“ਪਰ ਮੈਂ ਕੀ ਕਰਾਂ? ਮੈਂ ਚਾਹੁੰਨਾ ਉਹ ਬੱਚਿਆਂ ਨੂੰ ਪੜ੍ਹਾਉਣ। ਜਦੋਂ ਉਹ ਟਲਦੇ ਰਹਿੰਦੇ ਹਨ, ਮੈਥੋਂ ਜਰਿਆ ਨਹੀਂ ...”
(23 ਜੁਲਾਈ 2023)
“ਕੀ ਗੱਲ ਅੱਜ ਬੜਾ ਉਦਾਸ ਲੱਗ ਰਿਹਾ ਹੈਂ?” ਮਾਸਟਰ ਜੀ ਦੇ ਬਹੁਤ ਹੀ ਕਰੀਬੀ ਦੋਸਤ ਅੰਮ੍ਰਿਤ ਨੇ ਪੁੱਛਿਆ।
“ਹਾਂ ਯਾਰ, ਅੱਜ ਸਕੂਲ ਵਿੱਚ ਇੱਕ ਅਧਿਆਪਕ ਨਾਲ ਥੋੜ੍ਹੀ ਬਹਿਸ ਹੋ ਗਈ।” ਮਾਸਟਰ ਜੀ ਨੇ ਦੱਸਿਆ।
“ਕਿਵੇਂ ਦੀ ਬਹਿਸ?” ਅੰਮ੍ਰਿਤ ਨੇ ਪੁੱਛਿਆ।
“ਬੱਸ ਯਾਰ, ਦਫਤਰੀ ਫਰਮਾਨ ਮੁਤਾਬਕ ਸਕੂਲ ਵਿੱਚ ਦਾਖਲੇ ਵਧਾਉਣ ਦੀ ਮੁਹਿੰਮ ਚੱਲ ਰਹੀ ਹੈ, ਅਜਿਹੇ ਬੱਚੇ ਜੋ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਹਨ ਜਾਂ ਉਹ ਬੱਚੇ ਜੋ ਸਕੂਲ ਤੋਂ ਕਈ ਸਾਲ ਪਹਿਲਾਂ ਹਟ ਚੁੱਕੇ। ਉਹਨਾਂ ਨੂੰ ਦਾਖਲ ਕਰਨ ਲਈ ਸਕੂਲ ਦੇ ਸਾਰੇ ਅਧਿਆਪਕ ਘਰ-ਘਰ ਜਾ ਕੇ, ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਾਉਣ ਲਈ ਮਾਪਿਆਂ ਨੂੰ ਪ੍ਰੇਰਿਤ ਕਰ ਰਹੇ ਨੇ …।”
“ਇਹ ਤਾਂ ਮੈਨੂੰ ਪਤੈ ਪਰ ਉਦਾਸੀ ਦਾ ਕਾਰਨ ਕੀ ਐ?” ਅੰਮ੍ਰਿਤ ਨੇ ਮਾਸਟਰ ਜੀ ਨੂੰ ਵਿੱਚੋਂ ਹੀ ਟੋਕਦਿਆਂ ਪੁੱਛਿਆ।
“ਇੱਕ ਬੱਚਾ ਜੋ ਮਾਨਸਿਕ ਤੌਰ ’ਤੇ ਠੀਕ ਨਹੀਂ, ਨਾਲ਼ੇ ਬੱਚਿਆਂ ਤੋਂ ਇਹ ਪਤਾ ਲੱਗਿਆ ਕਿ ਉਹ ਬੱਚਾ ਨਸ਼ੇ ਵੀ ਕਰਦਾ ਹੈ, ਉਸ ਬੱਚੇ ਨੂੰ ਪਹਿਲਾਂ ਇਲਾਜ ਦੀ ਜ਼ਰੂਰਤ ਹੈ। ਇਸ ਕਰਕੇ ਬਹਿਸ ਹੋ ਗਈ।” ਮਾਸਟਰ ਜੀ ਬੋਲੇ।
