“ਦੀਪੇ ਤੇ ਛਿੰਦੇ ਨੇ ਸ਼ਰਨ ਨੂੰ ਬੱਸ ਅੱਜ ਦਾ ਜੁਗਾੜ ਕਰਨ ਲਈ ਕਿਹਾ। ਸ਼ਰਨ ਨੇ ਮੋਟਰਸਾਈਕਲ ...”
(3 ਅਪਰੈਲ 2025)
ਕੱਚੀ ਪਹੀ ਤੋਂ ਧੂੜ ਉਨ੍ਹਾਂ ਦਾ ਪਿੱਛਾ ਕਰਦੀ ਸਿੱਧਾ ਦੀਪੇ ਦੀ ਮੋਟਰ ’ਤੇ ਪਹੁੰਚ ਗਈ। ਮੋਟਰਸਾਈਕਲ ਨੂੰ ਇੱਕ ਪਾਸੇ ਓਟ ਵਿੱਚ ਲਾ ਛਿੰਦੇ ਨੇ ਮੋਟਰ ਵਾਲੀ ਕੋਠੀ ਦਾ ਕੁੰਡਾ ਖੋਲ੍ਹਿਆ।
“ਦੀਪੇ ਯਾਰ ਛੇਤੀ ਮੰਗਵਾ, ਮੇਰੀ ਤਾਂ ਜਾਨ ਨਿਕਲਦੀ ਜਾਂਦੀ ਐ।” ਛਿੰਦੇ ਨੇ ਇੱਕ ਪਾਸੇ ਖੂੰਜੇ ਵਿੱਚ ਫਰੋਲ਼ਾ ਫਰਾਲ਼ੀ ਕਰਦਿਆਂ ਕਿਹਾ।
ਦੀਪੇ ਨੇ ਆਪਣੀ ਪੈਂਟ ਦੀ ਜੇਬ ਵਿੱਚੋਂ ਮੋਬਾਇਲ ਫੋਨ ਕੱਢ ਕੇ ਨੰਬਰ ਡਾਇਲ ਕੀਤਾ।
“ਬਾਈ ਦੋ ਪੈਕਟ ਚਾਹੀਦੇ ਨੇ ਦੇ ਦੇਂਗਾਂ ਯਾਰ।” ਦੀਪੇ ਨੇ ਤਰਲਾ ਕਰਦਿਆਂ ਕਿਹਾ।
“ਨਹੀਂ, ਇਸ ਵਾਰ ਉਧਾਰ ਨਹੀਂ, ਪਹਿਲਾਂ ਪਿਛਲਾ ਹਿਸਾਬ ਪੂਰਾ ਕਰ, ਫਿਰ ਮਿਲੂ।” ਅੱਗੋਂ ਆਵਾਜ਼ ਆਈ।
“ਕੋਈ ਨੀ ਬਾਈ, ਸਾਰਾ ’ਕੱਠਾ ਈ ਕਰ ਦਿਆਂਗੇ ਬੱਸ ਅੱਜ ਦੇ ਦੇ ...” ਦੀਪੇ ਨੇ ਫਿਰ ਤਰਲਾ ਮਾਰਿਆ।
ਅੱਗੋਂ ਜਵਾਬ ਮਿਲਿਆ “ਨਹੀਂ ਸਾਨੂੰ ਵੀ ਅੱਗੇ ਸਾਰੇ ਨਕਦ ਈ ਦੇਣੇ ਪੈਂਦੇ ਨੇ ... ਫਿਰ ਮਿਲਦੈ ਮਾਲ।”
ਫਿਰ ਫ਼ੋਨ ਕੱਟ ਗਿਆ।
ਇੰਨੇ ਨੂੰ ਤੀਜਾ ਵੀ ਰੋਜ਼ ਦੀ ਤਰ੍ਹਾਂ ਟਿਕਾਣੇ ’ਤੇ ਪਹੁੰਚ ਗਿਆ। ਅੰਦਰ ਵੜਦਿਆਂ ਖੂੰਜੇ ਲੱਗੇ ਛਿੰਦੇ ਕੋਲ ਜਾ ਬੋਲਿਆ, “ਦੇਈਂ ਯਾਰ ਫਟਾਫਟ ... ਟੰਗਾਂ ਟੁੱਟ ਰਹੀਆਂ ਨੇ।”
“ਅੱਜ ਕੁਛ ਨਹੀਂ ਮਿਲਣਾ, ਉਹ ਪਹਿਲਾਂ ਪਿਛਲਾ ਹਿਸਾਬ ਕਲੀਅਰ ਕਰਨ ਨੂੰ ਕਹਿ ਰਿਹਾ ਹੈ। ਕਹਿੰਦਾ ਫਿਰ ਮਿਲੂ, ਨਹੀਂ ਮਰੋ ਐਵੇਂ ਈ।”
