ਸਾਡਾ ਸਮੂਹ ਅਧਿਆਪਕ ਵਰਗ ਇਸ ਅਧਿਆਪਕ ਦਿਵਸ ’ਤੇ ਆਪਣੇ ਆਪ ਨਾਲ ਇਹ ਅਹਿਦ ਕਰੇ ਕਿ ...
(5 ਸਤੰਬਰ 2024)

 

ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ, ਜੋ ਸਾਡੇ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਤੇ ਦੂਸਰੇ ਰਾਸ਼ਟਰਪਤੀ ਹੋਏ ਹਨ, ਉਹ ਇਨ੍ਹਾਂ ਅਹੁਦਿਆਂ ’ਤੇ ਪਹੁੰਚਣ ਤੋਂ ਪਹਿਲਾਂ ਇੱਕ ਅਜਿਹੇ ਅਧਿਆਪਕ ਸਨ, ਜਿਨ੍ਹਾਂ ਦਾ ਬਹੁਤੀ ਗਿਣਤੀ ਵਿੱਚ ਵਿਦਿਆਰਥੀ ਹੀ ਨਹੀਂ ਬਾਕੀ ਦੇਸ਼ ਵਾਸੀ ਵੀ ਬੜਾ ਆਦਰ ਸਤਿਕਾਰ ਕਰਦੇ ਸਨਉਨ੍ਹਾਂ ਦੇ ਸਮੇਂ ਹੀ 1967 ਵਿੱਚ ਉਨ੍ਹਾਂ ਦੇ ਜਨਮਦਿਨ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਹਰ ਵਰ੍ਹੇ ਮਨਾਉਣ ਦਾ ਫੈਸਲਾ ਕੀਤਾ ਗਿਆਉਨ੍ਹਾਂ ਨੂੰ ਅਤੇ ਸਾਰੇ ਉਨ੍ਹਾਂ ਸੁਹਿਰਦ ਅਧਿਆਪਕਾਂ ਨੂੰ, ਜਿਨ੍ਹਾਂ ਨੇ ਇਸ ਨੇਕ ਕਿੱਤੇ ਵਿੱਚ ਵਿਚਰਦਿਆਂ ਆਪਣੇ ਫਰਜ਼ ਨੂੰ ਸੱਚੇ ਦਿਲੋਂ ਤੇ ਤਨ-ਮਨ ਨਾਲ ਨਿਭਾਇਆ, ਇਹ ਦਿਵਸ ਸਮਰਪਿਤ ਹੈ ਅਤੇ ਹਰ ਵਰ੍ਹੇ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈਉਨ੍ਹਾਂ ਬਾਰੇ ਤਕਰੀਰਾਂ ਕੀਤੀਆਂ ਜਾਂਦੀਆਂ ਹਨ ਡਾ. ਰਾਧਾਕ੍ਰਿਸ਼ਨਨ ਦੀਆਂ ਵਿੱਦਿਆ ਅਤੇ ਰਾਜਨੀਤਕ ਖੇਤਰ ਵਿੱਚ ਕੀਤੀਆਂ ਉਪਲਬਧੀਆਂ ਨੂੰ ਚੇਤੇ ਕੀਤਾ ਜਾਂਦਾ ਹੈਇੱਕ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾਅਜਿਹੀਆਂ ਮਹਾਨ ਸ਼ਖ਼ਸੀਅਤਾਂ ਦੀ ਸੰਗਤ ਵਿੱਚ ਰਹਿ ਕੇ ਵਿਅਕਤੀ ਨੂੰ ਜੀਵਨ ਜਿਊਣ ਦੀ ਅਸਲ ਜਾਚ ਦਾ ਗਿਆਨ ਹੁੰਦਾ ਹੈ ਇੱਕ ਜਾਪਾਨੀ ਕਹਾਵਤ ਹੈ, “ਇੱਕ ਮਹਾਨ ਅਧਿਆਪਕ ਦੇ ਚਰਨਾਂ ਵਿੱਚ ਗੁਜ਼ਾਰਿਆ ਇੱਕ ਦਿਨ, ਪੋਥੀਆਂ ਪੜ੍ਹਨ ਵਿੱਚ ਗੁਜ਼ਾਰੇ ਹਜ਼ਾਰ ਦਿਨਾਂ ਤੋਂ ਕਿਤੇ ਬਿਹਤਰ ਹੈ।”

ਸੱਚਮੁੱਚ ਗੂੜ੍ਹ ਗਿਆਨ ਸੰਪੰਨ ਇੱਕ ਵਿਅਕਤੀ ਦੀ ਸੰਗਤ ਬਹੁਤ ਸਾਰੀਆਂ ਚੰਗੀਆਂ ਪੁਸਤਕਾਂ ਪੜ੍ਹਨ ਦੇ ਬਰਾਬਰ ਹੁੰਦੀ ਹੈਅਜਿਹਾ ਇਨਸਾਨ ਗਿਆਨ ਦਾ ਸਮੁੰਦਰ ਹੁੰਦਾ ਹੈ ਇਹੋ ਜਿਹੇ ਮਹਾਨ ਲੋਕਾਂ ਦੀ ਸੰਗਤ ਕਰਨ ਨਾਲ ਆਦਮੀ ਨੂੰ ਸੋਝੀ ਆਉਂਦੀ ਹੈ ਤੇ ਸਫ਼ਲਤਾ ਦੇ ਭੇਦ ਦਾ ਗਿਆਨ ਹੁੰਦਾ ਹੈਮਹਾਨ ਯੂਨਾਨੀ ਦਾਰਸ਼ਨਿਕ ਸੁਕਰਾਤ ਨੂੰ ਕੌਣ ਭੁੱਲ ਸਕਦਾ ਹੈ? ਉਹ ਇੱਕ ਚਲਦੇ-ਫਿਰਦੇ ਵਿਸ਼ਵਵਿਦਿਆਲਿਆ ਸਨ, ਜਿਨ੍ਹਾਂ ਨੇ ਲੋਕਾਂ ਨੂੰ ਰਸਤੇ ਚਲਦਿਆਂ ਨੂੰ ਰੋਕ-ਰੋਕ ਗਿਆਨ ਵੰਡਿਆ ਬੇਸ਼ਕ ਉਨ੍ਹਾਂ ਨੇ ਆਪਣੇ ਸਿਧਾਂਤਾਂ ਨੂੰ ਲਿਖਤੀ ਰੂਪ ਨਹੀਂ ਦਿੱਤਾ ਪਰ ਉਨ੍ਹਾਂ ਦੇ ਸਿਧਾਂਤਾਂ ਨੂੰ ਉਨ੍ਹਾਂ ਦੇ ਸ਼ਾਗਿਰਦ ਪਲੈਟੋ ਨੇ ਕਲਮਬੱਧ ਕੀਤਾ ਅਤੇ ਅੱਗੇ ਅਰਸਤੂ ਨੇ ਅਮਲ ਵਿੱਚ ਲਿਆਂਦਾ, ਜੋ ਅੱਜ ਸਾਡੀ ਸਿੱਖਿਆ ਪ੍ਰਣਾਲੀ ਦਾ ਆਧਾਰ ਹੈ, ਜਿਸਦਾ ਅਧਿਐਨ ਕਰਕੇ ਸਾਡੇ ਵਿਦਿਆਰਥੀ ਸਿੱਖਿਆ ਦੇ ਉਨ੍ਹਾਂ ਪਹਿਲੂਆਂ ਨੂੰ ਸਮਝਣ ਦੇ ਕਾਬਲ ਹੁੰਦੇ ਹਨ, ਜੋ ਇਸ ਪ੍ਰਣਾਲੀ ਨੂੰ ਸਰਲ ਤੇ ਪ੍ਰਭਾਵਸ਼ਾਲੀ ਬਣਾਉਂਦੇ ਹਨਦੁਨੀਆਂ ਵਿੱਚ ਸੁਕਰਾਤ ਦੇ ਤੁਲ ਕੋਈ ਮਿਸਾਲ ਨਹੀਂ ਹੈਸਮੇਂ ਦੇ ਹਾਕਮਾਂ ਦੁਆਰਾ ਦਿੱਤੇ ਜ਼ਹਿਰ ਦੇ ਪਿਆਲੇ ਨੂੰ ਬੇਖੌਫ, ਬਿਨਾਂ ਕਿਸੇ ਗਿਲੇ ਸ਼ਿਕਵੇ ਤੋਂ ਸਹਿਜਤਾ ਵਿੱਚ ਪੀ ਲੈਂਦੇ ਹਨਅਧਿਆਪਕ ਦਿਵਸ ਦੀ ਸਾਰਥਿਕਤਾ ਇਹੋ ਜਿਹੇ ਮਹਾਨ ਵਿਅਕਤੀਆਂ ਦੁਆਰਾ ਦਿੱਤੀ ਸਿੱਖਿਆ ਨੂੰ ਅਮਲ ਵਿੱਚ ਲਿਆਉਣ ਨਾਲ ਹੀ ਸਿੱਧ ਹੋ ਸਕਦੀ ਹੈ