“ਪਰ ਦਾਖਲੇ ਦੇ ਵਾਧੇ ’ਤੇ ਤੈਨੂੰ ਕੋਈ ਇਤਰਾਜ਼ ਸੀ?” ਅੰਮ੍ਰਿਤ ਨੇ ਫਿਰ ਪੁੱਛ ਲਿਆ।
“ਨਹੀਂ, ਦਾਖਲਾ ਕਰਨ ’ਤੇ ਭਲਾ ਮੈਨੂੰ ਕੀ ਇਤਰਾਜ਼ ਹੋ ਸਕਦਾ ਹੈ। ਮੈਂ ਤਾਂ ਆਪ ਖੁਦ ਦਾਖਲਾ ਮੁਹਿੰਮ ਟੀਮ ਦੀ ਅਗਵਾਈ ਦੇ ਰੂਪ ਵਿੱਚ ਕੰਮ ਕਰ ਰਿਹਾ ਹਾਂ। ਮੈਨੂੰ ਦਾਖਲਾ ਕਰਨ ’ਤੇ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ। ਜੇ ਕਿਸੇ ਬੱਚੇ ਦਾ ਭਲਾ ਹੁੰਦਾ ਹੈ, ਉਸ ਦੀ ਜ਼ਿੰਦਗੀ ਸੰਵਰਦੀ ਹੈ ਤਾਂ ਇਸ ਤੋਂ ਵਧੀਆ ਗੱਲ ਇੱਕ ਅਧਿਆਪਕ ਵਾਸਤੇ ਹੋਰ ਕੀ ਹੋ ਸਕਦੀ ਹੈ? ਪਰ ਕਿਤੇ ਇਹ ਨਾ ਹੋਵੇ ਕਿ ਇੱਕ ਦਾ ਭਲਾ ਕਰਦੇ-ਕਰਦੇ ਚਾਰ ਹੋਰ ਵਿਗਾੜ ਬੈਠੀਏ। ਨਾਲ਼ੇ ਕਈ ਬੱਚਿਆਂ ਦੇ ਮਾਪੇ ਵੀ ਇਤਰਾਜ਼ ਕਰਦੇ ਨੇ ਕਿ ਜੇਕਰ ਤੁਸੀਂ ਇਹੋ ਜਿਹਿਆਂ ਨੂੰ ਦਾਖਲ ਕਰੋਗੇ ਤਾਂ ਅਸੀਂ ਆਪਣੇ ਬੱਚੇ ਹਟਾ ਲਵਾਂਗੇ।” ਮਾਸਟਰ ਜੀ ਨੇ ਦੱਸਿਆ।
“ਹਾਂ, ਇਹ ਗੱਲ ਵੀ ਹੈ।” ਅੰਮ੍ਰਿਤ ਨੇ ਸਿਰ ਹਿਲਾਉਂਦਿਆਂ ਸਹਿਮਤੀ ਜ਼ਾਹਿਰ ਕੀਤੀ।
“ਦੇਖ, ਮਹਿੰਗਾਈ ਇੰਨੀ ਵਧ ਗਈ ਹੈ ਲੋਕ ਆਰਥਿਕ ਪੱਖੋਂ ਹੌਲ਼ੇ ਹੋਏ ਪਏ ਨੇ, ਗੁਜ਼ਾਰਾ ਮਸਾਂ ਹੀ ਚਲਦਾ ਹੈ। ਮੈਂ ਵੀ ਚਾਹੁੰਦਾ ਹਾਂ ਕਿ ਪ੍ਰਾਈਵੇਟ ਸਕੂਲਾਂ ਦੀਆਂ ਮੋਟੀਆਂ-ਮੋਟੀਆਂ ਫੀਸਾਂ ਦੇਣ ਦੀ ਬਜਾਇ ਬੱਚੇ ਸਾਡੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ। ਪਰ ਕੀ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਕੇ ਗਿਣਤੀ ਵਧਾ ਲੈਣਾ ਹੀ ਕਾਫੀ ਹੈ? ਬੱਚਿਆਂ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਅਤੇ ਜੀਵਨ ਜਾਚ ਸਿਖਾਉਣਾ ਸਾਡਾ ਫਰਜ਼ ਨਹੀਂ ਹੈ?” ਮਾਸਟਰ ਜੀ ਥੋੜ੍ਹਾ ਤੈਸ਼ ਵਿੱਚ ਆ ਕੇ ਬੋਲੇ।
“ਹਾਂ, ਇਹ ਗੱਲ ਤਾਂ ਤੇਰੀ ਠੀਕ ਐ ਪਰ ਫਿਰ ਬਹਿਸ ਕਿਹੜੀ ਗੱਲ ’ਤੇ ਹੋਈ”? ਅੰਮ੍ਰਿਤ ਨੇ ਉਤਸੁਕਤਾ ਨਾਲ ਪੁੱਛਿਆ।
“ਗੱਲ ਤਾਂ ਕੋਈ ਖਾਸ ਨਹੀਂ ਸੀ। ਇੱਦਾਂ ਸੀ ਕਿ ਛੁੱਟੀ ਹੋਣ ’ਤੇ ਸਾਰੇ ਅਧਿਆਪਕ ਆਪੋ ਆਪਣੀ ਹਾਜ਼ਰੀ ਲਗਾ ਕੇ ਜਾ ਰਹੇ ਸਨ ਕਿ ਇੱਕ ਮੈਡਮ ਉਸ ਬੱਚੇ ਬਾਰੇ ਗੱਲ ਛੇੜ ਬੈਠੇ ਪਰ ਉੱਥੇ ਹਾਜ਼ਰ ਕੁਝ ਅਧਿਆਪਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਕਿ ਇਹ ਟੀਚਰ ਤਾਂ ਇੱਦਾਂ ਹੀ ਬੋਲਦੇ ਰਹਿੰਦੇ ਨੇ। ਮੈਨੂੰ ਵੀ ਸੁਣਿਆ, ਮੈਥੋਂ ਰਿਹਾ ਨਹੀਂ ਗਿਆ, ਮੈਨੂੰ ਪਹਿਲਾਂ ਹੀ ਉਹਨਾਂ ਦੀ ਆਪਣੀ ਡਿਊਟੀ ਪ੍ਰਤੀ ਕੁਤਾਹੀ ਵਰਤਣ ਵਾਲੀ ਆਦਤ ਤੋਂ ਖਿਝ ਚੜ੍ਹਦੀ ਸੀ। ਉਹ ਆਪਣੇ ਪੀਰੀਅਡ ਲਾਉਣ ਤੋਂ ਵੀ ਟਾਲ਼ਾ ਵੱਟਦੇ ਦੇਖੇ ਨੇ ਮੈਂ। ਬੱਚਿਆਂ ਨੂੰ ਮਾਪੇ ਕੇਵਲ ਤੇ ਕੇਵਲ ਸਾਡੇ ਸਹਾਰੇ ਸਕੂਲ ਭੇਜਦੇ ਨੇ ਅਤੇ ਅਸੀਂ … … … ਚਲ ਛੱਡ … … ਮੈਥੋਂ ਕਿਹਾ ਗਿਆ ਕਿ ਇਹ ਸਿਰਫ ਪੰਗਾ ਪਾਉਣ ਵਾਲੇ ਨੇ, ਨਜਿੱਠਣਾ ਦੂਜਿਆਂ ਨੂੰ ਪੈਂਦਾ ਹੈ। ਮੇਰੇ ਐਨਾ ਕਹਿਣ ’ਤੇ ਇੱਕ ਅਧਿਆਪਕ ਮੇਰੇ ’ਤੇ ਚਿੱਲਾਇਆ, “ਵਟ ਡੂ ਯੂ ਮੀਨ ਬਾਇ ਪੰਗਾ?” (ਪੰਗੇ ਤੋਂ ਤੁਹਾਡਾ ਕੀ ਮਤਲਬ ਐ?) ਉਸ ਨੇ ਮੇਰੀ ਬਾਂਹ ਫੜ ਕੇ ਕਿਹਾ।”
“ਬਾਂਹ ਫੜਨ ਦਾ ਕੀ ਮਤਲਬ? ਇਹ ਤਾਂ ਗਲਤ ਕੀਤਾ ਉਸ ਨੇ।” ਅੰਮ੍ਰਿਤ ਨੇ ਗੁੱਸੇ ਨਾਲ ਕਿਹਾ।
“ਗਲਤ ਤਾਂ ਸੀ ਪਰ … ਮੈਂ ਫਿਰ ਉਨ੍ਹਾਂ ਨੂੰ ਪੁੱਛਿਆ, ਤੁਹਾਨੂੰ ਉਸ ਬੱਚੇ ਦੇ ਬਾਰੇ ਕੁਝ ਪਤਾ ਹੈ ਭਲਾ? ਉਹ ਮੇਰੀ ਗੱਲ ਦਾ ਜਵਾਬ ਦੇਣ ਦੀ ਥਾਂ ਉੱਚੀ-ਉੱਚੀ ਬੋਲੀ ਜਾ ਰਹੇ ਸੀ ਜਿਵੇਂ ਕੁਝ ਸੁਣਨ ਲਈ ਤਿਆਰ ਹੀ ਨਾ ਹੋਣ। ਉਹ ਵਾਰ ਵਾਰ ‘ਪੰਗਾ’ ਸ਼ਬਦ ਨੂੰ ਦੁਹਰਾ ਰਹੇ ਸਨ ਜਿਵੇਂ ਇਹ ਕੋਈ ਗਾਲ੍ਹ ਹੋਵੇ। ਪਤਾ ਨੀਂ ਉਹ ਪੰਗਾ ਸ਼ਬਦ ਦਾ ਮਤਲਬ ਨਹੀਂ ਸਮਝ ਸਕੇ, ਅਸੀਂ ਆਪਣੀ ਆਮ ਬੋਲਚਾਲ ਵਿੱਚ ਇਹ ਸ਼ਬਦ ਕੋਈ ਔਕੜ ਜਾਂ ਮੁਸੀਬਤ ਲਈ ਬੋਲ ਦਿੰਦੇ ਹਾਂ। ਮੈਂ ਕਿਹਾ, ਮੈਨੂੰ ਐਂ ਕਿਉਂ ਲਗਦਾ ਹੈ ਕਿ ਤੁਸੀਂ ਸਿਰਫ ਸਮੱਸਿਆ ਨੂੰ ਬੁਲਾਉਣਾ ਹੀ ਜਾਣਦੇ ਓ, ਉਸ ਸਮੱਸਿਆ ਨਾਲ ਨਜਿੱਠਣਾ ਨਹੀਂ।”
“ਐਨੀਆਂ ਸੱਚੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸੱਚ ਕਈਆਂ ਨੂੰ ਬੜਾ ਕੌੜਾ ਲੱਗ ਜਾਂਦਾ ਹੁੰਦਾ ਹੈ।” ਅੰਮ੍ਰਿਤ ਨੇ ਮਾਸਟਰ ਜੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਆਖਿਆ।
“ਪਰ ਮੈਂ ਕੀ ਕਰਾਂ? ਮੈਂ ਚਾਹੁੰਨਾ ਉਹ ਬੱਚਿਆਂ ਨੂੰ ਪੜ੍ਹਾਉਣ। ਜਦੋਂ ਉਹ ਟਲਦੇ ਰਹਿੰਦੇ ਹਨ, ਮੈਥੋਂ ਜਰਿਆ ਨਹੀਂ ਜਾਂਦਾ।” ਮਾਸਟਰ ਜੀ ਬੋਲੇ।
“ਹਾਂ, ਇਹ ਵੀ ਤੇਰੀ ਗੱਲ ਠੀਕ ਹੈ। ਪਰ ਤੁਹਾਡੇ ਪ੍ਰਿੰਸੀਪਲ ਵੀ ਉੱਥੇ ਸਨ, ਉਨ੍ਹਾਂ ਨੇ ਨੀ ਕੁਝ ਕਿਹਾ?” ਅੰਮ੍ਰਿਤ ਨੇ ਪੁੱਛਿਆ।
