LabhSinghShergill 7ਜਦੋਂ ਤਕ ਵੱਡੇ ਅਤੇ ਸ਼ਕਤੀਸ਼ਾਲੀ ਮੁਲਕ ਆਪਣੀ ਮਾਨਸਿਕਤਾ ਵਿੱਚ ਤਬਦੀਲੀ ਨਹੀਂ ਲਿਆਉਂਦੇ ...10 June 2026
(10 ਜੂਨ 2026)


10 June 2026                                                 ਗਾਜ਼ਾ ਵਿੱਚ ਤਬਾਹੀ

ਅਜੋਕੇ ਸਮੇਂ ਵਿੱਚ ਇਜ਼ਰਾਈਲ
, ਅਮਰੀਕਾ ਅਤੇ ਇਰਾਨ ਦੇ ਵਿਚਕਾਰ ਵਧ ਰਹ ਜੰਗੀ ਤਣਾਅ ਨੇ ਵਿਸ਼ਵ ਦੀ ਆਰਥਿਕ ਅਤੇ ਸਮਾਜਿਕ ਰਫਤਾਰ ਨੂੰ ਇੱਕ ਅਜਿਹੀ ਬਰੇਕ ਲਾ ਦਿੱਤੀ ਹੈ, ਜਿਸਦਾ ਖਮਿਆਜ਼ਾ ਅੱਜ ਤਕਰੀਬਨ ਦੁਨੀਆਂ ਦਾ ਹਰੇਕ ਦੇਸ਼ ਭੁਗਤ ਰਿਹਾ ਹੈਤੇਲ ਅਤੇ ਗੈਸ ਦੀ ਪੂਰਤੀ ਵਿੱਚ ਆਈ ਰੁਕਾਵਟ ਨੇ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਮਹਿੰਗਾਈ ਨੇ ਹਰ ਘਰ ਦੀ ਰਸੋਈ ਤਕ ਦਸਤਕ ਦੇ ਦਿੱਤੀ ਹੈਇਹ ਸਥਿਤੀ ਸਾਬਤ ਕਰਦੀ ਹੈ ਕਿ ਅੱਜ ਦੇ ਦੌਰ ਵਿੱਚ ਕੋਈ ਵੀ ਮੁਲਕ ਦੂਜੇ ਤੋਂ ਨਿਰਲੇਪ ਨਹੀਂ ਹੈ, ਜੇਕਰ ਦੁਨੀਆਂ ਦੇ ਇੱਕ ਕੋਨੇ ਵਿੱਚ ਅੱਗ ਲਗਦੀ ਹੈ ਤਾਂ ਉਸਦਾ ਸੇਕ ਪੂਰੀ ਮਨੁੱਖਤਾ ਨੂੰ ਝੱਲਣਾ ਪੈਂਦਾ ਹੈ

ਇਤਿਹਾਸ ਗਵਾਹ ਹੈ ਕਿ ਜੰਗਾਂ ਕਦੇ ਵੀ ਮਸਲਿਆਂ ਦਾ ਹੱਲ ਨਹੀਂ ਹੁੰਦੀਆਂ ਸਗੋਂ ਇਹ ਨਵੇਂ ਅਤੇ ਵਧੇਰੇ ਜਟਿਲ ਸੰਕਟਾਂ ਨੂੰ ਜਨਮ ਦਿੰਦੀਆਂ ਹਨਜਿਨ੍ਹਾਂ ਰਾਸ਼ਟਰਾਂ ਨੂੰ ਅਸੀਂ ਮਹਾਸ਼ਕਤੀਆਂ ਦੇ ਰੂਪ ਵਿੱਚ ਦੇਖਦੇ ਹਾਂ, ਜੰਗ ਦੇ ਮੈਦਾਨ ਵਿੱਚ ਉਨ੍ਹਾਂ ਦੀ ਕਥਿਤ ਸ਼ਕਤੀ ਅਕਸਰ ਹੈਵਾਨੀਅਤ ਦਾ ਰੂਪ ਧਾਰ ਲੈਂਦੀ ਹੈਇਹ ਬੇਹੱਦ ਦੁਖਦਾਈ ਪਹਿਲੂ ਹੈ ਕਿ ਮਨੁੱਖਤਾ ਨੇ ਸਦੀਆਂ ਦੀ ਸਖਤ ਮਿਹਨਤ, ਵਿਗਿਆਨਕ ਖੋਜਾਂ ਅਤੇ ਸੱਭਿਆਚਾਰਕ ਸਿਰਜਣਾਵਾਂ ਰਾਹੀਂ ਜਿਸ ਵਿਕਾਸ ਦੀ ਇਮਾਰਤ ਉਸਾਰੀ ਸੀ, ਆਧੁਨਿਕ ਹਥਿਆਰਾਂ ਰਾਹੀਂ ਉਸ ਨੂੰ ਮਲਬੇ ਵਿੱਚ ਤਬਦੀਲ ਕਰਨ ਲਈ ਕੁਝ ਮਿੰਟ ਵੀ ਨਹੀਂ ਲਗਦੇਵਿਨਾਸ਼ ਦੀ ਇਹ ਹੋੜ ਸਾਨੂੰ ਸੱਭਿਅਕ ਤੋਂ ਬਰਬਰਤਾ ਵੱਲ ਵਾਪਸ ਲੈ ਜਾ ਰਹੀ ਹੈ

