JagdevSharmaBugra8ਇਹ ਕਿਸ ਨੂੰ ਮਾਮੀ ਬਣਾ ਲਿਆਇਆ?” ਅਚੰਭਿਤ ਘਰ ਵਾਲੀ ਨੇ ਮੇਰੇ ਕੰਨ ਨੇੜੇ ਮੂੰਹ ...
(29 ਮਈ 2026)


1981 ਵਿੱਚ ਮੈਂ ਡਾਕਖਾਨੇ ਵਿੱਚੋਂ ਅਸਤੀਫਾ ਦੇ ਕੇ ਬੈਂਕ ਦੀ ਨੌਕਰੀ ਜੁਆਇੰਨ ਕਰ ਲਈ ਸੀ। ਜਿੱਥੇ ਮੇਰੀ ਪਹਿਲੀ ਨਿਯੁਕਤੀ ਹੋਈ ਉਹ ਕਸਬਾ ਪਿੰਡ ਤੋਂ ਕੋਈ 30-32 ਕਿਲੋਮੀਟਰ ਦੂਰ ਸੀ। ਉੱਥੇ ਪਹੁੰਚਣ ਲਈ ਤਿੰਨ ਵਾਰੀ ਅਤੇ ਕਈ ਵਾਰੀ ਚਾਰ ਵਾਰੀ ਬੱਸ ਬਦਲਣੀ ਪੈਂਦੀ ਸੀ। ਰੋਜ਼ ਰੋਜ਼ ਦੇ ਬੱਸਾਂ ਦੇ ਝੰਜਟ ਤੋਂ ਪਿੱਛਾ ਛਡਾਉਣ ਦੇ ਮਕਸਦ ਨਾਲ ਮੈਂ ਆਪਣੀ ਪਤਨੀ ਅਤੇ ਛੋਟੇ ਬੱਚੇ ਸਮੇਤ ਨੌਕਰੀ ਵਾਲੇ ਕਸਬੇ ਵਿੱਚ ਹੀ ਸ਼ਿਫਟ ਕਰ ਲਿਆ। ਕੁਦਰਤੀ ਕਿਰਾਏ ਦਾ ਘਰ ਵੀ ਮੈਨੂੰ ਅਜਿਹੇ ਮੁਹੱਲੇ ਵਿੱਚ ਮਿਲ ਗਿਆ ਜਿੱਥੇ ਬਹੁਤੇ ਘਰ ਬ੍ਰਾਹਮਣ ਭਾਈਚਾਰੇ ਦੇ ਹੀ ਸਨ ਅਤੇ ਉਹ ਵੀ ਦੂਰੋਂ ਨੇੜਿਓਂ ਸਾਡੇ ਰਿਸ਼ਤੇਦਾਰਾਂ ਦੇ। ਉਹਨਾਂ ਰਿਸ਼ਤੇਦਾਰਾਂ ਵਿੱਚ ਇੱਕ ਘਰ ਇੱਕ ਲੜਕੀ ਸੀ ਜਿਹੜੀ ਕਿ ਮੇਰੀ ਭੈਣ ਲਗਦੀ ਸੀ। ਭੈਣ ਕਿਵੇਂ ਲਗਦੀ ਸੀ
, ਇਸ ਗੱਲ ਦੀ ਖੋਜ ਵੀ ਮੇਰੀ ਉਸੇ ਭੈਣ ਨੇ ਹੀ ਕੀਤੀ ਸੀ। ਉਹ ਮੇਰੇ ਨਾਨੇ ਦੇ ਭਾਈ ਦੀ ਦੋਹਤੀ ਸੀ ਯਾਨੀਕਿ ਇੱਕ ਨਾਨੇ ਦਾ ਮੈਂ ਦੋਹਤਾ ਅਤੇ ਦੂਜੇ ਨਾਨੇ ਦੀ ਉਹ ਦੋਹਤੀ। ਇੰਜ ਹੋਏ ਨਾ ਅਸੀਂ ਭੈਣ ਭਰਾ? ਠੀਕ ਇਸੇ ਤਰ੍ਹਾਂ ਮੇਰੇ ਕਿਰਾਏ ਵਾਲੇ ਘਰ ਦੇ ਪਿਛਲੇ ਪਾਸੇ ਇੱਕ ਬਜ਼ੁਰਗ ਔਰਤ ਭਰੇ ਪੂਰੇ ਪਰਿਵਾਰ ਸਮੇਤ ਰਹਿੰਦੀ ਸੀ। ਉਹ ਬਜ਼ੁਰਗ ਔਰਤ ਮੇਰੇ ਮਾਤਾ ਜੀ ਦੀ ਮਾਸੀ ਦੀ ਧੀ ਸੀ ਅਤੇ ਇਸ ਤਰ੍ਹਾਂ ਉਹ ਮੇਰੀ ਮਾਸੀ ਹੋਈ ਅਤੇ ਉਸਦਾ ਸਾਰਾ ਪਰਿਵਾਰ ਮੇਰੇ ਭੈਣ ਭਰਾ, ਭਤੀਜੇ ਭਤੀਜੀਆਂ। ਅਜਿਹੇ ਰਿਸ਼ਤੇ ਮੈਨੂੰ ਵੀ ਵਧੀਆ ਨਿਭਾਉਣੇ ਆਉਂਦੇ ਸਨ ਅਤੇ ਉਹ ਸਾਰੇ ਪਰਿਵਾਰ ਵੀ ਮੈਨੂੰ ਆਪਣੇ ਪਰਿਵਾਰ ਦਾ ਹਿੱਸਾ ਹੀ ਸਮਝਦੇ ਸਨ। ਵਧੀਆ ਮਾਹੌਲ ਅਤੇ ਵਧੀਆ ਟਾਈਮ ਪਾਸ। ਇੱਕ ਦਿਨ ਇੱਕ ਗੱਡੀਆਂ ਵਾਲੀ ਲੁਹਾਰਨ ਗਲੀ ਵਿੱਚੋਂ ਤੱਕਲੇ ਖੁਰਚਣੇ ਵੇਚਣ ਦਾ ਹੋਕਾ ਦਿੰਦਿਆਂ ਲੰਘੀ। ਆਵਾਜ਼ ਕੁਛ ਜਾਣੀ ਪਛਾਣੀ ਜਿਹੀ ਲੱਗੀ। ਮੈਂ ਬਾਹਰ ਨਿਕਲ ਕੇ ਦੇਖਿਆ ਅਤੇ ਉੱਚੀ ਆਵਾਜ਼ ਵਿੱਚ ਉਸਨੂੰ ਮਾਮੀ ਕਹਿਕੇ ਬੁਲਾਇਆ। ਉਸਨੇ ਘੁੰਮ ਕੇ ਦੇਖਿਆ ਅਤੇ ਸੋਚਿਆ, ਕੋਈ ਗਾਹਕ ਹੈ ਅਤੇ ਮਜ਼ਾਕ ਵਿੱਚ ਮਾਮੀ ਕਹਿ ਕੇ ਬੁਲਾ ਰਿਹਾ ਹੈ। ਉਹ ਵਾਪਸ ਆ ਗਈ ਸੀ। ਮੈਂ ਫਿਰ ਕਿਹਾ, “ਮਾਮੀ! ਪਛਾਣਿਆ ਨਹੀਂ?” ਮੈਂ ਸਵਾਲ ਕਰਕੇ ਅੱਗੇ ਬੋਲਣ ਹੀ ਲੱਗਿਆ ਸੀ ਕਿ ਉਹ ਝੱਟ ਬੋਲ ਪਈ। “ਜਗਦੇਵ?” ਉਸਦੀ ਯਾਦਦਾਸ਼ਤ ਦੀ ਵੀ ਦਾਦ ਦੇਣੀ ਬਣਦੀ ਸੀ। ਸਾਡੀਆਂ ਗੱਲਾਂ ਸੁਣ ਕੇ ਮੇਰੀ ਸ਼ਰੀਕ ਏ ਹਿਯਾਤ ਵੀ ਨੇੜੇ ਆ ਗਈ। ਮੈਂ ਆਪਣੀ ਮਾਮੀ ਨੂੰ ਘਰ ਅੰਦਰ ਲੈ ਆਇਆ।

