LabhSinghShergill 7ਅੱਜ ਫਿਰ ਕੰਜਰ ਨੇ ਲੱਗਦੈ ਖੌਰੂ ਪਾਇਐਤਪਾ ’ਤੇ ਇਸ ਗੰਦੀ ’ਲਾਦ ਨੇਐਦੂੰ ਤਾਂ ...
(5 ਅਕਤੂਬਰ 2023)


ਅੰਦਰ ਅਲਮਾਰੀ ਵੱਲ ਜਾਂਦੇ ਨੂੰ ਰੋਕਣ ਤੇ ਉਸ ਨੇ ਮਿੰਦ੍ਹੋ ਨੂੰ ਧੱਕਾ ਮਾਰ ਕੇ ਪਰ੍ਹਾਂ ਮਾਰਿਆ। ਮਿੰਦ੍ਹੋ ਦਾ ਮੋਢਾ ਬਾਰ ਦੀ ਚੁਗਾਠ ਵਿੱਚ ਜਾ ਵੱਜਾ। ਮਿੰਦ੍ਹੋ ਦੇ ਦੁਬਾਰਾ ਰੋਕਣ ਤੇ ਉਸਨੇ ਮਿੰਦ੍ਹੋ ਦਾ ਗਲ਼ ਫੜ ਲਿਆ ਤੇ ਫਿਰ ਧੱਕਾ ਮਾਰਿਆ। ਮਿੰਦ੍ਹੋ ਕੰਧ ਨਾਲ਼ ਜਾ ਵੱਜੀ
, “ਨਾ ਵੇ ਪੁੱਤ, ਤੇਰੇ ਭਾਪੇ ਦੀ ਦਵਾਈ ਵਾਸਤੇ ਰੱਖੇ ਨੇ ਵੇ, ਨਾਲ਼ੇ ਸੌਦੇ-ਪੱਤੇ ਆਲ਼ੇ ਬਾਣੀਏ ਦੇ ਦੇਣੇ ਨੇ, ਨਾ ਲਿਜਾ ਵੇ ਹਾੜੇ ਮੇਰਾ ਪੁੱਤ।” ਮਿੰਦ੍ਹੋ ਰੋਈ ਤੇ ਮਿੰਨਤਾਂ ਕਰੀ ਜਾ ਰਹੀ ਸੀ ਪਰ ਉਸਦੇ ਪੁੱਤ ਨੇ ਉਸਦੀ ਇੱਕ ਨਾ ਸੁਣੀ। ਉਹ ਪੈਸੇ ਆਪਣੇ ਕੁੜਤੇ ਦੇ ਗੀਝੇ ਵਿੱਚ ਪਾ ਕੇ ਫਟਾਫਟ ਬਾਹਰ ਨਿਕਲ ਗਿਆ।

ਰੋਣ ਤੇ ਰੌਲੇ-ਰੱਪੇ ਦੀ ਅਵਾਜ਼ ਸੁਣ ਕੇ ਮਿੰਦ੍ਹੋ ਦੀ ਗੁਆਂਢਣ ਚਰਨੋ ਭੱਜ ਕੇ ਆਈ। ਮਿੰਦ੍ਹੋ ਜ਼ਮੀਨ ’ਤੇ ਬੈਠੀ ਮੰਜੇ ਨਾਲ਼ ਢੋ ਲਾ ਕੇ ਰੋਈ ਜਾ ਰਹੀ ਸੀ। ਉਸਨੇ ਸੱਜੇ ਹੱਥ ਨਾਲ਼ ਆਪਣਾ ਖੱਬਾ ਮੋਢਾ ਫੜਿਆ ਹੋਇਆ ਸੀ। ਉਸਦੇ ਗਿੱਟੇ ਵਿੱਚੋਂ ਖੂਨ ਵਗ ਰਿਹਾ ਸੀ।

ਚਰਨੋ ਨੇ ਝਟਪਟ ਓਟੇ ’ਤੇ ਰੱਖਿਆ ਗਲਾਸ ਚੁੱਕ ਕੇ ਘੜੇ ਵਿੱਚੋਂ ਪਾਣੀ ਦਾ ਭਰ ਕੇ ਮਿੰਦ੍ਹੋ ਨੂੰ ਦਿੱਤਾ ਅਤੇ ਉਸ ਦੇ ਮੱਥੇ ’ਤੇ ਹੱਥ ਰੱਖਦਿਆਂ ਕਿਹਾ,ਭੈਣੇ ਮੈਂ ਤਾਂ ਕਈ ਦਿਨਾਂ ਦੀ ਦੇਖਦੀ ਆਂ ਇਹਨੂੰ, ਇਹਦੇ ਨਾਲ਼ ਦੋ ਹੋਰ ਹੁੰਦੇ ਨੇ, ਇੱਕ ਤਾਂ ਜਾਗਰ ਕਾ ਮੁੰਡਾ ਭਿੰਦੀ ਐ ਤੇ ਦੂਜੇ ਦਾ ਮੈਨੂੰ ਪਤਾ ਨੀਂ ਕੌਣ ਐ। ਉਹ ਆਪਣੇ ਪਿੰਡ ਦਾ ਤਾਂ ਲੱਗਦਾ ਨੀਂ ...।”

“ਅੱਜ ਕਹਿੰਦਾ, ਮੈਨੂੰ ਦੋ ਹਜ਼ਾਰ ਰਪਈਏ ਦੇ, ਮੈਂ ਮਸਾਂ ਢਿੱਡ ਬੰਨ੍ਹ ਕੇ ਦੁੱਧ ਪਾ-ਪਾ ਕੇ ’ਕੱਠੇ ਕਰੇ ਤੀ। ਅੱਜ ਹੀ ਲੈ ਕੇ ਆਈ ਤੀ ਦੋਧੀ ਤੋਂ, ਪਤਾ ਨੀ ਕਿਥੋੱ ਪਤਾ ਲੱਗ ਗਿਆ ਇਸ ਮਾੜੀ ’ਲਾਦ ਨੂੰ ...” ਰੋਂਦੀ ਹੋਈ ਮਿੰਦ੍ਹੋ ਨੇ ਹਉਕਾ ਲੈਂਦੇ ਕਿਹਾ।

“ਨਾ ਆਪਣੇ ਪਿਓ ਦੀ ਨੀ ਮੰਨਦਾ?” ਚਰਨੋ ਨੇ ਮਿੰਦ੍ਹੋ ਨੂੰ ਬਾਂਹ ਫੜ ਕੇ ਮੰਜ ’ਤੇ ਬਿਠਾਉਂਦਿਆਂ ਪੁੱਛਿਆ।

"ਕਿੱਥੇ ਡਰਦੈ, ਇੱਕ ਦਿਨ ਉਹਨੂੰ ਵੀ ਮਾਰਨ ਪੈ ਗਿਆ ਤੀ।” ਮਿੰਦ੍ਹੋ ਨੇ ਮੰਜੇ ਦਾ ਪਾਵਾ ਫੜਦਿਆਂ ਸਹਾਰਾ ਲੈਂਦੇ ਹੋਏ ਕਿਹਾ।

ਚਰਨੋ ਨੇ ਮਿੰਦ੍ਹੋ ਨੂੰ ਚੁੱਲ੍ਹੇ ’ਤੇ ਰੱਖੀ ਦੁੱਧ ਵਾਲ਼ੀ ਪਤੀਲੀ ਵਿੱਚੋਂ ਗਲਾਸ ਦੁੱਧ ਦਾ ਲੈ ਕੇ, ਜਾਲ਼ੀ ਵਾਲ਼ੀ ਅਲਮਾਰੀ ’ਚ ਰੱਖੇ ਡੱਬੇ ਵਿੱਚੋਂ ਇੱਕ ਚਮਚਾ ਘਿਉ ਪਾਇਆ ਅਤੇ ਹਿਲਾ ਕੇ ਮਿੰਦ੍ਹੋ ਨੂੰ ਦਿੱਤਾ। ਮਿੰਦ੍ਹੋ ਨੇ ਚਰਨੋ ਦੇ ਜ਼ਿਆਦਾ ਕਹਿਣ ’ਤੇ ਦਰਦ ਕਰਦੇ ਮੋਢੇ ਤੋਂ ਹੱਥ ਚੁੱਕਿਆ ਤੇ ਦੁੱਧ ਦਾ ਗਲਾਸ ਫੜ ਤਾਂ ਲਿਆ ਪਰ ਚਿੱਤ ਨਹੀਂ ਸੀ ਕਰਦਾ ਉਸਦਾ ਪੀਣ ਨੂੰ। ਉਸਦੇ ਅੰਦਰ ਦੁੱਧ ਦਾ ਘੁੱਟ ਲੰਘ ਨਹੀਂ ਰਿਹਾ ਸੀ। ਉਸਦਾ ਸੰਘ ਜਿਵੇਂ ਘੁੱਟਿਆ ਜਾ ਰਿਹਾ ਸੀ।

ਮੈਂ ਤਾਂ ਸੁਣਿਐ ਇਹ ਨਾਲ਼ ਆਲ਼ੇ ਪਿੰਡ ਤੋਂ ਲੈ ਕੇ ਆਉਂਦੇ ਨੇ, ਇਹ ਜੀਹਨੂੰ ਚਿੱਟਾ ਕਹਿੰਦੇ ਨੇ, ਇਹ ਤਾਂ ਕਹਿੰਦੇ ਐਨਾ ਭੈੜਾ ਨਸ਼ਾ ਐ, ਜੇ ਇੱਕ ਵਾਰੀ ਮੂੰਹ ਨੂੰ ਲੱਗ ’ਜੇ, ਕਹਿੰਦੇ ਬੰਦਾ ਮਰ ਜਾਂਦੈ, ਪਰ ਇਹ ਨੂੰ ਛੱਡ ਨਹੀਂ ਸਕਦਾ। ਘਰਾਂ ਦੇ ਘਰ ਬਰਬਾਦ ਕਰ ’ਤੇ ਭੈਣੇ ਏਸ ਨਸ਼ੇ ਨੇ।” ਚਰਨੋ ਨੇ ਮੰਜੇ ਦੀ ਪੈਂਦ ਤੋਂ ਉੱਠਦਿਆਂ ਮਿੰਦ੍ਹੋ ਤੋਂ ਗਲਾਸ ਫੜਿਆ, ਜਿਸ ਵਿੱਚੋਂ ਉਸਨੇ ਦੋ-ਕੁ ਘੁੱਟਾਂ ਹੀ ਪੀਤੀਆਂ ਸੀ, ਨਾਲ਼ ਹੀ ਆਪਣੀ ਗੱਲ ਜਾਰੀ ਰੱਖੀ, “ਹੁਣ ਤਾਂ ਭੈਣੇ ਪੁੱਛ ਨਾ ਕੁਛ, ਸਾਰੇ ਪਾਸੇ ਪਿੰਡਾਂ ’ਚ ਕੀ ਤੇ ਸ਼ਹਿਰਾਂ ’ਚ ਕੀ, ਬੁਰਾ ਹਾਲ ਹੋਇਆ ਪਿਐ । ਕੋਈ ਕਰਮਾਂ ਆਲ਼ਾ ਘਰ ਹੀ ਬਚਿਆ ਹੋਇਆ ਇਸ ਭੈੜੀ ਬਿਮਾਰੀ ਤੋਂ।”