ਜਿਵੇਂ ਮਨੋਵਿਗਿਆਨ ਕਹਿੰਦਾ ਹੈ ਕਿ ਮੁਢਲਾ ਗਿਆਨ ਬੱਚਾ ਆਪਣੇ ਘਰ ਵਿੱਚੋਂ ਗ੍ਰਹਿਣ ਕਰਦਾ ਹੈਮਾਂ ਨੂੰ ਪਹਿਲੇ ਗੁਰੂ ਹੋਣ ਦਾ ਦਰਜਾ ਹਾਸਲ ਹੈਉਸ‌ ਦੀ ਸਿੱਖਿਆ ਨਾਲ ਹੀ ਉਹ ਉੱਠਣਾ-ਬੈਠਣਾ, ਖਾਣਾ-ਪੀਣਾ, ਬੋਲਣਾ ਆਦਿ ਸਿੱਖਦਾ ਹੈਇਸ ਤੋਂ ਬਾਅਦ ਹੀ ਉਹ ਮਿਆਰੀ ਸਿੱਖਿਆ ਹਾਸਲ ਕਰਨ ਦੇ ਯੋਗ ਹੁੰਦਾ ਹੈ ਅਤੇ ਪਾਠਸ਼ਾਲਾ ਵਿੱਚ ਪ੍ਰਵੇਸ਼ ਕਰਦਾ ਹੈਇੱਥੋਂ ਉਸ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਜੀਵਨ ਦਾ ਵਿਵਹਾਰਿਕ ਗਿਆਨ ਵੀ ਮਿਲਣਾ ਸ਼ੁਰੂ ਹੁੰਦਾ ਹੈ ਜੇਕਰ ਉਸ ਨੂੰ ਚੰਗੇ ਤੇ ਆਪਣੇ ਕਿੱਤੇ ਨੂੰ ਪੂਰੀ ਤਰ੍ਹਾਂ ਸਮਰਪਿਤ ਅਧਿਆਪਕਾਂ ਦਾ ਸਾਥ ਮਿਲ ਜਾਵੇਇੱਥੇ ਕਹਿਣ ਦਾ ਮਤਲਬ ਇਹ ਨਹੀਂ ਕਿ ਬਾਕੀ ਅਧਿਆਪਕ ਆਪਣੇ ਕਿੱਤੇ ਨੂੰ ਸਮਰਪਿਤ ਨਹੀਂ ਹੁੰਦੇ, ਜੋ ਇਸ ਨੇਕ ਕਿੱਤੇ ਨੂੰ ਦਿਲੋਂ ਅਪਣਾਉਂਦੇ ਹਨ, ਉਹ‌ ਹੀ ਆਪਣੇ ਸ਼ਾਗਿਰਦਾਂ ਨੂੰ ਜੀਵਨ ਵਿੱਚ ਸਫ਼ਲਤਾ ਦਾ ਅਸਲੀ ਭੇਦ ਕੀ ਹੈ, ਦੇ ਗਿਆਨ ਨਾਲ ਨਿਵਾਜਦੇ ਹਨਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਿਦਿਆਰਥੀ ਜ਼ਿੰਦਗੀ ਦੇ ਅਸਲ ਮੁਕਾਮ ’ਤੇ ਪੁੱਜ ਜਾਣ

ਮੈਨੂੰ ਯਾਦ ਹੈ ਜਦੋਂ ਮੈਂ ਸਾਡੇ ਲਾਗਲੇ ਪਿੰਡ ਦੁਗਾਲ ਵਿਖੇ ਛੇਵੀਂ ਜਮਾਤ ਵਿੱਚ ਦਾਖ਼ਲਾ ਲਿਆ, ਪ੍ਰਾਇਮਰੀ ਸਕੂਲ ਵਿੱਚੋਂ ਹਾਈ ਸਕੂਲ ਵਿੱਚ ਆ ਕੇ ਪਹਿਲਾਂ ਤਾਂ ਡਰ ਲੱਗਿਆਇਕਦਮ ਛੋਟੇ ਬੱਚਿਆਂ ਤੋਂ ਵੱਡੇ-ਵੱਡੇ ਬਹੁ ਸੰਖਿਆ ਵਿਦਿਆਰਥੀਆਂ ਵਾਲਾ ਸਕੂਲਹੌਲ਼ੀ ਹੌਲ਼ੀ ਸਕੂਲ ਦੇ ਇਸ ਵਾਤਾਵਰਣ ਵਿੱਚ ਢਲਦਾ ਗਿਆਪੰਜਵੀਂ ਤਕ ਪੰਜ ਵਿਸ਼ੇ ਪੜ੍ਹੇ ਸਨ, ਹੁਣ ਛੇਵੀਂ ਵਿੱਚ ਹੋਰ ਵਿਸ਼ਿਆਂ ਦੇ ਨਾਲ ਅੰਗਰੇਜ਼ੀ ਵਿਸ਼ਾ ਹੋਣਾ ਸੀ। ਇਸ ਲਈ ਮਨ ਵਿੱਚ ਹਮੇਸ਼ਾ ਉਤਸਕਤਾ ਰਹਿੰਦੀ ਸੀ। ਕਿਸੇ ਵੀ ਨਵੇਂ ਵਿਸ਼ੇ ਨੂੰ ਲੈ ਕੇ ਉਤਸੁਕਤਾ ਹੋਣੀ ਸੁਭਾਵਿਕ ਗੱਲ ਹੁੰਦੀ ਹੈਸਾਡੇ ਅੰਗਰੇਜ਼ੀ ਅਧਿਆਪਕ ਰਾਮ ਲਾਲ ਜੀ ਉੱਚੇ ਲੰਮੇ, ਕੱਦ ਸਵਾ ਛੇ ਫੁੱਟ ਦੇ ਨੇੜੇ, ਗੁੰਦਵਾਂ ਸਰੀਰ, ਬੜੇ ਫੱਬਵੇਂ, ਰੰਗ ਥੋੜ੍ਹਾ ਸਾਂਵਲਾ, ਹਮੇਸ਼ਾ ਪੂਰੇ ਊਰਜਾਵਾਨ ਰਹਿਣ ਵਾਲੇ ਤੇ ਸਭ ਤੋਂ ਵੱਡੀ ਗੱਲ, ਬੜੇ ਜਨੂੰਨੀ, ਆਪਣੇ ਵਿਸ਼ੇ ਦੇ ਮਾਹਿਰਵੱਡੇ ਤੇ ਪਰਿਪੱਕ ਹੋਣ ’ਤੇ ਪਤਾ ਚੱਲਿਆ ਕਿ ਅਸਲ ਵਿੱਚ ਇਹੋ ਜਿਹੇ ਅਧਿਆਪਕ ਹੀ ਆਦਰਸ਼ ਅਧਿਆਪਕ ਕਹਾਉਣ ਦੇ ਹੱਕਦਾਰ ਹੁੰਦੇ ਹਨਕਦੇ ਵੀ ਪੀਰੀਅਡ ਨਾ ਛੱਡਣਾ ਸ਼ਾਇਦ ਮਨ ਵਿੱਚ ਇੱਕੋ ਮਕਸਦ ਹੁੰਦਾ ਹੋਵੇਗਾ ਕਿ ਵਿਦਿਆਰਥੀਆਂ ਨੂੰ ਕਿਵੇਂ ਤੇ ਕਿਹੜੇ ਢੰਗ ਤਰੀਕੇ ਨਾਲ ਗਿਆਨ ਦਿੱਤਾ ਜਾਵੇਸੁਭਾਅ ਦੇ ਬੜੇ ਸਖ਼ਤ, ਮਜ਼ਾਲ ਹੈ ਕਿ ਕੋਈ ਬੱਚਾ ਉਨ੍ਹਾਂ ਦੀ ਕਲਾਸ ਵਿੱਚ ਕੁਸਕ ਵੀ ਜਾਂਦਾਕੰਮ ਨਾ ਕਰਨ ’ਤੇ ਸਜ਼ਾ ਵੀ ਬੜੀ ਭੈੜੀ ਤਰ੍ਹਾਂ, ਲਾਗੇ ਖੜ੍ਹੇ ਤੂਤ ਦੇ ਦਰਖ਼ਤ ਦੀ ਛਟੀ ਨਾਲ ਦਿੰਦੇਅਸਲ ਵਿੱਚ ਕਿਸੇ ਵੀ ਅਧਿਆਪਕ ਨੂੰ ਕੋਈ ਸ਼ੌਕ ਨਹੀਂ ਹੁੰਦਾ ਕਿ ਉਹ ਬੱਚਿਆਂ ਨੂੰ ਇਸ ਤਰ੍ਹਾਂ ਸਜ਼ਾ ਦੇਵੇ, ਉਹ ਚਾਹੁੰਦਾ ਹੈ ਕਿ ਉਸ ਦੇ ਚੰਡੇ ਹੋਏ ਸ਼ਾਗਿਰਦ ਜ਼ਿੰਦਗੀ ਵਿੱਚ ਕਿਸੇ ਸਹੀ ਮੁਕਾਮ ’ਤੇ ਪੁੱਜ ਜਾਣਇਹੋ ਜਿਹੇ ਆਦਰਸ਼ ਅਧਿਆਪਕਾਂ ਨੂੰ ਬੇਸ਼ਕ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਪਰ ਅਧਿਆਪਕ ਦਿਵਸ ਦੇ ਮੌਕੇ ’ਤੇ ਸਾਡੀ ਜ਼ਿੰਦਗੀ ਨੂੰ ਸਫ਼ਲ ਬਣਾਉਣ ਵਾਲੇ ਇਨ੍ਹਾਂ ਅਧਿਆਪਕਾਂ ਨੂੰ ਅੱਜ ਵੀ ਅਸੀਂ ਇਸ ਦਿਵਸ ’ਤੇ ਪੂਰੇ ਆਦਰ ਸਤਿਕਾਰ ਨਾਲ ਯਾਦ ਕਰਦੇ ਹਾਂ ਤੇ ਹਮੇਸ਼ਾ ਯਾਦ ਕਰਦੇ ਰਹਾਂਗੇ

ਅਧਿਆਪਕ ਦਿਵਸ ਇਹੋ ਜਿਹੇ ਸਫ਼ਲਤਾ ਦਾ ਰਾਹ ਦਿਖਾਉਣ ਵਾਲੇ ਅਧਿਆਪਕਾਂ ਨੂੰ ਹੀ ਸਮਰਪਿਤ ਹੁੰਦਾ ਹੈਅੱਜ ਅਸੀਂ ਤਕਨੀਕੀ ਯੁਗ ਵਿੱਚ ਵਿਚਰ ਰਹੇ ਹਾਂਅੱਜ ਸਾਡੇ ਕੋਲ ਸਿੱਖਿਆ ਪ੍ਰਦਾਨ ਕਰਨ ਦੀਆਂ ਨਵੀਂਆਂ-ਨਵੀਂਆਂ ਜੁਗਤਾਂ ਤੇ ਨਵੇਂ ਨਵੇਂ ਢੰਗ ਤਰੀਕੇ ਮੌਜੂਦ ਹਨ ਬੇਸ਼ਕ ਅੱਜ ਦਾ ਅਧਿਆਪਕ ਇਨ੍ਹਾਂ ਨਾਲ ਪੂਰੀ ਤਰ੍ਹਾਂ ਲੈਸ ਹੈ ਪਰ ਫਿਰ ਵੀ ਜਿੰਨੇ ਸਾਰਥਕ ਨਤੀਜਿਆਂ ਦੀ ਆਸ ਰੱਖੀ ਜਾਂਦੀ ਹੈ, ਉੰਨੇ ਦਿਖਾਈ ਨਹੀਂ ਦਿੰਦੇਇਸ ਪਿੱਛੇ ਕੀ ਕਾਰਨ ਹੋ ਸਕਦੇ ਹਨ? ਇਹ ਸੋਚ ਵਿਚਾਰ ਕਰਨ ਵਾਲੀ ਗੱਲ ਹੈ ਕਿਤੇ ਸਾਡੇ ਕੋਲੋਂ ਵਿਦਵਾਨਾਂ ਅਤੇ ਸਿੱਖਿਆ ਸ਼ਾਸਤਰੀਆਂ ਦੁਆਰਾ ਦਿੱਤੇ ਸਿਧਾਂਤ ਵਿਸਰ ਤਾਂ ਨਹੀਂ ਗਏ? ਕਿਤੇ ਅਸੀਂ ਆਪਣੇ ਫ਼ਰਜ਼ਾਂ ਤੋਂ ਬੇਮੁੱਖ ਤਾਂ ਨਹੀਂ ਹੋ ਗਏ? ਕਿਤੇ ਅਸੀਂ ਊਰਜਾਵਾਨ ਹੁੰਦੇ ਹੋਏ ਵੀ ਊਰਜਾਹੀਣ ਤਾਂ ਨਹੀਂ ਹੋ ਗਏ? ਕਿਤੇ ਅਸੀਂ ਪ੍ਰਾਪਤ ਆਧੁਨਿਕ ਡਿਵਾਈਸਿਸ (ਜੁਗਤਾਂ) ਨੂੰ ਗਿਆਨ ਪ੍ਰਾਪਤੀ ਦੀ ਬਜਾਇ ਹੋਰ ਕਿਸੇ ਢੰਗ ਲਈ ਤਾਂ ਨਹੀਂ ਵਰਤ ਰਹੇ? ਇਨ੍ਹਾਂ ਸਭ ਗੱਲਾਂ ਦਾ ਜਵਾਬ ਸਾਡੇ ਕੋਲੋਂ ਉਹ ਗਰੀਬ ਤੇ ਮਜਬੂਰ ਮਾਪੇ ਮੰਗਦੇ ਹਨ, ਜਿਨ੍ਹਾਂ ਦੇ ਬੱਚਿਆਂ ਦੇ ਭਵਿੱਖ ਦੀ ਡੋਰ ਸਾਡੇ ਹੱਥ ਹੈਹੁਣ ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਦੇ ਭਵਿੱਖ ਦੀ ਡੋਰ ਕਮਜ਼ੋਰ ਕਰਨੀ ਹੈ ਜਾਂ ਮਜ਼ਬੂਤ