“ਇਹ ਕਿਸ ਨੂੰ ਮਾਮੀ ਬਣਾ ਲਿਆਇਆ?” ਅਚੰਭਿਤ ਘਰ ਵਾਲੀ ਨੇ ਮੇਰੇ ਕੰਨ ਨੇੜੇ ਮੂੰਹ ਕਰਦਿਆਂ ਪੁੱਛਿਆ।

“ਦੱਸਦਾਂ, ਤੂੰ ਚਾਹ ਦੇ ਬਣਾ ਦੋ ਤਿੰਨ ਕੱਪ।”

ਹੁਕਮ ਦੀ ਬੱਧੀ ਘਰ ਵਾਲੀ ਰਸੋਈ ਵੱਲ ਅਹੁਲੀ। ਘੱਗਰੀ ਸੰਭਾਲਦੀ ਮੇਰੀ ਮਾਮੀ ਭੁੰਜੇ ਹੀ ਬੈਠ ਗਈ। ਮੈਂ ਉਸਨੂੰ ਮੰਜੇ ਉੱਪਰ ਬੈਠਣ ਲਈ ਜ਼ੋਰ ਪਾਇਆ ਤਾਂ ਉਹ ਸੰਕੋਚ ਜਿਹੇ ਨਾਲ ਮੰਜੇ ਦੀਆਂ ਪੈਂਦ ’ਤੇ ਬੈਠ ਗਈ।

“ਹੋਰ ਮਾਮੀ, ਮੇਲੇ ਮਾਮੇ ਦਾ ਕੀ ਹਾਲ ਐ? ਜੂਪਾ ਕੀ ਕਰਦਾ ਹੁੰਦੈ, ਵਿਆਹ ਲਿਆ ਹੋਊ?” ਮੈਂ ਉਸਨੂੰ ਇਕੱਠੇ ਹੀ ਕਈ ਸਵਾਲ ਕਰ ਦਿੱਤੇ।

“ਮੇਲਾ ਤਾਂ ਤਿੰਨ ਚਾਰ ਸਾਲ ਹੋ ਗਏ, ਪੂਰਾ ਹੋ ਗਿਆ ਸੀ। ਜੂਪੇ ਦਾ ਵਿਆਹ ਉਹ ਕਰ ਗਿਆ ਸੀ ਜਿਊਂਦੇ ਜਿਉਂਦੇ. ਪੀਤੀ ਮੈਂ ਵਿਆਹੀ ਐ, ਉਸਦੇ ਚਲੇ ਜਾਣ ਪਿੱਛੋਂ। ਜੂਪਾ ਵੀ ਬੱਸ ਆਹੀ ਸਾਡਾ ਪਿਤਾ ਪੁਰਖੀ ਕੰਮ ਹੀ ਕਰਦਾ ਹੁੰਦੈ, ਨਾਲ ਬਲਦ ਵੱਛੇ ਦਾ ਵਪਾਰ ਕਰ ਲੈਂਦੈ, ਤੋਰੀ ਫੁਲਕਾ ਵਧੀਆ ਚੱਲੀ ਜਾਂਦਾ ਹੈ, ਸਰਦਾਰ ਲੋਕਾਂ ਦੇ ਸਿਰ ਤੇ।” ਸ਼ੁਕਰਗੁਜ਼ਾਰ ਮਾਮੀ ਦਾ ਸੰਜੀਦਾ ਜਵਾਬ ਸੀ।

ਸਾਨੂੰ ਗੱਲਾਂ ਕਰਦਿਆਂ ਨੂੰ ਸਾਹਮਣੇ ਹੀ ਰਹਿੰਦੀ ਮੇਰੀ ਉਪਰੋਕਤ ਭੈਣ ਨੇ ਦੇਖ ਲਿਆ ਅਤੇ ਆਉਂਦਿਆਂ ਹੀ ਸਵਾਲ ਦਾਗਿਆ, “ਵੀਰੇ! ਕਿਸ ਨੂੰ ਬਹਾਈ ਬੈਠੈਂ ਮੰਜੇ ਦੇ ਪੈਂਦੀਂ?”

“ਮੇਰੀ ਮਾਮੀ ਐ।”

ਜਵਾਬ ਸੁਣਦਿਆਂ ਹੀ ਭੈਣ ਤ੍ਰਭਕੀ। ਮੈਂ ਆਪਣੀ ਭੈਣ ਨੂੰ ਮਾਮੀ ਵਾਰੇ ਸੰਖੇਪ ਵਿੱਚ ਸਮਝਾਇਆ। ਮੇਰਾ ਉੱਤਰ ਸੁਣਦਿਆਂ ਹੀ ਉਹ ਸਾਡੀ ਸਾਂਝੀ ਮਾਸੀ ਦੇ ਘਰ ਵੱਲ ਭੱਜੀ ਅਤੇ ਉਸਦੇ ਕੰਨ ਵਿੱਚ ਪਾ ਆਈ ਕਿ ਜਗਦੇਵ ਦੀ ਮਾਮੀ ਆਈ ਹੈ। ਮੇਰੀ ਮਾਸੀ ਵੀ ਆਪਣੀ ਭਰਜਾਈ ਨੂੰ ਮਿਲਣ ਦੇ ਚਾਅ ਵਿੱਚ ਚੁੰਨੀ ਜਿਹੀ ਸੰਵਾਰਦੀ ਆ ਪਧਾਰੀ।

