LabhSinghShergill 7ਜਦੋਂ ਦੁਕਾਨਾਂ ਕੋਲ ਦੀ ਲੰਘ ਰਹੇ ਸੀ ਤਾਂ ਮੈਂ ਮਾਂ ਨੂੰ ਕਿਹਾ, “ਮੈਨੂੰ ਨੀਲੇ ਰੰਗ ਦੇ ...
(28 ਫਰਵਰੀ 2025)

 

ਹਰ ਇਨਸਾਨ ਨਾਲ ਉਸਦੀਆਂ ਯਾਦਾਂ ਦਾ ਇੱਕ ਅਮੀਰ ਖਜ਼ਾਨਾ ਜੁੜਿਆ ਹੁੰਦਾ ਹੈ ਜੋ ਉਸ ਦੇ ਬਚਪਨ ਤੋਂ ਲੈ ਕੇ ਵੱਡੇ ਹੋਣ ਤਕ ਦੇ ਸਫ਼ਰ ਦੌਰਾਨ ਵਾਪਰੀਆਂ ਖੱਟੀਆਂ-ਮਿੱਠੀਆਂ ਤੇ ਅਨੰਦਮਈ ਘਟਨਾਵਾਂ ਦਾ ਸੁਮੇਲ ਹੁੰਦਾ ਹੈਸਮੇਂ ਦੇ ਗੇੜ ਨਾਲ ਬਹੁਤ ਕੁਝ ਬਦਲ ਜਾਂਦਾ ਹੈ ਅਤੇ ਇਹ ਬਦਲਾਅ ਸਾਨੂੰ ਸਾਫ਼ ਨਜ਼ਰ ਆਉਂਦਾ ਹੈਬਦਲਾਅ ਕੁਦਰਤ ਦਾ ਨਿਯਮ ਹੈ ਇਹ ਅਕਸਰ ਵਾਪਰਦਾ ਰਹਿੰਦਾ ਹੈਜਿਉਂ-ਜਿਉਂ ਮਨੁੱਖ ਵਿਕਾਸ ਦੇ ਭਿੰਨ-ਭਿੰਨ ਪੜਾਵਾਂ ਵਿੱਚੋਂ ਹੁੰਦਾ ਹੋਇਆ ਅੱਗੇ ਵਧਦਾ ਹੈ, ਜੀਵਨ ਦੇ ਹਰੇਕ ਖੇਤਰ ਵਿੱਚ ਕੁਝ ਨਵਾਂਪਨ ਦੇਖਣ ਨੂੰ ਮਿਲਦਾ ਹੈ, ਜੋ ਮਨੁੱਖੀ ਜੀਵਨ ਦੀ ਤਰੱਕੀ ਦਾ ਪ੍ਰਤੀਕ ਨਜ਼ਰ ਆਉਂਦਾ ਹੈਅੱਜ ਜੇ ਝਾਤ ਮਾਰੀਏ ਤਾਂ ਪਹਿਲਾਂ ਨਾਲ਼ੋਂ ਹੈਰਾਨੀਜਨਕ ਤਬਦੀਲੀ ਹੋਈ ਹੈ, ਭਾਵੇਂ ਉਹ ਖਾਦ ਪਦਾਰਥਾਂ ਵਿੱਚ, ਆਵਾਜਾਈ ਦੀਆਂ ਸਹੂਲਤਾਂ ਵਿੱਚ, ਕੱਚੇ ਮਕਾਨਾਂ ਤੋਂ ਪੱਕਿਆਂ ਵਿੱਚ ਅਤੇ ਜ਼ਿੰਦਗੀ ਨੂੰ ਸੁਖਾਲ਼ੀ ਬਣਾਉਣ ਦੇ ਹਰ ਤਰ੍ਹਾਂ ਦੇ ਸੁੱਖ-ਸਾਧਨਾਂ ਵਿੱਚਪਿੱਛੇ ਗੁਜ਼ਰ ਚੁੱਕੇ ਸਾਦਗੀ ਅਤੇ ਸਬਰ ਸੰਤੋਖ ਵਾਲੇ ਸਮੇਂ ਨੂੰ ਅੱਜ ਦੇ ਸੰਦਰਭ ਵਿੱਚ ਰੱਖਦਿਆਂ ਇਹ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸਭ ਕੁਝ ਛੇਤੀ-ਛੇਤੀ, ਕਾਹਲ਼ ਤੇ ਬਿਨਾਂ ਸਹਿਜ ਰਹੇ ਪ੍ਰਾਪਤ ਕਰਨ ਦੀ ਹੋੜ ਵਿੱਚ ਸਾਰਾ ਜਹਾਨ ਵਹਿ ਰਿਹਾ ਹੈਇਸ ਭੱਜ-ਦੌੜ ਦੀ ਜ਼ਿੰਦਗੀ ਵਿੱਚ ਬੱਸ ਜੇ ਕੁਝ ਬਚਿਆ ਹੈ ਤਾਂ ਉਹ ਸਿਰਫ਼ ਦਹਾਕਿਆਂ ਦੀਆਂ ਅਮਿੱਟ ਸਾਦਗੀ ਭਰਪੂਰ ਯਾਦਾਂ ਦੇ ਸਰਮਾਏ ਦਾ ਅਕਸ ਹੈ ਜੋ ਚੇਤਿਆਂ ਵਿੱਚ ਅਕਸਰ ਉੱਭਰ ਆਉਂਦਾ ਹੈ

ਜਦੋਂ ਅਸੀਂ ਛੋਟੇ ਹੁੰਦੇ ਸੀ, ਸ਼ਹਿਰ ਜਾਣ ਦਾ ਬੜਾ ਚਾਅ ਹੁੰਦਾ ਸੀਸ਼ਹਿਰ ਸਾਡੇ ਪਿੰਡ ਤੋਂ ਕੋਈ ਚਾਰ, ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਸੀ, ਕਦੇ-ਕਦਾਈਂ ਹੀ ਆਪਣੇ ਮਾਪਿਆਂ ਨਾਲ ਜਾਣ ਦਾ ਸਬੱਬ ਬਣਦਾ, ਨਹੀਂ ਤਾਂ ਸਾਨੂੰ ਜੁਆਕਾਂ ਨੂੰ ਕੌਣ ਲੈ ਕੇ ਜਾਂਦਾ ਸੀਉੱਥੇ ਮੋਟਰ ਗੱਡੀਆਂ, ਕਾਰਾਂ, ਬੱਸਾਂ ਆਦਿ ਦੇਖ ਕੇ ਊਈਂ ਅੰਦਰੋਂ ਖੁਸ਼ੀ ਚੜ੍ਹੀ ਜਾਂਦੀ ਤੇ ਭਾਂਤ-ਭਾਂਤ ਦੀਆਂ ਫਲਾਂ ਦੀਆਂ ਦੁਕਾਨਾਂ ਤੇ ਹੋਰ ਦੁਕਾਨਾਂ ਜਿਨ੍ਹਾਂ ’ਤੇ ਖਿਡੌਣੇ ਲਟਕੇ ਹੁੰਦੇ ਸੀ, ਦੇਖ ਕੇ ਲੈਣ ਨੂੰ ਬੜਾ ਜੀਅ ਲਲਚਾਉਂਦਾ ਪਰ ਡਰ ਦੇ ਮਾਰੇ ਬੱਸ ਦੇਖ ਕੇ ਹੀ ਮਨ ਪਰਚਾਅ ਲੈਂਦੇ। ਸਾਡੀ ਇੰਨੀ ਹਿੰਮਤ ਨਹੀਂ ਸੀ ਹੁੰਦੀ ਕਿ ਮਾਂ ਜਾਂ ਬਾਪ ਨੂੰ ਕਹਿੰਦੇ ਕਿ ਇਹ ਲੈ ਕੇ ਦੇ ਦਿਉ, ਪਤਾ ਹੁੰਦਾ ਸੀ ਕਿ ਅੱਗੋਂ ਨਾਂਹ ਵਿੱਚ ਹੀ ਜਵਾਬ ਮਿਲਣਾ ਹੈਦਰਅਸਲ ਉਦੋਂ ਲੋਕਾਂ ਦੀ ਇੰਨੀ ਕਮਾਈ ਵੀ ਨਹੀਂ ਸੀ, ਖ਼ਾਸਕਰ ਪਿੰਡਾਂ ਵਾਲਿਆਂ ਦੀ ਕਿ ਉਹ ਆਪਣੇ ਜੁਆਕਾਂ ਦੇ ਸ਼ੌਕ ਪੂਰੇ ਕਰ ਦੇਣ, ਉਦੋਂ ਤਾਂ ਕਈ ਵਾਰ ਘਰਾਂ ਦਾ ਗੁਜ਼ਾਰਾ ਚਲਾਉਣ ਵਿੱਚ ਵੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ

ਮੈਨੂੰ ਯਾਦ ਹੈ ਇੱਕ ਵਾਰ ਮਾਂ ਨੇ ਘਰ ਦਾ ਸੌਦਾ ਪੱਤਾ ਲੈਣ ਸ਼ਹਿਰ ਜਾਣਾ ਸੀਮੈਂ ਕਿਹਾ ਕਿ ਮੈਂ ਵੀ ਨਾਲ ਜਾਣਾ ਹੈ ਉਦੋਂ ਸਾਡੇ ਵਰਗੇ ਜੁਆਕਾਂ ਨੂੰ ਸ਼ਹਿਰ ਜਾਣ ਦਾ ਬੜਾ ਚਾਅ ਹੁੰਦਾ ਸੀਸ਼ਹਿਰ ਜਦੋਂ ਬੂਟਾਂ ਵਾਲ਼ੀਆਂ ਦੁਕਾਨਾਂ ਕੋਲ ਦੀ ਲੰਘੇ ਤਾਂ ਮੇਰਾ ਕੱਪੜੇ ਦੇ ਨੀਲੇ ਰੰਗ ਦੇ ਬੂਟ ਲੈਣ ਲਈ ਬੜਾ ਜੀਅ ਕਰਨ ਲੱਗਾ ਕਿਉਂਕਿ ਜਦੋਂ ਦੂਜੇ ਹਮਜਮਾਤੀ ਮਿੱਤਰ-ਦੋਸਤਾਂ ਦੇ ਇਹ ਬੂਟ ਪਾਏ ਦੇਖਦ[ ਤਾਂ ਮਨ ਵਿੱਚ ਆਉਂਦਾ ਕਿ ਮੇਰੇ ਕੋਲ ਵੀ ਇਹੋ ਜਿਹੇ ਬੂਟ ਹੋਣ ਤਾਂ ਕਿੰਨਾ ਵਧੀਆ ਲੱਗੇਜਦੋਂ ਦੁਕਾਨਾਂ ਕੋਲ ਦੀ ਲੰਘ ਰਹੇ ਸੀ ਤਾਂ ਮੈਂ ਮਾਂ ਨੂੰ ਕਿਹਾ, “ਮੈਨੂੰ ਨੀਲੇ ਰੰਗ ਦੇ ਫੀਤਿਆਂ ਵਾਲੇ ਕੱਪੜੇ ਦੇ ਬੂਟ ਲੈ ਦਿਉ” ਉਦੋਂ ਇਨ੍ਹਾਂ ਦੀ ਕੀਮਤ ਵੀ ਕੋਈ ਜ਼ਿਆਦਾ ਨਹੀਂ ਹੁੰਦੀ ਸੀ, ਬਹੁਤ ਕਹਿਣ ’ਤੇ ਵੀ ਮੇਰੀ ਇਹ ਇੱਛਾ ਪੂਰੀ ਨਹੀਂ ਸੀ ਹੋਈ ਮੇਰੇ ਵਾਰ-ਵਾਰ ਕਹਿਣ ’ਤੇ ਮਾਂ ਨੇ ਕਿਹਾ, “ਨਹੀਂ, ਹੁਣ ਨਹੀਂ, ਅਗਲੀ ਵਾਰ ਜ਼ਰੂਰ ਲੈ ਕੇ ਦੇਊਂ।” ਫਿਰ ਥੋੜ੍ਹੀ ਮੋਟੀ ਕੋਈ ਖਾਣ ਦੀ ਚੀਜ਼ ਲੈ ਦਿੰਦੇ ਤਾਂ ਬੂਟਾਂ ਦਾ ਖਿਆਲ ਭੁੱਲ ਜਾਂਦਾ

ਬੇਸ਼ਕ ਅੱਜ ਲਗਨ ਨਾਲ ਕੀਤੀ ਪੜ੍ਹਾਈ ਤੇ ਪ੍ਰਮਾਤਮਾ ਦੀ ਮਿਹਰ ਸਦਕਾ ਉਸ ਮੁਕਾਮ ’ਤੇ ਪਹੁੰਚ ਗਏ ਹਾਂ ਕਿ ਜੋ ਜੀਅ ਚਾਹੇ ਪਹਿਨ-ਹੰਢਾਅ ਸਕਦੇ ਹਾਂ ਪਰ ਉਹ ਕੱਪੜੇ ਦੇ ਬੂਟ ਨਾ ਮਿਲ ਸਕਣ ਦਾ ਮਲਾਲ ਕਿਤੇ ਨਾ ਕਿਤੇ ਜ਼ਿਹਨ ਵਿੱਚ ਅੱਜ ਵੀ ਰੜਕਦਾ ਰਹਿੰਦਾ ਹੈ

ਸਾਡੇ ਬਾਪੂ ਜੀ ਦੀ ਇੱਕ ਹੀ ਇੱਛਾ ਸੀ ਕਿ ਮੈਂ ਪੜ੍ਹ ਲਿਖ ਕੇ ਕੁਝ ਬਣ ਜਾਵਾਂਆਪ ਬੇਸ਼ਕ ਉਹ ਮਿੱਟੀ ਨਾਲ ਮਿੱਟੀ ਹੁੰਦੇ ਰਹੇ ਪਰ ਉਨ੍ਹਾਂ ਨੇ ਮੇਰੀ ਪੜ੍ਹਾਈ ਦੇ ਖ਼ਰਚੇ ਪ੍ਰਤੀ ਕਦੇ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਦੋਂ ਅੱਜ ਉਨ੍ਹਾਂ ਦੇ ਅਨਮੋਲ ਵਿੱਦਿਆ ਦੇ ਦਿਵਾਏ ਗਿਆਨ ਸਦਕਾ ਆਪਣੇ ਪੈਰਾਂ ’ਤੇ ਖੜ੍ਹੇ ਹਾਂ, ਉਨ੍ਹਾਂ ਦੀਆਂ ਉਸ ਸਮੇਂ ਕੀਤੀਆਂ ਕਿਰਸਾਂ (ਬੱਚਤਾਂ) ਜਿਨ੍ਹਾਂ ਨਾਲ ਵਿੱਦਿਆ ਹਾਸਲ ਕੀਤੀ, ਹੁਣ ਚਾਨਣ ਹੁੰਦਾ ਹੈ ਕਿ ਉਨ੍ਹਾਂ ਨੇ ਉਸੇ ਪੈਸੇ ਨੂੰ ਸਾਡੀ ਜ਼ਿੰਦਗੀ ਬਣਾਉਣ ਲਈ ਨਿਵੇਸ਼ ਕੀਤਾ, ਆਪ ਬੇਸ਼ਕ ਤੰਗੀਆਂ ਤੁਰਸ਼ੀਆਂ ਨਾਲ ਨਿਰਬਾਹ ਕਰਦੇ ਰਹੇ

