ ਵਿੱਚ ਆਪਣੇ ਆਪਣੇ ਧੜੇ ਦੇ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਟਿਕਟਾਂ ਨਾਲ ਨਿਵਾਜ਼ ਕੇ ਅਤੇ ਜਿਤਾ ਕੇ ਮੁੱਖ ਮੰਤਰੀ ਦੀ ਕੁਰਸੀ ਤਕ ਪਹੁੰਚਣ ਦੀ ਦੌੜ ਨੇ ਹੀ ਟੁੱਟ ਭੱਜ ਦਾ ਇਹ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ।
ਨਵੇਂ ਸੰਗਠਨ ਦਾ ਐਲਾਨ ਹੁੰਦਿਆਂ ਹੀ ਚੰਨੀ ਅਤੇ ਵੜਿੰਗ ਧੜਿਆਂ ਵਿੱਚ ਡਿਨਰ ਅਤੇ ਲੰਚ ਡਿਪਲੋਮੇਸੀ ਦਾ ਸ਼ੁਰੂ ਹੋਇਆ ਦੌਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਪਾਰਟੀ ਦੀਆਂ ਮੀਟਿੰਗਾਂ ਵਿੱਚ ਪਾਰਟੀ ਪ੍ਰਧਾਨ ਅਤੇ ਪੰਜਾਬ ਕਾਂਗਰਸ ਇੰਚਾਰਜ ਸ਼੍ਰੀ ਭੁਪੇਸ਼ ਬਘੇਲ ਦੀ ਹਾਜ਼ਰੀ ਵਿੱਚ “ਚੰਨੀ ਜ਼ਿੰਦਾਬਾਦ” ਦੇ ਨਾਹਰੇ ਲਾਏ ਜਾ ਰਹੇ ਹਨ। ਪਟਿਆਲਾ ਅਤੇ ਸੰਗਰੂਰ ਵਿੱਚ ਪਾਰਟੀ ਦੀਆਂ ਮੀਟਿੰਗਾਂ ਵਿੱਚ ਅਜਿਹਾ ਹੁੰਦਾ ਸਭ ਨੇ ਦੇਖ ਲਿਆ ਹੈ। ਸਾਰੀ ਪਾਰਟੀ ਦੋ ਧੜਿਆਂ, ਚੰਨੀ ਧੜੇ ਅਤੇ ਵੜਿੰਗ ਧੜੇ ਦੇ ਦੁਆਲੇ ਵੰਡੀ ਜਾਣ ਲੱਗੀ ਹੈ। ਕਲੇਸ਼ ਵਧਦਾ ਦੇਖ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ਼੍ਰੀ ਭੁਪੇਸ਼ ਬਘੇਲ ਦੀ ਡਿਊਟੀ ਲਾਈ ਅਤੇ ਉਸਨੇ ਵੱਖ ਵੱਖ ਧੜਿਆਂ ਨੂੰ ਸਮਝਾ ਬੁਝਾ ਕੇ ‘ਆਲ ਇਜ਼ ਵੈੱਲ’ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਸਭ ਜਾਣਦੇ ਹਨ ਕਿ ਅਸਲ ਵਿੱਚ ‘ਆਲ ਇਜ਼ ਵੈੱਲ‘ ਹੈ ਕਿ ਨਹੀਂ। ਹੁਣ ਤਾਂ ਪਾਰਟੀ ਪ੍ਧਾਨ ਸ਼੍ਰੀ ਵੜਿੰਗ ਨੇ ਵੀ ਪਾਰਟੀ ਅੰਦਰ ਕਲੇਸ਼ ਦੀ ਗੱਲ ਕਬੂਲ ਲਈ ਹੈ। ਸੀਨੀਅਰ ਕਾਂਗਰਸੀ ਨੇਤਾ ਸ਼੍ਰੀ ਧਰਮਵੀਰ ਗਾਂਧੀ ਨੇ ਵੀ ਪਾਰਟੀ ਨੂੰ ਸੰਭਲਣ ਦੀ ਤਾਕੀਦ ਕੀਤੀ ਹੈ ਅਤੇ ਪਾਰਟੀ ਦਾ ਅਕਸ ਖਰਾਬ ਨਾ ਕਰਨ ਦੀ ਚਿਤਾਵਣੀ ਦਿੱਤੀ ਹੈ।
ਵੱਖ ਵੱਖ ਧੜਿਆਂ ਦੀਆਂ ਵੱਖ ਵੱਖ ਮੀਟਿੰਗਾਂ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ, ਆਪਣੇ ਨੇਤਾ ਦੇ ਹੱਕ ਵਿੱਚ ਅਤੇ ਵਿਰੋਧੀ ਧੜੇ ਦੇ ਆਗੂ ਦੇ ਵਿਰੋਧ ਵਿੱਚ ਨਾਹਰੇ ਅਤੇ ਹੁਣ ਇੱਕ ਦੂਜੇ ਦੀ ਬਦਨਾਮੀ ਕਰਦੇ ਪੋਸਟਰਾਂ ’ਤੇ ਪਹੁੰਚ ਚੁੱਕਿਆ ਹੈ। ਇੱਕ ਪੋਸਟਰ ਵਿੱਚ “ਰਾਜਾ ਬਘੇਲ ਵਾਪਸ ਜਾਓ” ਅਤੇ ਦੂਜੇ ਪੋਸਟਰ ਵਿੱਚ ਚੰਨੀ ਨੂੰ ਆਰ ਐੱਸ ਐੱਸ ਦਾ ਏਜੰਟ ਦਿਖਾਇਆ ਗਿਆ ਹੈ। ਕਿਸੇ ਵੇਲੇ ਕੈਪਟਨ ਨੂੰ ਵੀ ਬੀਜੇਪੀ ਦਾ ਏਜੰਟ ਕਿਹਾ ਗਿਆ ਸੀ ਜੋ ਬਾਅਦ ਵਿੱਚ ਸੱਚ ਵੀ ਸਾਬਤ ਹੋ ਗਿਆ ਸੀ। ਪਿਛਲੇ ਲਗਭਗ ਡੇਢ ਮਹੀਨੇ ਤੋਂ ਪੰਜਾਬ ਕਾਂਗਰਸ ਅੰਦਰਲਾ ਕਲੇਸ਼ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਆ ਰਿਹਾ ਹੈ। 6 ਅਗਸਤ ਨੂੰ ਰਾਜਾ ਵੜਿੰਗ ਦੇ ਆਪਣੇ ਸੰਸਦੀ ਹਲਕੇ ਲੁਧਿਆਣਾ ਵਿੱਚ ਆਯੋਜਤ ਪ੍ਰੋਗਰਾਮ ਵਿੱਚ ਖੂਬ ਹੰਗਾਮਾ ਦੇਖਣ ਨੂੰ ਮਿਲਿਆ। ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿੱਚ ਰੱਖੀ ਇਸ ਮੀਟਿੰਗ ਵਿੱਚ ਵੜਿੰਗ ਅਤੇ ਆਸ਼ੂ ਸਮਰਥਕ ਆਪਸ ਵਿੱਚ ਉਲਝਦੇ ਨਜ਼ਰ ਆਏ ਅਤੇ ਅਨੁਸ਼ਾਸਨਹੀਣਤਾ ਦਾ ਖੂਬ ਨਜ਼ਾਰਾ ਦੇਖਣ ਨੂੰ ਮਿਲਿਆ। ਸ਼੍ਰੀ ਭੁਪੇਸ਼ ਬਘੇਲ, ਜਿਸਨੂੰ ਸਾਲਸੀ ਦੇ ਤੌਰ ’ਤੇ ਦੇਖਿਆ ਜਾਣਾ ਚਾਹੀਦਾ ਹੈ, ਲਈ ਲੋਕਾਂ ਨੇ “ਬਘੇਲ ਗੋ ਬੈਕ” ਦੇ ਨਾਹਰੇ ਲਾਏ। ਕਈ ਵਰਕਰਾਂ ਨੇ ਤਾਂ ਭੁਪੇਸ਼ ਬਘੇਲ ਨੂੰ ਜਨਰਲ ਡਾਇਰ ਦਿਖਾਉਂਦੀਆਂ ਤਸਵੀਰਾਂ ਵਾਲੀਆਂ ਟੀ ਸ਼ਰਟਾਂ ਪਹਿਨੀਆਂ ਹੋਈਆਂ ਸਨ। ਜਦੋਂ ਮਾਈਕ ਸ੍ਰ. ਸਿਮਰਜੀਤ ਸਿੰਘ ਬੈਂਸ ਦੇ ਹੱਥ ਆਇਆ ਤਾਂ ਉਸਨੇ ਇਹ ਸਨਸਨੀਖੇਜ਼ ਪ੍ਰਗਟਾਵਾ ਕੀਤਾ ਕਿ ਲੋਕ ਸਭਾ ਚੋਣਾਂ ਵੇਲੇ ਵੜਿੰਗ ਨੂੰ ਹਰਾਉਣ ਲਈ ਉਸਨੂੰ ਕਈ ਸੀਨੀਅਰ ਨੇਤਾਵਾਂ ਦੇ ਫੋਨ ਆਏ ਸਨ।
ਇਹ ਪ੍ਰਭਾਵ ਜਾ ਰਿਹਾ ਹੈ ਕਿ ਜਦੋਂ ਨੇਤਾ ਅੱਜ ਸੰਗਠਨ ਦੀ ਪ੍ਰਵਾਹ ਕੀਤੇ ਬਗੈਰ ਪਾਰਟੀ ਨੂੰ ਖੇਰੂੰ ਖੇਰੂੰ ਕਰਨ ’ਤੇ ਤੁਲੇ ਹੋਏ ਹਨ, ਉਦੋਂ ਆਮ ਪਾਰਟੀ ਵਰਕਰ ਕੀ ਸਟੈਂਡ ਲਵੇ। ਟਿਕਟਾਂ ਦੀ ਵੰਡ ਤੋਂ ਵੀ ਅੱਧੀ ਪਾਰਟੀ ਸੰਤੁਸ਼ਟ ਨਹੀਂ ਹੋਵੇਗੀ ਅਤੇ ਇੱਕ ਇੱਕ ਸੀਟ ਤੋਂ ਇੱਕ ਤੋਂ ਵੱਧ ਕਾਂਗਰਸੀਆਂ ਦੀ ਚੋਣਾਂ ਲੜਨ ਦੇ ਹਾਲਾਤ ਬਣੇ ਰਹਿਣਗੇ। ਪਾਰਟੀ ਦੇ ਪ੍ਰਤੀਬੱਧ ਵੋਟਰ ਚਾਹ ਕੇ ਵੀ ਪਾਰਟੀ ਦੇ ਹੱਕ ਵਿੱਚ ਨਹੀਂ ਭੁਗਤ ਸਕਣਗੇ ਸਗੋਂ ਦੁਬਿਧਾ ਵਿੱਚ ਘਰ ਬੈਠਣ ਨੂੰ ਪਹਿਲ ਦੇਣਗੇ ਜਾਂ ਵਿਰੋਧੀ ਉਮੀਦਵਾਰ ਦੇ ਹੱਕ ਵਿੱਚ ਭੁਗਤਣਗੇ। 