ਚਰਨੋ ਨੇ ਚੁੱਲ੍ਹੇ ਮੂਹਰੇ ਖਿਲਰੇ ਪਏ ਭਾਂਡਿਆਂ ਨੂੰ ਇਕੱਠੇ ਕੀਤਾ ਤੇ ਸਾਰੇ ਮਾਂਜ ਕੇ ਟੋਕਰੀ ਵਿੱਚ ਰੱਖ ਦਿੱਤੇ।

“ਤੂੰ ਭੈਣੇ ’ਰਾਮ ਕਰ, ਥੋਡੀਆਂ ਰੋਟੀਆਂ ਮੈਂ ਆਪਣੇ ਘਰੋਂ ਲਾਹ ਕੇ ਹੁਣੇ ਦੇ ਜਾਨੀ ਆਂ।” ਕਹਿ ਕੇ ਚਰਨੋ ਆਪਣੇ ਘਰ ਚਲੀ ਗਈ।

ਐਨੇ ਨੂੰ ਮਿੰਦ੍ਹੋ ਦਾ ਘਰਵਾਲਾ ਸਰਦਾਰਾ ਵੀ ਖੇਤੋਂ ਆ ਗਿਆ। ਉਸ ਨੇ ਸਾਈਕਲ ਇਕ ਪਾਸੇ ਕੰਧ ਨਾਲ਼ ਲਾਇਆ, ਹੈਂਡਲ ਤੋਂ ਝੋਲਾ ਖੋਲ੍ਹ ਕੇ ਓਟੇ ਤੇ ਰੱਖ ਕੇ ਮਿੰਦੋ ਨੂੰ ਮੰਜੇ ’ਤੇ ਪਈ ਦੇਖ ਕੇ, ਉਸ ਨੂੰ ਜਿਵੇਂ ਸਾਰਾ ਕੁਝ ਪਤਾ ਲੱਗ ਗਿਆ ਹੋਵੇ। ਉਹ ਬੋਲਿਆ, ਅੱਜ ਫਿਰ ਕੰਜਰ ਨੇ ਲੱਗਦੈ ਖੌਰੂ ਪਾਇਐ, ਤਪਾ ’ਤੇ ਇਸ ਗੰਦੀ ’ਲਾਦ ਨੇ, ਐਦੂੰ ਤਾਂ ...।”

ਮਿੰਦ੍ਹੋ ਹੌਲ਼ੀ ਜਿਹੇ ਮੰਜੇ ਦੀ ਬਾਹੀ ਦਾ ਸਹਾਰਾ ਲੈ ਕੇ ਬੈਠ ਗਈ। ਸਰਦਾਰਾ ਵੀ ਉਹਦੇ ਕੋਲ਼ ਬਹਿ ਗਿਆ। ਮਿੰਦ੍ਹੋ ਦਾ ਆਪਣੇ ਪਤੀ ਦੇ ਸਾਰਾ ਦਿਨ ਮਿਹਨਤ ਕਰਕੇ ਥੱਕੇ ਹੋਏ ਮੂੰਹ ਵੱਲ ਦੇਖਕੇ ਜਿਵੇਂ ਗੱਚ ਭਰ ਆਇਆ। ਫਿਰ ਥੋੜ੍ਹਾ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਬੋਲੀ, “ਇਹ ਆਪਣੇ ਪਿਛਲੇ ਕਰਮਾਂ ਦਾ ਫਲ ਐ, ਪਤਾ ਨੀਂ ਆਪਾਂ ਨੇ ਕਿਹੜੇ ਭੈੜੇ ਕਰਮ ਕੀਤੇ ਹੋਏ ਨੇ।” ਮਿੰਦ੍ਹੋ ਨੇ ਆਪਣੀ ਚੁੰਨੀ ਦੇ ਪੱਲੇ ਨਾਲ਼ ਅੱਖਾਂ ਪੂੰਝੀਆਂ ਅਤੇ ਮੈਸ੍ਹ ਨੂੰ ਅੜਿੰਗਦੀ ਦੇਖ ਕੇ ਸਰਦਾਰੇ ਨੂੰ ਵਰਾਂਡੇ ਵਿੱਚ ਪਏ ਪੱਠੇ ਮੈਸ੍ਹ ਨੂੰ ਪਾ ਕੇ ਧਾਰ ਚੋਣ ਨੂੰ ਆਖਿਆ। ਸਰਦਾਰੇ ਨੇ ਟੋਕਰਾ ਪੱਠਿਆਂ ਦਾ ਭਰ ਕੇ ਖੁਰਲੀ ਵਿੱਚ ਪਾਇਆ ।ਮੈਸ੍ਹ ਨੇ ਕੱਖਾਂ ਵਿੱਚ ਮੂੰਹ ਮਾਰ ਕੇ ਖਿਲਾਰ ਦਿੱਤੇ ਅਤੇ ਗਰਦਨ ਘੁਮਾ ਕੇ ਮਿੰਦ੍ਹੋ ਵੱਲ ਮੂੰਹ ਕੀਤਾ, ਜਿਵੇਂ ਉਹ ਉਸਦਾ ਦਰਦ ਸਮਝਦੀ ਹੋਵੇ।

