“ਬਿਨਾਂ ਕਿਸੇ ਡਰ ਤੋਂ ਬੁਰਾਈ, ਝੂਠ, ਭ੍ਰਿਸ਼ਟਾਚਾਰ ਅਤੇ ਧੱਕੇਸ਼ਾਹੀ ਦੇ ਖ਼ਿਲਾਫ਼ ਆਵਾਜ਼ ਬੁਲੰਦ ...”
(29 ਦਸੰਬਰ 2025)
ਲਾਸਾਨੀ, ਬੇਮਿਸਾਲੀ ਅਤੇ ਅਦੁੱਤੀ ਸ਼ਹਾਦਤਾਂ ਦੀ ਗਵਾਹੀ ਭਰਦਾ ਸਿੱਖ ਇਤਿਹਾਸ ਜਿਸਦੇ ਮਰਜੀਵੜਿਆਂ ਨੇ ਆਪਣੇ ਹੀ ਨਹੀਂ, ਸਮੁੱਚੀ ਮਾਨਵਤਾ ਅਤੇ ਧਰਮ (ਸੱਚ) ਲਈ ਆਪਣੀਆਂ ਕੁਰਬਾਨੀਆਂ ਦੇ ਕੇ ਇਸਦਾ ਰੁਤਬਾ ਬੁਲੰਦ ਰੱਖਿਆ। ਇਸਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ। ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਂਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਾਂਤਮਈ ਸ਼ਹਾਦਤਾਂ ਨੇ ਜਿੱਥੇ ਮੁਗ਼ਲ ਬਾਦਸ਼ਾਹਾਂ ਦੇ ਜ਼ੁਲਮ ਦੀਆਂ ਦੀਵਾਰਾਂ ਨੂੰ ਹਿਲਾ ਦਿੱਤਾ, ਉੱਥੇ ਸੱਚ-ਧਰਮ ਨਾਲ ਜੁੜੇ ਉਨ੍ਹਾਂ ਦੇ ਸਿੱਖਾਂ ਵਿੱਚ ਅਜਿਹਾ ਜੋਸ਼ ਅਤੇ ਸਿਦਕ ਭਰਿਆ, ਜਿਸਨੇ ਮੁਗ਼ਲ ਸਲਤਨਤ ਦਾ ਖਾਤਮਾ ਕਰਕੇ ਹੀ ਦਮ ਲਿਆ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਹੁਣ ਵੇਲਾ ਆ ਗਿਆ ਸੀ ਕਿ ਸ਼ਾਂਤਮਈ ਸ਼ਹਾਦਤਾਂ ਦੇਣ ਦੀ ਬਜਾਇ ਜ਼ਾਲਮ ਦੇ ਜ਼ੁਲਮ ਨੂੰ ਰੋਕਣ ਲਈ ਉਸਦਾ ਟਾਕਰਾ ਜ਼ਰੂਰੀ ਹੋ ਗਿਆ ਸੀ। ਹੌਲੀ-ਹੌਲੀ ਦਸਮ ਪਿਤਾ ਨੇ ਭੈੜੇ ਮਨਸੂਬਿਆਂ ਦੇ ਮਾਲਕ ਪਹਾੜੀ ਰਾਜਿਆਂ ਅਤੇ ਮੁਗਲ ਹਾਕਮਾਂ ਨੂੰ ਨੱਥ ਪਾਉਣ ਲਈ ਆਪਣੇ ਸਿੰਘਾਂ ਨੂੰ ਫੌਜ ਦੇ ਰੂਪ ਵਿੱਚ ਸੰਗਠਤ ਕਰਨਾ ਸ਼ੁਰੂ ਕਰ ਦਿੱਤਾ ਅਤੇ 1699 ਈ: ਵਿੱਚ ਖਾਲਸਾ ਪੰਥ ਦੀ ਸਿਰਜਣਾ ਅਤੇ ਅੰਮ੍ਰਿਤ ਦੀ ਦਾਤ ਬਖਸ਼ ਕੇ ਆਪਣੇ ਸਿੱਖਾਂ ਨੂੰ ਸਿੰਘ ਦਾ ਖਿਤਾਬ ਦੇ ਕੇ ਸੱਚਮੁੱਚ ਹੀ ਸ਼ੇਰਾਂ ਵਰਗੀ ਤਾਕਤ ਅਤੇ ਪਹਾੜ ਵਰਗੇ ਹੌਸਲਿਆਂ ਨਾਲ ਨਿਵਾਜਿਆ; ਜਿਸ ਸਦਕੇ ਇਕੱਲਾ-ਇਕੱਲਾ ਸਿੰਘ ਲੱਖਾਂ ’ਤੇ ਭਾਰੂ ਪੈਂਦਾ ਸੀ, ਜਿਸਦੀ ਗਵਾਹੀ ਇਹ ਸਤਰਾਂ ਬਾਖੂਬੀ ਭਰਦੀਆਂ ਹਨ:
ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਨਾਮ ਕਹਾਊਂ।
ਸਮਰੱਥ ਗੁਰੂ, ਬਾਜਾਂ ਵਾਲੇ, ਕਲਗ਼ੀਧਰ ਪਾਤਸ਼ਾਹ, ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਸਿੰਘਾਂ ਨੂੰ ਥਾਪੜਾ ਮਿਲ ਜਾਂਦਾ, ਉਹ ਗਿੱਦੜਾਂ ਤੋਂ ਸ਼ੇਰ ਬਣ ਜਾਂਦੇ। ਚਿੜੀਆਂ ਤੋਂ ਬਾਜ਼ ਤੁੜਾਉਣ ਵਾਲੇ ਅਜਿਹੇ ਗੁਰੂ, ਜਿਨ੍ਹਾਂ ਨੇ ਜ਼ੁਲਮ ਦਾ ਟਾਕਰਾ ਕਰਨ ਲਈ ਆਪਣੇ ਸਿੰਘਾਂ ਵਿੱਚ ਅਜਿਹਾ ਜੋਸ਼ ਭਰਿਆ ਕਿ ਹਰ ਸਿੰਘ ਮੈਦਾਨ-ਏ-ਜੰਗ ਵਿੱਚ ਉੱਤਰਨ ਲਈ ਉਤਾਵਲਾ ਰਹਿੰਦਾ। ਅਨੰਦਪੁਰ ਸਾਹਿਬ, ਸਰਸਾ ਨਦੀ, ਪਰਿਵਾਰ ਵਿਛੋੜਾ ਅਤੇ ਚਮਕੌਰ ਸਾਹਿਬ ਦੀ ਜੰਗ ਦੌਰਾਨ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੁਆਰਾ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦੇਣਾ ਆਦਿ ਸਾਰਾ ਘਟਨਾਕ੍ਰਮ ਇਤਿਹਾਸ ਮੁਤਾਬਿਕ 6 ਪੋਹ ਤੋਂ 13 ਪੋਹ ਤਕ ਸਿਰਫ ਇੱਕ ਹਫਤੇ ਵਿੱਚ ਵਾਪਰਿਆ ਦੱਸਿਆ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਜੀ ਦਾ ਸਮਰੱਥ ਹੋਣਾ ਅਤੇ ਹੋਣੀ ਬਾਰੇ ਸਭ ਜਾਣਨਾ ਪਰ ਕੁਦਰਤ ਦੀ ਕਰਨੀ ਵਿੱਚ ਕੋਈ ਦਖ਼ਲ ਨਾ ਦੇਣਾ, ਉਨ੍ਹਾਂ ਦੇ ਖ਼ੁਦ ਰੱਬੀ ਨੂਰ ਹੋਣ ਦਾ ਪ੍ਰਮਾਣ ਦਿੰਦਾ ਹੈ। ਵੱਡੇ ਸਾਹਿਬਜ਼ਾਦਿਆਂ ਨੂੰ ਚਮਕੌਰ ਦੀ ਗੜ੍ਹੀ ਵਿੱਚੋਂ ਖ਼ੁਦ ਤਿਆਰ ਕਰਕੇ ਜੰਗ-ਏ-ਮੈਦਾਨ ਵਿੱਚ ਭੇਜਣਾ, ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਦੇਖਣਾ ਅਤੇ ਦੋਵਾਂ ਦੇ ਸ਼ਹੀਦ ਹੋਣ ਉਪਰੰਤ ਜੈਕਾਰਾ ਛੱਡਣਾ, ਅਜਿਹਾ ਕੋਈ ਮਹਾਂਪੁਰਸ਼ ਅਤੇ ਨੂਰ-ਏ-ਇਲਾਹੀ ਹੀ ਕਰ ਸਕਦਾ ਹੈ।