“ਇਹ ਤਾਂ ਯਾਰ ਬੜਾ ਪੰਗਾ ਪਿਆ। ਤੂੰ ਨਹੀਂ ਲਿਆਇਆ? ਨਾਲ਼ੇ ਕਹਿੰਦਾ ਤੀ ਕੱਲ੍ਹ ਨੂੰ ਰੂੜ੍ਹੀ ਆਲ਼ੇ ਥੌਂ ਦੇ ਪੈਸੇ ਆਉਣਗੇ।”
“ਉਹ ਤਾਂ ਜਿਨ੍ਹਾਂ ਦਾ ਉਧਾਰ ਦੇਣਾ ਤੀ, ਆ ਗਏ ਡਾਕੂਆਂ ਆਂਗੂੰ ... ਲੈ ਗਏ ਸਾਰੇ, ਕੁਛ ਨੀ ਬਚਿਆ।”
ਦੀਪੇ ਨੇ ਸ਼ਰਨ ਵੱਲ ਦੇਖਿਆ। ਜਿਵੇਂ ਉਸ ਨੂੰ ਕੁਝ ਯਾਦ ਆਇਆ ਹੋਵੇ। ਉਹ ਇਕਦਮ ਬੋਲਿਆ, “ਕੱਲ੍ਹ ਥੋਡਾ ਠੇਕੇਦਾਰ ਤੇਰੇ ਭਾਪੇ ਕੋਲ ਥੋਡੇ ਘਰ ਦੇ ਬਾਹਰ ਖੜ੍ਹਿਆ ਤੀ, ਮੈਨੂੰ ਲੰਘਦੇ ਨੂੰ ਦੇਖ ਕੇ ਉਹ ਗੱਲਾਂ ਕਰਦੇ ਚੁੱਪ ਹੋ ਗਏ। ਮੈਨੂੰ ਲਗਦਾ ਐ ਉਹ ਜ਼ਮੀਨ ਦਾ ਠੇਕਾ ਦੇਣ ਆਇਆ ਹੋਊ। ਤੂੰ ਲਿਆ ਜਾ ਕੇ ਆਪਣੇ ਘਰੋਂ।”
“ਮੈਂ ਪਰਸੋਂ ਵੀ ਲਿਆਇਆ ਤੀ, ਹੁਣ ਅੱਜ ਫਿਰ ਮੈਂ ਕਿੱਥੋਂ ਲਿਆਊਂ।” ਮੱਥੇ ਤੋਂ ਪਸੀਨਾ ਪੂੰਝਦੇ ਸ਼ਰਨ ਨੇ ਕਿਹਾ।
ਕੋਲੋਂ ਛਿੰਦੇ ਨੇ ਵੀ ਜ਼ੋਰ ਪਾਉਂਦਿਆਂ ਕਿਹਾ, “ਹੋਰ ਕੋਈ ਹੀਲਾ ਨਹੀਂ, ਤੈਨੂੰ ਈ ਕਰਨਾ ਪਊ ਕੋਈ ਜਗਾੜ।”
ਨਸ਼ੇ ਦੀ ਤੋੜ ਤੋਂ ਬੇਹਾਲ ਤਿੰਨੇ ਹੱਡਾਰੋੜੀ ਦੇ ਕੁੱਤੇ ਵਾਂਗ ਇੱਧਰ ਉੱਧਰ ਹੇਲ਼ੀਆਂ ਦਿੰਦੇ ਫਿਰ ਰਹੇ ਸਨ। ਦੀਪੇ ਤੇ ਛਿੰਦੇ ਨੇ ਸ਼ਰਨ ਨੂੰ ਬੱਸ ਅੱਜ ਦਾ ਜੁਗਾੜ ਕਰਨ ਲਈ ਕਿਹਾ। ਸ਼ਰਨ ਨੇ ਮੋਟਰਸਾਈਕਲ ਚੁੱਕਿਆ ਤੇ ਪਿੰਡ ਆਪਣੇ ਘਰ ਵੱਲ ਚੱਲ ਪਿਆ। ਜਦੋਂ ਪਿੰਡ ਦੇ ਵੱਡੇ ਦਰਵਾਜ਼ੇ ਕੋਲ ਦੀ ਉਹ ਛੂੰ ਕਰਕੇ ਲੰਘਿਆ ਤਾਂ ਉੱਥੇ ਬੈਠੇ ਨਿਹਾਲੇ ਨੇ ਕਰਨੈਲ ਦਾ ਮੋਢਾ ਫੜ ਕੇ ਦੂਜੇ ਹੱਥ ਨਾਲ ਇਸ਼ਾਰਾ ਕਰਦਿਆਂ ਕਿਹਾ, “ਆਹ ਦੇਖ ਕੈਲਿਆ, ਕਿੰਨਾ ਹੋਣਹਾਰ ਤੀ ਇਹ। ਕਹਿੰਦੇ, ਪੜ੍ਹਨ ਵਿੱਚ ਵੀ ਬਹੁਤ ਹੁਸ਼ਿਆਰ ਤੀ। ਮੈਂ ਤਾਂ ਇਹ ਵੀ ਸੁਣਿਆ ਬਈ ਪੜ੍ਹਾਈ ਵਿੱਚ ਪਹਿਲੇ ਲੰਬਰ ’ਤੇ ਆਉਣ ਲਈ ‘ਨਾਮ’ ਵੀ ਮਿਲਿਆ ਤੀ ਇਹਨੂੰ। ਹੁਣ ਦੇਖ ਕਿਸਮਤ ਨੇ ਕੀ ਪੁੱਠਾ ਗੇੜ ਫੇਰਿਐ, ... ਪੜ੍ਹਨੋਂ ਵੀ ਹਟ ਗਿਆ।”
ਕੈਲੇ ਨੇ ਥੜ੍ਹੇ ਤੋਂ ਲਮਕਦੇ ਆਪਣੇ ਪੈਰਾਂ ਨੂੰ ਉੱਪਰ ਕਰਕੇ, ਚਾਦਰੇ ਨੂੰ ਠੀਕ ਕਰਦਿਆਂ ਕਿਹਾ, “ਨਿਹਾਲਿਆ, ਹਵਾ ਈ ਪੁੱਠੀ ਵਗ ਪਈ ਐ। ਕੋਈ ਵੀ ਜੁਆਕ ਕਹਿਣੇ ਵਿੱਚ ਨਹੀਂ ਰਿਹਾ। ਜੇ ਇਹਨਾਂ ਨੂੰ ਭੈੜ ਤੋਂ ਰੋਕਦੇ ਆਂ ਤਾਂ ਅੱਗੋਂ ਪੁੱਠਾ ਈ ਬੋਲਦੇ ਐ। ਪਤਾ ਨਹੀਂ ਕਦੋਂ ਇਹ ਨੇਰ੍ਹੀ ਰੁਕੂਗੀ।”
ਉੱਧਰ ਸ਼ਰਨ ਨੇ ਘਰ ਜਾ ਕੇ ਪੈਸੇ ਲੈਣ ਲਈ ਲੜਾਈ ਝਗੜਾ ਸ਼ੁਰੂ ਕਰ ਦਿੱਤਾ। ਪਿਓ ਦੇ ਰੋਕਦਿਆਂ ਧੱਕੇ ਨਾਲ ਅਲਮਾਰੀ ਵਿੱਚੋਂ ਨੋਟਾਂ ਦੀ ਵੱਡੀ ਗੁੱਟੀ ਲੈ, ਮੋਟਰਸਾਈਕਲ ਨੂੰ ਕਿੱਕ ਮਾਰਕੇ ਸਿੱਧਾ ਚਿੱਟਾ ਸਪਲਾਈ ਕਰਨ ਵਾਲੇ ਬੰਦੇ ਕੋਲ ਪਹੁੰਚ ਗਿਆ। ਉਸ ਦਾ ਪਿਛਲਾ ਰਹਿੰਦਾ ਸਾਰਾ ਹਿਸਾਬ ਕਰਕੇ, ਇਕੱਠੇ ਕਈ ਪੈਕਟ ਲੈ ਕੇ ਛਿੰਦੇ ਦੀ ਮੋਟਰ ਵੱਲ ਮੋਟਰਸਾਈਕਲ ਕਰ ਲਿਆ। ਇੱਕ ਪਾਸੇ ਮੋਟਰਸਾਈਕਲ ਖੜ੍ਹਾ ਕਰਕੇ ਉਹ ਕੋਠੀ ਵੱਲ ਵਧਿਆ। ਜਿਉਂ ਹੀ ਉਸ ਨੇ ਅੰਦਰ ਦੇਖਿਆ, ਦੀਪਾ ਤੇ ਛਿੰਦਾ ਜ਼ਮੀਨ ’ਤੇ ਵਿਛੇ ਪਏ ਸੀ। ਦੋਨਾਂ ਦੀਆਂ ਬਾਹਾਂ ਵਿੱਚ ਸੂਈ ਸਮੇਤ ਸਰਿੰਜਾਂ ਲੱਗੀਆਂ ਪਈਆਂ ਸਨ। ਇਹ ਸਭ ਦੇਖ ਕੇ ਉਹ ਸਹਿਮ ਗਿਆ ਤੇ ਡਰਦਾ ਮਾਰਾ ਕੰਬਣ ਲੱਗ ਪਿਆ।
ਸ਼ਰਨ ਦੇ ਪਿੰਡ ਜਾਣ ਅਤੇ ਛੇਤੀ ਨਾ ਮੁੜਨ ’ਤੇ ਛਿੰਦੇ ਨੇ ਨਵਾਂ ਤਿਕੜਮ ਲੜਾ ਕੇ ਅੱਜ ਦਾ ਜੁਗਾੜ ਕਰ ਲਿਆ ਤੇ ਟੀਕਾ ਲਾਉਂਦਿਆਂ ਓਵਰਡੋਜ਼ ਲੈਣ ਨਾਲ ਇਹ ਸਾਰਾ ਕੁਝ … …
