LabhSinghShergill 7ਜਨ ਸਾਧਾਰਨ ਦਾ ਆਪਣੇ ਹੱਕਾਂ ਦੀ ਰਾਖੀ ਲਈ ਲੜਨਾ ਹਕੂਮਤਾਂ ਨੂੰ ਜਦੋਂ ਚੁਭਣ ਲੱਗਦਾ ਹੈ
(13 ਜਨਵਰੀ 2026)

ਇਤਿਹਾਸ ਗਵਾਹ ਹੈ ਕਿ ਵੱਡੀਆਂ ਸ਼ਖ਼ਸੀਅਤਾਂ ਅਤੇ ਮਹਾਨ ਲੋਕ, ਜਿਨ੍ਹਾਂ ਨੂੰ ਅਸੀਂ ਅੱਜ ਤੱਕ ਯਾਦ ਕਰਦੇ ਹਾਂ ਅਤੇ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ, ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਕੋਈ ਫੁੱਲਾਂ ਦੀ ਸੇਜ ਵਾਲ਼ਾ ਨਹੀਂ ਰਿਹਾ ਬਲਕਿ ਘੋਲ਼, ਸੰਘਰਸ਼ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਦੀ ਦਾਸਤਾਨ ਬਿਆਨ ਕਰਦਾ ਇਤਿਹਾਸ ਹੈ ਕਿਉਂਕਿ ਮਨੁੱਖਤਾ ਅਤੇ ਮਜ਼ਲੂਮਾਂ ਦੀ ਭਲਾਈ ਲਈ ਅਜਿਹੇ ਮਹਾਨ ਸੂਰਮਿਆਂ ਨੇ ਸਮੇਂ ਦੀ ਹਕੂਮਤ ਨਾਲ਼ ਟੱਕਰ ਲਈ। ਇਤਿਹਾਸ ਰਚਨ ਵਾਲ਼ੇ ਅਜਿਹੇ ਬਹਾਦਰ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ

ਪੰਜਾਬ ਦੀ ਇਸ ਜਰਖੇਜ਼ ਧਰਤੀ ਦਾ ਇਤਿਹਾਸ ਸੂਰਮਿਆਂ ਨਾਲ਼ ਭਰਿਆ ਹੋਇਆ ਹੈ। ਸਾਡੀ ਇਸ ਧਰਤੀ ’ਤੇ ਜਿਹੜਾ ਵੀ ਤਿਉਹਾਰ ਮਨਾਇਆ ਜਾਂਦਾ ਹੈ, ਉਸਦੇ ਪਿਛੋਕੜ ਨਾਲ਼ ਕੋਈ ਨਾ ਕੋਈ ਕਹਾਣੀ ਜ਼ਰੂਰ ਜੁੜੀ ਹੁੰਦੀ ਹੈ। ਲੋਹੜੀ ਦੇ ਤਿਉਹਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਸ ਨਾਲ਼ ਵੀ ਕਈ ਇਤਿਹਾਸਕ ਅਤੇ ਮਿਥਿਹਾਸਕ ਕਹਾਣੀਆਂ ਜੁੜੀਆਂ ਹੋਈਆਂ ਹਨ। ਉਨ੍ਹਾਂ ਵਿੱਚੋਂ ਇੱਕ ਦੰਤ ਕਥਾ ਦੁੱਲਾ ਭੱਟੀ ਨਾਲ਼ ਜੁੜੀ ਮਿਲਦੀ ਹੈ। ਦੁੱਲਾ ਸਾਂਦਲ ਬਾਰ ਜੋ ਦਰਿਆ ਰਾਵੀ ਅਤੇ ਝਨਾਬ ਦੇ ਵਿਚਕਾਰ ਦਾ ਇਲਾਕਾ ਸੀ, ਉੱਥੋਂ ਦਾ ਰਹਿਣ ਵਾਲ਼ਾ ਸੀ। ਇਹ 16ਵੀਂ ਸਦੀ ਦੇ ਮੱਧ ਅਤੇ ਇਸ ਤੋਂ ਬਾਅਦ ਦਾ ਸਮਾਂ ਸੀ।

ਦੁੱਲੇ ਦੇ ਜਨਮ ਤੋਂ ਪਹਿਲਾਂ ਹੀ ਉਸਦੇ ਪਿਤਾ ਅਤੇ ਚਾਚੇ ਨੂੰ ਮੁਗ਼ਲ ਬਾਦਸ਼ਾਹ ਅਕਬਰ ਨੇ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਹ ਦੋਵੇਂ ਆਪਣੇ ਇਲਾਕੇ ਵਿੱਚ ਮੁਗ਼ਲ ਹਕੂਮਤ ਦਾ ਕਾਨੂੰਨ ਮੰਨਣ ਅਤੇ ਲਗਾਨ ਦੇਣ ਤੋਂ ਇਨਕਾਰੀ ਸਨ ਅਤੇ ਮਜ਼ਲੂਮਾਂ ਦੇ ਹਿਤਕਾਰੀ ਸਨ। ਜਵਾਨ ਹੋਣ ’ਤੇ ਦੁੱਲੇ ਨੂੰ ਜਦੋਂ ਆਪਣੇ ਪਿਉ ਦਾਦਿਆਂ ਦੇ ਮੁਗ਼ਲ ਹਕੂਮਤ ਨਾਲ਼ ਟੱਕਰ ਲੈਂਦੇ ਹੋਏ ਆਪਾ ਕੁਰਬਾਨ ਕਰਨ ਬਾਰੇ ਪਤਾ ਚੱਲਿਆ ਤਾਂ ਉਸ ਦਾ ਖੂਨ ਬਦਲਾ ਲੈਣ ਲਈ ਖੌਲ ਉੱਠਿਆ। ਉਸਨੇ ਆਪਣੇ ਬੰਦਿਆਂ ਦੀ ਟੁਕੜੀ ਤਿਆਰ ਕੀਤੀ। ਇਹ ਅਮੀਰਾਂ ਨੂੰ ਲੁੱਟਦੇ ਅਤੇ ਲੁੱਟਿਆ ਧਨ-ਦੌਲਤ ਗਰੀਬਾਂ ਵਿੱਚ ਵੰਡ ਦਿੰਦੇ। ਇਸ ਬਹਾਦਰ ਯੋਧੇ ਨੇ ਆਲ਼ੇ ਦੁਆਲ਼ੇ ਦੇ ਹਾਕਮ, ਜਿਨ੍ਹਾਂ ਨੂੰ ਉਸ ਸਮੇਂ ਦੀ ਹਕੂਮਤ ਦੀ ਸ਼ਹਿ ਪ੍ਰਾਪਤ ਸੀ ਅਤੇ ਜਿਹੜੇ ਆਮ ਲੋਕਾਂ ’ਤੇ ਜ਼ੁਲਮ ਕਰਦੇ ਸਨ, ਉਨ੍ਹਾਂ ਨਾਲ਼ ਟੱਕਰ ਲਈ ਅਤੇ ਜ਼ੁਲਮ ਨੂੰ ਠੱਲ੍ਹਿਆ। ਮੁਗ਼ਲ ਹਕੂਮਤ ਨੇ ਇਸ ਨੂੰ ਬਾਗੀ ਕਰਾਰ ਦੇ ਦਿੱਤਾ।

