“ਆਪਣੀ ਆਰਥਿਕ ਸਥਿਤੀ ਦੇਖੇ ਬਿਨਾਂ ਆਪਣੀ ਹੈਸੀਅਤ ਤੋਂ ਬਾਹਰ ਹੋ ਕੇ ਇਹੋ ਜਿਹੇ ਪ੍ਰੋਗਰਾਮਾਂ ਉੱਤੇ ਹੱਦੋਂ ਵੱਧ ਖਰਚ ਕਰਨਾ ...”
(4 ਅਪਰੈਲ 2024)
ਇਸ ਸਮੇਂ ਪਾਠਕ: 270.
ਵਰਤਮਾਨ ਸਮੇਂ ਵਿੱਚ ਪਹਿਲਾਂ ਨਾਲੋਂ ਬਹੁਤ ਤਬਦੀਲੀ ਆ ਗਈ ਹੈ। ਲੋਕਾਂ ਦਾ ਖਾਣ-ਪੀਣ, ਰਹਿਣ-ਸਹਿਣ, ਪਹਿਰਾਵਾ, ਬੋਲ-ਚਾਲ, ਵਰਤ-ਵਰਤਾਰਾ, ਖੁਸ਼ੀ-ਗ਼ਮੀ ਦੀਆਂ ਰਸਮਾਂ ਆਦਿ, ਕਹਿਣ ਦਾ ਭਾਵ ਪੂਰੇ ਸੱਭਿਆਚਾਰ ਵਿੱਚ ਬਦਲਾਅ ਪ੍ਰਤੱਖ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ। ਸਾਦਗੀ ਕਿਤੇ ਵੀ ਨਜ਼ਰੀਂ ਨਹੀਂ ਪੈਂਦੀ। ਹੁਣ ਤਾਂ ਜਿਵੇਂ ‘ਸਾਦੇ’ ਸ਼ਬਦ ਦੀ ਅਹਿਮੀਅਤ ਹੀ ਬਹੁਤ ਘਟ ਗਈ ਹੈ। ਇਸਦੀ ਥਾਂ ‘ਮਹਿੰਗੇ’ ਤੇ ‘ਵਿਖਾਵੇ’ ਸ਼ਬਦਾਂ ਨੇ ਮੱਲ ਲਈ ਹੈ। ਆਲੇ-ਦੁਆਲੇ ਨਜ਼ਰ ਮਾਰਿਆਂ ਸਭ ਪਾਸੇ ਖਰਚੀਲੇ ਸਮਾਗਮਾਂ ਦਾ ਬੋਲਬਾਲਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਵਿੱਤ ਤੋਂ ਬਾਹਰ ਹੋ ਕੇ ਵੇਖਾ-ਵੇਖੀ ਵਾਲੀ ਸ਼੍ਰੇਣੀ ਵਿੱਚ ਆਉਂਦੇ ਹਨ ਜਿਨ੍ਹਾਂ ਨਾਲ ਪਰਿਵਾਰਾਂ ਦੀ ਆਰਥਿਕ ਦਸ਼ਾ ਨਿੱਤ ਗਿਰਾਵਟ ਵੱਲ ਜਾ ਰਹੀ ਹੈ। ਬਹੁਤੀ ਵਾਰ ਪਰਿਵਾਰਾਂ ਵਿੱਚ ਲੜਾਈ-ਝਗੜੇ ਅਤੇ ਖੁਦਕੁਸ਼ੀਆਂ ਇਸੇ ਵਜਾਹ ਕਰਕੇ ਹੁੰਦੇ ਹਨ ਜੋ ਹੱਸਦੇ ਵਸਦੇ ਘਰਾਂ ਦੀਆਂ ਖ਼ੁਸ਼ੀਆਂ ਨੂੰ ਸਦਾ ਲਈ ਗ਼ਮੀਆਂ ਵਾਲੇ ਪਾਸੇ ਧਕੇਲ ਦਿੰਦੇ ਹਨ।
ਪਰਿਵਾਰਾਂ ਵਿਚਲਾ ਨੇੜਤਾ ਖ਼ਤਮ ਹੋ ਰਹੀ ਹੈ। ਇਕਹਿਰੇ ਪਰਿਵਾਰਾਂ ਦੀ ਭਰਮਾਰ ਹੈ। ਇੱਕ ਸਮਾਂ ਸੀ ਜਦੋਂ ਪੂਰਾ ਪਰਿਵਾਰ ਤੇ ਪੂਰਾ ਸ਼ਰੀਕਾ ਖੁਸ਼ੀ-ਗ਼ਮੀ ਵਿੱਚ ਨਾਲ ਖੜ੍ਹਦਾ ਸੀ ਅਤੇ ਸਾਰੇ ਮਿਲ ਕੇ ਇਹਨਾਂ ਰਸਮਾਂ ਨੂੰ ਨਿਭਾਉਂਦੇ ਸਨ। ਜਦੋਂ ਕਿਸੇ ਪਰਿਵਾਰ ਵਿੱਚ ਕੋਈ ਖੁਸ਼ੀ ਦਾ ਮੌਕਾ ਹੁੰਦਾ ਤਾਂ ਸ਼ਰੀਕੇ ਅਤੇ ਆਂਢ-ਗੁਆਂਢ ਦੇ ਪਰਿਵਾਰਾਂ ਵਿੱਚ ਪੂਰੇ ਚਾਅ ਅਤੇ ਖੇੜੇ ਦੇਖਣ ਨੂੰ ਮਿਲਦੇ ਸਨ। ਵੱਡੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਹੀਂ ਸੀ ਥੱਕਦੇ। ਪਰਿਵਾਰ ਦੇ ਜੁਆਕਾਂ ਨੂੰ ਤਾਂ ਅਜਿਹੇ ਖੁਸ਼ੀ ਦੇ ਮੌਕਿਆਂ ’ਤੇ ਪ੍ਰਸੰਨਤਾ ਹੁੰਦੀ ਹੀ ਸੀ, ਗਲ਼ੀ ਗੁਆਂਢ ਦੇ ਬੱਚਿਆਂ ਨੂੰ ਵੀ ਬੜੀ ਖੁਸ਼ੀ ਹੁੰਦੀ ਸੀ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ, ਜੇ ਪਿੰਡ ਵਿੱਚ ਕਿਸੇ ਦੇ ਘਰ ਉਨ੍ਹਾਂ ਦੇ ਮੁੰਡੇ ਨੂੰ ਸਾਕ ਹੁੰਦਾ ਸੀ। ਸਾਡੇ ਇਲਾਕੇ ਵਿੱਚ ਸਾਕ ਹੀ ਕਹਿੰਦੇ ਹਨ, ਕਈ ਥਾਈਂ ਇਸ ਨੂੰ ਮੰਗਣਾ, ਰੋਕਾ ਜਾਂ ਠਾਕਾ ਆਦਿ ਵੀ ਕਿਹਾ ਜਾਂਦਾ ਹੈ। ਸਾਕ ਵਾਲੇ ਘਰ ਦੇ ਕੋਠੇ ’ਤੇ ਦੋ ਮੰਜੇ ਜੋੜ ਕੇ ਉੱਤੇ ਸਪੀਕਰ ਲਾਇਆ ਜਾਂਦਾ। ਸਪੀਕਰ ਵਿੱਚ ਭਾਂਤ-ਭਾਂਤ ਦੇ ਗਾਇਕਾਂ ਦੇ ਰਿਕਾਰਡ ਵੱਜਦੇ, ਜਿਨ੍ਹਾਂ ਦੇ ਬੋਲ ਨਾ ਚਾਹੁੰਦਿਆਂ ਵੀ ਕੰਨਾਂ ਵਿੱਚ ਪਈ ਜਾਂਦੇ। ਉਸ ਘਰੋਂ ਸਪੀਕਰ ਵਿੱਚ ਬੋਲਿਆ ਜਾਂਦਾ ਕਿ ਫਲਾਣੇ ਦੇ ਮੁੰਡੇ ਨੂੰ ਸ਼ਗਨ ਪੈ ਰਿਹਾ ਹੈ, ਸਾਰੇ ਸ਼ਗਨ ’ਤੇ ਪਹੁੰਚਣ ਦੀ ਕਿਰਪਾਲਤਾ ਕਰੋ। ਜਿਉਂ ਹੀ ਅਸੀਂ ਇਹ ਆਵਾਜ਼ ਸੁਣਦੇ, ਆਪਣੇ-ਆਪਣੇ ਆੜੀਆਂ ਨਾਲ ਪਤਾਸੇ ਖਾਣ ਲਈ ਉਸ ਘਰ ਪਹੁੰਚ ਜਾਂਦੇ।
ਜਦੋਂ ਮੁੰਡੇ ਨੂੰ ਸ਼ਗਨ ਪੈ ਹਟਦਾ ਤਾਂ ਪਿੰਡ ਦੇ ਗਲ਼ੀ ਗੁਆਂਢ ਵਿੱਚੋਂ ਤੇ ਵਰਤ ਵਰਤਾਵੇ ਵਾਲ਼ੇ ਸਾਰਿਆਂ ਨੂੰ ਜੋ ਸ਼ਗਨ ’ਤੇ ਪਹੁੰਚਦੇ, ਪਤਾਸੇ ਵੰਡੇ ਜਾਂਦੇ। ਪਤਾਸੇ ਵੰਡਣ ਦਾ ਕੰਮ ਤਿੰਨ-ਚਾਰ ਨੌਜਵਾਨਾਂ ਦਾ ਹੁੰਦਾ। ਉਹ ਟੋਕਰਿਆਂ ਵਿੱਚ ਖਾਕੀ ਕਾਗਜ਼ ਦੇ ਛੋਟੇ-ਛੋਟੇ ਲਿਫਾਫਿਆਂ ਵਿੱਚ ਪਤਾਸੇ ਪਾ ਕੇ ਸ਼ਗਨ ’ਤੇ ਪਹੁੰਚਣ ਵਾਲੇ ਵੱਡੇ ਬੰਦਿਆਂ ਨੂੰ ਇਹ ਲਿਫਾਫੇ ਵੰਡਦੇ। ਜੁਆਕਾਂ ਨੂੰ ਪਰਾਂਤਾਂ ਵਿੱਚ ਪਾਏ ਖੁੱਲ੍ਹੇ ਪਤਾਸੇ ਮੁੱਠੀ ਮੁੱਠੀ ਵੰਡੇ ਜਾਂਦੇ। ਸਾਨੂੰ ਬੜਾ ਇਹ ਹੁੰਦਾ ਕਿ ਪਤਾਸਿਆਂ ਵਾਲ਼ਾ ਲਿਫਾਫਾ ਮਿਲੇ ਪਰ ਇਹ ਘੱਟ ਹੀ ਮਿਲਦਾ। ਜੇ ਕਦੇ ਮਿਲ ਜਾਂਦਾ ਤਾਂ ਬਾਹਲਾ ਚਾਅ ਚੜ੍ਹਨਾ ਕਿ ਪਤਾ ਨਹੀਂ ਕੀ ਮਿਲ ਗਿਆ। ਲਿਫਾਫਾ ਚੁੱਕੀ ਫਿਰਨਾ ਤੇ ਆਪਣੇ ਆੜੀਆਂ ਨੂੰ ਦਿਖਾਉਣਾ, ਵਿੱਚੋਂ ਇੱਕ ਇੱਕ ਪਤਾਸਾ ਕੱਢ ਕੇ ਖਾਈ ਜਾਣਾ। ਪਤਾਸੇ ਖਾ ਕੇ ਬੜਾ ਆਨੰਦ ਆਉਂਦਾ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਪਤਾਸਿਆਂ ਦੀ ਮਿਠਾਸ ਅੱਜ ਦੀਆਂ ਛੱਤੀ ਪ੍ਰਕਾਰ ਦੀਆਂ, ਛੱਤੀ ਪ੍ਰਕਾਰ ਤਾਂ ਮੈਥੋਂ ਘੱਟ ਕਿਹਾ ਗਿਆ, ਬਹੱਤਰ ਕਹਿਣਾ ਚਾਹੀਦਾ ਹੈ, ਦੀਆਂ ਮਠਿਆਈਆਂ ਵਿੱਚ ਵੀ ਨਹੀਂ। ਉਸ ਸਮੇਂ ਦੀਆਂ ਗਿਣਵੀਆਂ ਪੰਜ-ਸੱਤ ਕਿਸਮ ਦੀਆਂ ਮਠਿਆਈਆਂ ਦਾ ਸੁਆਦ ਵੱਖਰਾ ਹੀ ਹੁੰਦਾ ਸੀ ਕਿਉਂਕਿ ਸਾਰਾ ਕੁਝ ਘਰ ਵਿੱਚ ਹੀ ਬਣਦਾ ਸੀ। ਦੁੱਧ ਆਮ ਹੁੰਦਾ ਸੀ। ਬਹੁਤੀਆਂ ਮਠਿਆਈਆਂ ਦੁੱਧ ਤੋਂ ਹੀ ਬਣਾਈਆਂ ਜਾਂਦੀਆਂ ਸਨ, ਜੋ ਕਿਸੇ ਵੀ ਪੱਖੋਂ ਨੁਕਸਾਨਦਾਇਕ ਨਹੀਂ ਸਨ ਹੁੰਦੀਆਂ।
ਸਮੇਂ ਦੇ ਗੇੜ ਨੇ ਸਾਰਾ ਕੁਝ ਹੀ ਬਦਲ ਕੇ ਰੱਖ ਦਿੱਤਾ ਹੈ। ਹੁਣ ਤਾਂ ਮੰਗਣੇ ’ਤੇ ਵਿਆਹ ਜਿੰਨਾ ਇਕੱਠ ਹੁੰਦਾ ਹੈ ਅਤੇ ਭਾਂਤ-ਭਾਂਤ ਦੀਆਂ ਮਠਿਆਈਆਂ ਬਣਾਈਆਂ ਜਾਂਦੀਆਂ ਹਨ। ਬਹੁਤੇ ਪ੍ਰੋਗਰਾਮਾਂ ’ਤੇ ਸ਼ਹਿਰ ਤੋਂ ਬਣੀ ਬਣਾਈ ਮਠਿਆਈ ਹੀ ਖਰੀਦ ਲਈ ਜਾਂਦੀ ਹੈ, ਜਿਸਦੀ ਗੁਣਵੱਤਾ ਬਾਰੇ ਵੀ ਨਹੀਂ ਸੋਚਿਆ ਜਾਂਦਾ ਕਿ ਇਹ ਸਾਡੇ ਖਾਣ ਲਾਇਕ ਹੈ ਵੀ ਜਾਂ ਨਹੀਂ। ਉਦੋਂ ਪਤਾਸਿਆਂ ਨਾਲ ਹੀ ਸਾਕ ਦਾ ਪ੍ਰੋਗਰਾਮ ਨੇਪਰੇ ਚੜ੍ਹ ਜਾਂਦਾ ਸੀ। ਕੁੜੀ ਵਾਲਿਆਂ ਵੱਲੋਂ ਰੁਪਇਆ ਫੜਾਉਣ (ਰਿਸ਼ਤਾ ਕਰਨ) ਆਏ ਅੱਠ ਦਸ ਬੰਦਿਆਂ ਲਈ ਮਠਿਆਈ, ਪਿੰਡ ਦਾ ਨਾਈ ਜੋ ਹਲਵਾਈ ਦਾ ਕੰਮ ਵੀ ਕਰ ਲੈਂਦਾ ਸੀ, ਉਹ ਹੀ ਬਣਾ ਦਿੰਦਾ। ਕਿੰਨੇ ਸਾਦਗੀ ਭਰੇ ਤੇ ਘੱਟ ਖਰਚੀਲੇ ਹੁੰਦੇ ਸੀ ਉਹ ਵਿਆਹ ਸ਼ਾਦੀ, ਸਾਕ, ਮੁਕਲਾਵੇ ਦੇ ਮੌਕੇ, ਅਵਸਰ।
ਅੱਜ ਅਸੀਂ ਦੋ ਤਰ੍ਹਾਂ ਨਾਲ ਆਪਣਾ ਨੁਕਸਾਨ ਕਰ ਰਹੇ ਹਾਂ। ਇੱਕ ਦੇਖਾ-ਦੇਖੀ ਆਪਣੀ ਆਰਥਿਕ ਸਥਿਤੀ ਦੇਖੇ ਬਿਨਾਂ ਆਪਣੀ ਹੈਸੀਅਤ ਤੋਂ ਬਾਹਰ ਹੋ ਕੇ ਇਹੋ ਜਿਹੇ ਪ੍ਰੋਗਰਾਮਾਂ ਉੱਤੇ ਹੱਦੋਂ ਵੱਧ ਖਰਚ ਕਰਨਾ ਅਤੇ ਦੂਜਾ ਜੋ ਇਸ ਪਹਿਲੇ ਨਾਲੋਂ ਕਿਤੇ ਵੱਡਾ ਤੇ ਘਾਤਕ ਹੈ, ਉਹ ਇਸ ਵਾਤਾਵਰਣ ਦਾ। ਅੱਜ ਅਸੀਂ ਖੇਚਲ ਦੇ ਮਾਰੇ ਸੌਖੇ ਢੰਗ ਤਰੀਕੇ ਲੱਭ ਲਏ ਨੇ। ਸਾਰੇ ਖੁਸ਼ੀ-ਗ਼ਮੀ ਦੇ ਮੌਕਿਆਂ ’ਤੇ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਕਰਨ ਲੱਗੇ ਹਾਂ, ਜੋ ਕਿ ਵਾਤਾਵਰਣ ਹਿਤੈਸ਼ੀ ਨਹੀਂ, ਬਲਕਿ ਇਹ ਪਲਾਸਟਿਕ ਤਾਂ ਸਾਲਾਂ ਬੱਧੀਂ ਗਲ਼ਦੀ ਵੀ ਨਹੀਂ, ਐਵੇਂ ਹੀ ਗਲੀਆਂ, ਨਾਲੀਆਂ, ਖਾਲੀ ਥਾਵਾਂ, ਨਦੀਆਂ-ਨਾਲਿਆਂ ਵਿੱਚ ਘੁੰਮਦੀ ਰਹਿੰਦੀ ਹੈ। ਅੱਗ ਲਗਾਉਣ ’ਤੇ ਭੈੜੀ ਗੰਧ ਛੱਡਦੀ ਹੈ ਜੋ ਹਵਾ ਨੂੰ ਦੂਸ਼ਿਤ ਕਰਦੀ ਹੈ। ਇੱਕ ਗੱਲ ਇੱਥੇ ਕਹਿਣੀ ਵਾਜਿਬ ਬਣਦੀ ਹੈ ਕਿ ਤਰੱਕੀ ਅਤੇ ਵਿਕਾਸ ਨੇ ਮਨੁੱਖ ਨੂੰ ਵਾਤਾਵਰਣ ਦਾ ਬਹੁਤ ਵੱਡਾ ਦੋਸ਼ੀ ਬਣਾ ਦਿੱਤਾ ਹੈ। ਆਪਣੇ-ਆਪ ਨੂੰ ਦੋਸ਼ ਮੁਕਤ ਕਰਨ ਲਈ ਸਾਮਾਨ ਪਾਉਣ ਲਈ ਕੱਪੜੇ ਦੇ ਬਣੇ ਝੋਲੇ ਤੇ ਪਹਿਲਾਂ ਵਾਲੇ ਕਾਗਜ਼ ਦੇ ਲਿਫਾਫਿਆਂ ਦੀ ਵਰਤੋਂ ਵੱਲ ਮੁੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4864)
(ਸਰੋਕਾਰ ਨਾਲ ਸੰਪਰਕ ਲਈ: (