ਲਿਆਂਦਾ ਸਾਰਾ ਕੁਝ ਉੱਥੇ ਸੁੱਟ ਕੇ ਪਾਗਲਾਂ ਵਾਂਗ ਨੰਗੇ ਪੈਰੀਂ ਘਰ ਨੂੰ ਦੌੜ ਪਿਆ। ਹਫਦਾ ਹੋਇਆ ਜਦੋਂ ਘਰੇ ਪਹੁੰਚਿਆ ਤਾਂ ਅੱਗੇ ਘਰ ਵਿੱਚ ਲੋਕਾਂ ਦਾ ਇਕੱਠ ਹੋਇਆ ਪਿਆ ਸੀ। ਉਹ ਲੋਕਾਂ ਨੂੰ ਪਰੇ ਕਰਦਿਆਂ ਜਿਉਂ ਹੀ ਅੱਗੇ ਵਧਿਆ ਤਾਂ ਉਸ ਦਾ ਭਾਪਾ ਗਾਡਰ ਨਾਲ ਲਟਕ ਰਿਹਾ ਸੀ। ਦੇਖ ਕੇ ਉਸ ਦਾ ਤਰਾਹ ਨਿਕਲ ਗਿਆ ਤੇ ਉਹ ਆਪਣੇ ਭਾਪੇ ਦੇ ਪੈਰ ਫੜ ਕੇ, ਉੱਚੀ-ਉੱਚੀ ਧਾਹਾਂ ਮਾਰਦਾ ਕਹਿਣ ਲੱਗਾ, “ਭਾਪਾ ਮੈਨੂੰ ਮਾਫ਼ ਕਰਦੇ, ਮੈਂ ਅੱਗੇ ਤੋਂ ਕੋਈ ਨਸ਼ਾ ਨਹੀਂ ਕਰੂੰਗਾ ਪਰ ਤੂੰ ਇਸ ਤਰ੍ਹਾਂ ਨਾ ਜਾ। ਭਾਪਾ ਮੈਨੂੰ ਮਾਫ਼ ਕਰਦੇ … … ਮੈਨੂੰ ਮਾਫ਼ ਕਰਦੇ … … ਮੈਨੂੰ ਮਾਫ਼ ਕਰਦੇ … …
ਕੋਲ ਪਈ ਸ਼ਰਨ ਦੀ ਮਾਂ ਨੇ ਉਸ ਨੂੰ ਹੱਥ ਲਾ ਕੇ ਹਿਲਾਉਂਦਿਆਂ ਕਿਹਾ, “ਪੁੱਤ ਸ਼ਰਨੀ, ਕੀ ਹੋਇਆ? ਲਗਦਾ ਹੈ ਕੋਈ ਭੈੜਾ ਸੁਪਨਾ ਦੇਖ ਲਿਆ।”
ਮਾਂ ਦੇ ਹਿਲਾਉਣ ’ਤੇ ਸ਼ਰਨ ਦੀ ਅੱਖ ਖੁੱਲ੍ਹ ਗਈ। ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਸੁਪਨੇ ਨੇ ਉਸ ਦਾ ਤਰਾਹ ਕੱਢ ਦਿੱਤਾ। ਉਹ ਇਸ ਸਰਦੀ ਦੇ ਮੌਸਮ ਵਿੱਚ ਵੀ ਪਸੀਨੋ-ਪਸੀਨਾ ਹੋਇਆ ਪਿਆ ਸੀ। ਅੱਖਾਂ ਭਿੱਜੀਆਂ ਪਈਆਂ ਸਨ।
“ਲੈ ਮੇਰਾ ਪੁੱਤ! ਪਾਣੀ ਪੀ ਲੈ।” ਸ਼ਰਨ ਦੀ ਮਾਂ ਨੇ ਗਲਾਸ ਫੜਾਉਂਦਿਆਂ ਕਿਹਾ।
ਦੋ ਘੁੱਟ ਪੀ ਕੇ ਸ਼ਰਨ ਨੇ ਗਲਾਸ ਥੱਲੇ ਰੱਖ ਦਿੱਤਾ।
ਹੁਣ ਸ਼ਰਨ ਨੂੰ ਨੀਂਦ ਨਹੀਂ ਆ ਰਹੀ ਸੀ। ਮਾਂ ਨੂੰ ਸੁੱਤਿਆਂ ਦੇਖ ਉਹ ਹੌਲ਼ੀ ਜਿਹੇ ਉੱਠ ਕੇ ਨਾਲ ਵਾਲੀ ਬੈਠਕ ਵਿੱਚ ਗਿਆ, ਜਿੱਥੇ ਉਸ ਦਾ ਭਾਪਾ ਦਿਨ ਦਾ ਥੱਕਿਆ ਹਾਰਿਆ ਗੂੜ੍ਹੀ ਨੀਂਦੇ ਪਿਆ ਸੀ। ਉਹ ਇੱਕ ਟੱਕ ਕੁਝ ਦੇਰ ਉਸ ਨੂੰ ਦੇਖਦਾ ਰਿਹਾ ਤੇ ਫਿਰ ਆ ਕੇ ਆਪਣੇ ਮੰਜੇ ’ਤੇ ਪੈ ਗਿਆ।
ਬਾਕੀ ਰਹਿੰਦੀ ਰਾਤ ਸ਼ਰਨ ਦੀ ਜਾਗਦੇ ਦੀ ਲੰਘ ਗਈ। ਹੁਣ ਦਿਨ ਚੜ੍ਹ ਚੁੱਕਾ ਸੀ। ਮਹਿੰਦਰ ਦੀ ਪਰਨਾ ਬੰਨ੍ਹਦੇ ਦੀ ਨਿਗਾਹ ਪਸ਼ੂਆਂ ਵਾਲੇ ਵਰਾਂਡੇ ’ਤੇ ਪਈ। ਗੋਹਾ ਪਿੱਛੇ ਹਟਾਇਆ ਪਿਆ ਸੀ ਤੇ ਹਰੇ ਚਾਰੇ ਦਾ ਟੋਕਰਾ ਚੁੱਕੀ ਸ਼ਰਨ ਖੁਰਲੀ ਵੱਲ ਜਾ ਰਿਹਾ ਸੀ। ਟੋਕਰਾ ਖ਼ਾਲੀ ਕਰਕੇ ਜਿਉਂ ਹੀ ਉਹ ਮੁੜਿਆ ਤਾਂ ਸਾਹਮਣੇ ਉਸ ਦਾ ਭਾਪਾ ਖੜ੍ਹਾ ਸੀ। ਇਹ ਦੇਖ ਕੇ ਮਹਿੰਦਰ ਦਾ ਅੰਦਰਲਾ ਦਰਿਆ ਛਲਕ ਕੇ ਕਿਨਾਰਿਆਂ ਤਕ ਪਹੁੰਚ ਗਿਆ। ਸ਼ਰਨ ਨੇ ਟੋਕਰਾ ਰੱਖ ਕੇ ਆਪਣੇ ਭਾਪੇ ਨੂੰ ਜੱਫ਼ੀ ਪਾ ਲਈ। ਦੋਨਾਂ ਪਾਸਿਆਂ ਤੋਂ ਦਰਿਆਵਾਂ ਦੇ ਕਿਨਾਰੇ ਟੁੱਟ ਗਏ ... ਸੈਲਾਬ ਆ ਗਿਆ। ਹੁਣ ਤਕ ਜੋ ਵਿਖਰਿਆ ਪਿਆ ਸੀ, ਸਭ ਰੋੜ੍ਹ ਕੇ ਲੈ ਗਿਆ। ਕਿੰਨਾ ਚਿਰ ਦੋਨਾਂ ਨੇ ਇੱਕ ਦੂਜੇ ਨੂੰ ਘੁੱਟ ਕੇ ਗਲਵੱਕੜੀ ਪਾਈ ਰੱਖੀ ਜਿਵੇਂ ਚਿਰਾਂ ਦੇ ਵਿਛੜੇ ਅੱਜ ਮਿਲੇ ਹੋਣ।
“ਭਾਪਾ ਮੈਨੂੰ ਮਾਫ਼ ਕਰਦੇ, ਮੈਂ ਅੱਗੇ ਤੋਂ ਕੋਈ ਨਸ਼ਾ ਨਹੀਂ ਕਰੂੰਗਾ। ਮੈਂ ਮੁੜ ਆਇਆ ਭਾਪਾ … … ਹਾਂ ਭਾਪਾ ਮੈਂ ਮੁੜ ਆਇਆ।”
ਮਹਿੰਦਰ ਨੇ ਸ਼ਰਨ ਦੀਆਂ ਅੱਖਾਂ ਪੂੰਝਦਿਆਂ ਕਿਹਾ, “ਰੱਬ ਦਾ ਸ਼ੁਕਰ ਐ ਸਮਾਂ ਰਹਿੰਦੇ ਮੁੜ ਪਿਆ ਪੁੱਤ।”