2024 ਲੋਕ ਸਭਾ ਚੋਣਾਂ ਵਿੱਚ 13 ਵਿੱਚੋਂ, ਸਾਰੀਆਂ ਪਾਰਟੀਆਂ ਤੋਂ ਵੱਧ, 8 ਉਮੀਦਵਾਰ ਜਿਤਾ ਕੇ ਪਾਰਟੀ ਵਿੱਚ ਪੁਨਰ ਸੁਰਜੀਤੀ ਦੀ ਆਸ ਬੱਝੀ ਸੀ ਪ੍ਰੰਤੂ 2024 ਤੋਂ ਬਾਅਦ ਬਹੁਤ ਸਾਰਾ ਪਾਣੀ ਪੁਲਾਂ ਹੇਠੋਂ ਗੁਜ਼ਰ ਚੁੱਕਾ ਹੈ ਅਤੇ ਇਸ ਸਮੇਂ ਪਾਰਟੀ ਅੰਦਰ ਬੇ-ਉਮੀਦੀ ਭਾਰੂ ਹੈ। ਸ਼੍ਰੀ ਭੁਪੇਸ਼ ਬਘੇਲ ਤਾਂ ਸੁਲਗਦੀ ਅੱਗ ਨੂੰ ਠੰਢਾ ਨਹੀਂ ਕਰ ਸਕੇ, ਲਗਦਾ ਹੈ ਪਾਰਟੀ ਹਿਤ ਵਿੱਚ ਹਾਈ ਕਮਾਂਡ ਨੂੰ ਹੀ ਕੋਈ ਸਖਤ ਫੈਸਲਾ ਲੈਣਾ ਪਵੇਗਾ। ਚੰਨੀ ਧੜੇ ਦੀ ਸਪਸ਼ਟ ਮੰਗ ਹੈ ਕਿ ਰਾਜਾ ਵੜਿੰਗ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਜਦੋਂ ਕਿ ਰਾਜਾ ਵੜਿੰਗ ਨੇ ਅਸਤੀਫਾ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ। ਸ਼੍ਰੀ ਭੁਪੇਸ਼ ਬਘੇਲ ਵੀ ਰਾਜਾ ਵੜਿੰਗ ਨਾਲ ਖੜ੍ਹੇ ਦਿਖਈ ਦਿੰਦੇ ਹਨ। ਕੁਝ ਸੀਨੀਅਰ ਨੇਤਾ, ਜਿਨ੍ਹਾਂ ਤੋਂ ਉਮੀਦ ਸੀ ਕਿ ਉਹ ਵਿੱਚ ਪੈ ਕੇ ਸਮਝੌਤਾ ਕਰਵਾ ਦੇਣਗੇ, ਉੁਹ ਵੀ ਪਤਾ ਨਹੀਂ ਕਿਉਂ ਦੂਰੀ ਬਣਾਈ ਬੈਠੇ ਹਨ। ਕਾਂਗਰਸ ਦੀ ਉੱਚ ਲੀਡਰਸ਼ਿੱਪ ਵਿਦਿਆਰਥੀ ਅੰਦੋਲਨ ਸਹਾਰੇ ਮੋਦੀ ਨੂੰ ਘੇਰਨ ਵਿੱਚ ਰੁੱਝੀ ਹੋਈ ਜਾਪਦੀ ਹੈ ਅਤੇ ਲਗਦਾ ਹੈ ਉਸ ਲਈ ਪੰਜਾਬ ਵਿਚਲੀ ਅੰਦਰੂਨੀ ਲੜਾਈ ਦਾ ਹੱਲ ਦੂਜੇ ਨੰਬਰ ’ਤੇ ਖਿਸਕ ਗਿਆ ਹੈ ਜਦਕਿ ਲੋੜ ਹੈ ਇਸ ਵਬਾ ਦੇ ਫੌਰੀ ਇਲਾਜ ਦੀ।
