“ਮੈਂ ਤ੍ਰਭਕ ਕੇ ਉੱਠਿਆ ਤੇ ਆਲ਼ੇ-ਦੁਆਲ਼ੇ ਦੇਖਿਆ, ਕੋਈ ਨਹੀਂ ਸੀ। ਸੋਚਿਆ ਸਿਖਰ ਦੁਪਹਿਰ ਦਾ ਸਮਾਂ ਹੈ, ਇਸ ਬੋਹੜ ’ਤੇ ...”
(29 ਜੁਲਾਈ 2024)
ਜਿਉਂ ਹੀ ਹਾੜ੍ਹ ਮਹੀਨਾ ਚੜ੍ਹਿਆ, ਲੂ ਦਾ ਕਹਿਰ ਬਰਸਣਾ ਸ਼ੁਰੂ ਹੋ ਗਿਆ। ਤਪਦੀ ਭੱਠੀ ਵਰਗੀ ਗਰਮ ਹਵਾ ਪਿੰਡੇ ਨੂੰ ਸਾੜ ਰਹੀ ਸੀ। ਖੇਤਾਂ ਵਿੱਚ ਕੰਮ ਕਰਦੇ ਕਿਰਤੀਆਂ ਦੇ ਮੁੜ੍ਹਕੇ ਭਿੱਜੇ ਪਿੰਡਿਆਂ ਨੂੰ ਛੂੰਹਦੀ ਇਹ ਲੂ ਗਰਮ ਹੁੰਦਿਆਂ ਹੋਇਆਂ ਵੀ ਜਿਵੇਂ ਉਨ੍ਹਾਂ ਨੂੰ ਠੰਢਕ ਦੇਣਾ ਚਾਹੁੰਦੀ ਹੋਵੇ। ਬਿਨਾਂ ਕੰਮ ਤੋਂ ਇਸ ਮਹੀਨੇ ਕੋਈ ਬਾਹਰ ਧੁੱਪੇ ਨਹੀਂ ਨਿਕਲਦਾ ਸੀ। ਮੈਂ ਆਪਣੇ ਸਾਈਕਲ ’ਤੇ ਸ਼ਹਿਰੋਂ ਸੌਦਾ-ਪੱਤਾ ਲੈ ਕੇ ਪਰਤ ਰਿਹਾ ਸੀ। ਸਿਖਰ ਦੁਪਹਿਰ ਦਾ ਸਮਾਂ ਸੀ। ਮੁੱਖ ਸੜਕ ਤੋਂ ਮੈਂ ਸਾਡੇ ਪਿੰਡ ਵਾਲੀ ਸੜਕ ਵੱਲ ਆਪਣਾ ਸਾਈਕਲ ਮੋੜਿਆ। ਤਪਦੇ ਪਿੰਡੇ ਨੂੰ ਕੁਝ ਆਰਾਮ ਦੇਣ ਲਈ ਸੜਕ ਦੇ ਨੇੜੇ ਬੋਹੜ ਦੀ ਛਾਵੇਂ ਰੁਕ ਗਿਆ। ਇਸਦੀ ਸੰਘਣੀ ਛਾਂ ਨੇ ਮੇਰੇ ਤਨ-ਮਨ ਨੂੰ ਕੁਝ ਸ਼ਾਂਤ ਕੀਤਾ। ਬੋਹੜ ਦੇ ਇਸ ਰੁੱਖ ਦੇ ਥੱਲੇ ਇੱਕ ਪਾਸੇ ਨਲ਼ਕਾ ਸੀ ਜੋ ਹੁਣ ਬਿਨਾਂ ਡੰਡੀ ਤੋਂ, ਸ਼ਾਇਦ ਕੋਈ ਡੰਡੀ ਕੋਈ ਲਾਹ ਕੇ ਲੈ ਗਿਆ ਹੋਵੇਗਾ, ਉਂਝ ਹੀ ਖੜ੍ਹਾ ਸੀ ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫ਼ੀ ਥੱਲੇ ਚਲਾ ਗਿਆ ਸੀ। ਹੁਣ ਇਹ ਬਹੁਤ ਸਾਲਾਂ ਤੋਂ ਬਿਨਾਂ ਪਾਣੀ ਤੋਂ ਇਸੇ ਤਰ੍ਹਾਂ ਖੜ੍ਹਾ ਸੀ, ਜਿਵੇਂ ਆਉਣ ਜਾਣ ਵਾਲਿਆਂ ਨੂੰ ਆਪਣੀ ਵਿਥਿਆ ਸੁਣਾਉਣੀ ਚਾਹੁੰਦਾ ਹੋਵੇ ਕਿ ਇੱਕ ਸਮਾਂ ਸੀ ਜਦੋਂ ਤੁਸੀਂ ਇਸ ਰੁੱਖ ਦੀ ਛਾਵੇਂ ਰੁਕਦੇ ਅਤੇ ਮੇਰੇ ਸੀਨੇ ਦੇ ਜ਼ੋਰ ਨਾਲ ਖਿੱਚਿਆ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੇ ਹੁੰਦੇ ਸੀ।
ਸਾਈਕਲ ਦੇ ਹੈਂਡਲ ਨਾਲ ਟੰਗੇ ਝੋਲ਼ੇ ਵਿੱਚੋਂ ਮੈਂ ਪਲਾਸਟਿਕ ਵਾਲੀ ਪਾਣੀ ਦੀ ਬੋਤਲ ਕੱਢੀ। ਉਸ ਵਿੱਚ ਅੱਧਾ ਕੁ ਗਲਾਸ ਪਾਣੀ ਦਾ ਸੀ। ਬੋਤਲ ਦਾ ਢੱਕਣ ਖੋਲ੍ਹ ਕੇ ਦੋ ਘੁੱਟ ਪਾਣੀ ਦੇ ਭਰੇ। ਪਾਣੀ ਲੂ ਨਾਲ ਗਰਮ ਹੋ ਗਿਆ ਸੀ, ਪਿਆਸ ਤਾਂ ਨਹੀਂ ਬੁਝੀ, ਥੋੜ੍ਹਾ ਮੂੰਹ ਗਿੱਲਾ ਜ਼ਰੂਰ ਹੋ ਗਿਆ। ਮੈਂ ਕੁਝ ਚਿਰ ਆਰਾਮ ਕਰਨ ਲਈ ਬੋਹੜ ਦੇ ਮੋਟੇ ਤਣੇ ਨਾਲ ਪਿੱਠ ਲਾ ਕੇ ਅੱਧ-ਲੇਟਵਾਂ ਜਿਹਾ ਹੋ ਕੇ ਲੇਟ ਗਿਆ ਅਤੇ ਸੋਚ ਰਿਹਾ ਸੀ ਕਿ ਜੇ ਇਹ ਰੁੱਖ ਨਾ ਹੁੰਦੇ ਤਾਂ ਮਨੁੱਖ ਦੇ ਤਪਦੇ ਸਰੀਰਾਂ ਨੂੰ ਠੰਢਕ ਕੌਣ ਪਹੁੰਚਾਉਂਦਾ, ਸੋਚਦੇ-ਸੋਚਦੇ ਕੁਝ ਸਕਿੰਟਾਂ ਲਈ ਮੇਰੀ ਅੱਖ ਲੱਗ ਗਈ।
“ਆਰਾਮ ਆ ਰਿਹਾ ਹੈ ਨਾ … …?” ਇੱਕ ਆਵਾਜ਼ ਆਈ।
“ਕਿਉਂ ਆਰਾਮ ਆ ਰਿਹਾ ਹੈ ਨਾ … …? ਦੁਬਾਰਾ ਫਿਰ ਆਵਾਜ਼ ਆਈ।
ਮੈਂ ਤ੍ਰਭਕ ਕੇ ਉੱਠਿਆ ਤੇ ਆਲ਼ੇ-ਦੁਆਲ਼ੇ ਦੇਖਿਆ, ਕੋਈ ਨਹੀਂ ਸੀ। ਸੋਚਿਆ ਸਿਖਰ ਦੁਪਹਿਰ ਦਾ ਸਮਾਂ ਹੈ, ਇਸ ਬੋਹੜ ’ਤੇ ਜ਼ਰੂਰ ਕੋਈ ਭੂਤ-ਪ੍ਰੇਤ ਰਹਿੰਦਾ ਹੋਵੇਗਾ, ਉਸਦੀ ਆਵਾਜ਼ ਹੋਵੇਗੀ। ਮੈਂ ਡਰ ਗਿਆ।
“ਡਰ ਨਾ ਕੋਈ ਭੂਤ-ਪ੍ਰੇਤ ਨਹੀਂ … … ਥੋਡੇ ਤੋਂ ਵੱਡਾ ਭੂਤ-ਪ੍ਰੇਤ ਕੌਣ ਹੋ ਸਕਦਾ ਹੈ … …।”
ਮੇਰਾ ਡਰਦੇ ਦਾ ਦਿਲ ਧੜਕਣ ਲੱਗ ਪਿਆ। ਮੈਂ ਸਹਿਮ ਗਿਆ। ਸਾਈਕਲ ਚੁੱਕ ਕੇ ਭੱਜਣ ਦੀ ਸੋਚੀ, ਫਿਰ ਆਵਾਜ਼ ਆਈ, “ਰੁਕ ਜਾ, ਡਰ ਨਾ। ਮੈਂ ਅੱਜ ਤੇਰੇ ਨਾਲ ਦੋ ਗੱਲਾਂ ਕਰਨੀਆਂ ਨੇ।”
“ਪਰ ਕੌਣ ਐਂ ਤੂੰ?” ਮੈਂ ਕੰਬਦੀ ਆਵਾਜ਼ ਵਿੱਚ ਪੁੱਛਿਆ।
“ਮੈਂ ਉਹ, ਜਿਸ ਥੱਲੇ ਤੂੰ ਆਰਾਮ ਕਰ ਰਿਹਾ ਹੈਂ।” ਆਵਾਜ਼ ਵਿੱਚ ਨਰਮੀ ਅਤੇ ਅਪਣੱਤ ਲੱਗੀ।
ਮੈਂ ਇੱਕ ਦਮ ਸੋਚਿਆ, ਰੁੱਖ, ਪਸ਼ੂ-ਪੰਛੀ, ਜਾਨਵਰ ਆਦਿ ਤਾਂ ਸਤਿਯੁਗ ਵਿੱਚ ਬੋਲਿਆ ਕਰਦੇ ਸੀ ਪਰ ਹੁਣ ਤਾਂ ਕਲਯੁਗ ਚੱਲ ਰਿਹਾ ਹੈ।
ਮੈਂ ਕਿਹਾ, “ਕਿਹੜੀਆਂ ਗੱਲਾਂ ਕਰਨੀਆਂ ਨੇ?”