ਕਹਿੰਦੇ ਹਨ ਇੱਕ ਬ੍ਰਾਹਮਣ ਦੀਆਂ ਦੋ ਬੇਟੀਆਂ ਸੁੰਦਰੀ ਤੇ ਮੁੰਦਰੀ ’ਤੇ ਇਸੇ ਇਲਾਕੇ ਦੇ ਇੱਕ ਹਾਕਮ ਦੇ ਮਾੜੀ ਨਿਗ੍ਹਾ ਰੱਖਣ ਅਤੇ ਉਨ੍ਹਾਂ ਦਾ ਰੱਖਿਆ ਵਿਆਹ ਰੋਕਣ ਬਾਰੇ ਜਦੋਂ ਉਸ ਨੂੰ ਗਰੀਬ ਬ੍ਰਾਹਮਣ ਦੁਆਰਾ ਕੀਤੀ ਅਰਜ਼ ਰਾਹੀਂ ਪਤਾ ਲੱਗਿਆ। ਦੁੱਲੇ ਨੇ ਉਨ੍ਹਾਂ ਨੂੰ ਆਪਣੀਆਂ ਧਰਮ ਧੀਆਂ ਬਣਾ ਕੇ ਮੁੰਡੇ ਵਾਲ਼ਿਆਂ ਦੇ ਕਹਿਣ ’ਤੇ ਰਾਤ ਵੇਲ਼ੇ ਉਨ੍ਹਾਂ ਦਾ ਵਿਆਹ ਆਪਣੇ ਹੱਥੀਂ ਇਕੱਠੇ ਕੀਤੇ ਕੱਪੜੇ-ਲੀੜੇ ਅਤੇ ਹੋਰ ਸਾਮਾਨ ਦੇ ਨਾਲ਼ ਉਨ੍ਹਾਂ ਦੇ ਪੱਲੇ ਵਿੱਚ ਸ਼ੱਕਰ ਪਾ ਕੇ ਇਸ ਵਿਆਹ ਦੀ ਰਸਮ ਨੂੰ ਪੂਰਾ ਕੀਤਾ। ਇਸ ਲਈ ਸ਼ਾਇਦ ਉਦੋਂ ਤੋਂ ਹੀ ਇਹ ਗੀਤ ਗਾਇਆ ਜਾਂਦਾ ਰਿਹਾ ਹੈ:

ਸੁੰਦਰ ਮੁੰਦਰੀਏ, ਹੋ
ਤੇਰਾ ਕੌਣ ਵਿਚਾਰਾ
, ਹੋ
ਦੁੱਲਾ ਭੱਟੀ ਵਾਲ਼ਾ
,ਹੋ
ਦੁੱਲੇ ਧੀ ਵਿਆਹੀ
, ਹੋ
ਸੇਰ ਸ਼ੱਕਰ ਪਾਈ
, ਹੋ...

ਅੰਤ ਵਿੱਚ ਦੁੱਲੇ ਨੂੰ ਧੋਖੇ ਨਾਲ਼ ਕੈਦ ਕਰਕੇ ਮੁਗਲ ਹਕੂਮਤ ਨੇ ਕਤਲ ਕਰ ਦਿੱਤਾ। ਅਜਿਹੇ ਸੂਰਮਿਆਂ ਨੂੰ ਗਾਥਾਵਾਂ ਰਾਹੀਂ ਗਾਇਆ ਅਤੇ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪ ਸੰਘਰਸ਼ ਕੀਤਾ ਅਤੇ ਲੋਕਾਂ ਨੂੰ ਜ਼ੁਲਮ ਦੇ ਖਿਲਾਫ਼ ਲੜਨਾ ਸਿਖਾਇਆ। ਦੁੱਲੇ ਨੇ ਮਜ਼ਲੂਮਾਂ ਅਤੇ ਗਰੀਬਾਂ ਦੀ ਰੱਖਿਆ ਕੀਤੀ।

