LabhSinghShergill 7ਧਰਤੀ ਦੀ ਹਿੱਕ ਚੀਰ ਕੇ ਅਨਾਜ ਪੈਦਾ ਕਰਨ ਵਾਲਾਸਾਡੀ ਸਭ ਦੀ ਭੁੱਖ ਸ਼ਾਂਤ ਕਰਨ ਵਾਲਾ ...
(13 ਅਪਰੈਲ 2024)

 

ਜੰਗਲੀ ਜੀਵਨ ਵਿੱਚੋਂ ਗੁਜ਼ਰ ਕੇ ਜਦੋਂ ਤੋਂ ਮਨੁੱਖ ਨੂੰ ਇਸ ਧਰਤੀ ’ਤੇ ਰਹਿਣ-ਸਹਿਣ, ਖਾਣ-ਪੀਣ ਅਤੇ ਪਹਿਨਣ ਦੀ ਸੋਝੀ ਆਈ, ਉਦੋਂ ਤੋਂ ਹੀ ਉਹ ਆਪਣੇ ਕੰਮ ਨੂੰ ਸੌਖਾ ਬਣਾਉਣ ਲਈ ਖੋਜਾਂ ਕਰਦਾ ਆਇਆ ਹੈ ਅਤੇ ਵੱਖ ਵੱਖ ਧਾਤਾਂ ਨੂੰ ਉਸ ਨੇ ਲੱਭਿਆ ਹੈਪਹਿਲਾਂ ਪਹਿਲ ਕਾਂਸੀ, ਤਾਂਬਾ ਤੇ ਲੋਹੇ ਦੀਆਂ ਵਸਤਾਂ ਦਾ ਨਿਰਮਾਣ ਸ਼ੁਰੂ ਹੋਇਆਹੌਲ਼ੀ ਹੌਲ਼ੀ ਮਨੁੱਖ ਜਦੋਂ ਪੁਰਾਤਨ ਯੁਗ ਤੋਂ ਜਿਵੇਂ ਹੀ ਨਵੀਨ ਯੁਗ ਵਿੱਚ ਦਾਖ਼ਲ ਹੋਇਆ ਤਾਂ ਉਸ ਨੇ ਕੀਮਤੀ ਧਾਤ ਸੋਨਾ ਲੱਭਿਆ ਤੇ ਉਹ ਇਸਦੇ ਗਹਿਣੇ ਬਣਾ ਕੇ ਆਪਣਾ ਸ਼ਿੰਗਾਰ ਕਰਨ ਲੱਗਾਛੇਤੀ ਹੀ ਇਹ ਧਾਤ ਦੂਸਰੀਆਂ ਧਾਤਾਂ ਦੇ ਮੁਕਾਬਲੇ ਜ਼ਿਆਦਾ ਪਸੰਦੀਦਾ ਬਣ ਗਈ। ਬੇਸ਼ਕ ਪਿਛਲੇ ਯੁਗਾਂ ਵਿੱਚ ਮਹਿੰਗੇ ਹੀਰੇ ਜਵਾਹਰਾਤਾਂ ਦਾ ਵੀ ਚੱਲਣ ਸੀ, ਜੋ ਅੱਜ ਵੀ ਹੈ ਪਰ ਉਸ ਸਮੇਂ ਬੇਸ਼ਕ ਇਹ ਗਹਿਣੇ, ਮੋਹਰਾਂ ਜਾਂ ਫਿਰ ਅਸ਼ਰਫੀਆਂ ਹੋਣ, ਸੋਨਾ ਬਹੁਤਾਤ ਲੋਕਾਂ ਦੀ ਪਸੰਦ ਰਿਹਾਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਅੱਜ ਇਸਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ

