“ਜ਼ਿਲ੍ਹਾ ਪੂਰਬੀ ਸਿੱਕਮ ਦਿਸ਼ਾ ਵੱਲ ਨਾਥੂਲਾ ਦੱਰਾ ਹੈ, ਜਿੱਥੇ ਚੀਨ ਦੀ ਸਰਹੱਦ ਲਗਦੀ ਹੈ। ਇੱਥੇ ਦੋਨੋਂ ਦੇਸ਼ਾਂ ਦੀਆਂ ...”
(7 ਜੁਲਾਈ 2024)
ਇਸ ਸਮੇਂ ਪਾਠਕ: 255.
18ਵੀਂ ਸਦੀ ਦੇ ਸ਼ੁਰੂ ਵਿੱਚ ਬ੍ਰਿਟਿਸ਼ ਸਾਮਰਾਜ ਨੇ ਤਿੱਬਤ ਨਾਲ ਵਪਾਰਕ ਰਸਤੇ ਦੇ ਜ਼ਰੀਏ ਸਿੱਕਮ ਨੂੰ 1947 ਤਕ ਬ੍ਰਿਟਿਸ਼ ਸ਼ਾਸਨ ਦੇ ਅਧੀਨ ਰੱਖਿਆ। ਭਾਰਤ ਦਾ ਹਿੱਸਾ ਬਣਨ ਤੋਂ ਪਹਿਲਾਂ ਇਹ ਇੱਕ ਅਲੱਗ ਦੇਸ਼ ਸੀ। ਇਹ ਇੱਕ ਛੋਟਾ ਜਿਹਾ ਬੋਧੀ ਦੇਸ਼ ਸੀ। ਇਸ ’ਤੇ ਨਾਮਗਿਆਲ ਵੰਸ਼ ਦੇ ਰਾਜੇ ਰਾਜ ਕਰਦੇ ਸੀ। 20ਵੀਂ ਸਦੀ ਤਕ (1975 ਵਿੱਚ ਇਹ ਭਾਰਤ ਦੇਸ਼ ਦਾ ਅੰਗ ਬਣ ਗਿਆ) ਭਾਰਤ ਦਾ ਹਿੱਸਾ ਬਣਨ ਤੋਂ ਪਹਿਲਾਂ ਇਸ ’ਤੇ ਇਸ ਵੰਸ਼ ਦੇ ਰਾਜਿਆਂ ਦਾ ਸ਼ਾਸਨ ਰਿਹਾ, ਜਿਨ੍ਹਾਂ ਨੂੰ ‘ਚੋਗਿਆਲ’ ਕਿਹਾ ਜਾਂਦਾ ਸੀ। ਇਸ ਛੋਟੇ ਜਿਹੇ ਹਿਮਾਲਿਆਈ ਪ੍ਰਾਂਤ ਨੂੰ ਵੇਖਣ ’ਤੇ ਇੱਥੇ ਘੁੰਮਣ ਫਿਰਨ ਦੀ ਮਨ ਵਿੱਚ ਬੜੀ ਹੀ ਉਤਸੁਕਤਾ ਸੀ ਜੋ ਪ੍ਰਮਾਤਮਾ ਦੀ ਕ੍ਰਿਪਾ ਤੇ ਦੋਸਤ-ਮਿੱਤਰਾਂ ਦੀ ਸੰਗਤ ਅਤੇ ਹਿੰਮਤ ਨਾਲ ਪੂਰੀ ਹੋ ਗਈ। ਯਾਤਰਾ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਹੋਈ। ਜਲਦੀ ਉੱਠ ਕੇ ਮੈਂ ਸਵੇਰੇ ਸਾਢੇ ਤਿੰਨ ਵਜੇ ਤਿਆਰ ਹੋ ਗਿਆ। ਜਗਜੀਤ ਵੀ ਮੇਰੇ ਘਰ ਤਕਰੀਬਨ ਪੌਣੇ ਚਾਰ ਵਜੇ ਪਹੁੰਚ ਗਿਆ। ਜਸਪ੍ਰੀਤ ਦਾ ਫੋਨ ਆਇਆ ਸੀ ਕਿ ਜਦੋਂ ਮੈਂ ਕਾਲ ਕਰਾਂ ਤਾਂ ਤੁਸੀਂ ਚੱਲ ਪੈਣਾ। ਛੇਤੀ ਹੀ ਫੋਨ ਆਉਣ ’ਤੇ ਅਸੀਂ ਘਰੋਂ ਚੱਲ ਪਏ। ਸ਼ਹਿਰ ਵਿੱਚੋਂ ਪਹਿਲਾਂ ਜਸਪ੍ਰੀਤ ਤੇ ਸੁਖਵਿੰਦਰ ਟਿਵਾਣਾ ਨੂੰ ਲਿਆ ਤੇ ਫਿਰ ਅੱਗੇ ਤੋਂ ਕਮਲਜੀਤ ਨੂੰ ਲੈ ਕੇ ਸਾਰਾ ਸਾਮਾਨ ਗੱਡੀ ਦੇ ਉੱਪਰ ਲੱਗੇ ਕੈਰੀਅਰ ’ਤੇ ਡਰਾਈਵਰ ਨੇ ਚੰਗੀ ਤਰ੍ਹਾਂ ਬੰਨ੍ਹ ਦਿੱਤਾ। ਅਸੀਂ ਤਕਰੀਬਨ ਚਾਰ ਵਜੇ ਚਾਲੇ ਪਾ ਦਿੱਤੇ। ਅਗਲੇ ਸ਼ਹਿਰ ਪਾਤੜਾਂ ਤੋਂ ਆਪਣੇ ਛੇਵੇਂ ਸਾਥੀ ਗੁਰਪਿਆਰ ਨੂੰ ਨਾਲ ਲੈ ਕੇ ਉਲੀਕੇ ਸਫ਼ਰ ਮੁਤਾਬਕ ਦਿੱਲੀ ਲਈ ਯਾਤਰਾ ਸ਼ੁਰੂ ਕਰ ਦਿੱਤੀ।
ਰਸਤੇ ਵਿੱਚ ਨਾਸ਼ਤੇ ਲਈ ਇੱਕ ਢਾਬੇ ’ਤੇ ਰੁਕੇ। ਕਮਲਜੀਤ ਨੇ ਪੁੱਛਿਆ ਕਿ ਬੋਲੋ ਕੀ ਖਾਣਾ ਹੈ? ‘ਪਰਾਂਠੇ ਖਾ ਲੈਨੇ ਆਂ’ ਬਾਕੀ ਬੋਲੇ। ਮੇਰੀ ਮਾਂ ਨੇ ਪਾਣੀ-ਹੱਥੀਆਂ ਅੱਠ-ਦਸ ਮਿੱਸੀਆਂ ਰੋਟੀਆਂ ਬੜੇ ਪਿਆਰ ਨਾਲ ਬਣਾਈਆਂ ਤੇ ਮੇਰੀ ਪਤਨੀ ਨੇ ਖੱਦਰ ਦੇ ਪੋਣੇ ਵਿੱਚ ਬੰਨ੍ਹ ਕੇ ਮੇਰੇ ਛੋਟੇ ਬੈਗ ਵਿੱਚ ਰੱਖ ਦਿੱਤੀਆਂ ਸਨ। ਮੈਂ ਕਿਹਾ, “ਦਹੀਂ ਮੰਗਵਾ ਲਉ ਆਪਾਂ ਮਿੱਸੀਆਂ ਰੋਟੀਆਂ ਖਾਵਾਂਗੇ ਮਾਂ ਦੀਆਂ ਬਣਾਈਆਂ।”
ਸਾਰਿਆਂ ਨੇ ਬੜੇ ਸੁਆਦ ਨਾਲ ਨਾਸ਼ਤਾ ਕੀਤਾ ਤੇ ਅੱਗੇ ਰਹਿੰਦੇ ਆਪਣੇ ਸਫ਼ਰ ਲਈ ਚਾਲੇ ਪਾ ਦਿੱਤੇ। ਦਿੱਲੀ ਏਅਰਪੋਰਟ ਅੰਦਰ ਪ੍ਰਵੇਸ਼ ਕੀਤਾ। ਸਾਡੀ ਉਡਾਣ ਨਿਰਧਾਰਤ ਸਮੇਂ ਤੋਂ ਤਕਰੀਬਨ ਚਾਰ ਘੰਟੇ ਲੇਟ ਸੀ। ਸ਼ਾਮ ਪੌਣੇ ਪੰਜ ਵਜੇ ਦਿੱਲੀ ਤੋਂ ਬਾਗਡੋਗਰਾ (ਪੱਛਮੀ ਬੰਗਾਲ) ਤਕ ਦਾ ਸਾਡਾ ਹਵਾਈ ਸਫ਼ਰ ਸ਼ੁਰੂ ਹੋਇਆ। ਮੇਰੀ ਤੇ ਜਗਜੀਤ ਦੀ ਇਹ ਪਹਿਲੀ ਹਵਾਈ ਯਾਤਰਾ ਸੀ। ਅੰਦਰ ਇੱਕ ਅਲੱਗ ਜਿਹੀ ਖੁਸ਼ੀ ਦਾ ਅਹਿਸਾਸ ਹੋ ਰਿਹਾ ਸੀ ਕਿ ਹਵਾਈ ਜਹਾਜ਼ ਅੰਦਰ ਬੈਠ ਕੇ ਧਰਤੀ ਤੋਂ ਦੂਰ, ਉੱਪਰ ਬੱਦਲਾਂ ਤੋਂ ਪਾਰ ਦਾ ਸਫ਼ਰ ਕਿਹੋ ਜਿਹਾ ਹੋਵੇਗਾ।
ਸਫ਼ਰ ਸੁਖਦ ਰਿਹਾ। ਅਸੀਂ ਬਾਗਡੋਗਰਾ ਪਹੁੰਚ ਗਏ। ਮੈਂ ਘੜੀ ਤੇ ਸਮਾਂ ਦੇਖਿਆ, ਸਾਢੇ ਛੇ ਵੱਜੇ ਸਨ। ਹਨ੍ਹੇਰਾ ਹੋ ਚੁੱਕਾ ਸੀ। ਉੱਤਰ ਦਿਸ਼ਾ ਦੇ ਨੇੜੇ ਵਾਲੇ ਰਾਜਾਂ ਵਿੱਚ ਜੂਨ ਮਹੀਨੇ ਸੂਰਜ ਤਕਰੀਬਨ ਸਾਢੇ ਸੱਤ ਵਜੇ ਤੋਂ ਬਾਅਦ ਛਿਪਦਾ ਹੈ ਪਰ ਇਹ ਪੂਰਬ ਦਿਸ਼ਾ ਦੇ ਨੇੜੇ ਵਾਲੇ ਪ੍ਰਾਂਤਾਂ ਵਿੱਚ ਤਕਰੀਬਨ ਡੇਢ ਘੰਟਾ ਪਹਿਲਾਂ ਛਿਪ ਜਾਂਦਾ ਹੈ।
ਬਾਗਡੋਗਰਾ ਤੋਂ ਦਾਰਜੀਲਿੰਗ ਇੱਕ ਹੋਟਲ ਵਿੱਚ ਰੁਕਣ ਤੋਂ ਬਾਅਦ ਅਗਲੇ ਦਿਨ ਗੰਗਟੌਕ ਲਈ ਚੱਲ ਪਏ। ਰਸਤੇ ਵਿੱਚ ਰੁਕ ਕੇ ਚਾਹ ਦੇ ਬਾਗ਼ ਦੇਖੇ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਇੱਥੇ ਸੜਕ ਦੇ ਨਾਲ-ਨਾਲ ਛੋਟੀਆਂ ਛੋਟੀਆਂ ਦੁਕਾਨਾਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਜ਼ਿਆਦਾ ਤਰ ਇੱਥੋਂ ਦੀਆਂ ਔਰਤਾਂ ਹੀ ਚਲਾਉਂਦੀਆਂ ਹਨ।
ਗਾਹਕਾਂ ਨਾਲ ਪਰਿਵਾਰਕ ਮੈਂਬਰ ਵਾਂਗ ਵਿਵਹਾਰ ਦੀ ਝਲਕ ਦੇਖਣ ਨੂੰ ਮਿਲਦੀ ਹੈ। ਇਸ ਪ੍ਰਾਂਤ ਦੇ ਪਿੰਡਾਂ ਅਤੇ ਸ਼ਹਿਰਾਂ ਵਿਚਲੀਆਂ ਦੁਕਾਨਾਂ ਚਲਾ ਰਹੀਆਂ ਮਹਿਲਾਵਾਂ ਦੇ ਪਰਿਵਾਰਾਂ ਵਿੱਚੋਂ ਬਹੁਤੇ ਪੁਰਸ਼ ਕੋਈ ਨਾ ਕੋਈ ਨੌਕਰੀ ਕਰਦੇ ਹਨ ਜਾਂ ਫਿਰ ਆਪਣੀ ਟੈਕਸੀ ਚਲਾਉਂਦੇ ਹਨ। ਜੇਕਰ ਭੋਜਨ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਨਿਵਾਸੀਆਂ ਦੇ ਖਾਣੇ ਵਿੱਚ ਦਾਲ-ਰੋਟੀ ਦੀ ਬਜਾਇ ਵੱਖ-ਵੱਖ ਢੰਗਾਂ ਨਾਲ ਬਣਾਇਆ ਮਾਸ ਸ਼ਾਮਲ ਹੁੰਦਾ ਹੈ। ਬਹੁਗਿਣਤੀ ਲੋਕ ਮਾਸਾਹਾਰੀ ਹਨ। ਇਹ ਸੈਲਾਨੀਆਂ ਨਾਲ ਬੜੀ ਮਿੱਠਤ ਨਾਲ ਪੇਸ਼ ਆਉਂਦੇ ਹਨ।
ਉਨ੍ਹਾਂ ਦਾ ਆਉ ਭਗਤ ਤੇ ਗੱਲਬਾਤ ਦਾ ਲਹਿਜ਼ਾ ਬੜਾ ਨਰਮ, ਅਪਣੱਤ ਤੇ ਸਤਿਕਾਰ ਭਰਿਆ ਹੁੰਦਾ ਹੈ। ਸਿੱਕਮ ਦੀ ਰਾਜਧਾਨੀ ਗੰਗਟੌਕ ਸੁੰਦਰ ਤੇ ਪਹਾੜੀਆਂ ਨਾਲ ਘਿਰਿਆ ਇੱਕ ਬਹੁਤ ਹੀ ਰਮਣੀਕ ਸਥਾਨ ਹੈ। ਇੱਥੋਂ ਦੇ ਲੋਕਾਂ ਦਾ ਸੁਭਾਅ ਬੜਾ ਮਿਲਣਸਾਰ ਹੈ। ਪੰਜਾਬੀਆਂ ਤੇ ਸਰਦਾਰਾਂ ਨਾਲ ਬਹੁਤ ਇੱਜ਼ਤ ਤੇ ਪਿਆਰ ਭਰੇ ਲਹਿਜ਼ੇ ਨਾਲ ਪੇਸ਼ ਆਉਂਦੇ ਹਨ। ਬਾਕੀ ਬਾਹਰਲੇ ਰਾਜਾਂ ਤੋਂ ਆਏ ਸੈਲਾਨੀਆਂ ਨਾਲ ਵੀ ਇਨ੍ਹਾਂ ਦਾ ਵਿਵਹਾਰ ਬੜਾ ਨਰਮ ਹੁੰਦਾ ਹੈ। ਸਭ ਤੋਂ ਵੱਡੀ ਦੇਖਣ ਵਾਲੀ ਮਿਲੀ ਕਿ ਇਹ ਕਿਸੇ ਵੀ ਅਜਨਬੀ, ਸੈਲਾਨੀ ਨੂੰ ਗੁਮਰਾਹ ਨਹੀਂ ਕਰਦੇ। ਬਿਲਕੁਲ ਸਪਸ਼ਟ ਗੱਲਬਾਤ ਕਰਦੇ ਹਨ। ਇਸ ਰਾਜ ਵਿੱਚ ਗਰਮੀਆਂ ਤੇ ਸਰਦੀਆਂ ਦੋਨੋਂ ਮੌਸਮ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਸੈਲਾਨੀ ਆਉਂਦੇ ਹਨ। ਇਹ ਆਰਗੈਨਿਕ ਖੇਤੀ ਲਈ ਜਾਣੇ ਜਾਣ ਵਾਲੇ ਰਾਜਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਇਸ ਰਾਜ ਦੀ ਆਰਥਿਕਤਾ ਵਿੱਚ ਟੂਰਿਜ਼ਮ ਦੀ ਅਹਿਮ ਭੂਮਿਕਾ ਗਿਣੀ ਜਾਂਦੀ ਹੈ।
ਭਾਰਤ ਦੇ ਇਸ ਛੋਟੇ ਜਿਹੇ ਪਹਾੜੀ ਰਾਜ ਦੇ ਲੋਕਾਂ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਹ ਬੜੇ ਅਨੁਸ਼ਾਸਿਤ ਕਿਸਮ ਦੇ ਲੋਕ ਹਨ। ਸੜਕ ’ਤੇ ਚੱਲਣ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹਨ। ਸੜਕ ਦੇ ਦੋਨੋਂ ਪਾਸੇ ਪੈਦਲ ਚੱਲਣ ਲਈ ਬਣੀਆਂ ਪੱਟੀਆਂ ਦੇ ਵਿਚਕਾਰ ਹੀ ਚੱਲਣ ਦੀ ਆਗਿਆ ਹੈ। ਕੋਈ ਵੀ ਸ਼ਖ਼ਸ ਸੜਕ ’ਤੇ ਚੱਲ ਰਹੇ ਵੱਡੇ ਵਾਹਨਾਂ ਦੇ ਖੇਤਰ ਵਿੱਚ ਬਿਨਾਂ ਵਜਾਹ ਦਾਖ਼ਲ ਨਹੀਂ ਦਿੰਦਾ। ਇੱਕ ਹੋਰ ਗੱਲ ਜੋ ਬਹੁਤ ਅਹਿਮੀਅਤ ਰੱਖਦੀ ਹੈ, ਉਹ ਇਹ ਹੈ ਕਿ ਇੱਥੇ ਹਰ ਪਾਸੇ ਸਫ਼ਾਈ ਹੈ। ਰਾਹ ਚੱਲਦੇ ਕੋਈ ਵੀ ਚੀਜ਼ ਤੁਸੀਂ ਉਂਝ ਹੀ ਸੜਕ ’ਤੇ ਨਹੀਂ ਸੁੱਟ ਸਕਦੇ। ਥਾਂ ਥਾਂ ’ਤੇ ਥੋੜ੍ਹੇ ਫ਼ਰਕ ਨਾਲ ਕੂੜਾਦਾਨ ਰੱਖੇ ਮਿਲਦੇ ਹਨ। ਕਿਸੇ ਰਾਜ ਵੱਲੋਂ ਸਫ਼ਾਈ ਦੇ ਅਪਣਾਏ ਇਨ੍ਹਾਂ ਨਿਯਮਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਤੇ ਇਹ ਦੇਸ਼ ਦੇ ਦੂਜਿਆਂ ਰਾਜਾਂ ਲਈ ਵੀ ਇੱਕ ਪ੍ਰੇਰਨਾਸ੍ਰੋਤ ਹੈ।
ਜ਼ਿਲ੍ਹਾ ਪੂਰਬੀ ਸਿੱਕਮ ਦਿਸ਼ਾ ਵੱਲ ਨਾਥੂਲਾ ਦੱਰਾ ਹੈ, ਜਿੱਥੇ ਚੀਨ ਦੀ ਸਰਹੱਦ ਲਗਦੀ ਹੈ। ਇੱਥੇ ਦੋਨੋਂ ਦੇਸ਼ਾਂ ਦੀਆਂ ਸੈਨਾਵਾਂ ਦੇ ਆਪਣੇ ਆਪਣੇ ਖੇਤਰ ਵਿੱਚ ਬੰਕਰ ਬਣੇ ਹੋਏ ਹਨ, ਜਿੱਥੇ ਇਨ੍ਹਾਂ ਦੀਆਂ ਸੈਨਾਵਾਂ ਦੇ ਸੈਨਿਕ ਹਰ ਵਕਤ ਤਾਇਨਾਤ ਰਹਿੰਦੇ ਹਨ। ਨਾਥੂਲਾ ਦੱਰੇ ਤੋਂ ਥੱਲੇ ਆਉਂਦਿਆਂ ਬਾਬਾ ਹਰਭਜਨ ਸਿੰਘ ਦਾ ਮੰਦਰ ਹੈ। ਇਸਦੀ ਦੇਖਰੇਖ ਆਰਮੀ ਕੋਲ ਹੈ। ਇੱਥੋਂ ਦੇ ਸਥਾਨਕ ਲੋਕਾਂ ਤੇ ਇਸ ਸਥਾਨ ’ਤੇ ਸੇਵਾ ਨਿਭਾ ਰਹੇ ਸੈਨਿਕਾਂ ਨਾਲ ਗੱਲਬਾਤ ਤੋਂ ਪਤਾ ਚੱਲਿਆ ਕਿ ਇਹ ਬਾਬਾ ਹਰਭਜਨ ਸਿੰਘ ਇੱਕ ਹਾਦਸੇ ਦੌਰਾਨ ਇੱਥੇ ਅਕਾਲ ਚਲਾਣਾ ਕਰ ਗਏ ਸਨ ਪਰ ਉਨ੍ਹਾਂ ਦੀ ਰੂਹ ਇੱਥੇ ਦੇ ਸੈਨਿਕਾਂ ਦੇ ਸੁਪਨੇ ਵਿੱਚ ਆ ਕੇ ਉਨ੍ਹਾਂ ਨੂੰ ਹਰ ਖ਼ਤਰੇ ਤੋਂ ਅਗਾਊਂ ਸੁਚੇਤ ਕਰਦੀ ਰਹਿੰਦੀ ਹੈ। ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਮੰਦਰ ਬਣਿਆ ਹੋਇਆ ਹੈ। ਇਸ ਮੰਦਰ ਵਿੱਚ ਉਨ੍ਹਾਂ ਦੀਆਂ ਸਾਰੀਆਂ ਵਰਤੀਆਂ ਵਸਤਾਂ ਅੱਜ ਵੀ ਉਸੇ ਤਰ੍ਹਾਂ ਰੱਖੀਆਂ ਹੋਈਆਂ ਹਨ। ਇਸ ਮੰਦਰ ਤੋਂ ਵਾਪਸ ਆਉਂਦਿਆਂ ਰਸਤੇ ਵਿੱਚ ਚਾਂਗੂ ਝੀਲ ਪੈਂਦੀ ਹੈ, ਸੈਲਾਨੀ ਇੱਥੇ ਫੋਟੋਗ੍ਰਾਫੀ ਦਾ ਚੰਗਾ ਲੁਤਫ਼ ਉਠਾਉਂਦੇ ਹੋਏ ਵਾਪਸ ਗੰਗਟੌਕ ਆ ਕੇ ਠਹਿਰਦੇ ਹਨ।
ਉਧਰ ਮਾਂਗਨ ਜ਼ਿਲ੍ਹੇ ਵਿੱਚ ਉੱਤਰੀ ਸਿੱਕਮ ਦਿਸ਼ਾ ਵੱਲ ਚੁੰਗਥਾਂਗ ਨਾਂ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇੱਥੇ ਪਿੰਡ ਦੇ ਵਿਚਕਾਰ ਗੁਰਦੁਆਰਾ ਨਾਨਕ ਲਾਮਾ ਬਣਿਆ ਹੋਇਆ ਹੈ। ਕਹਿੰਦੇ ਹਨ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਨਾਲ ਆਪਣੀ ਤੀਜੀ ਉਦਾਸੀ ਦੌਰਾਨ ਤਿੱਬਤ ਤੋਂ ਹੁੰਦੇ ਹੋਏ ਇੱਥੇ ਕੁਝ ਸਮਾਂ ਠਹਿਰੇ ਸਨ। ਸਥਾਨਕ ਲੋਕ ਆਪਣੇ ਧਾਰਮਿਕ ਰਹਿਬਰ ਨੂੰ ਲਾਮਾ ਸੱਦਦੇ ਹਨ, ਸ਼ਾਇਦ ਇਸੇ ਕਰਕੇ ਇਸ ਗੁਰਦੁਆਰੇ ਦਾ ਨਾਂ ਗੁਰਦੁਆਰਾ ਨਾਨਕ ਲਾਮਾ ਹੈ। ਦੂਜੇ ਪਾਸੇ ਇੱਥੇ ਬੁੱਧ ਧਰਮ ਦੇ ਧਾਰਮਿਕ ਗੁਰੂ (ਲਾਮਾ) ਪਦਮਾਸਾਂਭਵ ਜਾਂ ਗੁਰੂ ਰਿਨਪੋਚੇ ਜੋ 8ਵੀਂ ਸਦੀ ਵਿੱਚ ਹੋਏ ਸਨ। ਇਸ ਮੱਤ (ਧਰਮ) ਨਾਲ ਸੰਬੰਧਤ ਲੋਕ ਇਸ ਸਥਾਨ ’ਤੇ ਉਪਲਬਧ ਨਿਸ਼ਾਨੀਆਂ ਉਨ੍ਹਾਂ ਦੀਆਂ ਮੰਨਦੇ ਹਨ। ਇੱਥੇ ਗੁਰਦੁਆਰੇ ਦੇ ਨਾਲ ਬੁੱਧ ਧਰਮ ਦਾ ਪੂਜਾ ਸਥਾਨ ਹੈ। ਇਸ ਪੂਰੀ ਥਾਂ ਨੂੰ ਲੈ ਕੇ ਅਜੇ ਵਿਵਾਦ ਚੱਲ ਰਿਹਾ ਹੈ।
ਇੱਥੋਂ ਹੀ ਤਕਰੀਬਨ ਚਾਰ ਤੋਂ ਪੰਜ ਘੰਟਿਆਂ ਦੇ ਸਫ਼ਰ ਦੀ ਦੂਰੀ ’ਤੇ ਗੁਰੂਡਾਂਗਮਾਰ ਝੀਲ ਹੈ ਜੋ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਮੰਨੀ ਜਾਂਦੀ ਹੈ। ਦੂਸਰੇ ਪਾਸੇ ਬੁੱਧ ਧਰਮ ਦੇ ਧਾਰਮਿਕ ਗੁਰੂ ਪਦਮਾਸਾਂਭਵ ਜਾਂ ਗੁਰੂ ਰਿਨਪੋਚੇ ਨਾਲ ਸੰਬੰਧਿਤ ਮੰਨੀ ਜਾਂਦੀ ਹੈ। ਕਹਿੰਦੇ ਹਨ ਕਿ ਇੱਥੇ ਦੀ ਝੀਲ ਦਾ ਸਾਰਾ ਹਿੱਸਾ ਜਦੋਂ ਤਾਪਮਾਨ ਸਿਫ਼ਰ ਡਿਗਰੀ ਤੋਂ ਹੇਠਾਂ ਚਲਿਆ ਜਾਂਦਾ ਹੈ, ਇਸਦਾ ਕੁਝ ਮੀਟਰ ਦਾ ਘੇਰਾ ਨਹੀਂ ਜੰਮਦਾ, ਬਾਕੀ ਸਾਰੀ ਝੀਲ ਜਮ ਜਾਂਦੀ ਹੈ। ਇਹ ਕੁਦਰਤ ਦੀਆਂ ਖੇਡਾਂ ਹਨ, ਜਿਸ ਨੂੰ ਸਮਝਣ ਵਿੱਚ ਇਨਸਾਨ ਸਾਰੀ ਉਮਰ ਲੱਗਾ ਰਹਿੰਦਾ ਹੈ ਪਰ ਫਿਰ ਵੀ ਥਾਹ ਪਾਉਣੀ ਲਗਭਗ ਅਸੰਭਵ ਹੁੰਦੀ ਹੈ। ਸਾਡੀ ਯਾਤਰਾ ਦੌਰਾਨ ਇਹ ਰਸਤਾ ਬੰਦ ਹੋਣ ਕਰਕੇ ਇੱਥੇ ਜਾਣ ਦੀ ਰੀਝ ਬਾਕੀ ਰਹਿ ਗਈ। ਸੂਚਨਾ ਇਕੱਤਰ ਕਰਨ ਤੋਂ ਪਤਾ ਚੱਲਿਆ ਕਿ ਇਸ ਥਾਂ ਨੂੰ ਲੈ ਕੇ ਵੀ ਅਦਾਲਤ ਵਿੱਚ ਕੇਸ ਚੱਲ ਰਿਹਾ, ਜਿਸਦਾ ਅਜੇ ਤਕ ਕੋਈ ਫੈਸਲਾ ਨਹੀਂ ਹੋਇਆ ਹੈ।
ਚੁੰਗਥਾਂਗ ਤੋਂ ਉੱਪਰ ਵਾਲੇ ਪਾਸੇ ਲਾਚੁੰਗ ਤੇ ਅੱਗੇ ਜ਼ੀਰੋ ਪੁਆਇੰਟ ਹੈ, ਜਿੱਥੇ ਦੀਆਂ ਉੱਚੀਆਂ-ਉੱਚੀਆਂ ਪਹਾੜੀਆਂ ਤੇ ਸੁਹਾਵਣਾ ਮੌਸਮ ਸਭ ਦੇ ਮਨ ਨੂੰ ਮੋਂਹਦਾ ਹੈ। ਸਿੱਕਮ ਘੁੰਮਣ ਫਿਰਨ ਦੇ ਸ਼ੌਕੀਨ ਸੈਲਾਨੀਆਂ ਲਈ ਦੋਨੋਂ ਮੌਸਮਾਂ ਵਿੱਚ ਖੁੱਲ੍ਹਾ ਹੁੰਦਾ ਹੈ। ਸਿਰਫ ਸਾਲ ਦੇ ਦੋ-ਤਿੰਨ ਕੁ ਮਹੀਨੇ (ਜੁਲਾਈ-ਸਤੰਬਰ) ਇੱਥੇ ਜ਼ਿਆਦਾ ਮਾਨਸੂਨੀ ਵਰਖਾ ਹੋਣ ’ਤੇ ਪਹਾੜੀਆਂ ਧਸਣ ਤੇ ਪੁਲ਼ ਆਦਿ ਟੁੱਟਣ ਕਾਰਨ ਸੜਕੀ ਆਵਾਜਾਈ ਬੰਦ ਹੋ ਜਾਂਦੀ ਹੈ, ਬਾਕੀ ਸਾਰਾ ਸਾਲ ਸੈਲਾਨੀ ਆਉਂਦੇ ਜਾਂਦੇ ਰਹਿੰਦੇ ਹਨ। ਬੇਸ਼ਕ ਪਹਾੜੀ ਸਫ਼ਰ ਕਾਰਨ ਕੁਝ ਸਰੀਰਕ ਕਸ਼ਟ ਝੱਲਣੇ ਪਏ ਪਰ ਫਿਰ ਵੀ ਇਹ ਇੱਕ ਯਾਦਗਾਰ ਯਾਤਰਾ ਰਹੀ। ਇੱਕ ਹਫ਼ਤੇ ਦਾ ਸਮਾਂ ਬਿਤਾਉਣ ਤੋਂ ਬਾਅਦ ਸਾਰੇ ਗੁਜ਼ਾਰੇ ਹੁਸੀਨ ਪਲਾਂ ਨੂੰ ਆਪਣੀਆਂ ਯਾਦਾਂ ਵਿੱਚ ਸਮੇਟ ਕੇ ਅਸੀਂ ਵਾਪਸ ਪੰਜਾਬ ਲਈ ਚਾਲੇ ਪਾ ਦਿੱਤੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5114)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.