ਇਹੋ ਜਿਹੀਆਂ ਅਭੁੱਲ ਯਾਦਾਂ ਜੋ ਇਹ ਸਬਕ ਵੀ ਦਿੰਦੀਆਂ ਹਨ ਕਿ ਵਿੱਦਿਆ ਹੀ ਜ਼ਿੰਦਗੀ ਦਾ ਅਸਲ ਗਹਿਣਾ ਹੈ, ਇਸ ਅਨਮੋਲ ਗਹਿਣੇ ਨੂੰ ਬੱਚਿਆਂ ਨੂੰ ਹਾਸਲ ਕਰਵਾਉਣ ਲਈ ਮਾਪਿਆਂ ਨੂੰ ਹਰ ਸੰਭਵ ਯਤਨ ਕਰਨੇ ਚਾਹੀਦੇ ਹਨਇੱਕ ਗੱਲ ਹੋਰ ਇੱਥੇ ਕਹਿਣੀ ਬਹੁਤ ਜ਼ਰੂਰੀ ਹੈ ਕਿ ਸਿਰਫ ਵਿੱਦਿਅਕ ਸੰਸਥਾਵਾਂ ਵਿੱਚ ਭੇਜਣ ਨਾਲ ਹੀ ਮਾਪਿਆਂ ਦਾ ਫਰਜ਼ ਪੂਰਾ ਨਹੀਂ ਹੋ ਜਾਂਦਾ, ਸਗੋਂ ਸਮੇਂ-ਸਮੇਂ ’ਤੇ ਆਪਣੇ ਬੱਚਿਆਂ ਦੀ ਪੈਰਵੀ ਕਰਨੀ ਅਤਿ ਜ਼ਰੂਰੀ ਹੈ ਤਾਂ ਕਿ ਉਨ੍ਹਾਂ ਨੂੰ ਚੰਗੀ ਸਿੱਖਿਆ ਦਿਵਾਈ ਜਾਵੇ। ਇੱਕ ਗੱਲ ਹੋਰ, ਜੋ ਰਸਮੀ ਸਿੱਖਿਆ ਤੋਂ ਵੀ ਜ਼ਰੂਰੀ ਹੈ, ਉਹ ਹੈ ਬੱਚਿਆਂ ਨੂੰ ਚੰਗਾ ਜੀਵਨ ਜਿਊਣ ਦੀ ਜਾਚ ਤੇ ਚੰਗੇ ਮਾੜੇ ਦੀ ਪਛਾਣ ਕਰਨ ਦਾ ਸਬਕ ਵੀ ਦੇਣ ਅਤੇ ਆਲ਼ੇ-ਦੁਆਲ਼ੇ ਫੈਲੀਆਂ ਭੈੜੀਆਂ ਅਲਾਮਤਾਂ ਤੋਂ ਬਚ ਕੇ ਚੱਲਣ ਲਈ ਉਨ੍ਹਾਂ ਨਾਲ ਲਗਾਤਾਰ ਗੱਲਬਾਤ ਕਰਦੇ ਰਹਿਣ। ਇਹ ਸਮੇਂ ਦੀ ਲੋੜ ਹੈ ਤਾਂ ਹੀ ਅਸੀਂ ਆਪਣੇ ਬੱਚਿਆਂ ਦੇ ਜ਼ਰੀਏ ਚੰਗੇਰੇ ਸਮਾਜ ਦੇ ਨਿਰਮਾਣ ਦੀ ਆਸ ਕਰ ਸਕਦੇ ਹਾਂ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author