“ਅੱਜ ਦੇ ਸੰਦਰਭ ਵਿੱਚ ਜੇ ਦੇਖਿਆ ਜਾਵੇ ਤਾਂ ਜਿਨ੍ਹਾਂ ਬੁਰਾਈਆਂ ਝੂਠ-ਫਰੇਬ, ਅਡੰਬਰ, ਠੱਗੀ-ਠੋਰੀ ...”
(14 ਨਵੰਬਰ 2024)
ਜਗਤ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਦੇ ਸੰਬੰਧੀ ਭਾਈ ਗੁਰਦਾਸ ਜੀ ਫਰਮਾਉਂਦੇ ਹਨ:
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ॥
ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸੱਚਮੁੱਚ ਗੁਰੂ ਨਾਨਕ ਜੀ ਦੇ ਇਸ ਜਗਤ ਵਿੱਚ ਪ੍ਰਗਟ ਹੁੰਦਿਆਂ ਹੀ ਹਰ ਪਾਸੇ ਪਸਰਿਆ ਅਗਿਆਨ ਦਾ ਅੰਧੇਰਾ ਮਿਟਣ ਲੱਗਿਆ। ਉਨ੍ਹਾਂ ਦੇ ਸਮੁੱਚੇ ਜਗਤ ਨੂੰ ਸੱਚ ’ਤੇ ਚੱਲਣ ਦੇ ਦਿੱਤੇ ਸੰਦੇਸ਼ ਨੇ ਲੱਖਾਂ ਜੀਵਾਂ ਦਾ ਉਧਾਰ ਕੀਤਾ। ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਦੇਸ਼ ਤੇ ਵਿਦੇਸ਼ਾਂ ਵਿੱਚ ਹੀ ਨਹੀਂ ਪੂਰੇ ਸੰਸਾਰ ਵਿੱਚ ਜਿੱਥੇ-ਜਿੱਥੇ ਨਾਨਕ ਨਾਮ ਲੇਵਾ ਲੋਕਾਈ ਦਾ ਵਾਸਾ ਹੈ, ਇਸ ਸਾਂਝੇ ਰਹਿਬਰ ਦਾ ਪ੍ਰਕਾਸ਼ ਦਿਹਾੜਾ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਹਰ ਧਰਮ ਅਤੇ ਫਿਰਕੇ ਦੇ ਲੋਕ ਇਸ ਰੱਬੀ ਨੂਰ ਨਾਨਕ ਪਾਤਸ਼ਾਹ ਨੂੰ ਯਾਦ ਕਰਦੇ ਅਤੇ ਨਤਮਸਤਕ ਹੁੰਦੇ ਹਨ ਕਿਉਂਕਿ ਸੱਚੇ ਪਾਤਸ਼ਾਹ ਨੇ ਆਪਣੇ ਆਪ ਨੂੰ ਕਿਸੇ ਇੱਕ ਮਜ਼ਹਬ ਨਾਲ ਬੰਨ੍ਹ ਕੇ ਨਹੀਂ ਰੱਖਿਆ, ਤਾਂ ਹੀ ਤਾਂ ਪੂਰਾ ਸੰਸਾਰ ਉਨ੍ਹਾਂ ਨੂੰ ਆਪਣੇ-ਆਪਣੇ ਢੰਗ ਤਰੀਕੇ ਨਾਲ ਕੋਈ ਪੀਰ, ਕੋਈ ਗੁਰੂ, ਕੋਈ ਪੈਗੰਬਰ ਤੇ ਕੋਈ ਰਹਿਬਰ ਦੇ ਰੂਪ ਵਿੱਚ ਯਾਦ ਕਰਦਾ ਹੈ।