“ਨਹੀਂ, ਉਹ ਸਿਰਫ ਸਾਡੀ ਬਹਿਸ ਦੀ ਵੀਡੀਓ ਬਣਾਉਣ ਲੱਗੇ ਹੋਏ ਸਨ।”
“ਹੈਂ! …” ਅੰਮ੍ਰਿਤ ਨੂੰ ਬੜੀ ਹੈਰਾਨਗੀ ਹੋਈ।
ਮਾਸਟਰ ਜੀ ਨੇ ਆਪਣੀ ਗੱਲ ਜਾਰੀ ਰੱਖੀ, “ਮੈਂ ਪਿਛਲੇ ਦੋ ਸਾਲਾਂ ਵਿੱਚ ਜੋ ਦੇਖਿਆ, ਬਹਿਸ ਦੌਰਾਨ ਆਖ ਦਿੱਤਾ ਕਿ ਤੁਹਾਡੇ ਪੋਲ ਹੁਣ ਖੁੱਲ੍ਹਣਗੇ। ਜੋ ਹੁਣ ਤਕ ਤੁਸੀਂ ਆਪਣੀ ਮਨਮਾਨੀ ਕਰਦੇ ਰਹੇ ਓ, ਜਦੋਂ ਜੀਅ ਕੀਤਾ ਆ ਗਏ ਅਤੇ ਜਦੋਂ ਜੀਅ ਕੀਤਾ ਚਲੇ ਗਏ, ਸਕੂਲ ਨੂੰ ਇੱਕ ਮਜ਼ਾਕ ਬਣਾ ਕੇ ਰੱਖ ਛੱਡਿਐ।”
ਅੰਮ੍ਰਿਤ ਨੂੰ ਇਹ ਗੱਲਾਂ ਸੁਣ ਕੇ ਬੜੀ ਹੈਰਾਨੀ ਹੋਈ, ਉਹ ਕਹਿਣ ਲੱਗਾ, “ਉਹ ਛੁੱਟੀ ਲੈ ਕੇ ਜਾਂਦੇ ਹੋਣਗੇ?”
“ਨਹੀਂ, ਉਨ੍ਹਾਂ ਦੇ ਸਾਥੀ ਜਾਣ ਲੱਗਿਆਂ ਉਨ੍ਹਾਂ ਦੀ ਹਾਜ਼ਰੀ ਆਪ ਲਗਾ ਦਿੰਦੇ ਨੇ, ਉਹ ਫਰਲੋ ’ਤੇ ਹੁੰਦੇ ਨੇ।”
“ਹੈਂ! ਪ੍ਰਿੰਸੀਪਲ ਨੂੰ ਪਤਾ ਨੀਂ?” ਉਸ ਨੇ ਹੈਰਾਨ ਹੁੰਦਿਆਂ ਪੁੱਛਿਆ।
“ਮੈਨੂੰ ਨੀ ਪਤਾ, ਪਤਾ ਹੈ ਜਾਂ ਨਹੀਂ?” ਸ਼ਾਇਦ ਮਾਸਟਰ ਜੀ ਦੱਸਣਾ ਨਹੀਂ ਸੀ ਚਾਹੁੰਦੇ।
“ਫਿਰ ਤਾਂ ਬੜੀ ਮਾੜੀ ਗੱਲ ਐ। ਇਸ ਤਰ੍ਹਾਂ ਤਾਂ ਸਕੂਲ ਵਿੱਚ ਅਨੁਸ਼ਾਸਨ ਪ੍ਰਤੀ ਬੜੀ ਦਿੱਕਤ ਹੁੰਦੀ ਹੋਵੇਗੀ।” ਅੰਮ੍ਰਿਤ ਬੋਲਿਆ।
“ਹਾਂ, ਹੁੰਦੀ ਤਾਂ ਹੈ, ਫਿਰ ਕਰ ਵੀ ਕੀ ਸਕਦੇ ਆਂ, ਅਸੀਂ ਤਾਂ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾ ਰਹੇ ਹਾਂ। ਇੱਕ ਗੱਲ ਹੋਰ ਐ, ਜੇ ਗੁਰੂ ਹੀ ਅਨੁਸ਼ਾਸਿਤ ਨਹੀਂ ਹੋਣਗੇ ਤਾਂ ਬੱਚੇ ਜੋ ਦੇਖਣਗੇ, ਉਹ ਉਸੇ ਤਰ੍ਹਾਂ ਹੀ ਕਰਨਗੇ। ਬੱਚੇ ਅਣਭੋਲ ਹੁੰਦੇ ਨੇ ਤੇ ਕਈ ਵਾਰ ਉਨ੍ਹਾਂ ਦੀ ਸਮਝ ਅਜੇ ਐਨੀ ਨਹੀਂ ਹੁੰਦੀ ਕਿ ਉਹ ਸੋਚ ਸਕਣ ਉਨ੍ਹਾਂ ਦੇ ਭਵਿੱਖ ਲਈ ਕੀ ਚੰਗਾ ਹੈ ਕੀ ਮਾੜਾ। ਸ਼ਾਇਦ ਉਹਨਾਂ ਨੂੰ ਉਹੀ ਅਧਿਆਪਕ ਚੰਗੇ ਲੱਗਦੇ ਹਨ ਜਿਹੜੇ ਉਨ੍ਹਾਂ ਦੀਆਂ ਜਮਾਤਾਂ ਨਹੀਂ ਲਗਾਉਂਦੇ ਅਤੇ ਉਹਨਾਂ ਨੂੰ ਸ਼ਰਾਰਤਾਂ ਤੇ ਗਲਤੀਆਂ ਕਰਨ ’ਤੇ ਟੋਕਦੇ ਨਹੀਂ।”
ਅੰਮ੍ਰਿਤ ਧਿਆਨ ਨਾਲ ਸੁਣ ਰਿਹਾ ਸੀ। ਮਾਸਟਰ ਜੀ ਬੋਲੀ ਜਾ ਰਹੇ ਸੀ। “ਉਹ ਕਹਿੰਦੇ ਨੀਂ ਹੁੰਦੇ ਸਿਆਣੇ ਕਿ ਜਿੱਥੇ ਪਰਿਵਾਰ ਦੇ ਮੁਖੀ ਨੂੰ ਆਪਣੇ ਪਰਿਵਾਰ ਦੇ ਜੀਆਂ ਨੂੰ ਆ ਰਹੀਆਂ ਔਕੜਾਂ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਉਸ ਪਰਿਵਾਰ ਵਿਚਲੀਆਂ ਸਮੱਸਿਆਵਾਂ ਹੋਰ ਗੰਭੀਰ ਹੋ ਜਾਂਦੀਆਂ ਹਨ।”
“ਗੱਲ ਤਾਂ ਸਹੀ ਐ … ਪਰ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ।” ਉਸ ਨੇ ਆਖਿਆ।
“ਹਾਂ … ਮੈਂ ਤਾਂ ਇਹ ਕਹਿਨਾ ਕਿ ਜਿਸ ਕਾਰਜ ਲਈ ਪ੍ਰਮਾਤਮਾ ਨੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ, ਜੇ ਉਹ ਅਸੀਂ ਇਮਾਨਦਾਰੀ ਨਾਲ ਨਹੀਂ ਨਿਭਾਉਂਦੇ, ਆਪਣੀ ਜ਼ਮੀਰ ਦੀ ਆਵਾਜ਼ ਨੂੰ ਅਣਗੌਲਿਆਂ ਕਰਦੇ ਆਂ ਤਾਂ ਸਾਡੇ ਵਰਗਾ ਅਕ੍ਰਿਤਘਣ ਕੋਈ ਨਹੀਂ ਹੋਵੇਗਾ।”