ਅੱਜ ਸਮਾਜ ਵਿਰੋਧੀ ਅਨਸਰਾਂ ਵੱਲੋਂ ਸਾਡੇ ਵਿਦਿਆਰਥੀ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈਉਨ੍ਹਾਂ ਨੂੰ ਲਾਲਚ ਦੇ ਕੇ, ਗੁਮਰਾਹ ਕਰਕੇ ਨਸ਼ਿਆਂ ਅਤੇ ਹੋਰ ਗ਼ਲਤ ਕੰਮਾਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈਅੱਜ ਸਮਾਜ ਨੂੰ ਸੁਹਿਰਦ ਅਧਿਆਪਕਾਂ ਦੀ ਬੇਹੱਦ ਲੋੜ ਹੈ ਜੋ ਵਿਦਿਆਰਥੀਆਂ ਨੂੰ ਸਹੀ ਸੇਧ ਦੇ ਕੇ ਇਸ ਨਿੱਘਰ ਰਹੀ ਸਮਾਜਿਕ ਹਾਲਤ ਨੂੰ ਸੁਧਾਰਨ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਇੰਨਾ ਮਜ਼ਬੂਤ ਬਣਨ ਦੇ ਕਾਬਲ ਕਰਨ ਕਿ ਕੋਈ ਉਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਗੁਮਰਾਹ ਕਰਕੇ ਗ਼ਲਤ ਰਾਹੇ ਨਾ ਤੋਰ ਸਕੇਸਾਡਾ ਸਮੂਹ ਅਧਿਆਪਕ ਵਰਗ ਇਸ ਅਧਿਆਪਕ ਦਿਵਸ ’ਤੇ ਆਪਣੇ ਆਪ ਨਾਲ ਇਹ ਅਹਿਦ ਕਰੇ ਕਿ ਉਹ ਆਪਣੇ ਫ਼ਰਜ਼ ਨੂੰ ਇਮਾਨਦਾਰੀ ਨਾਲ ਨਿਭਾਏਗਾ ਤੇ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ ਨਾਲ਼ ਇੱਕ ਚੰਗੇ ਨਾਗਰਿਕ ਬਣਾਉਣ ਲਈ ਹਰ ਸੰਭਵ ਯਤਨ ਕਰੇਗਾ, ਤਾਂ ਹੀ ਅਸੀਂ ਭਵਿੱਖ ਵਿੱਚ ਨਿਰੋਏ ਸਮਾਜ ਦੀ ਕਾਮਨਾ ਕਰ ਸਕਦੇ ਹਾਂ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5273)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author