ਚਾਰੇ ਪਾਸੇ ਪ੍ਰਕਾਸ਼ ਉਤਸਵ ’ਤੇ ਆਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਚਲਾਈ ਲੰਗਰ ਪ੍ਰਥਾ ਵਿੱਚ ਸ਼ਰਧਾਲੂ ਵਧ ਚੜ੍ਹ ਕੇ ਸੇਵਾ ਕਰਦੇ ਹਨ। ਹਰ ਪਿੰਡ, ਕਸਬੇ, ਸ਼ਹਿਰਾਂ ਵਿੱਚ ਇਸ ਦਿਨ ਬਾਬਾ ਨਾਨਕ ਦੀ ਰੱਬੀ ਬਾਣੀ ਦੇ ਪਾਠ ਸੁਣਨ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੀਆਂ ਦਿੱਤੀਆਂ ਸਿੱਖਿਆਵਾਂ ’ਤੇ ਚੱਲਣ ਦਾ ਹੋਕਾ ਦਿੱਤਾ ਜਾਂਦਾ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਦਾ ਪ੍ਰਚਾਰ ਗੁਰਬਾਣੀ, ਕੀਰਤਨ ਅਤੇ ਗੀਤਾਂ ਰਾਹੀਂ ਕੀਤਾ ਜਾਂਦਾ ਹੈ। ਉਨ੍ਹਾਂ ਦੇ ਸਿਧਾਂਤਾਂ, ਪ੍ਰਚਾਰ, ਸੁਧਾਰਾਂ ਆਦਿ ਦੀ ਜੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪਰਾਏ ਹੱਕ ਨੂੰ ਮੁਰਦਾਰ ਦੇ ਬਰਾਬਰ ਦੱਸਿਆ ਹੈ। ਹੱਕ ਹਲਾਲ ਦੀ ਕਮਾਈ ਨੂੰ ਵਡਿਆਇਆ, ਜੋ ਅੰਮ੍ਰਿਤ ਦੇ ਸਮਾਨ ਹੁੰਦੀ ਹੈ, ਜੋ ਕਿਰਤੀਆਂ ਦੀ ਹੱਡ ਭੰਨਵੀਂ ਮਿਹਨਤ, ਮੁਸ਼ੱਕਤ ਦਾ ਫਲ਼ ਹੁੰਦੀ ਹੈ ਤੇ ਹਰਾਮ ਦੀ ਕਮਾਈ ਵਿੱਚੋਂ ਲਹੂ ਨਿਚੋੜ ਕੇ ਇਹ ਸਿੱਧ ਕੀਤਾ ਕਿ ਇਹ ਕਿਸੇ ਮਜ਼ਲੂਮ ਨੂੰ ਮਜਬੂਰ ਕਰਕੇ ਬੇਈਮਾਨੀ ਨਾਲ ਹਾਸਲ ਕੀਤੀ ਗਈ ਸ਼ੈਅ ਖੂਨ ਦੇ ਸਮਾਨ ਹੁੰਦੀ ਹੈ।
ਸੱਚੇ ਪਾਤਸ਼ਾਹ ਨੇ ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਬੁਰਾਈਆਂ ਮੂਰਤੀ ਪੂਜਾ, ਕਰਮ-ਕਾਂਡ, ਤੀਰਥਵਾਦ, ਜਾਤ-ਪਾਤ, ਔਰਤ ਜਾਤੀ ਨੂੰ ਨੀਵਾਂ ਸਮਝਣਾ, ਫੋਕੇ ਕਰਮ-ਕਾਂਡਾਂ, ਵਹਿਮਾਂ ਆਦਿ ਦਾ ਨਿਧੜਕ ਹੋ ਕੇ ਖੰਡਨ ਕੀਤਾ। ਗੁਰੂ ਜੀ ਨੇ ਉਸ ਸਮੇਂ ਦੇ ਧਰਮ ਹਿੰਦੂ ਤੇ ਮੁਸਲਿਮ ਦੋਨਾਂ ਨੂੰ ਨਕਾਰਿਆ, ਉਹ ਸਿਰਫ ਇਨਸਾਨੀਅਤ ਨੂੰ ਇਨਸਾਨ ਦਾ ਧਰਮ ਮੰਨਦੇ ਸਨ। ਚੰਗੇ ਕਰਮ ਕਰਨਾ ਹੀ ਅਸਲੀ ਧਰਮ ਹੈ, ਇਹ ਉਨ੍ਹਾਂ ਦੇ ਸਿਧਾਂਤ ਦਾ ਹਿੱਸਾ ਸੀ। ਨਾਨਕ ਮਹਾਰਾਜ ਵਿਗਿਆਨਕ ਸੋਚ ਅਤੇ ਦਿੱਬ ਦ੍ਰਿਸ਼ਟੀ ਦੇ ਮਾਲਕ ਸਨ। ਉਨ੍ਹਾਂ ਦੀ ਬਾਣੀ ਵਿੱਚ ਬ੍ਰਹਿਮੰਡੀ ਭੇਦਾਂ ਦੀ ਸਪਸ਼ਟ ਝਲਕ ਦਿਸਦੀ ਹੈ, ਜਦੋਂ ਉਹ ਫਰਰਮਾਉਂਦੇ ਹਨ:
ਪਾਤਾਲਾ ਪਾਤਾਲ ਲੱਖ ਅਗਾਸਾ ਅਗਾਸ॥
ਗੁਰੂ ਨਾਨਕ ਜੀ ਉਨ੍ਹਾਂ ਨੇ ਵਲੀ ਕੰਧਾਰੀ ਵਰਗੇ ਹੰਕਾਰੀਆਂ ਦਾ ਹੰਕਾਰ ਤੋੜਿਆ, ਸੱਜਣ ਠੱਗ ਨੂੰ ਸੱਜਣ ਬਣਾਇਆ, ਕੌਡੇ ਰਾਕਸ਼ ਦਾ ਉਦਾਰ ਕੀਤਾ ਅਤੇ ਅਫਗਾਨ ਧਾੜਵੀ ਬਾਬਰ ਦੇ ਜ਼ੁਲਮ ਦਾ ਵਿਰੋਧ ਨਿਧੜਕ ਹੋ ਕੇ ਕੀਤਾ ਅਤੇ ਉਸ ਨੂੰ ਆਪਣੇ ਰੱਬੀ ਨੂਰ ਅਤੇ ਗਿਆਨ ਦੇ ਪ੍ਰਕਾਸ਼ ਨਾਲ ਸਿੱਧੇ ਰਾਹ ਪਾਇਆ। ਤਾਹੀਂ ਤਾਂ ਕਿਹਾ ਜਾਂਦਾ ਹੈ ਕਿ ਆਸਮਾਨ ਦੇ ਤਾਰੇ ਗਿਣੇ ਜਾ ਸਕਦੇ ਹਨ ਪਰ ਬਾਬੇ ਨਾਨਕ ਦੇ ਤਾਰੇ (ਗਿਆਨ ਨਾਲ ਸਿੱਧੇ ਰਾਹ ਪਾਉਣਾ) ਨਹੀਂ ਗਿਣੇ ਜਾ ਸਕਦੇ। ਉਨ੍ਹਾਂ ਦੀਆਂ ਕੀਤੀਆਂ ਉਦਾਸੀਆਂ ਦਾ ਇਹ ਹੀ ਮਕਸਦ ਸੀ ਕਿ ਭੁੱਲੇ ਭਟਕੇ ਲੋਕਾਂ ਨੂੰ ਸਹੀ ਦਿਸ਼ਾ ਦੇਣਾ ਅਤੇ ਪ੍ਰਭੂ ਭਗਤੀ ਨਾਲ ਜੋੜਨਾ। ਉਦਾਸੀਆਂ ਤੋਂ ਬਾਅਦ ਆਪਣੇ ਅਖੀਰਲੇ ਦਿਨਾਂ ਵਿੱਚ ਉਨ੍ਹਾਂ ਨੇ ਕਰਤਾਰਪੁਰ ਸਥਾਨ ਵਸਾਇਆ ਅਤੇ ਉੱਥੇ ਆਪਣੇ ਹੱਥੀਂ ਕਿਰਤ ਕੀਤੀ, ਹਲ਼ ਵਾਹਿਆ, ਖੇਤੀ ਕੀਤੀ ਤੇ ਲੋਕਾਈ ਨੂੰ ਕਿਰਤ ਕਰਨ ਦਾ ਸੰਦੇਸ਼ ਦਿੱਤਾ।
ਅੱਜ ਦੇ ਸੰਦਰਭ ਵਿੱਚ ਜੇ ਦੇਖਿਆ ਜਾਵੇ ਤਾਂ ਜਿਨ੍ਹਾਂ ਬੁਰਾਈਆਂ ਝੂਠ-ਫਰੇਬ, ਅਡੰਬਰ, ਠੱਗੀ-ਠੋਰੀ, ਵਹਿਮ-ਭਰਮ, ਚੁਗਲੀ-ਨਿੰਦਿਆ, ਮੜ੍ਹੀਆਂ-ਮਸਾਣ ਪੂਜਣ ਆਦਿ ਜਿਹੇ ਬਹੁਤ ਸਾਰੇ ਕੰਮਾਂ ਤੋਂ ਸਾਨੂੰ ਵਰਜਿਆ ਸੀ, ਅਸੀਂ ਅੱਜ ਤਕ ਵੀ ਉਨ੍ਹਾਂ ਬੁਰਾਈਆਂ ਦੇ ਸ਼ਿਕੰਜੇ ਵਿੱਚੋਂ ਨਹੀਂ ਨਿਕਲ ਪਾਏ। ਇਸਦਾ ਮਤਲਬ ਇਹ ਹੈ ਕਿ ਅਸੀਂ ਸਿਰਫ ਸੁਣਦੇ ਹਾਂ, ਉਸ ਤੇ ਅਮਲ ਨਹੀਂ ਕਰਦੇ। ਉਨ੍ਹਾਂ ਨੇ ਮਨੁੱਖ ਨੂੰ ਸਾਦਾ ਰਹਿਣ-ਸਹਿਣ ਤੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਪਰ ਅਸੀਂ ਅੱਜ ਉਨ੍ਹਾਂ ਦੇ ਕਿਰਤ ਕਰਨ ਦੇ ਦਿੱਤੇ ਸੰਦੇਸ਼ ਨੂੰ ਵਿਸਾਰ ਦਿੱਤਾ ਹੈ। ਕੋਈ ਕਿਰਤ ਕਰਕੇ ਰਾਜ਼ੀ ਨਹੀਂ। ਮਾਨਸਿਕਤਾ ਇਹ ਬਣ ਚੁੱਕੀ ਹੈ ਕਿ ਬਿਨਾਂ ਕੋਈ ਕੰਮ ਕੀਤੇ ਹੀ ਧਨ-ਦੌਲਤ ਮਿਲਦੀ ਰਹੇ, ਜੋ ਗਲਤ ਸੋਚ ਦੀ ਨਿਸ਼ਾਨੀ ਹੈ। ਉਹ ਮਾਨਵਤਾ ਨੂੰ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਸੰਦੇਸ਼ ਦਿੰਦੇ ਹੋਏ ਫੁਰਮਾਉਂਦੇ ਹਨ:
ਘਾਲਿ ਖਾਇ ਕਿਛੁ ਹਥਹੁ ਦੇਇ॥
ਬੇਈਮਾਨੀ, ਠੱਗੀ-ਠੋਰੀ, ਹਰਾਮ ਨਾਲ ਕਮਾਈ ਦੌਲਤ ਇਨਸਾਨ ਦੀ ਮੱਤ ਮਾਰ ਦਿੰਦੀ ਹੈ ਜਿਸ ਨਾਲ ਉਹ ਪਾਪਾਂ ਦੇ ਜਾਲ਼ ਵਿੱਚ ਘਿਰਿਆ ਰਹਿੰਦਾ ਹੈ। ਜੇ ਅਸੀਂ ਆਪਣੇ ਇਸ ਮਹਾਨ ਗੁਰੂ, ਪੈਗੰਬਰ, ਰਹਿਬਰ ਨੂੰ ਉਨ੍ਹਾਂ ਦੇ ਇਸ ਪ੍ਰਕਾਸ਼ ਪੁਰਬ ’ਤੇ ਸੱਚੇ ਮਨ ਨਾਲ, ਸ਼ਰਧਾ ਭਾਵਨਾ ਨਾਲ ਯਾਦ ਕਰਨਾ ਅਤੇ ਨਤਮਸਤਕ ਹੋਣਾ ਚਾਹੁੰਦੇ ਹਾਂ ਤਾਂ ਅੱਜ ਸਾਨੂੰ ਲੋੜ ਹੈ, ਉਨ੍ਹਾਂ ਦੇ ਦੱਸੇ ਰਾਹ ’ਤੇ ਚੱਲਣ ਦੀ ਤੇ ਹਰ ਤਰ੍ਹਾਂ ਦੀ ਬੁਰਾਈ, ਜੋ ਮਾਨਵ ਜਾਤੀ ਲਈ ਘਾਤਕ ਹੈ, ਨੂੰ ਤਿਆਗਣ ਦੀ ਅਤੇ ਆਪਣੇ ਜੀਵਨ ਵਿੱਚ ਉਨ੍ਹਾਂ ਦੇ ਦਿੱਤੇ ਉਪਦੇਸ਼ ਨੂੰ ਧਾਰਨ ਕਰਨ ਦੀ ਤਾਂ ਕਿ ਉਨ੍ਹਾਂ ਦੇ ਸੱਚੇ-ਸੁੱਚੇ ਬੋਲ਼ ਸਾਡੇ ਹਨੇਰੇ ਰਾਹਾਂ ਨੂੰ ਹਮੇਸ਼ਾ ਰੁਸ਼ਨਾਉਂਦੇ ਰਹਿਣ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5442)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)