ਉਪਰੋਕਤ ਬਿਰਤਾਂਤ ਵਿਚਲੀ ਧਾਤ ਜਿੰਨੀ ਕੀਮਤੀ ਹੈ, ਉਸ ਤੋਂ ਵੀ ਵੱਧ ਕੀਮਤੀ ਚੀਜ਼ ਜਦੋਂ ਅਸੀਂ ਵਿਸਾਖ ਮਹੀਨੇ ਚੁਫੇਰੇ ਨਜ਼ਰ ਮਾਰਦੇ ਹਾਂ ਤਾਂ ਲਹਿ-ਲਹਾਉਂਦੀ ਦਿਖਾਈ ਦਿੰਦੀ ਹੈਚਾਰੇ ਪਾਸੇ ਇਕਸਾਰ ਸੁਨਹਿਰੀ ਚਾਦਰ ਵਿਛੀ ਦੇਖ ਕੇ ਮਨ ਬਾਗੋ-ਬਾਗ ਹੋ ਜਾਂਦਾ ਹੈਇਹ ਹੀ ਅਸਲੀ ਸੋਨਾ ਹੈ ਜੋ ਤਨ-ਮਨ ਨੂੰ ਤ੍ਰਿਪਤ ਕਰਦਾ ਹੈਹਵਾ ਦਾ ਝੋਂਕਾ ਵਗਣ ’ਤੇ ਇੱਕ-ਦੂਜੀ ਨਾਲ ਗੱਲਾਂ ਕਰਦੀਆਂ ਤੇ ਹੱਸਦੀਆਂ ਇਹ ਝੰਬਰ ਸੂਈ ਵਰਗੀਆਂ ਕਣਕ ਦੀਆਂ ਬੱਲੀਆਂ ਇੰਜ ਲੱਗਦੀਆਂ ਹਨ ਜਿਵੇਂ ਵਿਆਹ ਵਿੱਚ ਮੇਲਣਾ ਇੱਕ ਦੂਜੀ ਨਾਲ ਖਹਿੰਦੀਆਂ ਤੇ ਅਠਖੇਲੀਆਂ ਕਰਦੀਆਂ ਹੋਣਸੱਚਮੁੱਚ ਹੀ ਇਹ ਇਸਦਾ ਜੋਬਨ ਮਹੀਨਾ ਹੁੰਦਾ ਹੈਧੀਆਂ ਪੁੱਤਾਂ ਵਾਂਗ ਪਾਲ਼ੀ ਕਣਕ ਨੂੰ ਇੱਕ ਟੱਕ ਨਿਹਾਰ ਕੇ ਕਿਸਾਨ ਦਾ ਅੰਦਰਲਾ ਰੌਂ ਖੁਸ਼ੀ ਨਾਲ ਭਰ ਜਾਂਦਾ ਹੈ ਅਤੇ ਅੱਗੋਂ ਇਹ ਵੀ ਜਿਵੇਂ ਉਸ ਨੂੰ ਅਥਾਹ ਖੁਸ਼ੀ ਦੇਣਾ ਚਾਹੁੰਦੀ ਹੋਵੇ ਪਰ ਬੜਾ ਅਫਸੋਸ ਹੁੰਦਾ ਹੈ ਇਹ ਦੇਖ ਸੁਣ ਕੇ ਕਿ ਜਦੋਂ ਕਟਾਈ ਤੋਂ ਬਾਅਦ ਮੰਡੀ ਵਿੱਚ ਆਉਣ ’ਤੇ ਇਹ ਬਿਗਾਨਿਆਂ ਹੱਥੀਂ ਪੈ ਜਾਂਦੀ ਹੈ, ਜੋ ਬਹੁਤੀ ਵਾਰ ਖਰੀਦਦਾਰ ਦੇ ਮਨ ਮਰਜ਼ੀ ਦੇ ਭਾਅ ਵਿਕਦੀ ਹੈ, ਜਿਸ ਨਾਲ ਛੋਟੇ ਤੇ ਦਰਮਿਆਨੇ ਕਿਸਾਨ ਦੇ ਪੱਲੇ ਜਿੰਨੀ ਮਿਹਨਤ ਪੈਣੀ ਚਾਹੀਦੀ ਹੁੰਦੀ ਹੈ, ਉੰਨੀ ਨਹੀਂ ਪੈਂਦੀਧਰਤੀ ਦੀ ਹਿੱਕ ਚੀਰ ਕੇ ਅਨਾਜ ਪੈਦਾ ਕਰਨ ਵਾਲਾ, ਸਾਡੀ ਸਭ ਦੀ ਭੁੱਖ ਸ਼ਾਂਤ ਕਰਨ ਵਾਲਾ ਇਹ ਕਿਰਤੀ, ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਵੀ ਅਸਮਰੱਥ ਹੋ ਜਾਂਦਾ ਹੈਇਹ ਅਸਮਰੱਥਾ ਦਾ ਫਾਇਦਾ ਉਠਾਉਣ ਲਈ ਅੱਜ ਵੱਡੇ ਕਾਰਪੋਰੇਟ ਘਰਾਣਿਆਂ ਦੀ ਅੱਖ ਇਸਦੀ ਭੋਏਂ ’ਤੇ ਹੈ ਕਿ ਕਿਸੇ ਵੀ ਤਰੀਕੇ ਇਸ ਨੂੰ ਕਮਜ਼ੋਰ ਕਰਕੇ ਇਸਦੀ ਜ਼ਮੀਨ ਹੜੱਪ ਕਰ ਲਈ ਜਾਵੇਇੱਥੇ ਵੱਡੇ-ਵੱਡੇ ਮਾਲ ਸਥਾਪਤ ਕਰਨ ਲਈ ਸਰਕਾਰਾਂ ਦਾ ਕੰਨ ਮਰੋੜ ਕੇ ਚਹੁੰ ਮਾਰਗੀ, ਕਿਤੇ ਅੱਠ ਮਾਰਗੀ ਸੜਕਾਂ ਦਾ ਜਾਲ਼ ਵਿਛਾਇਆ ਜਾ ਰਿਹਾ ਹੈ ਤਾਂ ਕਿ ਕੱਚਾ ਮਾਲ ਆਸਾਨੀ ਨਾਲ ਆਪਣੇ ਗੋਦਾਮਾਂ ਤਕ ਪਹੁੰਚਾਇਆ ਜਾ ਸਕੇਗਹਿਣਿਆਂ ਵਾਲਾ ਸੋਨਾ ਜਿੱਥੇ ਅੱਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ, ਉੱਥੇ ਇਸ ਜੀਵਨ ਦੇ ਅਧਾਰ ਰੂਪੀ ਸੋਨੇ ਨੂੰ ਵੀ ਵੱਡੇ ਧਨਾਢ ਆਪਣੇ ਕਬਜ਼ੇ ਵਿੱਚ ਕਰਕੇ ਮਨਚਾਹੀਆਂ ਕੀਮਤਾਂ ’ਤੇ ਵੇਚਣ ਦਾ ਨਿਸ਼ਾਨਾ ਮਿਥ ਚੁੱਕੇ ਹਨਜੇਕਰ ਅਸੀਂ ਆਪਣੀ ਕਿਰਤ ਨੂੰ ਅਤੇ ਆਪਣੇ ਜ਼ਮੀਨ ਦੇ ਟੁਕੜਿਆਂ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਕੱਠੇ ਹੋਣਾ ਪਵੇਗਾਇੱਥੇ ਇੱਕ ਗੱਲ ਹੋਰ ਕਹਿਣੀ ਵਾਜਿਬ ਹੈ ਕਿ ਕਿਸਾਨ ਜਥੇਬੰਦੀਆਂ ਇੱਕ ਦੂਜੇ ਨੂੰ ਨਾ ਨਿੰਦਣ ਕਿ ਫਲਾਣੀਆਂ ਜਥੇਬੰਦੀਆਂ ਦਾ ਖੇਤੀ ਵਿਰੋਧੀ ਕਾਨੂੰਨਾਂ ਪ੍ਰਤੀ ਰੋਸ ਦਾ ਢੰਗ ਸਾਡੇ ਨਾਲ ਨਹੀਂ ਮਿਲਦਾਬੇਲੋੜੀ ਰਾਜਨੀਤੀ ਛੱਡ ਕੇ ਆਪਣੀ ਜ਼ਮੀਨ, ਕਿਸਾਨੀ ਤੇ ਆਪਣੀ ਆਉਣ ਵਾਲੀ ਨਸਲ ਨੂੰ ਬਚਾਉਣ ਲਈ ਇੱਕਮੁੱਠ ਹੋਏ ਤੋਂ ਬਿਨਾਂ ਨਹੀਂ ਸਰਨਾ, ਨਹੀਂ ਤਾਂ ਸਾਡੇ ਹੱਥੋਂ ਜ਼ਮੀਨ ਵੀ ਜਾਂਦੀ ਰਹੇਗੀ ਤੇ ਸਾਡੇ ਬੱਚਿਆਂ ਨੂੰ ਵੀ ਇਹ ਸ਼ੈਤਾਨੀ ਦਿਮਾਗ ਲੋਕ ਆਪਣੇ ਹੱਥੇ ਚੜ੍ਹਾ ਕੇ ਛੇਤੀ ਹੀ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਆਪਣੇ ਗ਼ੁਲਾਮ ਬਣਾ ਲੈਣਗੇ ਫਿਰ ਸਾਡੇ ਪੱਲੇ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਰਹੇਗਾਅੱਜ ਲੋੜ ਹੈ ਖੇਤੀ ਨਾਲ ਜੁੜੇ ਸਾਰੇ ਕਿਰਤੀਆਂ, ਕਿਸਾਨਾਂ ਨੂੰ ਕਿ ਉਹ ਸਮੇਂ ਦੇ ਹਾਣੀ ਬਣ ਕੇ ਚੱਲਣ ਅਤੇ ਆਪਣੀਆਂ ਫ਼ਸਲਾਂ ਦੀ ਆਪ ਖ਼ੁਦ ਪ੍ਰੋਸੈੱਸਿੰਗ ਕਰਨ ਦਾ ਹੀਆ ਕਰਨ ਬੇਸ਼ਕ ਇਹ ਕੰਮ ਔਖਾ ਹੈ ਪਰ ਅਸੰਭਵ ਵੀ ਨਹੀਂ ਹੈ, ਕਿਉਂਕਿ ਸਿਆਣੇ ਕਹਿੰਦੇ ਹਨ ਕਿ ਪੈਰ ਪੁੱਟਿਆਂ ਹੀ ਮੰਜ਼ਿਲ ਸਰ ਹੁੰਦੀ ਹੈਪਿੰਡ ਪੱਧਰ ’ਤੇ ਛੋਟੇ ਵੱਡੇ ਗਰੁੱਪ ਸਥਾਪਤ ਕਰਨ ਵਰਗੀਆਂ ਯੋਜਨਾਵਾਂ ਕਰਨ ਅਤੇ ਸਾਂਝੀ ਪੂੰਜੀ ਦਾ ਨਿਵੇਸ਼ ਕਰਕੇ ਆਪਣੀਆਂ ਫ਼ਸਲਾਂ ਦਾ ਆਪ ਆਪਣੇ ਖੇਤਾਂ ਵਿੱਚੋਂ ਹੀ ਬਜ਼ਾਰੀਕਰਨ ਵਰਗਾ ਯਤਨ ਕਰਨਾ ਹੀ ਆਰਥਿਕ ਤੌਰ ’ਤੇ ਉਠਾਣ ਦਾ ਹੀਲਾ ਬਣ ਸਕਦਾ ਹੈ

ਅੱਜ ਕਈ ਹਿੰਮਤੀ ਕਿਸਾਨਾਂ ਆਪਣੇ ਖੇਤਾਂ ਵਿੱਚ ਹੀ ਛੋਟੇ ਛੋਟੇ ਉਦਯੋਗ ਜਿਵੇਂ ਘੁਲਾੜੀ ਲਗਾ ਕੇ ਵਧੀਆ ਗੁਣਵੱਤਾ ਦੇ ਗੁੜ, ਸ਼ੱਕਰ ਦੀਆਂ ਭਿੰਨ-ਭਿੰਨ ਕਿਸਮਾਂ ਬਣਾ ਕੇ ਆਪ ਹੀ ਇਨ੍ਹਾਂ ਦਾ ਬਾਜ਼ਾਰੀਕਰਨ ਕਰ ਰਹੇ ਹਨ। ਇਹ ਬਹੁਤ ਵਧੀਆ ਉੱਦਮ ਹੈਆਰਗੈਨਿਕ ਰੂਪ ਨਾਲ ਉਗਾਈ ਜਿਣਸ, ਦਾਲਾਂ, ਸਬਜ਼ੀਆਂ, ਫ਼ਲ ਆਦਿ ਜੋ ਦੂਜੀਆਂ ਤੋਂ ਮਹਿੰਗੇ ਵਿਕਦੇ ਹਨ, ਦੀ ਖੇਤੀ ਕਰਕੇ ਵੀ ਕੁਝ ਕਿਸਾਨ ਚੰਗੀ ਕਮਾਈ ਕਰ ਰਹੇ ਹਨਅਸਲ ਵਿੱਚ ਜਿੰਨਾ ਚਿਰ ਅਸੀਂ ਵਿਚਲੇ ਠੇਕੇਦਾਰਾਂ ਅਤੇ ਵਿਚੋਲਿਆਂ ਦੇ ਚੁੰਗਲ ਵਿੱਚੋਂ ਨਿਕਲ ਕੇ ਆਪਣੀਆਂ ਵਸਤਾਂ, ਆਪਣੇ ਸੰਗਠਨ ਬਣਾ ਕੇ ਆਪ ਨਹੀਂ ਵੇਚਾਂਗੇ ਉੰਨਾ ਚਿਰ ਆਰਥਿਕ ਪੱਖੋਂ ਮਜ਼ਬੂਤੀ ਹਾਸਲ ਨਹੀਂ ਹੋ ਸਕਦੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author