“ਕਿੱਥੇ ਐ ਮੇਰੀ ਭਾਬੀ?” ਘਰ ਵਿੱਚ ਕੋਈ ਮਹਿਮਾਨ ਨਾ ਦੇਖ ਕੇ ਮੇਰੀ ਮਾਸੀ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਸੀ।

“ਆਹ ਦੇਖ, ਮੰਜੇ ’ਤੇ ਬੈਠੀ।” ਮੈਂ ਗੱਡੀਆਂ ਵਾਲੀ ਲੁਹਾਰਨ ਵੱਲ ਇਸ਼ਾਰਾ ਕੀਤਾ।

“ਹੂੰ? ਅੰਨ੍ਹਾ ਜੁਲਾਹਾ, ਮਾਂ ਨਾਲ ਮਸ਼ਖਰੀਆਂ। ਗੱਡੀਆਂ ਵਾਲੀ ਤੇਰੀ ਮਾਮੀ ਕਿਵੇਂ?” ਮਾਸੀ ਨੇ ਬੁੱਲ੍ਹ ਜਿਹੇ ਕੱਢੇ।

“ਲਗਦੈ ਮਾਸੀ ਤੈਨੂੰ ਯਕੀਨ ਨੀ ਆਇਆ, ਲੈ ਆਪਾਂ ਇਸੇ ਨੂੰ ਪੁੱਛ ਲੈਨੇ ਆਂ।”

“ਭਲਾ ਮੈਂ ਕੌਣ ਆ?” ਮਾਸੀ ਦੀ ਤਸੱਲੀ ਲਈ ਮੈਂ ਨਾਲ ਹੀ ਆਪਣੀ ਮਾਮੀ ਨੂੰ ਸਵਾਲ ਕਰ ਦਿੱਤਾ।

“ਤੂੰ ਜਗਦੇਵ, ਚੱਠਿਆਂ ਆਲਿਆਂ ਦਾ ਦੋਹਤਾ।”

“ਤੇ ਤੂੰ?”