ਅਸਲ ਵਿੱਚ ਘੋਲ਼ਾਂ, ਸੰਘਰਸ਼ਾਂ ਵਿੱਚੋਂ ਹੀ ਚੰਗੇਰੇ ਜੀਵਨ ਦੀ ਕਿਰਨ ਫੁੱਟਦੀ ਹੈ, ਜਿਹੜੀ ਮਨੁੱਖਤਾ ਦੇ ਪੂਰੇ ਚੌਗਿਰਦੇ ਨੂੰ ਰੌਸ਼ਨਾ ਦਿੰਦੀ ਹੈ। ਜਨ ਸਾਧਾਰਨ ਦਾ ਆਪਣੇ ਹੱਕਾਂ ਦੀ ਰਾਖੀ ਲਈ ਲੜਨਾ ਹਕੂਮਤਾਂ ਨੂੰ ਜਦੋਂ ਚੁਭਣ ਲੱਗਦਾ ਹੈ ਤਾਂ ਅੱਤਿਆਚਾਰ ਦਾ ਦੌਰ ਸ਼ੁਰੂ ਹੁੰਦਾ ਹੈ ਪਰ ਅਣਖ਼ਾਂ ਦੇ ਧਾਰਨੀ ਅਜਿਹਾ ਧੱਕਾ ਬਰਦਾਸ਼ਤ ਨਹੀਂ ਕਰਦੇ ਅਤੇ ਜ਼ੁਲਮ ਦਾ ਮੂੰਹ ਤੋੜ ਜਵਾਬ ਦਿੰਦੇ ਹਨ। ਅੱਜ ਦੀ ਜਦੋਂ ਗੱਲ ਕਰਦੇ ਹਾਂ ਭਾਵੇਂ ਅਸੀਂ ਆਧੁਨਿਕ ਅਤੇ ਤਕਨਾਲੋਜੀ ਭਰਪੂਰ ਯੁੱਗ ਵਿੱਚ ਜੀ ਰਹੇ ਹਾਂ ਪਰ ਅਜੇ ਵੀ ਆਪਣੇ ਹੱਕਾਂ ਲਈ ਸੰਘਰਸ਼ਾਂ ਦੇ ਰਾਹੇ ਪੈਣਾ ਪੈਂਦਾ ਹੈ। ਅੱਜ ਦੀਆਂ ਸਰਕਾਰਾਂ ਵੱਲੋਂ ਵੀ ਬਹੁਤੀ ਵਾਰ ਧੱਕਾ ਕੀਤਾ ਜਾਂਦਾ ਹੈ ਅਤੇ ਸੰਘਰਸ਼ੀ ਅਵਾਜ਼ ਨੂੰ ਦਬਾਉਣ ਲਈ ਹਰ ਹਰਬਾ ਵਰਤਿਆ ਜਾਂਦਾ ਹੈ। ਸਿਰੜੀ ਅਤੇ ਸੰਘਰਸ਼ੀ ਲੋਕ ਉਦੋਂ ਤੱਕ ਟਿਕ ਕੇ ਨਹੀਂ ਬਹਿੰਦੇ ਜਦੋਂ ਤੱਕ ਆਪਣੀਆਂ ਜਾਇਜ਼ ਮੰਗਾਂ ਮੰਨਵਾ ਨਹੀਂ ਲੈਂਦੇ। ਮੁੱਕਦੀ ਗੱਲ ਇਹ ਹੈ ਕਿ ਜਿੱਥੇ ਸਾਡਾ ਹਰ ਤਿਉਹਾਰ ਸਾਨੂੰ ਪ੍ਰੇਰਨਾ, ਪਵਿੱਤਰਤਾ, ਸਭਿਆਚਾਰਕ ਸਾਂਝ, ਸਮਾਜਿਕ ਮੇਲਜੋਲ, ਮਿਲਵਰਤਣ ਆਦਿ ਦੀ ਸਿੱਖਿਆ ਦਿੰਦਾ ਹੈ, ਉੱਥੇ ਲੋੜ ਪੈਣ ’ਤੇ ਸਾਡੇ ਗੁਰੂਆਂ ਦੀ ਸਿੱਖਿਆ ਮੁਤਾਬਕ ਹੱਕ ਸੱਚ ਅਤੇ ਜ਼ੁਲਮ ਨੂੰ ਰੋਕਣ ਲਈ ਹਥਿਆਰ ਚੁੱਕਣਾ ਜਾਇਜ਼ ਕਰਾਰ ਹੋਣ ਦਾ ਸਬਕ ਵੀ ਦਿੰਦਾ ਹੈ। ਲੋਹੜੀ ਦੇ ਇਸ ਤਿਉਹਾਰ ਦੁੱਲੇ ਜਿਹੇ ਸੂਰਮੇ ਨੂੰ ਯਾਦ ਕਰਦਿਆਂ ਉਸ ਦੀ ਬਹਾਦਰੀ ਦਾ ਗੁਣਗਾਨ ਕੀਤਾ ਜਾਂਦਾ ਹੈ।