ਇੱਕ ਪਾਸੇ ਇਹ ਕਹਿਰ ਵਰਤ ਰਿਹਾ ਸੀ ਤੇ ਦੂਜੇ ਪਾਸੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੀ ਕੈਦ ਵਿੱਚ ਦਿੱਤੇ ਜਾ ਰਹੇ ਤਸੀਹਿਆਂ ਦਾ ਡਟ ਕੇ ਸਾਹਮਣੇ ਕਰਦੇ ਹੋਏ, ਧਰਮ ’ਤੇ ਕਾਇਮ ਰਹਿੰਦਿਆਂ ਸ਼ਹੀਦੀਆਂ ਪਾ ਗਏ। ਧਰਮ (ਸੱਚ) ਦੀ ਖਾਤਰ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਦਿੱਤਾ ਪਰ ਸੀਅ ਨਾ ਉੱਚਰੀ ਸਗੋਂ ਉਸ ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਉਚਾਰਦੇ ਰਹੇ:
ਤੇਰਾ ਭਾਣਾ ਮੀਠਾ ਲਾਗੇ।
ਇਨ੍ਹਾਂ ਸ਼ਹੀਦੀਆਂ ਦੇ ਘਟਨਾਕ੍ਰਮ ਦੇ ਚਲਦਿਆਂ ਹੀ ਮੁਗ਼ਲ ਸਲਤਨਤ ਦੀਆਂ ਜੜ੍ਹਾਂ ਉੱਖੜਨੀਆਂ ਸ਼ੁਰੂ ਹੋ ਗਈਆਂ ਅਤੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਵੈਰਾਗੀ ਮਾਧੋ ਦਾਸ, ਜਿਸ ਨੂੰ ਅੰਮ੍ਰਿਤ ਰੂਪੀ ਸ਼ਕਤੀ ਬਖ਼ਸ਼ ਕੇ, ਬੰਦਾ ਸਿੰਘ ਬਹਾਦਰ ਬਣਾ ਕੇ ਜ਼ੁਲਮ ਅਤੇ ਜ਼ਾਲਮ ਦਾ ਨਾਸ ਕਰਨ ਲਈ ਪੰਜਾਬ ਵੱਲ ਤੋਰਿਆ। ਗੁਰੂ ਜੀ ਦਾ ਥਾਪੜਾ ਪ੍ਰਾਪਤ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚੋਂ ਮੁਗਲ ਰਾਜ ਦੀਆਂ ਜੜ੍ਹਾਂ ਉਖਾੜ ਦਿੱਤੀਆਂ ਅਤੇ ਇਸ ਧਰਮ ਕਾਰਜ ਨੂੰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਸ਼ਹੀਦੀ ਸਮਾਗਮਾਂ ਵਿੱਚ ਹਰ ਸਾਲ ਸੰਗਤ ਦੇਸ਼ਾਂ-ਵਿਦੇਸ਼ਾਂ ਵਿੱਚੋਂ ਆ ਕੇ ਇੱਥੋਂ ਦੀ ਮਿੱਟੀ ਨੂੰ ਸਜਦਾ ਕਰਦੀ ਹੈ। ਅੱਲ੍ਹਾ ਯਾਰ ਖਾਂ ਜੋਗੀ ਨੇ ਆਪਣੀ ਲਿਖਤ ‘ਗੰਜ-ਏ-ਸ਼ਹੀਦਾਂ’ ਵਿੱਚ ਫ਼ੁਰਮਾਇਆ ਹੈ:
ਉਠਾਏਂ ਆਂਖੋਂ ਸੇ ਆਕਰ ਯਹਾਂ ਕੀ ਮੱਟੀ ਕੋ,
ਜੋ ਖ਼ਾਕ ਛਾਨਤੇ ਫਿਰਤੇ ਹੈਂ ਕੀਮੀਯਾ ਕੇ ਲੀਯੇ।
ਸ਼ਹੀਦੀ ਸਮਾਗਮਾਂ ਦੌਰਾਨ ਗੁਰਬਾਣੀ ਵਿਚਾਰਾਂ ਹੁੰਦੀਆਂ ਹਨ। ਆਧੁਨਿਕ ਤਕਨਾਲੋਜੀ ਦੁਆਰਾ ਸ਼ਹੀਦੀ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ ਅਤੇ ਚਰਚਾਵਾਂ ਦੀਆਂ ਲੜੀਆਂ ਦਾ ਪ੍ਰਵਾਹ ਚਲਦਾ ਹੈ। ਅੱਜ ਸਾਨੂੰ ਇਸ ਮਹਾਨ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਸਾਡੇ ਉਨ੍ਹਾਂ ਗੁਰੂਆਂ ਦੇ ਦਰਸਾਏ ਸੱਚ ਦੇ ਰਾਹ ’ਤੇ ਚੱਲਣ ਅਤੇ ਬਿਨਾਂ ਕਿਸੇ ਡਰ ਤੋਂ ਬੁਰਾਈ, ਝੂਠ, ਭ੍ਰਿਸ਼ਟਾਚਾਰ ਅਤੇ ਧੱਕੇਸ਼ਾਹੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਦਸਮੇਸ਼ ਪਿਤਾ, ਸਰਬੰਸਦਾਨੀ ਇੰਨੇ ਘੱਟ ਸਮੇਂ ਵਿੱਚ ਮਹਾਨ ਕਾਰਨਾਮੇ ਕਰਕੇ ਦੁਨੀਆਂ ਦੇ ਇਤਿਹਾਸ ਵਿੱਚ ਅਜਿਹੀਆਂ ਬੇਮਿਸਾਲੀ ਸ਼ਹਾਦਤਾਂ ਦਰਜ ਕਰ ਗਏ, ਜਿਸ ਅੱਗੇ ਸਮੁੱਚੀ ਮਨੁੱਖਤਾ ਦਾ ਸਿਰ ਹਮੇਸ਼ਾ ਝੁਕਦਾ ਰਹੇਗਾ ਅਤੇ ਅੱਜ ਲੋੜ ਹੈ ਸਾਨੂੰ ਸੱਚੇ ਦਿਲ ਅਤੇ ਦ੍ਰਿੜ੍ਹਤਾ ਨਾਲ ਉਨ੍ਹਾਂ ਦੇ ਉਪਦੇਸ਼ ਨੂੰ ਧਾਰਨ ਕਰਦਿਆਂ ਕੰਮ ਕਰਨ ਦੀ ਤਾਂ ਕਿ ਸਾਡੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਦੇ ਹੋਏ ਗੁਰੂਆਂ ਦੇ ਦਰਸਾਏ ਸੱਚ ਦੇ ਮਾਰਗ ’ਤੇ ਚੱਲਣ ਦਾ ਹਰ ਸੰਭਵ ਯਤਨ ਕਰੀਏ ਤਾਂ ਹੀ ਸਾਡੀ ਉਨ੍ਹਾਂ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਹਾਜ਼ਰੀ ਮਨਜ਼ੂਰ ਹੋਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