ਅਸਲ ਸ਼ਕਤੀ ਉਹ ਨਹੀਂ ਜੋ ਦੂਜੇ ਨੂੰ ਮਿਟਾਉਣ ਦੀ ਸਮਰੱਥਾ ਰੱਖਦੀ ਹੋਵੇ, ਸਗੋਂ ਅਸਲ ਸ਼ਕਤੀ ਉਹ ਹੁੰਦੀ ਹੈ ਜੋ ਸਿਰਜਣਾ ਦੇ ਰਾਹ ਪੈ ਕੇ ਮਨੁੱਖਤਾ ਦੇ ਜੀਵਨ ਪੱਧਰ ਨੂੰ ਉੱਚਾ ਚੁੱਕੇਜੇਕਰ ਕੋਈ ਮੁਲਕ ਸੱਚਮੁੱਚ ਆਪਣੀ ਤਾਕਤ ਦਾ ਲੋਹਾ ਮਨਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਤਬਾਹੀ ਦੇ ਹਥਿਆਰਾਂ ਦੀ ਬਜਾਇ ਗਰੀਬੀ, ਬਿਮਾਰੀ ਅਤੇ ਅਨਪੜ੍ਹਤਾ ਵਿਰੁੱਧ ਜੰਗ ਛੇੜਨੀ ਚਾਹੀਦੀ ਹੈਚੰਗੇ ਕੰਮ ਕਰਨ ਵਾਲਿਆਂ ਨੂੰ ਰਹਿੰਦੀ ਦੁਨੀਆਂ ਤਕ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਵਿਨਾਸ਼ਕਾਰੀਆਂ ਨੂੰ ਸਦਾ ਫਿਟਕਾਰਾਂ ਪਾਈਆਂ ਜਾਂਦੀਆਂ ਹਨਸਭ ਤੋਂ ਸ਼ਕਤੀਸ਼ਾਲੀ ਬਣਨ ਲਈ ਦੂਜਿਆਂ ਦੀ ਹਿੱਕ ’ਤੇ ਪੈਰ ਰੱਖ ਕੇ ਅੱਗੇ ਵਧਣਾ ਨਹੀਂ ਹੁੰਦਾ, ਸਗੋਂ ਬਾਂਹ ਫੜ ਕੇ ਸਹਾਰਾ ਦੇਣਾ ਹੀ ਇਨਸਾਨ ਨੂੰ ਮਹਾਨ ਬਣਾਉਂਦਾ ਹੈਜਦੋਂ ਤਕ ਵੱਡੇ ਅਤੇ ਸ਼ਕਤੀਸ਼ਾਲੀ ਮੁਲਕ ਆਪਣੀ ਮਾਨਸਿਕਤਾ ਵਿੱਚ ਤਬਦੀਲੀ ਨਹੀਂ ਲਿਆਉਂਦੇ ਅਤੇ ਜ਼ੋਰ ਦੀ ਥਾਂ ਸੰਵਾਦ ਨੂੰ ਤਰਜੀਹ ਨਹੀਂ ਦਿੰਦੇ, ਉਦੋਂ ਤਕ ਵਿਸ਼ਵ ਸ਼ਾਂਤੀ ਇੱਕ ਸੁਪਨਾ ਹੀ ਰਹੇਗੀ

ਅੱਜ ਵਿਸ਼ਵ ਨੂੰ ਅਜਿਹੇ ਆਗੂਆਂ ਦੀ ਲੋੜ ਹੈ ਜੋ ਸਰਹੱਦਾਂ ਦੀ ਵਲਗਣ ਤੋਂ ਉੱਪਰ ਉੱਠ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਬਾਰੇ ਸੋਚਣਆਪਣੇ ਆਪ ਨੂੰ ਮਹਾਂਸ਼ਕਤੀ ਸਮਝਣ ਵਾਲੇ ਮੁਲਕ ਆਪਣੀ ਫੋਕੀ ਹੈਂਕੜਬਾਜ਼ੀ ਛੱਡ ਕੇ ਆਪਣੇ ਧਾਰਮਿਕ ਰਹਿਬਰਾਂ ਦੇ ਦੱਸੇ ਇਨਸਾਨੀਅਤ ਦੇ ਰਸਤੇ ਨੂੰ ਅਪਣਾਉਣਜੰਗ ਨਾਲ ਸਿਰਫ ਭਟਕਣਾ ਅਤੇ ਨਫਰਤ ਵਧਦੀ ਹੈ, ਜਦੋਂ ਕਿ ਸ਼ਾਂਤੀ ਅਤੇ ਸਿਰਜਣਾਤਮਕਤਾ ਨਾਲ ਵਿਕਾਸ ਦੇ ਨਵੇਂ ਰਾਹ ਖੁੱਲ੍ਹਦੇ ਹਨਇਹ ਸਮਾਂ ਆਪਣੀ ਤਾਕਤ ਦੇ ਹੰਕਾਰ ਨੂੰ ਤਿਆਗ ਕੇ ਇੱਕ ਅਜਿਹਾ ਨਿਜ਼ਾਮ ਸਿਰਜਣ ਦਾ ਹੈ, ਜਿੱਥੇ ਆਉਣ ਵਾਲੀਆਂ ਨਸਲਾਂ ਬਿਨਾਂ ਕਿਸੇ ਖੌਫ ਦੇ ਸ਼ਾਂਤੀ ਨਾਲ ਗੁਜ਼ਰ-ਬਸਰ ਕਰ ਸਕਣ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author