ਲੋਹੜੀ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਈ ਜਾਂਦੀ ਹੈ। ਇਸ ਮਹੀਨੇ ਕੜਾਕੇ ਦੀ ਠੰਢ ਪੈਂਦੀ ਹੈ। ਲੋਕ ਠੰਢ ਤੋਂ ਬਚਣ ਲਈ ਗਰਮ ਚੀਜ਼ਾਂ ਤਿਲ਼ ਅਤੇ ਅਲਸੀ ਦੀਆਂ ਪਿੰਨੀਆਂ, ਖਜੂਰਾਂ, ਛੋਲੇ ਅਤੇ ਗੁੜ ਦੀਆਂ ਪਿੰਨੀਆਂ, ਮੂੰਗਫਲੀ ਅਅ ਤੇ ਗੱਚਕ ਆਦਿ ਦਾ ਸੇਵਨ ਕਰਦੇ ਅਤੇ ਲੋਹੜੀ ਵਾਲ਼ੀ ਰਾਤ ਆਪਣੇ ਵਿਹੜੇ ਵਿੱਚ ਧੂਣੀ ਦੀ ਬਲ਼ਦੀ ਅੱਗ ਵਿੱਚ ਤਿਲ ਅਤੇ ਹੋਰ ਅਨਾਜ ਅਗਨ ਭੇਟ ਕਰਦੇ ਹੋਏ ਨਾਲ਼-ਨਾਲ਼ ਇਹ ਸਤਰਾਂ ਵੀ ਬੋਲਦੇ ਹਨ:-

ਈਸਰ ਆਏ ਦਲਿੱਦਰ ਜਾਏ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ।

ਅਗਨੀ ਦੇਵਤਾ ਨੂੰ ਅਰਜ਼ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚੋਂ ਦੁੱਖ ਅਤੇ ਦਲਿੱਦਰ (ਆਲਸ) ਨੂੰ ਖ਼ਤਮ ਕਰਕੇ ਅੱਗੇ ਵਧਣ ਲਈ ਸ਼ਕਤੀ ਅਤੇ ਹਿੰਮਤ ਦੀਆਂ ਬਖਸ਼ਿਸ਼ਾਂ ਕਰਨ। ਲੋਹੜੀ ਕੇਵਲ ਅੱਗ ਬਾਲ਼ ਕੇ ਸੇਕਣ ਦਾ ਨਾਂ ਨਹੀਂ ਸਗੋਂ ਇਹ ਮਨਾਂ ਦੀ ਕੁੜੱਤਣ ਸਾੜ ਕੇ ਪਿਆਰ ਦਾ ਨਿੱਘ ਵੰਡਣ ਦਾ ਤਿਉਹਾਰ ਹੈ। ਇਹ ਸਾਡੇ ਪੰਜਾਬੀ ਵਿਰਸੇ ਦੀ ਅਮੀਰੀ ਨੂੰ ਦਰਸਾਉਣ ਦੇ ਨਾਲ਼-ਨਾਲ਼ ਸਾਨੂੰ ਆਪਣੇ ਇਤਿਹਾਸਕ ਅਤੇ ਮਿਥਿਹਾਸਕ ਨਾਇਕਾਵਾਂ ਦੀਆਂ ਕੁਰਬਾਨੀਆਂ ਦੀ ਯਾਦ ਵੀ ਦਿਵਾਉਂਦਾ ਹੈ। ਜਿੱਥੇ ਲੋਹੜੀ ਮੁੰਡੇ ਦੇ ਜਨਮ ਅਤੇ ਨਵ ਵਿਆਹੁਤਾ ਜੋੜਿਆਂ ਦੀ ਖ਼ੁਸ਼ੀ ਮਨਾਉਣ ਲਈ ਮਨਾਈ ਜਾਂਦੀ ਹੈ, ਉੱਥੇ ਅੱਜ ਚੰਗੀ ਸੋਚ ਦੇ ਮਾਪੇ ਕੁੜੀਆਂ ਦੀ ਲੋਹੜੀ ਮਨਾ ਕੇ ਮੁੰਡੇ ਅਤੇ ਕੁੜੀ ਦੇ ਭੇਦ ਨੂੰ ਮਿਟਾਉਣ ਲਈ ਅੱਗੇ ਆ ਰਹੇ ਹਨ। ਇਹ ਚੰਗੇਰੇ ਸਮਾਜ ਦੀ ਸ਼ੁਰੂਆਤ ਹੈ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author