“ਮੈਂ ਜਗਦੇਵ ਦੀ ਮਾਮੀ।” ਮਾਮੀ ਦੇ ਜਵਾਬ ਨੇ ਮਾਸੀ ਦੀ ਪੂਰੀ ਤਸੱਲੀ ਕਰਵਾ ਦਿੱਤੀ।

ਹੁਣ ਆਉਂਦੇ ਹਾਂ ਅਸਲ ਗੱਲ ਵੱਲ, ਗੱਡੀਆਂ ਵਾਲੀ ਲੁਹਾਰਨ ਮੇਰੀ ਮਾਮੀ ਕਿਵੇਂ ਬਣੀ? ਹੋਇਆ ਇੰਝ ਕਿ ਦਸਵੀਂ ਪਾਸ ਕਰਨ ਤੋਂ ਬਾਅਦ ਮੈਂ ਕਾਲਜ ਵਿੱਚ ਦਾਖਲਾ ਲੈ ਲਿਆ। ਕਾਲਜ ਘਰ ਤੋਂ ਕੋਈ 20-22 ਕਿਲੋਮੀਟਰ ਦੂਰ ਸੀ। ਰੋਜ਼ ਆਉਣਾ ਜਾਣਾ ਸੰਭਵ ਨਹੀਂ ਸੀ ਅਤੇ ਹੋਸਟਲ ਵਿੱਚ ਰੱਖ ਕੇ ਪੜ੍ਹਾਉਣਾ ਮਾਪਿਆਂ ਦੀ ਆਰਥਿਕ ਸਥਿਤੀ ਤੋਂ ਪਰੇ ਸੀ। ਮੇਰਾ ਨਾਨਕਾ ਪਿੰਡ ਕਾਲਜ ਤੋਂ ਸਿਰਫ ਚਾਰ ਕਿਲੋਮੀਟਰ ਦੂਰ ਸੀ। ਮੇਰੇ ਮਾਮਾ ਜੀ ਨੇ ਮੈਨੂੰ ਆਪਣੇ ਕੋਲ ਰੱਖਣ ਦੀ ਜ਼ਿੰਮੇਵਾਰੀ ਓਟ ਲਈ। ਨਾਨਕੇ ਘਰ ਰਹਿੰਦਾ ਮੈਂ ਹਰ ਵੱਡੇ ਛੋਟੇ ਨੂੰ ਉਸਦੀ ਉਮਰ ਦੇ ਹਿਸਾਬ ਮਾਮਾ, ਨਾਨਾ ਦਾ ਦਰਜ਼ਾ ਦੇ ਲੈਂਦਾ। ਮੇਰੇ ਮਾਮਿਆਂ ਦੇ ਘਰ ਸਾਹਮਣੇ ਇੱਕ ਖੁੱਲ੍ਹੀ ਜਿਹੀ ਜਗ੍ਹਾ ’ਤੇ ਮੇਲੇ ਗੱਡੀਆਂ ਵਾਲੇ ਦਾ ਪਰਿਵਾਰ ਪਤਾ ਨਹੀਂ ਕਦੋਂ ਕੁ ਤੋਂ ਠਹਿਰਿਆ ਹੋਇਆ ਸੀ। ਅਸੀਂ ਉਹਨਾਂ ਦੇ ਸਭ ਤੋਂ ਨੇੜਲੇ ਗੁਆਂਢੀ ਸਾਂ। ਮੀਂਹ ਕਣੀ ਵਿੱਚ ਉਹ ਮੇਰੇ ਨਾਨਕਿਆਂ ਦੇ ਘਰ ਦੇ ਵਰਾਂਡੇ ਵਿੱਚ ਹੀ ਚੁੱਲ੍ਹਾ ਬਾਲ ਲੈਂਦੇ ਅਤੇ ਉੱਥੇ ਹੀ ਮੰਜੀਆਂ ਡਾਹ ਲੈਂਦੇ ਸਨ। ਮੇਲੇ ਦੇ ਪੁੱਤ ਧੀ ਮੇਰੇ ਨਾਨੇ ਨੂੰ ਬਾਬਾ ਅਤੇ ਮੇਰੇ ਦੋਵਾਂ ਮਾਮਿਆਂ ਨੂੰ ਚਾਚਾ ਕਹਿੰਦੇ ਸਨ। ਮੈਂ ਦੋ ਸਾਲ ਮੇਰੇ ਨਾਨਕਾ ਘਰ ਰਹਿ ਕੇ ਪੜ੍ਹਿਆ ਅਤੇ ਇਸ ਸਮੇਂ ਦੌਰਾਨ ਮੈਂ ਵੀ ਮੇਲੇ ਨੂੰ ਮਾਮਾ ਅਤੇ ਉਸਦੀ ਘਰ ਵਾਲੀ ਨੂੰ ਮਾਮੀ ਕਹਿ ਕੇ ਹੀ ਸੰਬੋਧਨ ਹੁੰਦਾ ਸਾਂ। ਇਸ ਤਰ੍ਹਾਂ ਮੇਲਾ ਅਤੇ ਉਸਦੇ ਘਰ ਵਾਲੀ ਹੋਏ ਨਾ ਮੇਰੇ ਮਾਮਾ ਮਾਮੀ? ਕਈ ਵਾਰੀ ਸੋਚੀਦਾ ਹੈ ਕਿ ਅਜਿਹੇ ਵਿਲੱਖਣ ਰਿਸ਼ਤੇ ਸਾਡੇ ਪੰਜਾਬੀ ਪੇਂਡੂ ਭਾਈਚਾਰੇ ਵਿੱਚ ਹੀ ਸੰਭਵ ਹਨ ਜਿੱਥੇ ਹਰ ਕੋਈ ਹਰ ਕਿਸੇ ਦਾ ਕੁਛ ਨਾ ਕੁਛ ਲਗਦਾ ਹੁੰਦਾ ਹੈ। ਕਾਸ਼! ਅਜਿਹੇ ਰਿਸ਼ਤੇ ਮੋਹਰਲੀਆਂ ਪੀੜ੍ਹੀਆਂ ਲਈ ਵੀ ਕੋਈ ਮਾਅਨੇ ਰੱਖਣ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਜਗਦੇਵ ਸ਼ਰਮਾ ਬੁਗਰਾ

ਜਗਦੇਵ ਸ਼ਰਮਾ ਬੁਗਰਾ

Retd. Senior Manager, Punjab National Bank.
Phone: (91 - 98727 - 87243)

Email: (jagdevsharma325@gmail.com)

More articles from this author