“ਜ਼ਰਾ ਤੂੰ ਮੇਰੇ ਸਾਹਮਣੇ ਹੋ ਕੇ ਖੜ੍ਹ, ਫਿਰ ਦੱਸਦਾਂ।”
ਉਸਨੇ ਬੋਲਣਾ ਸ਼ੁਰੂ ਕੀਤਾ, “ਅਸੀਂ ਭਲਾ ਥੋਡਾ ਕੀ ਵਿਗਾੜਿਐ, ਤੁਸੀਂ ਸਾਨੂੰ ਖਤਮ ਕਰਨ ’ਤੇ ਤੁਲੇ ਹੋਏ ਓ? ਹਾਂ, ਇੱਕ ਗੱਲ ਕਹਿਨਾ, ਸਾਨੂੰ ਖਤਮ ਕਰਕੇ ਨਸਲ ਥੋਡੀ ਵੀ ਛੇਤੀ ਹੀ ਖਤਮ ਹੋ ਜਾਊਗੀ। ਆਹ ਨਾਲ ਸਾਹਮਣੇ ਵੱਡੀ ਸੜਕ, ਜਿਸ ਨੂੰ ਤੁਸੀਂ ਹਾਈਵੇ ਕਹਿਨੇ ਓ, ਇੱਥੇ ਮੇਰਾ ਪਿਉ ਸੀ ਜਿਸ ਨੂੰ ਸੜਕ ਚੌੜੀ ਕਰਨ ਦੇ ਨਾਂ ’ਤੇ ਜੜ੍ਹੋਂ ਵੱਢ ਦਿੱਤਾ।” ਉਸਦੀ ਆਵਾਜ਼ ਵਿੱਚ ਕਰੁਣਾ ਤੇ ਰੋਸ ਸੀ। ਮੈਨੂੰ ਯਾਦ ਸੀ ਕਿ ਇਸ ਸੜਕ ਦੇ ਕਿਨਾਰੇ ਇੱਕ ਵਿਸ਼ਾਲ ਬੋਹੜ ਸੀ .ਜੋ ਸੜਕ ਦੇ ਨਿਰਮਾਣ ਸਮੇਂ ਵੱਢ ਦਿੱਤਾ ਗਿਆ ਸੀ।
“ਉਹ ਸੜਕ ਦੇ ਵਿਚਾਲੇ ਆਉਂਦਾ ਹੋਵੇਗਾ ਤਾਂ ਵੱਢ ਦਿੱਤਾ।” ਮੈਂ ਕਿਹਾ।
“ਠੀਕ ਐ ਪਰ ਮੇਰੇ ਪਿਉ ਦੀ ਕੁਰਬਾਨੀ ਲੈ ਕੇ ਕਿਸੇ ਨੇ ਹੋਰ ਰੁੱਖ ਲਗਾਉਣ ਬਾਰੇ ਸੋਚਿਆ ਕਦੇ? ਜ਼ਿਆਦਾ ਫਸਲਾਂ ਲੈਣ ਲਈ ਸਾਡੇ ਸੀਨਿਆਂ ’ਤੇ ਆਰੇ ਚਲਾ ਕੇ ਸਾਨੂੰ ਕਤਲ ਕਰ ਦਿੱਤਾ ...।” ਬੋਹੜ ਨੇ ਰੋਸ ਨਾਲ ਆਖਿਆ।
ਮੇਰੀ ਨਜ਼ਰ ਸਾਹਮਣੇ ਖੁੱਲ੍ਹੇ ਖੇਤਾਂ ’ਤੇ ਪਈ, ਚਾਰੇ ਪਾਸੇ ਪੱਧਰੀ ਫਸਲ ਹੀ ਨਜ਼ਰ ਆ ਰਹੀ ਸੀ, ਰੁੱਖ ਤਾਂ ਕੋਈ ਟਾਵਾਂ-ਟਾਵਾਂ ਹੀ ਦਿਸ ਰਿਹਾ ਸੀ।
“ਕਿਉਂ ਦਿਖਦੀ ਐ ਨਾ ਸਚਾਈ ਸਾਹਮਣੇ … … ਦੇਖ, ਅਸੀਂ ਥੋਡੇ ਹਿਤੈਸ਼ੀ ਆਂ, ਜਨਮ ਤੋਂ ਲੈ ਕੇ ਮਰਨ ਤਕ ਕੀਤੀਆਂ ਜਾਂਦੀਆਂ ਰਸਮਾਂ ਸਾਡੇ ਤੋਂ ਬਿਨਾਂ ਪੂਰੀਆਂ ਨਹੀਂ ਹੁੰਦੀਆਂ … … ਕਿਉਂ, ਮਨ ਵਿੱਚ ਕਾਹਲ਼ੀ ਪੈ ਰਹੀ ਐ ਨਾ? ਜਦੋਂ ਸਚਾਈ ਨਾਲ ਸਾਹਮਣਾ ਹੁੰਦਾ ਐ, ਖਲਬਲੀ ਤਾਂ ਮੱਚਦੀ ਹੀ ਐ।”
ਮੈਂ ਉਸਦੀਆਂ ਗੱਲਾਂ ਸੁਣ ਕੇ ਨਿਰਉੱਤਰ ਹੋ ਗਿਆ ਕਿਉਂਕਿ ਅਸੀਂ ਵਿਕਾਸ ਦੇ ਨਾਂ ’ਤੇ ਕੁਦਰਤ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਹੈ, ਜਿਸਦਾ ਹਰਜਾਨਾ ਅਸੀਂ ਨਾਮੁਰਾਦ ਬਿਮਾਰੀਆਂ ਦੇ ਰੂਪ ਵਿੱਚ ਭਰ ਰਹੇ ਹਾਂ।
ਮੈਂ ਡਰਦੇ-ਡਰਦੇ ਨੇ ਕਿਹਾ, “ਹਾਂ, ਇਹ ਸਭ ਸੱਚ ਹੈ।”
“ਜੇ ਸੱਚ ਹੈ ਤਾਂ ਫਿਰ ਕਿਉਂ ਆਪਣੀਆਂ ਜੜ੍ਹਾਂ ’ਤੇ ਕੁਹਾੜੇ ਮਾਰਦੇ ਓਂ? ਥੋੜ੍ਹੀ ਅਕਲ ਕਰੋ, ਸਾਡੇ ਤੋਂ ਬਿਨਾਂ ਸ਼ੁੱਧ ਹਵਾ ਕਿੱਥੋਂ ਲਮੋਂਗੇ? ਜੇ ਸਾਡੀ ਹੋਂਦ ਐ ਤਾਂ ਹੀ ਥੋਨੂੰ ਸਾਹ ਲੈਣ ਲਈ ਆਕਸੀਜਨ ਮਿਲਦੀ ਐ, ਨਹੀਂ ਤਾਂ ਪਲ ਭਰ ਵਿੱਚ ਦਮ ਘੁੱਟ ਕੇ ਗੱਡੀ ਚੜ੍ਹਜੋਂਗੇ।” ਉਸ ਨੇ ਸਚਾਈ ਬਿਆਨ ਕੀਤੀ।
ਸੱਚੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਮੈਂ ਆਪਣਾ ਸਾਈਕਲ ਚੁੱਕਿਆ, ਝੋਲੇ ਵਿੱਚ ਖ਼ਾਲੀ ਬੋਤਲ ਪਾਈ ਤੇ ਚੱਲਣ ਲੱਗਿਆ।
“ਜਾਂਦਾ-ਜਾਂਦਾ ਇੱਕ ਗੱਲ ਹੋਰ ਸੁਣ ਜਾ। ਪਹਿਲਾਂ ਥੋਡੇ ਬਜ਼ੁਰਗ ਆਪਣੀ ਔਲਾਦ ਵਾਂਗ ਸਾਡਾ ਖਿਆਲ ਰੱਖਦੇ ਸਨ। ਉਹ ਸਿਆਣੇ ਸੀ, ਉਨ੍ਹਾਂ ਨੂੰ ਪਤਾ ਸੀ ਕਿ ਸਾਡੀ ਹੋਂਦ ਦੇ ਨਾਲ ਹੀ ਉਨ੍ਹਾਂ ਦੀ ਹੋਂਦ ਕਾਇਮ ਐ।” ਕੁਝ ਕੁ ਕਦਮਾਂ ਦੇ ਫ਼ਰਕ ਨਾਲ ਇੱਕ ਕੱਲਮਕੱਲੀ ਖੜ੍ਹੀ ਡੇਕ ਦੀਆਂ ਟਾਹਣੀਆਂ ਹਿੱਲੀਆਂ, ਜਿਵੇਂ ਉਸ ਨੇ ਇਸ ਗੱਲ ਦੀ ਹਾਮੀ ਭਰੀ ਹੋਵੇ। ਇੱਕ ਹਵਾ ਦੇ ਬੁੱਲੇ ਨਾਲ ਬੋਹੜ ਦੇ ਚੌੜੇ ਪੱਤੇ ਵੀ ਹਿੱਲੇ, ਜਿਵੇਂ ਉਸ ਦੇ ਹਾਅ ਦੇ ਨਾਅਰੇ ਲਈ ਧੰਨਵਾਦ ਕਰਦੇ ਹੋਣ। ਫਿਰ ਅੱਗੇ ਉਸ ਨੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ, “ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ’ਤੇ ਜਿੱਥੇ ਆਉਂਦੇ ਜਾਂਦੇ ਰਾਹੀ ਪਲ ਭਰ ਲਈ ਰੁਕਦੇ ਹੋਣ, ਉਨ੍ਹਾਂ ਥਾਵਾਂ ’ਤੇ ਬਰਸਾਤਾਂ ਦੇ ਮੌਸਮ ਵਿੱਚ ਉਹ ਛਾਂ ਦਾਰ ਰੁੱਖ ਲਾਉਂਦੇ ਸਨ। ਉਹ ਤੁਹਾਡੇ ਵਰਗੇ ਆਧੁਨਿਕ ਕਹਾਉਣ ਵਾਲਿਆਂ ਤੋਂ ਕਈ ਗੁਣਾ ਸਿਆਣੇ ਸਨ। ਉਹ ਸਮਝਦਾਰ ਸਨ ਕਿ ਇਹ ਅਸੀਂ ਹੀ ਹਾਂ ਜੋ ਵਾਤਾਵਰਣ ਨੂੰ ਸ਼ੁੱਧ ਕਰਕੇ ਥੋਡੇ ਜੀਵਨ ਦਾ ਆਧਾਰ ਬਣਦੇ ਹਾਂ।”
ਕੁਝ ਚਿਰ ਲਈ ਆਵਾਜ਼ ਬੰਦ ਹੋ ਗਈ, ਜਿਵੇਂ ਗੱਚ ਭਰ ਗਿਆ ਹੋਵੇ। ਉੱਪਰ ਬੈਠੇ ਪੰਛੀ ਆਪਣੇ ਆਲ੍ਹਣਿਆਂ ਵਿੱਚੋਂ ਬਾਹਰ ਨਿਕਲ਼ ਕੇ ਆਪਣੀ ਬੋਲੀ ਵਿੱਚ ਚੀਕਦੇ ਹੋਏ ਜਿਵੇਂ ਉਸ ਨੂੰ ਦਿਲਾਸਾ ਦਿੰਦੇ ਪ੍ਰਤੀਤ ਹੋਏ। ਬੋਹੜ ਨੇ ਦੁਬਾਰਾ ਬੋਲਣਾ ਸ਼ੁਰੂ ਕੀਤਾ ਤੇ ਸਾਰੀ ਬਨਸਪਤੀ ਦਾ ਦਰਦ ਬਿਆਨ ਕਰਦਿਆਂ ਕਿਹਾ, “ਜੇ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਇਸ ਉਜਾੜੀ ਜਾ ਰਹੀ ਹਰਿਆਵਲ ਨੂੰ ਬਚਾਉਣ ਲਈ ਅੱਗੇ ਆਉ। ਮੇਰਾ ਇਹ ਸੁਨੇਹਾ ਘਰ-ਘਰ ਪਹੁੰਚਾ ਦੇਈਂ ਸ਼ਾਇਦ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾ ਸਕੋਂ।” ਇੰਨਾ ਕਹਿ ਕੇ ਬੋਹੜ ਚੁੱਪ ਹੋ ਗਿਆ। ਉਸ ਨੇ ਆਪਣੇ ਦਿਲ ਦਾ ਕੁਝ ਗੁਬਾਰ ਕੱਢ ਲਿਆ ਪਰ ਅਜੇ ਹੋਰ ਵੀ ਉਸ ਅੰਦਰ ਪਤਾ ਨਹੀਂ ਕਿੰਨਾ ਦਰਦ ਲੁਕਿਆ ਪਿਆ ਸੀ।
