“ਜਦੋਂ ਸਾਉਣ ਦੇ ਮਹੀਨੇ ਤੀਆਂ ਦਾ ਤਿਉਹਾਰ ਆਉਂਦਾ ਤਾਂ ਸਾਰੀਆਂ ਕੁੜੀਆਂ, ਨੂੰਹਾਂ, ਸਿਆਣੀਆਂ ...”
(10 ਅਗਸਤ 2025)
ਤੀਆਂ ਦਾ ਤਿਉਹਾਰ ਬੇਸ਼ਕ ਹੁਣ ਤਕ ਪੰਜਾਬੀ ਸੱਭਿਆਚਾਰ ਦਾ ਹਿੱਸਾ ਰਿਹਾ ਹੈ। ਹੁਣ ਤਕ ਸ਼ਬਦਾਂ ਦੀ ਵਰਤੋਂ ਮੈਂ ਇਸ ਲਈ ਕੀਤੀ ਹੈ ਕਿਉਂਕਿ ਅੱਜ ਇਸਦਾ ਨਾ ਹੀ ਉਹ ਰੂਪ, ਨਾ ਹੀ ਉਹ ਮਾਹੌਲ ਅਤੇ ਨਾ ਹੀ ਇਕੱਠਿਆਂ ਹੋਣ ਦਾ ਉਹ ਚਾਅ ਰਿਹਾ ਹੈ। ਪਦਾਰਥਵਾਦੀ ਦੌੜ ਅਤੇ ਆਧੁਨਿਕਤਾ ਦੀ ਹਨੇਰੀ ਨੇ ਇਸਦੀਆਂ ਜੜ੍ਹਾਂ ਉਖਾੜ ਦਿੱਤੀਆਂ ਹਨ। ਅੱਜ ਇਹ ਤਿਉਹਾਰ ਲਗਭਗ ਅਲੋਪ ਹੋਣ ਦੇ ਕਿਨਾਰੇ ਹੈ। ਇਸ ਤਿਉਹਾਰ ਦੀਆਂ ਵੰਨਗੀਆਂ ਦੀ ਗੱਲ ਕਰਨ ਤੋਂ ਪਹਿਲਾਂ ਜੇਕਰ ਇਸਦੇ ਪਿਛੋਕੜ ਉੱਤੇ ਕੁਝ ਡੁੰਘਾਈ ਨਾਲ ਨਜ਼ਰ ਮਾਰਦੇ ਹਾਂ ਤਾਂ ਇਹ ਪਤਾ ਚਲਦਾ ਹੈ ਕਿ ਜਦੋਂ ਪੰਜਾਬ ਉੱਤੇ ਮੁਗਲਾਂ ਦੀ ਹਕੂਮਤ ਸੀ, ਉਨ੍ਹਾਂ ਦੀ ਜੀ-ਹਜ਼ੂਰੀ ਕਰਨ ਵਾਲੇ ਉਸ ਸਮੇਂ ਦੇ ਜਗੀਰਦਾਰ ਆਪਣੇ ਹਾਕਮਾਂ ਨੂੰ ਖੁਸ਼ ਕਰਨ ਲਈ ਪਿੰਡਾਂ ਵਿੱਚੋਂ ਸੋਹਣੀਆਂ ਕੁੜੀਆਂ ਨੂੰ ਸਮੇਂ ਦੇ ਹਾਕਮਾਂ ਅੱਗੇ ਪੇਸ਼ ਕਰਨ ਲਈ ਪਿੰਡ ਦੇ ਬਾਹਰ ਇੱਕ ਥਾਂ ’ਤੇ ਇਕੱਠੀਆਂ ਕਰਕੇ ਉਨ੍ਹਾਂ ਦਾ ਨਾਚ ਕਰਵਾਇਆ ਜਾਂਦਾ। ਉਨ੍ਹਾਂ ਵਿੱਚੋਂ ਚੰਗਾ ਨੱਚਦੀਆਂ ਤੇ ਸੋਹਣੀਆਂ ਕੁੜੀਆਂ ਨੂੰ ਉਹ ਹਾਕਮਾਂ ਲਈ ਲੈ ਜਾਂਦੇ, ਬਦਲੇ ਵਿੱਚ ਚੰਗੀਆਂ ਜਗੀਰਾਂ ਤੇ ਉਨ੍ਹਾਂ ਦੀ ਸ਼ਾਬਾਸ਼ੀ ਹਾਸਲ ਕਰਦੇ।
ਇਹ ਉਸ ਸਮੇਂ ਦੀ ਵੱਡੀ ਤ੍ਰਾਸਦੀ ਸੀ। ਤਾਨਾਸ਼ਾਹੀ ਰਾਜ ਵਿੱਚ ਬਹੁਤੀ ਵਾਰ ਸ਼ਾਸਕ ਅਤੇ ਉਸਦੇ ਅਹਿਲਕਾਰਾਂ ਵੱਲੋਂ ਅਵਾਮ ਨਾਲ ਧੱਕਾ ਅਤੇ ਉਨ੍ਹਾਂ ਉੱਤੇ ਜ਼ੁਲਮ ਕੀਤਾ ਜਾਂਦਾ ਸੀ ਤਾਂ ਕਿ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾ ਸਕੇ। ਸਮੇਂ ਦੇ ਚਲਦਿਆਂ ਬੇਸ਼ਕ ਇਸ ਗ਼ੁਲਾਮੀ ਭਰੀ ਜ਼ਿੰਦਗੀ ਤੋਂ ਅਵਾਮ ਨੂੰ ਛੁਟਕਾਰਾ ਮਿਲ ਗਿਆ ਪਰ ਇਸ ਪ੍ਰਚਲਿਤ ਨਾਚ ਨੇ ਤੀਆਂ ਦਾ ਰੂਪ ਲੈ ਲਿਆ। ਹੌਲੀ-ਹੌਲੀ ਇਹ ਸਾਡੇ ਤਿਉਹਾਰਾਂ ਦੀ ਲੜੀ ਵਿੱਚ ਸ਼ਾਮਲ ਹੋ ਗਿਆ ਅਤੇ ਵਿਆਹ ਕਰਾ ਕੇ ਵਿਛੜੀਆਂ ਆਪਣੀਆਂ ਹਮਉਮਰ ਸਖੀਆਂ-ਸਹੇਲੀਆਂ ਨੂੰ ਇਸ ਤਿਉਹਾਰ ਦੇ ਬਹਾਨੇ ਹੀ ਮਿਲਿਆ ਜਾਂਦਾ। ਹਾਸੇ-ਠੱਠੇ ਅਤੇ ਮੇਲ-ਮਿਲਾਪ ਦਾ ਇਹ ਪੁਰਬ ਬਣ ਗਿਆ। ਅੱਜ ਦੇ ਸਮੇਂ ਨੂੰ ਛੱਡ ਕੇ ਜੇਕਰ ਕੁਝ ਦਹਾਕੇ ਪਿੱਛੇ ਝਾਤ ਮਾਰਦੇ ਹਾਂ ਤਾਂ ਇਹ ਤਿਉਹਾਰ ਆਪਣੇ ਪੂਰੇ ਜਲੌਅ ਵਿੱਚ ਹੁੰਦਾ ਸੀ ਅਤੇ ਸਾਰਿਆਂ ਨੂੰ, ਖ਼ਾਸ ਕਰ ਕੁੜੀਆਂ ਨੂੰ ਇਸਦੀ ਡਾਢੀ ਉਡੀਕ ਹੁੰਦੀ ਸੀ।
ਤੀਆਂ ਹਰੇਕ ਪਿੰਡ ਵਿੱਚ ਕਿਸੇ ਨਿਸ਼ਚਿਤ ਕੀਤੀ ਥਾਂ ’ਤੇ ਲੱਗਦੀਆਂ ਸਨ। ਸਾਡੇ ਪਿੰਡ ਦੇ ਲਹਿੰਦੇ ਵਾਲੇ ਪਾਸੇ ਇੱਕ ਟੋਭਾ ਹੈ, ਜਿਸ ਨੂੰ ਦਈਆਂ ਵਾਲਾ ਟੋਭਾ ਕਿਹਾ ਜਾਂਦਾ ਹੈ। ਹੁਣ ਇਸ ਟੋਭੇ ਵਿੱਚ ਪਾਣੀ ਨਹੀਂ। ਇਹ ਸੁੱਕ ਚੁੱਕਿਆ ਹੈ। ਪਹਿਲਾਂ ਤਾਂ ਨਾਲ ਲਗਦੇ ਸੂਏ ਦਾ ਪਾਣੀ ਇਹਦੇ ਵਿੱਚ ਪੈਂਦਾ ਰਹਿੰਦਾ ਸੀ, ਹੁਣ ਤਾਂ ਸੂਏ ਅਤੇ ਛੋਟੀਆਂ ਕੱਸੀਆਂ ਵਿੱਚ ਪਾਣੀ ਕਦੇ ਕਦਾਈਂ ਹੀ ਦੇਖਣ ਨੂੰ ਮਿਲਦਾ ਹੈ, ਆਮ ਕਰਕੇ ਤਾਂ ਇਹ ਕੂੜਾਦਾਨ ਹੀ ਬਣ ਕੇ ਰਹਿ ਗਈਆਂ। ਇਸ ਟੋਭੇ ਦੇ ਨਾਂ ਨਾਲ ਦਈਆਂ ਸ਼ਬਦ ਕਿਵੇਂ ਪਿਆ, ਇਸ ਬਾਰੇ ਕਿਸੇ ਨੂੰ ਕੋਈ ਇਲਮ ਨਹੀਂ, ਬੱਸ ਸਾਰੇ ਦਈਆਂ ਆਲਾ ਟੋਭਾ ਹੀ ਕਹਿੰਦੇ ਹਨ।
ਟੋਭੇ ਦੇ ਨੇੜੇ ਢਾਈ ਤਿੰਨ ਕਿੱਲੇ ਸ਼ਾਮਲਾਟ ਜ਼ਮੀਨ, ਜੋ ਉਂਜ ਹੀ ਖ਼ਾਲੀ ਛੱਡੀ ਹੋਈ ਸੀ, ਇੱਥੇ ਹੀ ਤੀਆਂ ਦਾ ਗਿੱਧਾ ਪਾਉਣ ਲਈ ਕੁੜੀਆਂ ਇਕੱਠੀਆਂ ਹੁੰਦੀਆਂ। ਜਦੋਂ ਸਾਉਣ ਦੇ ਮਹੀਨੇ ਤੀਆਂ ਦਾ ਤਿਉਹਾਰ ਆਉਂਦਾ ਤਾਂ ਸਾਰੀਆਂ ਕੁੜੀਆਂ, ਨੂੰਹਾਂ, ਸਿਆਣੀਆਂ ਤੀਵੀਂਆਂ ਦੂਜ ਵਾਲੇ ਦਿਨ ਹੱਥਾਂ ’ਤੇ ਮਹਿੰਦੀ ਲਾਉਂਦੀਆਂ। ਸਾਡੇ ਵਰਗੇ ਜੁਆਕਾਂ ਨੂੰ ਵੀ ਮਹਿੰਦੀ ਲਗਵਾਉਣ ਦਾ ਬੜਾ ਚਾਅ ਹੁੰਦਾ, ਬੇਸ਼ਕ ਮੁੰਡਿਆਂ ਦੇ ਹਥੇਲੀ ਦੇ ਵਿਚਕਾਰ ਇੱਕ ਵੱਡਾ ਟਿੱਕਾ ਲਾ ਕੇ ਕਿਹਾ ਜਾਂਦਾ ਕਿ “ਮੁੰਡੇ ਨਹੀਂ ਮਹਿੰਦੀ ਲਾਉਂਦੇ ਹੁੰਦੇ।” ਸਾਉਣ ਦੇ ਮਹੀਨੇ ਤਕਰੀਬਨ ਹਰ ਘਰ ਵਿੱਚੋਂ ਖੀਰ-ਪੂੜਿਆਂ ਅਤੇ ਗੁਲਗੁਲਿਆਂ, ਪਤੌੜਾਂ (ਪਕੌੜਿਆਂ) ਦੀਆਂ ਮਹਿਕਾਂ ਆਉਂਦੀਆਂ। ਸਾਰੇ ਨਿਆਣੇ, ਸਿਆਣੇ ਅਤੇ ਬੁੱਢੇ ਬੜੇ ਚਾਵਾਂ ਨਾਲ ਖਾਂਦੇ।
ਇਸ ਮਹੀਨੇ ਮੀਂਹ ਬੜਾ ਪੈਂਦਾ ਅਤੇ ਝੜੀਆਂ ਆਮ ਹੀ ਲੱਗਦੀਆਂ ਸਨ ਪਰ ਅੱਜ ਅਸੀਂ ਕੁਦਰਤ ਤੋਂ ਦੂਰ ਹੋ ਕੇ ਕੁਦਰਤੀ ਸ਼ੈਆਂ ਨਾਲ ਆਪਣੇ ਲਾਭ ਲਈ ਨਿਰੰਤਰ ਖਿਲਵਾੜ ਕਰ ਰਹੇ ਹਾਂ। ਰੁੱਖਾਂ ਦੀ ਕਟਾਈ, ਮਸ਼ੀਨਰੀ ਆਦਿ ਦੇ ਵਧਣ ਕਾਰਨ ਰੁੱਤਾਂ ਵਿੱਚ ਵੀ ਤਬਦੀਲੀ ਆ ਗਈ ਹੈ। ਲੱਗਦੀਆਂ ਝੜੀਆਂ ਕਾਰਨ ਮੌਸਮ ਠੰਢਾ ਹੋ ਜਾਂਦਾ ਤੇ ਸਰ੍ਹੋਂ ਦੇ ਤੇਲ ਵਿੱਚ ਸ਼ੁੱਧ ਤਰੀਕੇ ਨਾਲ ਪਕਾਏ ਪਕਵਾਨ ਸਭ ਦੇ ਹਜ਼ਮ ਵੀ ਹੋ ਜਾਂਦੇ ਕਿਉਂਕਿ ਉਨ੍ਹਾਂ ਸਮਿਆਂ ਵਿੱਚ ਅੰਦਰਲੇ ਬਾਹਰਲੇ ਸਾਰੇ ਕੰਮ ਹੱਥੀਂ ਹੋਣ ਕਰਕੇ ਇਨ੍ਹਾਂ ਨੂੰ ਪਚਾਉਣ ਦੀ ਕੋਈ ਸਮੱਸਿਆ ਨਹੀਂ ਸੀ ਹੁੰਦੀ। ਅੱਜ-ਕੱਲ੍ਹ ਪਹਿਲਾਂ ਤਾਂ ਇਹ ਪਕਵਾਨਾਂ ਨੂੰ ਪਚਾਉਣ ਦੀ ਦਿੱਕਤ ਤੇ ਦੂਜੀ ਗੱਲ ਬਹੁਤੇ ਲੋਕਾਂ ਨੂੰ ਡਾਕਟਰਾਂ ਨੇ ਤਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨ ਲਈ ਹਦਾਇਤ ਕੀਤੀ ਹੁੰਦੀ ਹੈ। ਸਮੇਂ ਦਾ ਗੇੜ ਹੈ ਕਿ ਸਰੀਰ ਸੋਹਲ ਹੋ ਗਏ। ਇੱਥੇ ਇਹ ਕਹਿਣਾ ਬਣਦਾ ਹੈ ਕਿ ਅਸੀਂ ਖ਼ੁਦ ਆਪਣੇ ਸਰੀਰ ਨੂੰ ਸੁਖ ਦੀ ਆਦਤ ਪਾ ਦਿੱਤੀ ਹੈ।
ਗੱਲ ਚੱਲ ਰਹੀ ਸੀ ਤੀਆਂ ਦੇ ਤਿਉਹਾਰ ਦੀ। ਪਿੰਡ ਦੇ ਬਾਹਰ ਇਸ ਸ਼ਾਮਲਾਟ ਵਾਲੀ ਥਾਂ ’ਤੇ ਆਥਣ ਵੇਲੇ ਤੀਆਂ ਲਈ ਕੁੜੀਆਂ ਇਕੱਠੀਆਂ ਹੁੰਦੀਆਂ। ਨਵੀਂਆਂ ਵਿਆਹੀਆਂ ਕੁੜੀਆਂ ਸਾਉਣ ਦਾ ਮਹੀਨਾ ਆਪਣੇ ਪੇਕੇ ਪਿੰਡ ਹੀ ਰਹਿੰਦੀਆਂ। ਇਹ ਕਿਹਾ ਜਾਂਦਾ ਹੈ ਸਾਉਣ ਦੇ ਮਹੀਨੇ ਸੱਸ ਨੂੰਹ ਨੇ ਇੱਕ ਦੂਜੀ ਦਾ ਮੂੰਹ ਨਹੀਂ ਦੇਖਣਾ ਹੁੰਦਾ, ਇਸ ਕਰਕੇ ਇਹ ਮਹੀਨਾ ਕੁੜੀਆਂ ਆਪਣੇ ਪੇਕੇ ਪਿੰਡ ਹੀ ਰਹਿੰਦੀਆਂ। ਅਸਲ ਵਿੱਚ ਉਸ ਸਮੇਂ ਦੇ ਸਾਡੇ ਬਹੁਤ ਹੀ ਸਿਆਣੇ ਬਜ਼ੁਰਗਾਂ ਨੇ ਇਹ ਵਹਿਮ ਸ਼ਾਇਦ ਜਾਣਬੁੱਝ ਕੇ ਪਾਇਆ ਹੋਵੇਗਾ ਤਾਂ ਕਿ ਕੁੜੀਆਂ ਬਹਾਨੇ ਨਾਲ ਕੁਝ ਸਮੇਂ ਲਈ ਕੰਮਾਂ ਕਾਰਾਂ ਦੇ ਬੋਝ ਤੋਂ ਆਪਣੇ ਪੇਕੇ ਪਿੰਡ ਆ ਥੋੜ੍ਹੇ ਦਿਨ ਅਰਾਮ ਕਰ ਲੈਣ ਤੇ ਨਾਲੇ ਆਪਣੀਆਂ ਸਹੇਲੀਆਂ ਨੂੰ ਮਿਲ ਲੈਣ। ਕੁੜੀਆਂ ਨੂੰ ਆਪਣੇ ਕੱਪੜੇ, ਗਹਿਣੇ ਦਿਖਾਉਣ ਦਾ ਬਹੁਤ ਸ਼ੌਕ ਹੁੰਦਾ ਹੈ। ਤੀਆਂ ਵਿੱਚ ਇਹ ਨਵੇਂ ਤੋਂ ਨਵਾਂ ਵਧੀਆ ਸੂਟ ਅਤੇ ਆਪਣੇ ਸਹੁਰਿਆਂ ਵੱਲੋਂ ਪਾਏ ਗਹਿਣੇ ਪਹਿਨ ਕੇ ਆਪਣੀ ਅਤੇ ਆਪਣੇ ਸਹੁਰਿਆਂ ਦੀ ਖੂਬ ਟੌਹਰ ਬਣਾਉਂਦੀਆਂ। ਚੰਗੇ ਅਤੇ ਵੱਧ ਤੋਂ ਵੱਧ ਗਹਿਣੇ ਪਹਿਨ ਕੇ ਤੀਆਂ ਵਿੱਚ ਜਾਣਾ ਤਾਂ ਜੋ ਦੂਜੀਆਂ ਉਸਦੇ ਗਹਿਣਿਆਂ ਦੀ ਤਾਰੀਫ਼ ਕਰਨ ਤੇ ਨਾਲੇ ਇਹ ਕਹਿਣ ਕਿ ਇਹਨੂੰ ਤਕੜਾ ਘਰ ਮਿਲਿਆ ਹੈ। ਬੱਸ ਇੰਨੀ ਕੁ ਹੀ ਪ੍ਰਸ਼ੰਸਾ ਨਾਲ ਮਨ ਉਡੂੰ-ਉਡੂੰ ਕਰਨ ਲਗਦਾ।
ਕਿੰਨੇ ਭਲੇ ਦਿਨ ਹੁੰਦੇ ਸੀ ਉਹ। ਕੁੜੀਆਂ ਨੂੰ ਇਕੱਲੇ ਜਾਣ ਵਿੱਚ ਕੋਈ ਡਰ ਭੌ ਨਹੀਂ ਸੀ ਹੁੰਦਾ। ਕਿਸੇ ਕਿਸਮ ਦੀ ਲੁੱਟ ਖੋਹ ਦਾ ਤਾਂ ਉਦੋਂ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਪਿੰਡ ਦੀਆਂ ਕੁੜੀਆਂ-ਕੱਤਰੀਆਂ ਨੂੰ ਸਾਰੇ ਆਪਣੀਆਂ ਧੀਆਂ ਭੈਣਾਂ ਹੀ ਮੰਨਦੇ ਸਨ। ਸਾਰੀਆਂ ਇੱਕ ਖੁੱਲ੍ਹੀ ਥਾਂ ’ਤੇ ਵੱਡਾ ਗੋਲ ਚੱਕਰ ਬਣਾ ਕੇ ਖੜ੍ਹ ਜਾਂਦੀਆਂ ਅਤੇ ਫਿਰ ਵਾਰੋ ਵਾਰੀ ਬੋਲੀਆਂ ਪਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਬੋਲੀਆਂ ਵਿੱਚ ਸਮੇਂ ਦੇ ਹਰ ਪੱਖ ਸਮਾਜਿਕ, ਰਾਜਨੀਤਕ, ਆਰਥਿਕ ਤੇ ਧਾਰਮਿਕ ਦਾ ਜ਼ਿਕਰ ਕੀਤਾ ਹੋਇਆ ਮਿਲਦਾ। ਜਿਵੇਂ...
ਹੋਰਾਂ ਦੇ ਤਾਂ ਦੋ ਦੋ ਵੀਰੇ
ਮੇਰਾ ਵੀਰਾ ਇੱਕ ਕੁੜੀਓ
ਉਹ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀਓ।
ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ,
ਇੱਕੋ ਤਵੀਤ ਉਹਦੇ ਘਰ ਦਾ ਨੀ,
ਜਦੋਂ ਲੜਦਾ ਤੇ ਲਾਹਦੇ ਲਾਹਦੇ ਕਰਦਾ ਨੀ।
ਛੈਣੇ ਛੈਣੇ ਛੈਣੇ
ਵਿੱਦਿਆ ਪੜ੍ਹਾਦੇ ਬਾਬਲਾ
ਭਾਵੇਂ ਦੇਈਂ ਨਾ ਦਾਜ ਵਿੱਚ ਗਹਿਣੇ।
ਸਾਉਣ ਮਹੀਨਾ ਦਿਨ ਤੀਆਂ ਦੇ,
ਕੁੜੀਆਂ ਰਲ ਕੇ ਆਈਆਂ
ਨੱਚਣ ਕੁੱਦਣ ਝੂਟਣ ਪੀਂਘਾਂ
ਵੱਡੇ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ ਨਣਦਾਂ ਤੇ ਭਰਜਾਈਆਂ।
ਅੱਜ ਇਹ ਤਿਉਹਾਰ ਸਿਰਫ਼ ਇੱਕ ਰਸਮੀ ਬਣ ਕੇ ਇੱਕ ਦੋ ਦਿਨਾਂ ਤਕ ਹੀ ਸਿਮਟ ਕੇ ਰਹਿ ਗਿਆ ਹੈ। ਨਵੀਂ ਪੀੜ੍ਹੀ ਦੀਆਂ ਕੁੜੀਆਂ ਨੂੰ ਬੋਲੀਆਂ ਵੀ ਵਿਸਰਦੀਆਂ ਜਾ ਰਹੀਆਂ ਹਨ, ਹੁਣ ਸਭ ਕੁਝ ਡੀ.ਜੇ. ਦੀ ਭੇਂਟ ਚੜ੍ਹਦਾ ਜਾ ਰਿਹਾ ਹੈ। ਅੱਜ ਤਾਂ ਸਾਊਂਡ ਸਿਸਟਮ ਲਾ ਕੇ ਉਲਟਾ ਸਿੱਧਾ ਨੱਚਣਾ ਦੇਖਣ ਨੂੰ ਮਿਲਦਾ ਹੈ। ਨਵੇਂ ਜ਼ਮਾਨੇ ਦੇ ਤੌਰ ਤਰੀਕੇ ਅਪਣਾਉਣਾ ਮਾੜੀ ਗੱਲ ਨਹੀਂ ਪਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੇ ਸੱਭਿਆਚਾਰ ਦੀ ਅਮੀਰੀ ਹਮੇਸ਼ਾ ਕਾਇਮ ਰਹੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (