“ਇਨ੍ਹਾਂ ਅਜੀਬ ਜਿਹੀ ਬਾਜ਼ੀ ਪਾਉਣ ਵਾਲਿਆਂ ਜੀਵਾਂ ਨੂੰ ਲੋਕ ਅੱਜਕਲ ਆਮ ਭਾਸ਼ਾ ਵਿੱਚ ਨੇਤਾ ਕਹਿੰਦੇ ਹਨ। ਭਲੇ ...”
(2 ਮਈ 2024)
ਇਸ ਸਮੇਂ ਪਾਠਕ: 290.
ਪਹਿਲਾਂ ਸਾਡੇ ਪਿੰਡਾਂ ਵਿੱਚ ਬਾਜ਼ੀ ਪਾਉਣ ਵਾਲੇ ਕਲਾਕਾਰ ਆਉਂਦੇ ਹੁੰਦੇ ਸੀ। ਪਿੰਡਾਂ ਦੇ ਆਦਮੀ, ਔਰਤਾਂ, ਬੱਚੇ, ਬੁੱਢੇ ਗੱਲ ਕੀ ਸਾਰੇ ਇਸ ਬਾਜ਼ੀ ਦਾ ਆਨੰਦ ਲੈਣ ਲਈ ਇੱਕ ਨਿਸ਼ਚਿਤ ਕੀਤੀ ਥਾਂ ’ਤੇ ਪਹੁੰਚ ਜਾਂਦੇ। ਇਨ੍ਹਾਂ ਵੱਲੋਂ ਪਿੰਡ ਦੇ ਵਿਚਕਾਰ ਕਿਸੇ ਸਾਂਝੀ ਥਾਂ ’ਤੇ ਆਪਣੀਆਂ ਕਲਾਬਾਜ਼ੀਆਂ ਨਾਲ ਸਭ ਦਾ ਭਰਪੂਰ ਮਨੋਰੰਜਨ ਕੀਤਾ ਜਾਂਦਾ ਸੀ। ਇਹ ਵੱਡੀਆਂ ਵੱਡੀਆਂ ਟਪੂਸੀ ਮਾਰਦੇ, ਸਾਰੇ ਦੇਖ ਕੇ ਹੈਰਾਨ ਹੁੰਦੇ। ਇਹ ਆਪਣੀ ਕਲਾ ਦਾ ਪ੍ਰਦਰਸ਼ਨ ਰੋਜ਼ੀ ਰੋਟੀ ਲਈ ਕਰਦੇ ਸਨ ਪਰ ਅੱਜ ਚੋਣਾਂ ਦੇ ਐਲਾਨ ਤੋਂ ਬਾਅਦ ਸਾਡੇ ਪੂਰੇ ਦੇਸ਼ ਵਿੱਚ ਇੱਕ ਹੋਰ ਹੀ ਤਰ੍ਹਾਂ ਦੇ ਬਾਜ਼ੀਗਰਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਦੀਆਂ ਟਪੂਸੀਆਂ ਵੱਡੇ-ਵੱਡੇ ਕਲਾਕਾਰਾਂ ਨੂੰ ਮਾਤ ਪਾ ਰਹੀਆਂ ਹਨ। ਕੋਈ ਟਪੂਸੀ ਮਾਰ ਕੇ ਕਿਸੇ ਪਾਸੇ ਨੂੰ ਤੇ ਕੋਈ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਹੈ। ਦਰਸ਼ਕ ਬੜੇ ਹੈਰਾਨ ਹਨ ਕਿ ਇਹ ਹੋਈ ਕੀ ਜਾਂਦਾ ਹੈ। ਦਰਸ਼ਕ ਦੇਖਣਾ ਕੁਝ ਹੋਰ ਚਾਹੁੰਦੇ ਹਨ ਪਰ ਹੋਈ ਕੁਝ ਹੋਰ ਹੀ ਜਾ ਰਿਹਾ ਹੈ। ਉਨ੍ਹਾਂ ਦੇ ਦੇਖੇ-ਭਾਲੇ, ਜਾਣੇ-ਪਛਾਣੇ ਇਹ ਕਿਹੋ ਜਿਹੇ ਕਲਾਕਾਰ ਨੇ ਜਿਹੜੇ ਆਪਣੀ ਖੇਡ ਕਿਸੇ ਹੋਰ ਦੇ ਪਾਲ਼ੇ ਵਿੱਚ ਜਾ ਕੇ ਖੇਡ ਰਹੇ ਹਨ। ਉਸ ਪਾਲ਼ੇ ਵਾਲੇ ਛਲਾਂਗ ਮਾਰ ਕੇ ਨਾਲ ਵਾਲੇ ਪਾਲ਼ੇ ਵਿੱਚ ਪਹੁੰਚ ਜਾਂਦੇ ਹਨ। ਪੂਰੀ ਬਾਜ਼ੀ ਹੀ ਵਿਗੜਦੀ ਜਾ ਰਹੀ ਹੈ। ਪਤਾ ਹੀ ਨਹੀਂ ਲਗਦਾ ਕੌਣ ਕਦੋਂ ਕਿੱਧਰ ਜਾ ਕੇ ਆਪਣੀ ਡੁਗਡੁਗੀ ਵਜਾਉਣ ਲਗਦਾ ਹੈ।
ਇਨ੍ਹਾਂ ਅਜੀਬ ਜਿਹੀ ਬਾਜ਼ੀ ਪਾਉਣ ਵਾਲਿਆਂ ਜੀਵਾਂ ਨੂੰ ਲੋਕ ਅੱਜਕਲ ਆਮ ਭਾਸ਼ਾ ਵਿੱਚ ਨੇਤਾ ਕਹਿੰਦੇ ਹਨ। ਭਲੇ ਨੇਤਾਵਾਂ ਦਾ ਇੱਕ ਤਰ੍ਹਾਂ ਨਾਲ ਕਾਲ਼ ਹੀ ਪੈ ਗਿਆ ਹੈ। ਅਸਲ ਵਿੱਚ ਭਲਾ ਆਦਮੀ ਇਸ ਗੰਧਲੀ ਰਾਜਨੀਤੀ ਤੋਂ ਦੂਰ ਹੀ ਰਹਿੰਦਾ ਹੈ। ਦੂਜੀ ਗੱਲ, ਜੇ ਉਹ ਚੋਣ ਮੈਦਾਨ ਵਿੱਚ ਆਉਂਦਾ ਹੈ ਤਾਂ ਉਸ ਨੂੰ ਵੋਟ ਹੀ ਨਹੀਂ ਪਾਈ ਜਾਂਦੀ ਕਿਉਂਕਿ ਲੋਕਾਂ ਦੀ ਮਾਨਸਿਕਤਾ ਵੀ ਇਹੋ ਜਿਹੀ ਬਣ ਗਈ ਕਿ ਇਹਨੇ ਕਿਹੜਾ ਜਿੱਤਣਾ ਹੈ। ਉਹ ਭਲਿਉ ਲੋਕੋ! ਜੇ ਤੁਸੀਂ ਸਭ ਰਲ਼ ਕੇ ਇਸ ਨੂੰ ਵੋਟਾਂ ਪਾਵੋਂਗੇ ਤਾਂ ਹੀ ਉਹ ਜਿੱਤੇਗਾ। ਦੂਸਰੇ ਪਾਸੇ ਸਾਡੀ ਅੱਜ ਦੀ ਰਾਜਨੀਤੀ ਵਿੱਚ ਬਹੁਤ ਸਾਰੇ ਨੇਤਾ ਕਿਸੇ ਨਾ ਕਿਸੇ ਘੋਟਾਲੇ ਵਿੱਚ ਫਸੇ ਹੋਏ ਹਨ। ਇਨ੍ਹਾਂ ਬਾਰੇ ਲੋਕਾਂ ਨੂੰ ਹੁਣ ਬਹੁਤ ਕੁਝ ਪਤਾ ਲੱਗ ਗਿਆ ਹੈ ਕਿ ਕਿਵੇਂ ਇਹ ਭੋਲ਼ੀ-ਭਾਲ਼ੀ ਜਨਤਾ ਨੂੰ ਆਪਣੀ ਕੁਰਸੀ ਕਾਇਮ ਰੱਖਣ ਲਈ ਬੇਵਕੂਫ ਬਣਾਉਂਦੇ ਹਨ। ਕਿਵੇਂ ਇਹ ਧਰਮ, ਜਾਤ-ਪਾਤ ਦੇ ਨਾਂ ’ਤੇ ਵੋਟਾਂ ਬਟੋਰਦੇ ਹਨ। ਦਲ ਬਦਲੀ ਤਾਂ ਪਹਿਲਾਂ ਵੀ ਅਸੀਂ ਦੇਖਦੇ ਹੀ ਹਾਂ ਪਰ ਜਿੰਨੀ ਗਿਣਤੀ ਵਿੱਚ ਇਸ ਵਾਰ ਹੋ ਰਹੀ ਹੈ, ਇਸ ਨੇ ਸ਼ਾਇਦ ਪਿਛਲੇ ਸਾਰੇ ਰਿਕਾਰਡ ਤੋੜ ਦੇਣੇ ਹਨ। ਜਿਸ ਨੂੰ ਵਿਰੋਧੀ ਪਾਰਟੀ ਦਾ ਹੋਣ ’ਤੇ ਭੰਡਿਆ ਜਾਂਦਾ ਸੀ, ਉਹ ਹੁਣ ਇੱਧਰ ਆ ਕੇ ਦੁੱਧ ਧੋਤਾ ਬਣ ਗਿਆ। ਉਸ ਦਾ ਬੜਾ ਗੁਣਗਾਣ ਕੀਤਾ ਜਾਂਦਾ ਹੈ। ਅਸਲ ਵਿੱਚ ਬਹੁਤਾਤ ਸਿਆਸੀ ਪਾਰਟੀਆਂ ਦਾ ਕਿਰਦਾਰ ਬੜੇ ਨੀਵੇਂ ਪੱਧਰ ਤਕ ਚਲਾ ਗਿਆ ਹੈ। ਉਹਨਾਂ ਨੂੰ ਸਿਰਫ਼ ਸੱਤਾ ਚਾਹੀਦੀ ਹੈ, ਹੋਰ ਉਨ੍ਹਾਂ ਨੂੰ ਕੁਝ ਦਿਖਾਈ ਹੀ ਨਹੀਂ ਦਿੰਦਾ। ਦੇਸ਼ ਵਿਚਲੀ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ ਉਨ੍ਹਾਂ ਨੂੰ ਦਿਖਾਈ ਨਹੀਂ ਦਿੰਦੀ।
ਦੇਸ਼ ਆਜ਼ਾਦ ਹੋਏ ਨੂੰ ਸਤੱਤਰ ਸਾਲ ਹੋ ਗਏ ਹਨ। ਵੱਡੀਆਂ ਵੱਡੀਆਂ ਸਿਆਸੀ ਪਾਰਟੀਆਂ ਦੀ ਵਾਰੋ ਵਾਰੀ ਹਕੂਮਤ ਰਹੀ ਹੈ। ਪਰ ਇੰਨੇ ਵਰ੍ਹਿਆਂ ਵਿੱਚ ਸਾਡੇ ਮੁਲਕ ਵਿਚਲੀਆਂ ਸਮੱਸਿਆਵਾਂ ਵਿੱਚੋਂ ਇਨ੍ਹਾਂ ਨੇ ਇੱਕ ਵੀ ਸਮੱਸਿਆ ਨੂੰ ਪੂਰਨ ਤੌਰ ’ਤੇ ਨਾ ਸਹੀ, ਕੁਝ ਹੱਦ ਤਕ ਘੱਟ ਕਰਨ ਵਿੱਚ ਸਾਡੇ ਇਨ੍ਹਾਂ ਨੇਤਾਵਾਂ ਨੇ ਕੰਮ ਨਹੀਂ ਕੀਤਾ। ਦਿਨ ਪਰ ਦਿਨ ਮੁਲਕ ਦੇ ਹਾਲਾਤ ਵਿਗੜਦੇ ਜਾ ਰਹੇ ਹਨ। ਇਸ ਲਈ ਕੌਣ ਜ਼ਿੰਮੇਵਾਰ ਹੈ, ਮੇਰਾ ਖ਼ਿਆਲ ਇਹ ਸੋਚਣ ਦੀ ਲੋੜ ਨਹੀਂ, ਸਭ ਕੁਝ ਸ਼ੀਸ਼ੇ ਵਾਂਗ ਸਾਡੇ ਸਾਹਮਣੇ ਹੀ ਹੈ। ਪਹਿਲਾਂ ਗੱਲਾਂ ਛੁਪੀਆਂ ਰਹਿ ਜਾਂਦੀਆਂ ਸਨ ਪਰ ਹੁਣ ਸੋਸ਼ਲ ਮੀਡੀਆ ਦਾ ਯੁਗ ਹੈ। ਹਰ ਗੱਲ ਮਿੰਟੋ-ਮਿੰਟੀ ਦੇਸ਼ ਦੁਨੀਆਂ ਵਿੱਚ ਫੈਲ ਜਾਂਦੀ ਹੈ। ਸਿਆਣੇ ਬੰਦਿਆਂ ਵੱਲੋਂ ਵਾਰ ਵਾਰ ਤਾਕੀਦ ਕੀਤੀ ਜਾਂਦੀ ਹੈ ਕਿ ਇਸ ਵਾਰ ਪਾਰਟੀ ਨਹੀਂ, ਬੰਦਾ ਦੇਖ ਕੇ ਵੋਟ ਪਾਇਉ। ਪਰ ਹੁਣ ਸਭ ਤੋਂ ਵੱਡਾ ਮਸਲਾ ਤਾਂ ਇਹ ਹੈ ਕਿ ਬਈ ਜਿਹੜੇ ਨੇਤਾ ਚੋਣ ਮੈਦਾਨ ਵਿੱਚ ਹਨ ਜਾਂ ਉੱਤਰਨਗੇ, ਉਨ੍ਹਾਂ ਵਿੱਚੋਂ ਬਹੁਤਾਤ ਨੂੰ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿ ਇਹ ਹਲਕੇ ਲਈ ਕਿੰਨੇ ਕੁ ਵਫ਼ਾਦਾਰ ਹਨ। ਬਾਬਾ ਨਜ਼ਮੀ ਦੀਆਂ ਇਹ ਸਤਰਾਂ ਕਿੰਨੀ ਸਚਾਈ ਬਿਆਨ ਕਰਦੀਆਂ ਹਨ:
ਜਿੰਨਾ ਤੀਕ ਇਲੈਕਸ਼ਨ ‘ਬਾਬਾ’ ਹੁੰਦਾ ਨਹੀਂ,
ਰਿਸ਼ਤਾ ਸਾਡੇ ਨਾਲ, ਸਿਆਸਤਦਾਨਾਂ ਦਾ।
ਹਰ ਵਾਰ ਜਨਤਾ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਦੇ ਹਨ ਇਹ ਸਿਆਸਤਦਾਨ। ਦੱਸਣ ਇਹ ਲੋਕਾਂ ਨੂੰ ਇਨ੍ਹਾਂ ਨੇ ਆਪਣੇ ਸੰਬੰਧਤ ਖੇਤਰ ਦਾ ਹੁਣ ਤਕ ਕੀ ਸਵਾਰਿਆ ਹੈ। ਕਿਹੜੇ ਅਜਿਹੇ ਕੰਮ ਕੀਤੇ ਹਨ ਜੋ ਲੋਕਾਂ ਨੂੰ ਦਿਸਣ, ਜਿਸ ਕਰਕੇ ਤੁਹਾਨੂੰ ਵੋਟ ਪਾਉਣ। ਸਾਡਾ ਮੁਲਕ ਕਿਸੇ ਸਮੇਂ ਸੋਨੇ ਦੀ ਚਿੜੀ ਸੀ। ਵਿਦੇਸ਼ੀ ਹਮਲਾਵਰਾਂ ਨੇ ਇਸ ਨੂੰ ਬੜਾ ਲੁੱਟਿਆ ਪਰ ਫਿਰ ਵੀ ਸਾਡੇ ਹਿੰਮਤੀ, ਮਿਹਨਤ ਮੁਸ਼ੱਕਤੀ ਲੋਕਾਂ ਸਦਕਾ ਆਪਣੀ ਅਮੀਰੀ ਕਾਇਮ ਰੱਖਦਾ ਰਿਹਾ ਸੀ। ਹੁਣ ਇਸ ਨੂਂ ਸਾਡੇ ਆਪਣਿਆਂ ਨੇ ਇਸ ਨੂੰ ਪੂਰੀ ਤਰ੍ਹਾਂ ਕੰਗਾਲ ਕਰ ਦਿੱਤਾ ਹੈ। ਵੱਡੇ ਵੱਡੇ ਘੋਟਾਲਿਆਂ ਦਾ ਪਰਦਾਫਾਸ਼ ਹੋ ਰਿਹਾ ਹੈ। ਦੇਸ਼ ਦਾ ਸਰਮਾਇਆ ਲੁੱਟ ਕੇ ਆਪਣੇ ਘਰ ਭਰੇ ਜਾ ਰਹੇ ਹਨ। ਲੋਕਾਂ ਦੇ ਹੱਥ ਮਿਹਨਤਾਂ ਕਰਕੇ ਵੀ ਖਾਲੀ ਹਨ:
ਸਾਡੀ ਫਿਰ ਚੰਗੇਰ ਨੇ ਖਾਲੀ ਰਹਿਣਾ ਏ,
ਭਰ ਜਾਣਾ ਏ ਥਾਲ਼ ਸਿਆਸਤਦਾਨਾਂ ਦਾ।
(ਬਾਬਾ ਨਜ਼ਮੀ)
ਹੁਣ ਸਭ ਤੋਂ ਇਹ ਹੀ ਵੱਡਾ ਮਸਲਾ ਹੈ ਕਿ ਕਿਸ ਨੂੰ ਵੋਟ ਪਾਈ ਜਾਵੇ? ਲੋਕ ਅਜੇ ਚੁੱਪ ਕਰਕੇ ਸਭ ਕੁਝ ਦੇਖ-ਸੁਣ ਰਹੇ ਹਨ। ਚੁੱਪੀ, ਖ਼ਮੋਸ਼ੀ ਵਿੱਚੋਂ ਜ਼ਰੂਰ ਕੁਝ ਨਾ ਕੁਝ ਚੰਗਾ ਨਿਕਲਣ ਦੀ ਆਸ ਹੁੰਦੀ ਹੈ। ਥੋੜ੍ਹਾ ਸਮਾਂ ਹੀ ਬਾਕੀ ਹੈ, ਦੇਖਦੇ ਹਾਂ ਲੋਕਾਂ ਦਾ ਰੋਹ ਕਿਸ ’ਤੇ ਨਿਕਲਦਾ ਹੈ ਤੇ ਕਿਸ ਦੇ ਹੱਕ ਵਿੱਚ ਲੋਕ ਆਪਣਾ ਫ਼ਤਵਾ ਦਿੰਦੇ ਹਨ।
ਸੋਚਣ ਵਾਲੀ ਗੱਲ ਹੈ ਕਿ ਹੁਣ ਕੀਤਾ ਕੀ ਜਾਵੇ। ਅਜਿਹੇ ਬੰਦੇ ਕਿੱਥੋਂ ਲਿਆਏ ਜਾਣ ਜੋ ਦੇਸ਼, ਸਮਾਜ ਲਈ ਸੱਚੇ ਮਨ ਨਾਲ ਕੁਝ ਕਰ ਸਕਣ। ਇਹ ਹੀ ਸਭ ਤੋਂ ਵੱਡਾ ਪ੍ਰਸ਼ਨ ਹੈ। ਅਜਿਹੇ ਵਿਅਕਤੀ ਸਾਨੂੰ ਆਪਣੇ ਆਲ਼ੇ-ਦੁਆਲ਼ੇ, ਆਪਣੇ ਚੌਗਿਰਦੇ ਵਿੱਚੋਂ ਹੀ ਭਾਲਣੇ ਪੈਣਗੇ ਜੋ ਵਿਗੜੇ ਹਾਲਾਤ ਲਈ ਸਾਡੇ ਵਿੱਚ ਰਹਿ ਕੇ ਕੰਮ ਕਰ ਸਕਣ। ਫਿਰ ਹੀ ਸਾਡੀਆਂ ਸਮੱਸਿਆਵਾਂ ਦਾ ਹੱਲ ਸੰਭਵ ਹੋ ਸਕਦਾ ਹੈ। ਇੱਥੇ ਇੱਕ ਸ਼ਿਅਰ ਚੇਤੇ ਵਿੱਚ ਆ ਗਿਆ ਹੈ ਜੋ ਕਾਫ਼ੀ ਕੁਝ ਬਿਆਨ ਕਰ ਰਿਹਾ ਹੈ:
ਸੂਰਜ ਦੀ ਇੱਕ ਕਿਰਨ, ਜਿਵੇਂ ਚੀਰਦੀ ਜਾਵੇ ਹਨੇਰਾ,
ਉੱਠਣਾ ਹੀ ਪੈਣਾ ਖ਼ਲਕਤ ਨੂੰ, ਕਰਕੇ ਵੱਡਾ ਜੇਰਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4932)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)