ਸਰਦਾਰੇ ਤੋਂ ਅੱਜ ਧਾਰਾਂ ਬਾਲਟੀ ਵਿੱਚ ਘੱਟ ਥੱਲੇ ਧਰਤੀ ਉੱਤੇ ਜ਼ਿਆਦਾ ਪੈ ਰਹੀਆਂ ਸਨ। ਮੈਸ੍ਹ ਵੀ ਲੱਤਾਂ ਅੱਗੇ ਪਿੱਛੇ ਮਾਰ ਰਹੀ ਸੀ। ਉਸਨੇ ਛੇਤੀ ਹੀ ਕੱਟਾ ਛੱਡ ਦਿੱਤਾ, ਜਿਹੜਾ ਰਹਿੰਦਾ ਸਾਰਾ ਦੁੱਧ ਚੁੰਘ ਗਿਆ। ਸਰਦਾਰੇ ਨੇ ਦੁੱਧ ਵਾਲ਼ੀ ਬਾਲਟੀ ਓਟੇ ’ਤੇ ਰੱਖੀ, ਕੁੱਝ ਦੁੱਧ ਡੋਲੂ ਵਿੱਚ ਪਾ ਕੇ ਬਾਕੀ ਬਾਲਟੀ ਵਿੱਚ ਹੀ ਛੱਡ ਕੇ ਉੱਤੇ ਪੋਣਾ ਦੇ ਦਿੱਤਾ ਅਤੇ ਫਿਰ ਜੱਗ ਵਿੱਚ ਪਾਣੀ ਭਰ ਕੇ ਇੱਕ ਪਾਸੇ ਜਾ ਕੇ ਆਪਣੇ ਹੱਥ ਪੈਰ ਧੋਤੇ।

“ਮੈਂ ਦੁੱਧ ਡੈਰੀ ’ਚ ਪਾਉਣ ਚੱਲਿਆਂ ।” ਸਰਦਾਰੇ ਨੇ ਮੰਜੇ ‘ਤੇ ਬੈਠੀ ਮਿੰਦ੍ਹੋ ਨੂੰ ਕਿਹਾ।

ਸਰਦਾਰਾ ਬਾਲਟੀ ਚੱਕ ਕੇ ਬਾਹਰਲੇ ਗੇਟ ਵੱਲ ਤੁਰਿਆ। ਗੁਰਦੁਆਰਾ ਵਿੱਚੋਂ ਗ੍ਰੰਥੀ ਸਿੰਘ ਦੀ ਅਨਾਊਂਸਮੈਂਟ ਹੋਈ , “ਵਾਹਿਗੁਰੂ ਜੀ ਕਾ ਖ਼ਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਹਿ, ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਭਾਈ, ਕੱਲ੍ਹ ਨੂੰ ਸਵੇਰੇ ਤਕਰੀਬਨ ਨੌਂ ਵਜੇ ਗੁਰਦੁਆਰਾ ਸਾਹਿਬ ਵਿਖੇ ਇਕੱਠ ਹੈ ਭਾਈ, ਇਹ ਜੋ ਨਸ਼ਿਆਂ ਦੀ ਭੈੜੀ ਮਾਰ ਸਾਡੇ ਨੌਜਵਾਨਾਂ ’ਤੇ ਪੈ ਰਹੀ ਹੈ, ਉਸ ਬਾਬਤ ਪੰਚਾਇਤ ਵੱਲੋਂ ਅਤੇ ਹੋਰ ਮੋਹਤਬਰ ਸੱਜਣਾਂ ਵੱਲੋਂ ਇਨ੍ਹਾਂ ਨਸ਼ਿਆਂ ਦੀ ਪਿੰਡ ਵਿੱਚ ਹੋ ਰਹੀ ਸਪਲਾਈ ਨੂੰ ਰੋਕਣ ਲਈ ਸਾਰਿਆਂ ਨੂੰ ਲਾਮਬੰਦ ਹੋਣ ਲਈ ਕੱਲ੍ਹ ਦਾ ਇਕੱਠ ਰੱਖਿਆ ਗਿਆ ਹੈ। ਸੋ ਘਰ-ਘਰ ਦਾ ਬੰਦਾ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੇ।”

ਸੂਰਜ ਛਿਪ ਗਿਆ ਸੀ ਪਰ ਅਸਮਾਨ ਉੱਤੇ ਅਜੇ ਵੀ ਲਾਲੀ ਚਮਕ ਰਹੀ ਸੀ, ਐਨੇ ਨੂੰ ਚਰਨੋ ਆਪਣੇ ਘਰੋਂ ਰੋਟੀਆਂ ਲੈ ਕੇ ਆ ਗਈ। ਉਹ ਪੋਣੇ ਵਿੱਚ ਲਪੇਟੀਆਂ ਰੋਟੀਆਂ ਜਾਲ਼ੀ ਵਾਲ਼ੀ ਅਲਮਾਰੀ ਵਿੱਚ ਰੱਖਦਿਆਂ ਬੋਲੀ, “ਲੈ ਭੈਣੇ, ਮੈਂ ਹੁਣੇ ਸੁਣ ਕੇ ਆਈ ਆਂ, ਸਾਰੇ ਪਿੰਡ ਨੇ ਇਹ ਕਰੜਾ ਫੈਸਲਾ ਕੀਤੈ। ਕਹਿੰਦੇ, ਪਿੰਡ ਚ ਕਿਸੇ ਵੀ ਸ਼ੱਕੀ ਬੰਦੇ ਜਾਂ ਨਸ਼ਾ ਵੇਚਣ ਵਾਲਿਆਂ ਨੂੰ ਵੜਨ ਨਹੀਂ ਦੇਣਗੇ ਤੇ ਕਹਿੰਦੇ ਨੇ ਜਿਨ੍ਹਾਂ ਨੂੰ ਨਸ਼ੇ ਦੀ ਭੈੜੀ ਲਤ ਲੱਗੀ ਹੋਈ ਐ, ਉਨ੍ਹਾਂ ਸਾਰਿਆਂ ਦਾ ਇਲਾਜ ਕਰਵਾਉਣਗੇ।” ਚਰਨੋ ਨੇ ਮਿੰਦ੍ਹੋ ਦਾ ਹੌਸਲਾ ਧਰਾਉਂਦੇ ਹੋਏ ਕਿਹਾ।

ਮੰਜੇ ’ਤੇ ਬੈਠੀ ਗੁੰਮਸੁੰਮ ਮਿੰਦ੍ਹੋ ਦੇ ਮੂੰਹੋਂ ਨਿੱਕਲਿਆ, ਫੇਰ ਤਾਂ ਬਚਜੂ ਮੇਰਾ ਪੁੱਤ! ...”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4268)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author