LabhSinghShergill 7ਅੱਜ ਦੇ ਸਮੇਂ ਵਿੱਚ ਅਸਲ ਨਾਲ਼ੋਂ ਭੇਖਧਾਰੀ ਲੋਕ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਕਿਉਂਕਿ ਸਹੀ ਰਾਹ ’ਤੇ ਚੱਲਣਾ, ਸਹੀ ਗੱਲ ’ਤੇ ...
(24 ਅਕਤੂਬਰ 2024)

 

ਇਹ ਗੱਲ ਸਹੀ ਹੈ ਕਿ ਜਿੱਥੇ ਮਨੁੱਖ ਲਈ ਜ਼ਿੰਦਗੀ ਦੇ ਸਫ਼ਰ ਵਿੱਚ ਰੁਕਾਵਟਾਂ ਹਨ, ਉੱਥੇ ਨਾਲ ਹੀ ਪ੍ਰੇਰਨਾ ਦੇ ਸਰੋਤ ਵੀ ਮੌਜੂਦ ਹੁੰਦੇ ਹਨਸੂਰਜ ਉੱਗਣ ਤੋਂ ਪਹਿਲਾਂ ਤੇ ਜਦੋਂ ਇਸਦੀ ਧਰਤੀ ’ਤੇ ਪਹਿਲੀ ਕਿਰਨ ਪੈਂਦੀ ਹੈ, ਉਸ ਦੇ ਨਾਲ ਹੀ ਮਨੁੱਖ, ਪਸ਼ੂ-ਪੰਛੀ, ਜੀਵ-ਜੰਤੂ, ਬਨਸਪਤੀ ਆਦਿ ਦੀ ਜੀਵਨ ਲਈ ਜੱਦੋਜਹਿਦ ਆਰੰਭ ਹੋ ਜਾਂਦੀ ਹੈਦਿਨ ਭਰ ਇਸ ਸਫ਼ਰ ਦੀਆਂ ਹਰ ਪਾਸੇ ਅਨੇਕਾਂ ਵੰਨਗੀਆਂ ਦਿਖਾਈ ਦਿੰਦੀਆਂ ਹਨ ਜੋ ਆਪਣੇ ਨਿਰਬਾਹ ਤੇ ਸੁਖਾਲ਼ੇ ਜੀਵਨ ਲਈ ਨਿਰੰਤਰ ਸੰਘਰਸ਼ ਦੇ ਰਾਹ ਚਲਦੀਆਂ ਨਜ਼ਰੇ ਪੈਂਦੀਆਂ ਹਨ ਜੱਦੋਜਹਿਦ, ਘੋਲ਼ ਵਿੱਚੋਂ ਹੀ ਜ਼ਿੰਦਗੀ ਜਿਊਣ ਦੇ ਵਲ (ਢੰਗ) ਤੇ ਤਜਰਬੇ ਮਿਲਦੇ ਹਨ, ਇਸੇ ਨਾਲ ਨਵੇਂ ਮਾਰਗ ਖੁੱਲ੍ਹਦੇ ਜਾਂਦੇ ਹਨਇਹ ਚੱਲਣ ਵਾਲੇ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਰਸਤਾ ਚੁਣਦਾ ਹੈ ਕਿਉਂਕਿ ਜੀਵਨ ਵਿੱਚ ਬੜੀ ਵਿਸ਼ਾਲਤਾ ਅਤੇ ਵੰਨ-ਸੁਵੰਨਤਾ ਸਾਡੇ ਸਾਹਮਣੇ ਹੁੰਦੀ ਹੈ। ਜਿੱਥੇ ਮਨੁੱਖ ਸ਼ਸ਼ੋਪੰਜ ਵਿੱਚ ਪੈ ਜਾਂਦਾ ਹੈ, ਉੱਥੋਂ ਹੀ ਸਹੀ ਤੇ ਗਲਤ ਰਾਹ ਦੋਨੋਂ ਸਮਾਨੰਤਰ ਨਿਕਲਦੇ ਹਨਸਹੀ ਅਰਥਾਂ ਵਿੱਚ ਉਦੋਂ ਹੀ ਆਦਮੀ ਦੀ ਜ਼ਿੰਦਗੀ ਦੀ ਪ੍ਰੀਖਿਆ ਦਾ ਸਮਾਂ ਹੁੰਦਾ ਹੈ ਤਜਰਬਿਆਂ ਤੇ ਠੋਕਰਾਂ ਖਾ-ਖਾ ਕੇ ਹੰਢਿਆ ਇਨਸਾਨ ਸਹੀ ਡਗਰ (ਰਾਹ) ਵੱਲ ਆਪਣੇ ਕਦਮ ਮੋੜ ਲੈਂਦਾ ਹੈਕਈ ਵਾਰ ਤੀਖਣ ਬੁੱਧੀ ਵਾਲਾ ਮਨੁੱਖ ਵੀ ਸਹੀ ਚੋਣ ਕਰਨ ਤੋਂ ਭਟਕ ਜਾਂਦਾ ਹੈ ਕਿਉਂਕਿ ਸੱਟਾਂ, ਔਕੜਾਂ, ਠੋਕਰਾਂ, ਅਸਫ਼ਲਤਾਵਾਂ ਹੀ ਆਦਮੀ ਨੂੰ ਰਸਤਾ ਦਿਖਾਉਂਦੀਆਂ ਹਨ, ਜ਼ਿੰਦਗੀ ਦੇ ਅਸਲ ਅਰਥਾਂ ਦਾ ਪਤਾ ਚਲਦਾ ਹੈਬਿਨਾਂ ਸੰਘਰਸ਼ ਤੋਂ, ਸੌਖਿਆਂ ਹੀ ਤੇ ਬਣੀ ਬਣਾਈ ਮਿਲੀ ਕਿਸੇ ਵੀ ਵਸਤੂ ਦੀ ਕੀਮਤ, ਹਾਸਲ ਕਰਨ ਵਾਲੇ ਨੂੰ, ਉਹ ਕਿਵੇਂ ਬਣੀ ਤੇ ਉਸ ਕੋਲ ਕਿਵੇਂ ਪਹੁੰਚੀ, ਇਸਦਾ ਉਸ ਨੂੰ ਗਿਆਨ ਨਹੀਂ ਹੁੰਦਾ ਜਾਂ ਉਹ ਜਾਣਨਾ ਹੀ ਨਹੀਂ ਚਾਹੁੰਦਾ। ਬਹੁਤੀ ਵਾਰ ਇਹ ਹੀ ਗੱਲ ਉਸ ਨੂੰ ਕੁਰਾਹੇ ਪਾ ਦਿੰਦੀ ਹੈ, ਜ਼ਿੰਦਗੀ ਜਿਊਣ ਦਾ ਅਸਲ ਮਕਸਦ ਭੁੱਲ ਜਾਂਦਾ ਹੈ

ਜੀਵਨ ਵਿੱਚ ਮੁਸ਼ਕਲਾਂ ਨਾਲ ਦੋ-ਚਾਰ ਹੁੰਦੇ ਹੋਏ ਇਨਸਾਨਾਂ ਤੋਂ ਹੀ ਤਜਰਬਿਆਂ ਦਾ ਜਨਮ ਹੁੰਦਾ ਹੈ, ਜਿਹੜੇ ਅਗਲੇਰੀ ਪੀੜ੍ਹੀ ਲਈ ਮਾਰਗ ਦਰਸ਼ਕ ਦਾ ਕੰਮ ਕਰਦੇ ਹਨ, ਜਿਨ੍ਹਾਂ ਤੋਂ ਗਿਆਨ ਲੈ ਕੇ ਆਪਣੇ ਲਈ ਸਹੀ ਰਾਹ ਦੀ ਚੋਣ ਕਰ ਸਕਣ ਵਿੱਚ ਸੌਖ ਹੋ ਜਾਂਦੀ ਹੈ। ਪਰ ਇਨ੍ਹਾਂ ਤੋਂ ਲਾਹਾ ਲੈਣ ਵਾਸਤੇ ਵੀ ਆਦਮੀ ਵਿੱਚ ਸਬਰ, ਸਹਿਣਸ਼ੀਲਤਾ ਦਾ ਹੋਣਾ ਜ਼ਰੂਰੀ ਹੈ, ਜਿਹੜੀ ਕਿ ਅੱਜਕੱਲ੍ਹ ਬਹੁਤ ਵਿਰਲਿਆਂ ਵਿੱਚ ਹੀ ਦੇਖਣ ਨੂੰ ਮਿਲਦੀ ਹੈਅੱਜ ਤਾਂ ਕੋਈ ਵੀ ਚੰਗੀ ਅਤੇ ਸਹੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ, ਸਾਰੇ ਆਪੇ ਵਿੱਚ ਮਸਤ ਹੋਏ ਫਿਰ ਰਹੇ ਹਨ। ਸੇਧ ਦੇਣ ਵਾਲੇ ਨੂੰ ਕਈ ਵਾਰ ਤਾਂ ਮੂਰਖ ਹੀ ਸਮਝਿਆ ਜਾਂਦਾ ਹੈ ਪਰ ਸਮਾਂ ਬੀਤਣ ’ਤੇ ਉਸੇ ਦੀ ਗੱਲ ਦਾ ਸਹੀ ਸਾਬਤ ਹੋ ਜਾਣਾ, ਚੌਗਿਰਦੇ ਨੂੰ ਨਾ ਪੂਰਾ ਹੋਣ ਵਾਲਾ ਸਮਾਜਿਕ, ਆਰਥਿਕ ਅਤੇ ਨੈਤਿਕ ਘਾਟਾ ਹੀ ਸਾਬਤ ਹੁੰਦਾ ਹੈਇਸ ਨਾਲ ਸਮਾਜ ਵਿੱਚ ਅਜਿਹੇ ਲੋਕਾਂ ਦਾ ਬੋਲਬਾਲਾ ਹੋ ਜਾਂਦਾ ਹੈ ਜਿਹੜੇ ਆਪਣੇ ਮਕਸਦ ਲਈ ਸਮਾਜ ਵਿੱਚ ਲੜਾਈ-ਝਗੜੇ, ਨਫ਼ਰਤ, ਵੈਰ, ਠੱਗੀ-ਠੋਰੀ, ਭ੍ਰਿਸ਼ਟਾਚਾਰ, ਲੁੱਟ-ਮਾਰ ਆਦਿ ਭੈੜੀਆਂ ਅਲਾਮਤਾਂ ਨੂੰ ਉਭਾਰਦੇ ਹਨਲੋਕਾਂ ਵਿੱਚ ਸੰਵੇਦਨਾ ਦੀ ਘਾਟ ਹੋਣ ਲਗਦੀ ਅਤੇ ਨਿਰਦੈਤਾ ਦਾ ਜਨਮ ਹੋਣ ਲਗਦਾ ਹੈ, ਜਿਸ ਨਾਲ ਸਮਾਜ ਹਰ ਪੱਖੋਂ ਗਿਰਾਵਟ ਵੱਲ ਹੋ ਤੁਰਦਾ ਹੈ, ਜੋ ਕਿ ਮਨੁੱਖਤਾ ਦੇ ਭਲੇ ਵਿੱਚ ਨਹੀਂ ਹੈਅੱਜ ਦੇ ਸਮੇਂ ਵਿੱਚ ਅਸਲ ਨਾਲ਼ੋਂ ਭੇਖਧਾਰੀ ਲੋਕ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਕਿਉਂਕਿ ਸਹੀ ਰਾਹ ’ਤੇ ਚੱਲਣਾ, ਸਹੀ ਗੱਲ ’ਤੇ ਪਹਿਰਾ ਦੇਣਾ ਹਿੰਮਤ ਦੀ ਮੰਗ ਕਰਦਾ ਹੈਬਹੁਤ ਸਾਰੇ ਲੋਕ ਇਸ ਪੈਂਡੇ ਦੌਰਾਨ ਹੌਸਲਾ ਅਤੇ ਦ੍ਰਿੜ੍ਹਤਾ ਨਹੀਂ ਰੱਖ ਪਾਉਂਦੇ ਪਰ ਅਣਥੱਕ, ਸਿਰੜੀ, ਸਬਰ ਦੇ ਧਨੀ, ਕੁਦਰਤ ਦੇ ਸਾਂਝੀ ਮਨੁੱਖ ਹੀ ਜ਼ਿੰਦਗੀ ਦੀ ਰਮਜ਼ ਨੂੰ ਸਮਝਦੇ ਹੋਏ ਆਪਣੇ ਲਈ ਸਹੀ ਰਾਹ ਦੀ ਚੋਣ ਕਰਦੇ ਹਨ ਅਤੇ ਹੋਰਨਾਂ ਲਈ ਪਥ ਪ੍ਰਦਰਸ਼ਕ ਬਣਦੇ ਹੋਏ ਸੱਚੇ ਪਾਂਧੀ ਹੋਣ ਦਾ ਸੱਚਾ-ਸੁੱਚਾ ਸਬੂਤ ਦੇ ਜਾਂਦੇ ਹਨ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5390)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author