“ਭਾਪਾ, ਮੈਂ ਦੁਬਾਰਾ ਪੜ੍ਹਾਈ ਸ਼ੁਰੂ ਕਰੂੰਗਾ ਤੇ ਤੇਰਾ ਲਾਇਕ ਪੁੱਤਰ ਬਣ ਕੇ ਦਖਾਊਂਗਾ।” ਸ਼ਰਨ ਨੇ ਹਉਕਾ ਲੈਂਦਿਆਂ ਕਿਹਾ।
“ਹਾਂ, ਹਾਂ, ਪੁੱਤ, ਕਿਉਂ ਨਹੀਂ। ਕਰ ਜਿੰਨੀ ਮਰਜ਼ੀ ਪੜ੍ਹਾਈ। ਮੈਂ ਤੈਨੂੰ ਜਿੰਨਾ ਕਹੇਂਗਾ, ਉੰਨਾ ਪੜਾਊਂ। ਬੱਸ ਤੂੰ ਪੜ੍ਹਨ ਵਾਲਾ ਬਣ।”
ਸ਼ਰਨ ਨੇ ਕਾਲਜ ਵਿੱਚ ਦਾਖਲਾ ਲੈ ਲਿਆ। ਪੜ੍ਹਨ ਵਿੱਚ ਤਾਂ ਉਹ ਹੁਸ਼ਿਆਰ ਹੈ ਹੀ ਸੀ, ਨਾਲ ਨਾਲ਼ ਨੌਕਰੀ ਲਈ ਟੈੱਸਟ ਵੀ ਦਿੰਦਾ ਰਿਹਾ।
ਬਾਹਰਲੇ ਦਰਵਾਜ਼ੇ ਦਾ ਕੁੰਡਾ ਖੜਕਿਆ। ਮਹਿੰਦਰ ਨੇ ਮੰਜੇ ਤੋਂ ਉੱਠ ਕੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਮੋਢੇ ’ਤੇ ਸਟਾਰ ਲੱਗੇ ਪੁਲਿਸ ਵਰਦੀ ਵਾਲੇ ਨੂੰ ਦੇਖ ਕੇ ਉਹ ਇਕਦਮ ਡਰ ਗਿਆ।
ਆਪਣੇ ਪਿਓ ਦੇ ਪੈਰਾਂ ’ਤੇ ਝੁਕਦੇ ਹੋਏ ਸ਼ਰਨ ਨੇ ਕਿਹਾ, “ਪਛਾਣਿਆ ਨਹੀਂ ਭਾਪਾ? ... ਮੈਂ ਸ਼ਰਨ।”
ਸ਼ਰਨ ਨੂੰ ਵਰਦੀ ਵਿੱਚ ਦੇਖ ਕੇ ਮਹਿੰਦਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਸ ਨੇ ਸ਼ਰਨ ਦੀ ਮਾਂ ਨੂੰ ਆਵਾਜ਼ ਮਾਰੀ।
“ਇੱਧਰ ਆ ਕੇ ਦੇਖ, ਕੌਣ ਆਇਐ। ਓ ਮੈਂ ਕਿਹਾ ਛੇਤੀ ਆ।”
ਸ਼ਰਨ ਦੀ ਮਾਂ ਇਕੱਠੀ ਕੀਤੀ ਚੁੰਨੀ ਸਿਰ ’ਤੇ ਰੱਖ ਕੇ ਨੰਗੇ ਪੈਰੀਂ ਕਾਹਲ਼ੀ ਨਾਲ ਆਈ।
“ਆਹ ਦੇਖ, ਆਪਣਾ ਸ਼ਰਨੀ ਅਫਸਰ ਬਣ ਗਿਆ।” ਮਹਿੰਦਰ ਸ਼ਰਨ ਦੀ ਪਾਈ ਵਰਦੀ ਨੂੰ ਵਾਰ-ਵਾਰ ਹੱਥ ਲਾਉਂਦਿਆਂ ਬੋਲੀ ਜਾ ਰਿਹਾ ਸੀ।
ਸ਼ਰਨ ਨੂੰ ਦੋਨਾਂ ਨੇ ਆਪਣੇ ਨਾਲ ਲਾ ਕੇ ਘੁੱਟ ਲਿਆ ਜਿਵੇਂ ਪੂਰਾ ਜਹਾਨ ਕਲਾਵੇ ਵਿੱਚ ਲੈ ਲਿਆ ਹੋਵੇ।