ਮਾਸਟਰ ਜੀ ਦੇ ਇੰਨਾ ਕਹਿਣ ’ਤੇ ਅੰਮ੍ਰਿਤ ਬੋਲਿਆ, “ਤਾਂ ਹੀ ਤਾਂ ਸਿੱਖਿਆ ਗਿਰਾਵਟ ਵੱਲ ਜਾ ਰਹੀ ਐ ਤੇ ਬੱਚਿਆਂ ਵਿੱਚ ਕੋਈ ਨੈਤਿਕਤਾ ਨਜ਼ਰ ਨਹੀਂ ਆ ਰਹੀ। ਚਾਰੇ ਪਾਸੇ ਅਸਹਿਣਸ਼ੀਲਤਾ ਅਤੇ ਨਸ਼ਿਆਂ ਦਾ ਬੋਲਬਾਲਾ ਹੋ ਰਿਹਾ ਹੈ। ਜਦੋਂ ਤਕ ਬੱਚਿਆਂ ਦੇ ਮਾਪੇ ਅਤੇ ਅਧਿਆਪਕ ਆਪਣੇ ਬਣਦੇ ਫਰਜ਼ ਨੂੰ ਨਹੀਂ ਪਛਾਣਦੇ, ਉਦੋਂ ਤਕ ਸਮਾਜ ਨੂੰ ਸਹੀ ਸੇਧ ਨਹੀਂ ਮਿਲ ਸਕਦੀ। ਪਰ ਅਧਿਆਪਕਾਂ ਦਾ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ, ਇਹ ਤਾਂ ਇੱਕ ਗੁਨਾਹ ਹੈ, ਪਾਪ ਹੈ। ਫੇਰ ਸਾਡੇ ਵਰਗੇ ਲੋਕ ਕਿਸ ’ਤੇ ਭਰੋਸਾ ਕਰਨ ਜਦੋਂ ਅਧਿਆਪਕ ਵਰਗ ਵਿੱਚ ਵੀ ਕੁਝ ਮੁਲਾਜ਼ਮ ਤਨਖ਼ਾਹਾਂ ਲੈਣ ਤਕ ਮਤਲਬ ਰੱਖਦੇ ਹੋਣ।”
ਅੰਮ੍ਰਿਤ ਦੀਆਂ ਗੱਲਾਂ ਸੁਣ ਕੇ ਮਾਸਟਰ ਜੀ ਨਿਰਦੋਸ਼ ਹੁੰਦਿਆਂ ਵੀ ਆਪਣੇ ਆਪ ਨੂੰ ਦੋਸ਼ੀਆਂ ਦੇ ਕਟਹਿਰੇ ਵਿੱਚ ਖੜ੍ਹਾ ਮਹਿਸੂਸ ਕਰਨ ਲੱਗੇ।
ਅੰਮ੍ਰਿਤ ਚੁੱਪ ਹੋ ਗਿਆ ਸੀ ਤੇ ਮਾਸਟਰ ਜੀ ਵੀ ਚੁੱਪ ਸਨ।
ਥੋੜ੍ਹੀ ਦੇਰ ਬਾਅਦ ਅੰਮ੍ਰਿਤ ਨੇ ਮਾਸਟਰ ਜੀ ਦੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ, “ਮੈਨੂੰ ਮਾਣ ਐ ਤੂੰ ਸਾਡੇ ਬੱਚਿਆਂ ਪਿੱਛੇ ਤੇ ਸਹੀ ਗੱਲ ’ਤੇ ਆਪਣੇ ਅਧਿਆਪਕ ਸਾਥੀਆਂ ਨਾਲ ਵੀ ਬਹਿਸ ਪੈਨੈਂ।”
ਮਾਸਟਰ ਜੀ ਨੂੰ ਅੰਮ੍ਰਿਤ ਵਿੱਚੋਂ ਸਾਰੇ ਮਾਪਿਆਂ ਦੇ ਚਿਹਰਿਆਂ ਦਾ ਝਾਉਲਾ ਜਿਹਾ ਪੈਣ ਲੱਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4104)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)