ਇਸੇ ਭੱਜ ਨੱਠ ਵਿੱਚ ਕਾਂਗਰਸੀ ਨੇਤਾ ਕੁਲਬੀਰ ਜ਼ੀਰਾ ਨੇ ਸੁਝਾ ਦਿੱਤਾ ਹੈ ਕਿ ਪਾਰਟੀ ਦੇ ਟਾਪ ਦੇ ਲੀਡਰਾਂ ਨੂੰ ਵਿਰੋਧੀ ਪਾਰਟੀਆਂ ਦੇ ਟਾਪ ਦੇ ਲੀਡਰਾਂ ਖਿਲਾਫ ਟਿਕਟ ਦਿੱਤੀ ਜਾਵੇ। ਭਾਵੇਂ ਤਨਜ਼ ਵਿੱਚ ਹੀ ਸਹੀ, ਰਾਜਾ ਵੜਿੰਗ ਨੇ ਤਾਂ ਇਸ ਮੰਗ ਦੇ ਜਵਾਬ ਵਿੱਚ ਸੁਖਬੀਰ ਬਾਦਲ ਦੇ ਖਿਲਾਫ ਨਹੀਂ, ਸਗੋਂ ਭਗਵੰਤ ਮਾਨ ਦੇ ਖਿਲਾਫ ਚੋਣ ਟਿਕਟ ਲੈਣ ਦੀ ਮੰਗ ਵੀ ਰੱਖ ਦਿੱਤੀ ਹੈ। ਇਸ ਤਰ੍ਹਾਂ ਕਈ ਦਿੱਗਜ਼ਾਂ ਦੇ ਸੀਨ ਤੋਂ ਲਾਂਭੇ ਹੋ ਜਾਣ ਦੀ ਸੰਭਾਵਨਾ ਬਣ ਜਾਵੇਗੀ ਅਤੇ ਦੂਜੀ ਕਤਾਰ ਦੇ ਨੇਤਾਵਾਂ ਦਾ ਦਾਅ ਲੱਗ ਜਾਵੇਗਾ। ਸ਼੍ਰੀ ਕਿੱਕੀ ਢਿੱਲੋਂ ਵੀ ਇਹ ਕਹਿ ਕੇ ਮੈਦਾਨ ਵਿੱਚ ਕੁੱਦੇ ਹਨ ਕਿ ਸਟੇਜਾਂ ਤੋਂ ਟਿਕਟਾਂ ਨਾ ਵੰਡੀਆਂ ਜਾਣ।
ਇਹ ਵੀ ਇੱਕ ਕੌੜੀ ਸਚਾਈ ਹੈ ਕਿ ਸਾਡੀ ਰਾਜਨੀਤੀ ਗੰਧਲੀ ਹੋ ਗਈ ਹੈ। ਰਾਤੋ ਰਾਤ ਅਮੀਰ ਲੋਕਾਂ ਦੀ ਕਤਾਰ ਵਿੱਚ ਸ਼ਾਮਲ ਹੋਣ ਦੀ ਹੋੜ ਨੇ ਅਸੂਲ, ਵਿਚਾਰਧਾਰਾ, ਇਖਲਾਕ ਅਤੇ ਨੈਤਿਕਤਾ ਨੂੰ ਪਿੱਛੇ ਧੱਕ ਦਿੱਤਾ ਹੈ। ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਕਿਸੇ ਵੇਲੇ ਪਾਣੀ ਪੀ ਪੀ ਕੇ ਕੋਸਣ ਵਾਲਾ ਵਿਅਕਤੀ ਪਤਾ ਨਹੀਂ ਕਦੋਂ ਉਸੇ ਵਿਰੋਧੀ ਨੇਤਾ ਦੀ ਗੋਦੀ ਚੜ੍ਹ ਜਾਵੇ ਅਤੇ ਉਸਦੇ ਔਗੁਣ ਉਸ ਲਈ ਸਦਗੁਣ ਬਣ ਜਾਣ। ਚੋਣਾਂ ਨੇੜੇ ਆਉਂਦਿਆਂ ਹੀ ਕਈਆਂ ਦਾ ਆਪਣੀ ਪਾਰਟੀ ਅੰਦਰ ਦਮ ਘੁੱਟਣ ਲੱਗ ਜਾਂਦਾ ਹੈ ਅਤੇ ਮਾਂ ਪਾਰਟੀ ਅਸੂਲਾਂ ਤੋਂ ਥਿੜਕਦੀ ਨਜ਼ਰ ਆਉਣ ਲੱਗ ਜਾਂਦੀ ਹੈ। ਹੋਰ ਕਈ ਆਪਣੀ ਮਾਂ ਪਾਰਟੀ ਵਿੱਚ ਵਾਪਸੀ ਕਰਨ ਲਈ ਤਰਲੋਮੱਛੀ ਹੁੰਦੇ ਦਿਖਾਈ ਦਿੰਦੇ ਹਨ। ਅਸਲ ਵਿੱਚ ਸਾਰਾ ਕਿੱਸਾ ਕੁਰਸੀ ਦਾ ਹੁੰਦਾ ਹੈ, ਪਾਰਟੀ ਨੂੰ ਨਹੀਂ, ਕੁਰਸੀ ਪ੍ਰਾਪਤੀ ਦੀ ਸੰਭਾਵਨਾ ਨੂੰ ਪਹਿਲ ਦਿੱਤੀ ਜਾਂਦੀ ਹੈ। ਦੂਜੀਆਂ ਪਾਰਟੀਆਂ ਵਾਂਗ, ਅਜਿਹੇ ਦਲਬਦਲੂਆਂ ਦਾ ਕਾਂਗਰਸ ਪਾਰਟੀ ਵਿੱਚ ਵੀ ਕੋਈ ਤੋੜਾ ਨਹੀਂ ਹੈ। ਆਇਆ ਰਾਮ ਗਇਆ ਰਾਮ ਵੀ ਪਾਰਟੀ ਦੀ ਜਿੱਤ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਤ ਕਰਨਗੇ। ਭਾਵੇਂ ਹਾਲ ਦੀ ਘੜੀ ਕਿਸੇ ਕਾਂਗਰਸੀ ਗੁੱਟ ਦੀ ਕਿਸੇ ਹੋਰ ਪਾਰਟੀ ਵਿੱਚ ਸ਼ਮੂਲੀਅਤ ਦੀ ਸੰਭਾਵਨਾ ਦਿਖਾਈ ਨਹੀਂ ਦਿੰਦੀ ਪ੍ਰੰਤੂ ਇੱਕਾ ਦੁੱਕਾ ਕਾਂਗਰਸੀ ਲੀਡਰਾਂ ਦੇ ਪਾਰਟੀ ਨੂੰ ਤਿਲਾਂਜਲੀ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੱਲ੍ਹ ਕਲੋਤਰ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਨਾ ਬਣਨ ਦੀ ਸੂਰਤ ਵਿੱਚ ਕਿਸੇ ਇੱਕ ਗੁੱਟ ਦੇ ਛੜੱਪਾ ਮਾਰਨ ਨੂੰ ਵੀ ਅਣਗੌਲਿਆਂ ਨਹੀਂ ਕਰ ਸਕਦੇ।
ਸਿਆਣਿਆਂ ਦਾ ਕਹਿਣਾ ਹੈ ਕਿ ਕਲੇਸ਼ ਦਾ ਮੂੰਹ ਕਾਲਾ ਹੁੰਦਾ ਹੈ। ਓਏ ਭਲਿਓ! ਜਦੋਂ ਤੁਸੀਂ ਆਪਣਾ ਝੱਗਾ ਚੁੱਕੋਗੇ, ਢਿੱਡ ਤੁਹਾਡਾ ਹੀ ਨੰਗਾ ਹੋਵੇਗਾ। ਕਾਂਗਰਸੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵਿਰੋਧੀ ਪਾਰਟੀਆਂ ਤਾਂ ਕੈਚ ਬੋਚਣ ਲਈ ਘਾਤ ਲਾਈ ਬੈਠੀਆਂ ਹੀ ਹਨ। ਬਚੋ! ਨਹੀਂ ਤਾਂ ਵਿਰੋਧੀ ਪਾਰਟੀਆਂ ਤੁਹਾਡੀ ਅੰਦਰੂਨੀ ਲੜਾਈ ਦਾ ਫਾਇਦਾ ਚੁੱਕ ਜਾਣਗੀਆਂ। ਲੋਕ ਕਾਂਗਰਸ ਦੀ ਅੰਦਰੂਨੀ ਲੜਾਈ ਤੋਂ ਅੱਕੇ ਪਏ ਹਨ ਅਤੇ ਵੱਖ ਵੱਖ ਰਾਵਾਂ ਪ੍ਰਗਟ ਕਰ ਰਹੇ ਹਨ। ਇੱਕ ਅਖਬਾਰ ਨੇ ਤਾਂ ਇੱਥੋਂ ਤਕ ਲਿਖ ਦਿੱਤਾ ਹੈ ਕਿ ਜੇਕਰ ਚੰਨੀ ਬਨਾਮ ਵੜਿੰਗ ਕਲੇਸ਼ ਖਤਮ ਨਹੀਂ ਹੁੰਦਾ ਤਾਂ ਕਾਂਗਰਸੀਆਂ ਨੂੰ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਦਾ ਸੁਪਨਾ ਛੱਡ ਦੇਣਾ ਚਾਹੀਦਾ ਹੈ।
ਅੱਜ ਜਦੋਂ ਸਮੇਂ ਦੀ ਮੰਗ ਹੈ ਵਿਰੋਧੀਆਂ ’ਤੇ ਹੱਲਾ ਬੋਲਣ ਦੀ, ਤੁਸੀਂ ਆਪਸ ਵਿੱਚ ਹੀ ਉਲਝ ਰਹੇ ਹੋ। ਲੋੜ ਹੈ ਮਿਹਨਤ ਕਰਕੇ ਹਵਾ ਦਾ ਰੁਖ ਆਪਣੀ ਪਾਰਟੀ ਦੇ ਹੱਕ ਵਿੱਚ ਕਰਨ ਦੀ। ਯਾਦ ਰੱਖਿਉ, ਮੁੱਖ ਮੰਤਰੀ ਤਾਂ ਹੀ ਬਣਾਉਗੇ ਜੇਕਰ ਤੁਹਾਡੀ ਪਾਰਟੀ ਜਿੱਤੇਗੀ। ਪਾਰਟੀ ਤਾਂ ਜਿੱਤੇਗੀ ਜੇਕਰ ਚੋਣਾਂ ਇੱਕ ਝੰਡੇ ਥੱਲੇ ਇੱਕਜੁੱਟ ਹੋ ਕੇ ਲੜੋਗੇ।
ਸਮਾਂ ਹੈ ਸੰਭਲਣ ਦਾ। ਜਿਸ ਪਾਰਟੀ ਦੇ ਸਿਰ ’ਤੇ ਨਵਾਬਜ਼ਾਦਿਆਂ ਵਰਗੀਆਂ ਜ਼ਿੰਦਗੀਆਂ ਹੰਢਾਈਆਂ ਹੋਣ, ਜਿਸ ਬਾਬਤ ਭੁਪੇਸ਼ ਬਘੇਲ ਨੇ ਚੰਨੀ ਨੂੰ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਸਮਾਂ ਹੈ ਉਸ ਪਾਰਟੀ ਦੇ ਹੱਕ ਵਿੱਚ ਤਿਆਗ ਕਰਨ ਦਾ, ਨਾ ਕਿ ਜ਼ਿਦ ਫੜਨ ਦਾ। ਪਾਰਟੀ ਦਾ ਭਲਾ ਅਤੇ ਜਨਤਾ ਦਾ ਭਲਾ ਪਹਿਲ ਹੋਵੇ, ਨਾ ਕਿ ਨਿੱਜਪ੍ਰਸਤੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