“ਆ ਪੁੱਤ ਥੱਕਿਆ ਹੋਮੇਂਗਾ, ਤੂੰ ਅੰਦਰ ਆਰਾਮ ਕਰ, ਮੈਂ ਤੇਰੇ ਲਈ ਹੁਣੇ ਖੀਰ ਤੇ ਪ੍ਰਸ਼ਾਦ ਬਣੌਨੀ ਆਂ।”
“ਨਾ ਮਾਂ, ਆਰਾਮ ਪਹਿਲਾਂ ਬਥੇਰਾ ਕਰ ਲਿਆ। ਬੱਸ, ਹੁਣ ਤਾਂ ਜਿਹੜੀ ਇਹ ਉਲਟ ਹਵਾ ਵਗ ਰਹੀ ਐ, ਇਸ ’ਤੇ ਕਾਬੂ ਪਾ ਕੇ ਹੀ ਆਰਾਮ ਕਰਾਂਗੇ।” ਸ਼ਰਨ ਨੇ ਵਿਸ਼ਵਾਸ ਅਤੇ ਜੋਸ਼ ਭਰੇ ਲਹਿਜੇ ਵਿੱਚ ਕਿਹਾ।
“ਹਾਂ ਪੁੱਤਰਾ! ਇਸ ਨੂੰ ਠੱਲ੍ਹ ਪਾਉਣ ਲਈ ਤੇਰੇ ਵਰਗੇ ਹੌਸਲੇ ਵਾਲੇ ਅਫਸਰਾਂ ਦੀ ਲੋੜ ਐ।” ਸ਼ਰਨ ਦਾ ਹੌਸਲਾ ਵਧਾਉਂਦਿਆਂ ਮਹਿੰਦਰ ਨੇ ਕਿਹਾ।
ਸ਼ਰਨ ਦੀ ਡਿਊਟੀ ਨਾਲ ਵਾਲੇ ਕਸਬੇ ਵਿੱਚ ਥਾਣਾ ਇੰਚਾਰਜ ਵਜੋਂ ਲੱਗੀ ਸੀ।
“ਬੱਸ ਹੁਣ ਮੇਰਾ ਇੱਕ ਹੀ ਮਕਸਦ ਐ ... ਨੌਜਵਾਨਾਂ ਨੂੰ ਇਸ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣਾ। ਨਸ਼ਾ ਸਪਲਾਈ ਦੀ ਚੇਨ ਨੂੰ ਤੋੜਨਾ ਤੇ ਨਸ਼ਾ ਸੌਦਾਗਰਾਂ ’ਤੇ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਣਾ।” ਸ਼ਰਨ ਨੇ ਆਪਣੀ ਗੱਲ ਅੱਗੇ ਜਾਰੀ ਰੱਖਦਿਆਂ ਕਿਹਾ।
ਮਾਂ ਦਾ ਪਿਆਰ ਨਾਲ ਬਣਾਇਆ ਰੋਟੀ-ਪਾਣੀ ਛਕ ਕੇ ਸ਼ਰਨ ਪਿੰਡ ਦੇ ਦਰਵਾਜ਼ੇ ਵੱਲ ਗੇੜਾ ਮਾਰਨ ਚਲਾ ਗਿਆ।
“ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ।”
“ਸਾਸਰੀ ਕਾਲ ਭਾਈ, ਕੌਣ ਐ? ਸਿਆਣਿਆ ਨਹੀਂ।” ਨਿਹਾਲੇ ਨੇ ਅੱਖਾਂ ਨੂੰ ਹੱਥ ਨਾਲ ਓਟ ਕਰਦਿਆਂ ਆਖਿਆ।
“ਤਾਇਆ ਮੈਂ, ਮਹਿੰਦਰ ਦਾ ਸ਼ਰਨੀ।” ਸ਼ਰਨ ਨੇ ਅਦਬ ਨਾਲ ਕਿਹਾ।
ਨਿਹਾਲੇ ਨੇ ਸ਼ਰਨ ਦੇ ਮੋਢੇ ’ਤੇ ਹੱਥ ਰੱਖਦਿਆਂ ਆਖਿਆ, “ਮੈਂ ਸੁਣਿਆ ਐ ਤੂੰ ਪੁਲਿਸ ਦਾ ਅਫਸਰ ਬਣ ਗਿਆ?”