ਮੈਂ ਗੁੰਮ-ਸੁੰਮ ਕੁਝ ਚਿਰ ਉੱਥੇ ਇਸ ਦਰਵੇਸ਼ ਤੇ ਬੇਵੱਸ ਬੋਹੜ ਵੱਲ ਦੇਖਦਾ ਰਿਹਾ। ਫਿਰ ਸਾਈਕਲ ਚੁੱਕਿਆ ਤੇ ਪਿੰਡ ਵੱਲ ਚੱਲ ਪਿਆ।
ਰਾਤ ਨੂੰ ਮੰਜੇ ’ਤੇ ਪਿਆਂ ਮੇਰੀ ਥੋੜ੍ਹਾ ਚਿਰ ਹੀ ਅੱਖ ਲੱਗੀ, ਬਾਕੀ ਸਾਰੀ ਰਾਤ ਪਾਸੇ ਮਾਰਦਿਆਂ ਹੀ ਲੰਘ ਗਈ। ਸਵੇਰੇ ਰੋਜ਼ ਦੀ ਤਰ੍ਹਾਂ ਆਪਣਾ ਸਾਈਕਲ ਚੁੱਕਿਆ ਤੇ ਸ਼ਹਿਰ ਵੱਲ ਚੱਲ ਪਿਆ।
ਜਿਉਂ ਹੀ ਮੈਂ ਬੋਹੜੇ ਦੇ ਨੇੜੇ ਗਿਆ, ਮੇਰਾ ਸਾਈਕਲ ਹੋਰ ਤੇਜ਼ ਹੋ ਗਿਆ। ਮੈਂ ਬੋਹੜ ਨਾਲ ਬਿਨਾਂ ਨਜ਼ਰਾਂ ਮਿਲਾਏ ਨੀਵੀਂ ਪਾ ਕੇ ਫਟਾਫਟ ਲੰਘ ਗਿਆ।
ਬੋਹੜ ਨੇ ਸੋਚਿਆ ਹੋਵੇਗਾ, ਇਹ ਵੀ ਉਨ੍ਹਾਂ ਵਿੱਚੋਂ ਈ ਐ, ਅਕਲ ਦੀ ਗੱਲ ਜਿਨ੍ਹਾਂ ਦੇ ਖਾਨੇ ਨਹੀਂ ਪੈਂਦੀ।
ਦਿਹਾੜੀ ਲਾ ਕੇ ਸ਼ਾਮ ਨੂੰ ਮੈਂ ਸ਼ਹਿਰੋਂ ਵਾਪਸ ਮੁੜਿਆ ਆ ਰਿਹਾ ਸੀ। ਆਉਂਦੇ ਹੋਏ ਮੈਂ ਬੋਹੜ ਦੇ ਨੇੜੇ ਆ ਕੇ ਹੌਲ਼ੀ ਹੋ ਗਿਆ। ਮੇਰੇ ਸਾਈਕਲ ’ਤੇ ਬੂਟੇ ਲੱਦੇ ਹੋਏ ਸਨ। ਮੈਂ ਆਪਣੀ ਸਾਰੀ ਦਿਹਾੜੀ ਦੀ ਕਮਾਈ ਦੇ ਬੂਟੇ ਖਰੀਦ ਲਿਆਇਆ ਸੀ। ਹੁਣ ਮੇਰੀਆਂ ਨਜ਼ਰਾਂ ਝੁਕੀਆਂ ਨਹੀਂ ਬਲਕਿ ਉਨ੍ਹਾਂ ਵਿੱਚ ਖੁਸ਼ੀ ਝਲਕ ਰਹੀ ਸੀ। ਮੈਂ ਬੋਹੜ ਵੱਲ ਦੇਖਕੇ ਮੁਸਕਰਾਇਆ। ਬੋਹੜ ਮੇਰੇ ਵੱਲ਼ ਦੇਖ ਕੇ ਝੂਮ ਉੱਠਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5172)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.