“ਹਾਂ ਤਾਇਆ, ਸਭ ਤੁਹਾਡੇ ਵੱਡਿਆਂ ਦੇ ਅਸ਼ੀਰਵਾਦ ਦਾ ਸਦਕਾ।” ਸ਼ਰਨ ਬੜੀ ਹਲੀਮੀ ਨਾਲ ਬੋਲਿਆ।
“ਚੰਗਾ ਤਾਇਆ, ਮੈਂ ਚਲਦਾਂ, ਡਿਊਟੀ ’ਤੇ ਜਾਣਾ ਹੈ, ਸਤਿ ਸ੍ਰੀ ਅਕਾਲ।”
“ਕਰਨੈਲ ਸਿਆਂ, ਲਗਦਾ ਨਈਂ ਤੀ ਕਿ ਇਹ ਨਸ਼ਾ ਛੱਡ ਜੂ ... ਪਰ ਕਰੜਾ ਨਿਕਲਿਆ।” ਨਿਹਾਲਾ ਆਪਣੀ ਪੱਗ ਦਾ ਲੜ ਠੀਕ ਕਰਦਿਆਂ ਬੋਲਿਆ।
“ਬੱਸ ਇਹ ਈ ਐ ਨਿਹਾਲਿਆ, ਜਿਸਦੀ ਕਿਸਮਤ ਚੰਗੀ ਹੁੰਦੀ ਐ, ਨਹੀਂ ਐਂ ਈ ਪਤਾ ਲਗਦਾ ਹੈ ਕਿ ਟੀਕਾ ਬਾਂਹ ਵਿੱਚ ਈ ਰਹਿ ਗਿਆ।” ਕਰਨੈਲ ਨੇ ਅੱਜ ਦਾ ਕੌੜਾ ਸੱਚ ਬੋਲਦਿਆਂ ਆਖਿਆ।
ਇੰਸਪੈਕਟਰ ਸ਼ਰਨਜੀਤ ਆਪਣੇ ਥਾਣੇ ਵਿੱਚ ਸਟਾਫ ਮੀਟਿੰਗ ਵਿੱਚ ਬੋਲ ਰਿਹਾ ਸੀ, “ਇੱਕ ਵੱਡੇ ਕੰਮ ਦਾ ਜ਼ਿੰਮਾ ਹੋਰ ਚੁੱਕਣਾ ਪੈਣੈ ਸਾਥੀਉ! ਨਸ਼ਾ ਛੱਡ ਚੁੱਕੇ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਅਦਾਰਿਆਂ, ਵੱਡੇ-ਵੱਡੇ ਸ਼ੋ-ਰੂਮਾਂ ਤੇ ਕੰਮਕਾਜ ਵਾਲ਼ੀਆਂ ਹੋਰ ਥਾਂਵਾਂ ’ਤੇ ਰੁਜ਼ਗਾਰ ਦਿਵਾਉਣਾ। ਇਸ ਲਈ ਵੀ ਸਾਨੂੰ ਹਿੰਮਤ ਕਰਨੀ ਪਵੇਗੀ।”
ਮੀਟਿੰਗ ਵਿੱਚ ਹਾਜ਼ਰ ਸਾਰੇ ਮੁਲਾਜ਼ਮਾਂ ਨੇ ਤਾੜੀ ਮਾਰ ਕੇ ਇਸ ਗੱਲ ਦੀ ਪ੍ਰੋੜ੍ਹਤਾ ਕੀਤੀ।
ਆਪਣੀ ਗੱਲ ਜਾਰੀ ਰੱਖਦਿਆਂ ਸ਼ਰਨ ਨੇ ਅੱਗੇ ਕਿਹਾ, “ਕੁਰਾਹੇ ਪਈ ਇਸ ਨੌਜਵਾਨੀ ਨੂੰ ਸਹੀ ਰਸਤੇ ’ਤੇ ਲਿਆਉਣ ਲਈ ਇਮਾਨਦਾਰੀ ਨਾਲ ਕੰਮ ਕਰੀਏ ਤਾਂ ਕਿ ਦੇਸ਼ ਦੇ ਬੇਸ਼ਕੀਮਤੀ ਸਰਮਾਏ ਨੂੰ ਬਚਾਇਆ ਜਾ ਸਕੇ।”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (