“ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਿਰਫ ਸਾਧਨ ਸੰਪੰਨ ਹੀ ਨਾ ਹੋਵੇ ...”
(21 ਅਪਰੈਲ 2026)
ਦੇਖਦਿਆਂ-ਦੇਖਦਿਆਂ ਬਹੁਤ ਕੁਝ ਬਦਲ ਗਿਆ ਹੈ। ਕਿੱਥੇ ਥੁੜਾਂ, ਤੰਗੀਆਂ-ਤੁਰਸ਼ੀਆਂ, ਸਾਧਨਾਂ ਦੀ ਘਾਟ, ਸੰਚਾਰ ਦੀ ਕਮੀ ਅਤੇ ਕਿੱਥੇ ਸਾਧਨ ਸੰਪੰਨ ਅਤੇ ਸਹੂਲਤਾਂ ਨਾਲ ਲਬਰੇਜ਼ ਅੱਜ ਦਾ ਮਨੁੱਖ ਅਤੇ ਇਹ ਚਮਤਕਾਰ ਯੁਕਤ ਜ਼ਮਾਨਾ। ਹੈਰਾਨੀਜਨਕ ਤਬਦੀਲੀ ਨੇ ਸਭ ਕੁਝ ਹੀ ਬਦਲ ਕੇ ਰੱਖ ਦਿੱਤਾ। ਆਧੁਨਿਕਤਾ ਦੇ ਇਸ ਦੌਰ ਨੇ ਸਾਦਗੀ, ਸ਼ੁੱਧ ਖਾਣ-ਪੀਣ, ਸਹਿਜਤਾ, ਮੇਲ-ਜੋਲ, ਸਬਰ, ਕੁਦਰਤ ਦੀ ਨੇੜਤਾ ਆਦਿ ਅਤੇ ਹੋਰ ਪਤਾ ਨਹੀਂ ਕਿੰਨਾ ਕੁਝ ਸਾਡੇ ਤੋਂ ਖੋਹ ਕੇ ਇਸ ਚਕਾਚੌਂਧ ਵਾਲੀ ਦੁਨੀਆਂ ਵਿੱਚ ਲਿਆ ਖੜ੍ਹਾ ਕੀਤਾ ਹੈ। ਆਏ-ਗਏ (ਮਾਲਵੇ ਅਤੇ ਦੁਆਬੇ ਵਿੱਚ ਇਹ ਸ਼ਬਦ ਜੋੜ ਘਰ ਆਏ ਕਿਸੇ ਪ੍ਰਾਹੁਣੇ ਲਈ ਵਰਤੇ ਜਾਂਦੇ ਹਨ) ਦੇ ਸਵਾਗਤ ਅਤੇ ਉਸਦੀ ਖਾਤਰ (ਸੇਵਾ) ਕਰਨ ਦੇ ਢੰਗ ਬਦਲਦੇ ਜਾ ਰਹੇ ਹਨ ਜਾਂ ਕਹਿ ਲਈਏ ਕਿ ਬਦਲ ਚੁੱਕੇ ਹਨ।
ਅੱਜ ਦਾ ਸਮਾਂ ਅਤੇ ਉਹ ਗੁਜ਼ਰਿਆ ਜ਼ਮਾਨਾ ਚੇਤੇ ਕਰਦਿਆਂ ਲਗਦਾ ਹੈ ਕਿ ਉੱਨਤੀ ਦੇ ਨਾਂ ’ਤੇ ਅਸੀਂ ਕਿੰਨਾ ਕੁਝ ਗਵਾ ਲਿਆ ਹੈ। ਛੋਟੇ ਹੁੰਦਿਆਂ ਦੀਆਂ ਉਹ ਗੱਲਾਂ ਅੱਜ ਵੀ ਉਸੇ ਤਰ੍ਹਾਂ ਚੇਤਿਆਂ ਵਿੱਚ ਘੁੰਮਣ ਲਗਦੀਆਂ ਹਨ। ਜਦੋਂ ਘਰ ਕੋਈ ਪ੍ਰਾਹੁਣਾ ਆਉਣਾ ਤਾਂ ਉਸ ਨੂੰ ਖਾਣੇ ਵਿੱਚ ਘਿਓ ਸ਼ੱਕਰ ਜਾਂ ਕੋਈ ਰੱਜਦਾ-ਪੁੱਜਦਾ ਘਰ ਘਿਓ ਬੂਰਾ ਦਿੰਦਾ। ਇਹ ਦੇਸੀ ਮਿੱਠਾ ਉਸ ਸਮੇਂ ਆਉ ਭਗਤ ਦੀ ਇੱਕ ਵਧੀਆ ਵੰਨਗੀ ਸੀ। ਦੇਸੀ ਘਿਓ ਅਤੇ ਸ਼ੱਕਰ ਦਾ ਸੁਮੇਲ ਜਿੱਥੇ ਸਰੀਰ ਨੂੰ ਬਲ ਬਖਸ਼ਦਾ ਸੀ, ਉੱਥੇ ਹੀ ਮਿਲਾਵਟ ਤੋਂ ਕੋਹਾਂ ਦੂਰ ਸ਼ੁੱਧਤਾ ਦੀ ਗਵਾਹੀ ਭਰਦਾ ਸੀ। ਲੋਕਾਂ ਦੇ ਜੁੱਸੇ ਨਰੋਏ ਅਤੇ ਮਨ ਸਾਫ ਸਨ। ਅੱਜ ਦੇ ਦੌਰ ਵਿੱਚ ਪ੍ਰਾਹੁਣਾਚਾਰੀ ਦਾ ਰੂਪ ਬਿਲਕੁਲ ਬਦਲ ਗਿਆ ਹੈ। ਹੁਣ ਕਿਸੇ ਦੇ ਆਉਣ ’ਤੇ ਰਸੋਈ ਵਿੱਚੋਂ ਖੁਸ਼ਬੂਆਂ ਨਹੀਂ ਉੱਠਦੀਆਂ, ਸਗੋਂ ਮੋਬਾਇਲ ਤੋਂ ਆਰਡਰ ਕਰਦਿਆਂ ਹੀ ਡਿਲਿਵਰੀ ਬੁਆਏ ਝੱਟ ਬੂਹੇ ’ਤੇ ਖਾਣ-ਪੀਣ ਦਾ ਸਾਮਾਨ ਲੈ ਕੇ ਹਾਜ਼ਰ ਹੋ ਜਾਂਦਾ ਹੈ। ਉਦੋਂ ਪਿੰਡਾਂ ਵਿੱਚ ਤਕਰੀਬਨ ਸਾਰੇ ਘਰਾਂ ਵਿੱਚ ਗੁੜ ਸ਼ੱਕਰ ਆਮ ਹੁੰਦਾ ਸੀ। ਬਹਾਨੇ ਨਾਲ ਸਾਨੂੰ ਵੀ ਖਾਣ ਲਈ ਘਿਓ ਸ਼ੱਕਰ ਜਾਂ ਘਿਓ ਬੂਰਾ ਮਿਲ ਜਾਂਦਾ ਸੀ। ਬੇਸ਼ਕ ਜਦੋਂ ਚਾਹੁੰਦੇ ਅਸੀਂ ਅਜਿਹਾ ਮਿੱਠਾ ਖਾ ਸਕਦੇ ਸੀ ਪਰ ਕਿਸੇ ਪ੍ਰਾਹੁਣੇ ਦੇ ਆਉਣ ਨਾਲ ਉਸ ਲਈ ਰਲਾਇਆ ਇਹ ਘਿਓ ਸ਼ੱਕਰ ਖਾਣ ਦਾ ਅਲੱਗ ਹੀ ਸੁਆਦ ਹੁੰਦਾ ਸੀ। ਛੋਟੇ ਹੁੰਦਿਆਂ ਦਾ ਬਣਿਆ ਘਿਓ ਸ਼ੱਕਰ ਖਾਣ ਦਾ ਸੁਆਦ ਅੱਜ ਵੀ ਜਦੋਂ ਕਦੇ ਜੇਕਰ ਜੀਅ ਕਰਦਾ ਹੈ ਤਾਂ ਖਾ ਲਈਦਾ ਹੈ ਪਰ ਜੋ ਉਹ ਸੁਆਦ ਸੀ, ਹੁਣ ਵਾਲੇ ਵਿੱਚ ਨਹੀਂ ਕਿਉਂਕਿ ਉਹ ਘਰ ਦਾ ਬਣਾਇਆ ਸ਼ੁੱਧ ਦੇਸੀ ਘਿਓ ਤੇ ਸ਼ੁੱਧ ਦੇਸੀ ਸ਼ੱਕਰ ਅੱਜ ਕਿੱਥੇ? ਅੱਜ ਘਰਾਂ ਵਿੱਚ ਲਵੇਰੀਆਂ (ਦੁਧਾਰੂ ਪਸ਼ੂ) ਰੱਖਣ ਦਾ ਦੌਰ ਲਗਭਗ ਖ਼ਤਮ ਹੋਣ ਦੇ ਕਿਨਾਰੇ ਹੈ। ਕੋਠੀ ਕਲਚਰ ਦੀ ਬਦੌਲਤ ਹੁਣ ਲੱਖਾਂ ਰੁਪਏ ਲਾ ਕੇ ਪਾਈਆਂ ਕੋਠੀਆਂ ਵਾਲੇ ਵਿਹੜਿਆਂ ਵਿੱਚ ਖ਼ਾਲੀ ਥਾਂ ’ਤੇ ਡੰਗਰ ਪਸ਼ੂ ਬੰਨ੍ਹੇ ਹੋਣ ਤੋਂ ਆਏ ਗਏ ਦੇ ਸਾਹਮਣੇ ਘਰ ਵਾਲੇ ਆਪਣੀ ਹੱਤਕ ਸਮਝਦੇ ਹਨ। ਪੰਜਾਬੀ ਡੰਗਰ ਪਸ਼ੂ ਦੀ ਥਾਂ ਉਸ ਖ਼ਾਲੀ ਥਾਂ ਵਿੱਚ ਅੰਗਰੇਜ਼ੀ ਘਾਹ ਲਾ ਕੇ ਪਾਰਕ ਬਣਾਉਣਾ ਆਧੁਨਿਕਤਾ ਸਮਝਣ ਲੱਗ ਪਏ ਹਨ।
ਜੇਕਰ ਅਜ਼ਾਦੀ ਤੋਂ ਬਾਅਦ ਜਿੱਥੇ ਅਬਾਦੀ ਵਧਣ ਦੇ ਨਾਲ ਪੈਦਾ ਹੋਏ ਅਨਾਜ ਸੰਕਟ ਦੀ ਗੱਲ ਕਰਦੇ ਹਾਂ, ਉੱਥੇ ਹਰੀ ਕ੍ਰਾਂਤੀ ਨੇ ਇਸ ਸੰਕਟ ਨੂੰ ਦੂਰ ਕਰ ਦਿੱਤਾ। ਇਸ ਦੁਆਰਾ ਨਵੇਂ ਬੀਜ, ਖਾਦਾਂ ਅਤੇ ਖੇਤੀਬਾੜੀ ਲਈ ਨਵੀਂ ਤਕਨੀਕ ਦੀ ਵਰਤੋਂ ਨਾਲ ਦੇਸ਼ ਵਿੱਚ ਅਨਾਜ ਦੀ ਥੁੜ ਦੂਰ ਹੋ ਗਈ ਅਤੇ ਦੇਸ਼ ਅਨਾਜ ਪੱਖੋਂ ਆਤਮ ਨਿਰਭਰ ਬਣ ਗਿਆ। ਕਣਕ ਦੇ ਨਾਲ-ਨਾਲ ਬਾਜਰਾ, ਜਵਾਰ, ਮੱਕੀ, ਜੌਂ ਆਦਿ ਅਨਾਜਾਂ ਦੇ ਉਤਪਾਦਨ ਵਿੱਚ ਵੀ ਹੋਰ ਵਾਧਾ ਹੋਇਆ। ਕਿਸਾਨ ਨੇ ਆਪਣੀ ਹੱਡ-ਭੰਨਵੀਂ ਮਿਹਨਤ ਅਤੇ ਨਵੀਂ ਖੇਤੀਬਾੜੀ ਤਕਨੀਕ ਦੀ ਵਰਤੋਂ ਨਾਲ ਇਸ ਕ੍ਰਾਂਤੀ ਨੂੰ ਸਫਲ ਕਰ ਦਿਖਾਇਆ। ਜਿੱਥੇ ਇੱਕ ਪਾਸੇ ਦੇਸ਼ ਦੇ ਭੰਡਾਰ ਅਨਾਜ ਨਾਲ ਭਰ ਗਏ, ਉੱਥੇ ਨਵੀਨ ਬੀਜਾਂ, ਖਾਦਾਂ ਅਤੇ ਸੰਦਾਂ ਦੇ ਉਪਯੋਗ ਨੇ ਹੌਲੀ-ਹੌਲੀ ਰਵਾਇਤੀ ਖੇਤੀ ਸੱਭਿਆਚਾਰ ਨੂੰ ਖੋਰਨਾ ਸ਼ੁਰੂ ਕਰ ਦਿੱਤਾ। ਅੱਜ ਆਧੁਨਿਕ ਮਸ਼ੀਨਰੀ ਦੇ ਪਸਾਰੇ ਨੇ ਹੱਥ ਕਿਰਤ ਨੂੰ ਲਗਭਗ ਖ਼ਤਮ ਕਰ ਦਿੱਤਾ ਹੈ ਅਤੇ ਰਵਾਇਤੀ ਖੇਤੀ ਹੁਣ ਬੀਤੇ ਸਮੇਂ ਦੀ ਝੋਲੀ ਵਿੱਚ ਪੈ ਚੁੱਕੀ ਹੈ।
ਖ਼ੈਰ ਗੱਲ ਖਾਣ ਪੀਣ ਦੀ ਕਰ ਰਹੇ ਸੀ, ਉਸੇ ਵੱਲ ਮੁੜਦੇ ਹਾਂ। ਉਦੋਂ ਸਿਆਲਾਂ ਵਿੱਚ ਤਕਰੀਬਨ ਸਾਰੇ ਘਰਾਂ ਵਿੱਚ ਬਾਜਰੇ, ਮੱਕੀ ਦੀਆਂ ਰੋਟੀਆਂ ਹੀ ਪੱਕਦੀਆਂ ਸਨ। ਜਦੋਂ ਕੋਈ ਖ਼ਾਸ ਰਿਸ਼ਤੇਦਾਰ ਆਉਂਦਾ ਤਾਂ ਕਣਕ ਦੇ ਪਤਲੇ-ਪਤਲੇ ਮੰਡੇ (ਫੁਲਕੇ) ਲਾਹੇ ਜਾਂਦੇ। ਅਸੀਂ ਵੀ ਮੋਟੇ ਅਨਾਜ ਦੀਆਂ ਰੋਟੀਆਂ ਖਾ-ਖਾ ਕੇ ਅੱਕ ਚੁੱਕੇ ਹੁੰਦੇ ਸੀ। ਉਸ ਦਿਨ ਅਸੀਂ ਵੀ ਵੱਖਰਾ ਭੋਜਨ ਖਾ ਕੇ ਅਨੰਦ ਮਹਿਸੂਸ ਕਰਦੇ। ਬਿਮਾਰੀਆਂ ਦੇ ਜਾਲ ਵਿੱਚ ਫਸਿਆ ਅੱਜ ਮਨੁੱਖ ਫਿਰ ਤੋਂ ਕਣਕ ਨੂੰ ਛੱਡ ਕੇ ਮੋਟੇ ਅਨਾਜਾਂ ਦੀ ਤਲਾਸ਼ ਵਿੱਚ ਅਤੇ ਇਸਦੇ ਸੇਵਨ ਵੱਲ ਮੁੜ ਰਿਹਾ ਹੈ। ਅੱਜਕੱਲ੍ਹ ਇਕਹਿਰੇ ਪਰਿਵਾਰ ਹਨ ਤੇ ਘਰ ਵਿੱਚ ਪਕਵਾਨ ਤਿਆਰ ਕਰਨ ਅਤੇ ਖੇਚਲ ਝੱਲਣ ਦੀ ਬਜਾਇ ਕਿਸੇ ਪ੍ਰਾਹੁਣੇ ਦੇ ਆਉਣ ’ਤੇ ਬਜ਼ਾਰੀ ਖਾਣ-ਪੀਣ ਪੇਸ਼ ਕੀਤਾ ਜਾਂਦਾ ਹੈ ਜੋ ਗੁਣਵੱਤਾ ਅਤੇ ਸ਼ੁੱਧਤਾ ਦੀ ਕਸਵੱਟੀ ’ਤੇ ਖਰਾ ਨਹੀਂ ਉੱਤਰਦਾ। ਇਹ ਜੀਭ ਨੂੰ ਸੁਆਦ ਬੇਸ਼ਕ ਲਗਦਾ ਹੈ ਪਰ ਕਿੰਨੀਆਂ ਅਣਗਿਣਤ ਬਿਮਾਰੀਆਂ ਪੈਦਾ ਕਰ ਜਾਂਦਾ ਹੈ, ਇਸਦਾ ਸਾਨੂੰ ਇਲਮ ਹੀ ਨਹੀਂ ਹੁੰਦਾ।
ਅੱਜ ਮਾਰੂ ਰਸਾਇਣਾਂ ਨਾਲ ਤਿਆਰ ਫਲ, ਸਬਜ਼ੀਆਂ ਅਤੇ ਅਨਾਜਾਂ ਵਿੱਚ ਮਿਲਾਵਟ ਦਾ ਬਜ਼ਾਰ ਪੂਰੀ ਤਰ੍ਹਾਂ ਸਰਗਰਮ ਹੈ ਜੋ ਇਨਸਾਨ ਦੀ ਲਾਲਚੀ ਸੋਚ ਦਾ ਬਖੂਬੀ ਪ੍ਰਗਟਾਵਾ ਕਰਦਾ ਹੈ। ਅੱਜ ਵਿਅਕਤੀ ਲਈ ਪੈਸਾ ਹੀ ਮੁੱਖ ਹੋ ਗਿਆ ਹੈ, ਇਮਾਨਦਾਰੀ ਖ਼ਤਮ ਹੁੰਦੀ ਜਾ ਰਹੀ ਹੈ। ਉਦੋਂ ਆਦਮੀ ਵਿੱਚ ਇਨਸਾਨੀਅਤ ਦਾ ਮਾਦਾ ਸੀ। ਸਾਧਨਾਂ ਪੱਖੋਂ ਭਾਵੇਂ ਅਸੀਂ ਗ਼ਰੀਬ ਸੀ ਪਰ ਸੋਚ ਪੱਖੋਂ ਯਕੀਨਨ ਹੀ ਬਹੁਤ ਅਮੀਰ ਸੀ।
ਆਧੁਨਿਕਤਾ ਦੀ ਇਸ ਦੌੜ ਨੇ ਸਾਡੇ ਤੋਂ ਕੁਦਰਤ ਦੀ ਨੇੜਤਾ ਵੀ ਖੋਹ ਲਈ ਹੈ। ਪਹਿਲਾਂ ਮਨੁੱਖ ਖੁੱਲ੍ਹੀ ਅਤੇ ਸ਼ੁੱਧ ਹਵਾ ਵਿੱਚ ਸਾਹ ਲੈਂਦਾ ਸੀ। ਮਿੱਟੀ ਨਾਲ ਉਸਦਾ ਸਿੱਧਾ ਗੂੜ੍ਹਾ ਰਿਸ਼ਤਾ ਸੀ ਪਰ ਅੱਜ ਅਸੀਂ ਕੰਕਰੀਟ ਰੂਪੀ ਜੰਗਲਾਂ ਵਿੱਚ ਕੈਦ ਹੋ ਕੇ ਰਹਿ ਗਏ ਹਾਂ। ਪਹਿਲਾਂ ਲੋਕ ਇੱਕ ਦੂਜੇ ਨਾਲ ਦੁੱਖ-ਸੁਖ ਸਾਂਝਾ ਕਰਦੇ ਸਨ। ਅਸੀਂ ਗਲੀ-ਮੁਹੱਲੇ ਵਿੱਚ ਇੱਕ ਦੂਜੇ ਦੀ ਖ਼ਬਰ-ਸਾਰ ਲਈ ਜਾਂਦੇ ਸੀ। ਹੁਣ ਅਸੀਂ ਬਹੁ-ਮੰਜ਼ਿਲੀਆਂ ਇਮਾਰਤਾਂ ਵਿੱਚ ਗੁਆਂਢੀ ਤੋਂ ਵੀ ਅਣਜਾਣ ਹਾਂ। ਹਰ ਕੋਈ ਆਪਣੇ ਮੋਬਾਇਲ ਦੀ ਸਕਰੀਨ ਵਿੱਚ ਗੁਆਚਿਆ ਹੋਇਆ ਹੈ। ਇਹ ਤਕਨੀਕੀ ਵਿਕਾਸ ਸਾਨੂੰ ਸੰਸਾਰ ਰੂਪੀ ਪਿੰਡ ਨਾਲ ਤਾਂ ਜੋੜ ਰਿਹਾ ਹੈ ਪਰ ਆਪਣੇ-ਆਪ ਅਤੇ ਆਪਣੇ ਨੇੜਲੇ ਲੋਕਾਂ ਤੋਂ ਦੂਰ ਕਰ ਰਿਹਾ ਹੈ। ਮਨੁੱਖ ਨੇ ਸੁੱਖ-ਸਾਧਨ ਤਾਂ ਇਕੱਠੇ ਕਰ ਲਏ ਹਨ ਪਰ ਉਨ੍ਹਾਂ ਦਾ ਅਨੰਦ ਮਾਣਨ ਲਈ ਸਿਹਤ ਅਤੇ ਸਮਾਂ ਦੋਵੇਂ ਹੀ ਗੁਆ ਦਿੱਤੇ ਹਨ। ਇੱਕ ਹੋਰ ਹੈਰਾਨੀ ਦੀ ਗੱਲ ਅੱਜ ਅਸੀਂ ਇੰਨੇ ਆਧੁਨਿਕ ਹੋ ਗਏ ਹਾਂ ਕਿ ਸਾਦਗੀ ਦੇ ਅਰਥ ਹੀ ਬਦਲ ਦਿੱਤੇ ਹਨ। ਹੁਣ ਸਾਦਗੀ ਮਤਲਬ ਪਛੜਿਆ ਹੋਇਆ ਕਰਾਰ ਦੇ ਦਿੱਤਾ ਜਾਂਦਾ ਹੈ ਜਦਕਿ ਅਸਲ ਵਿੱਚ ਸਾਦਗੀ ਹੀ ਜੀਵਨ ਦਾ ਸਭ ਤੋਂ ਵੱਡਾ ਸੱਚ ਸੀ ਅਤੇ ਹੈ।
ਅੱਜ ਦੇ ਇਸ ਚਮਤਕਾਰੀ ਯੁਗ ਵਿੱਚ ਜਿੱਥੇ ਵਿਗਿਆਨ ਨੇ ਸਾਡੀ ਜ਼ਿੰਦਗੀ ਅਸਾਨ ਬਣਾਈ ਹੈ, ਉੱਥੇ ਹੀ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਕਿਤੇ ਅਸੀਂ ਵਿਕਾਸ ਦੀ ਕੀਮਤ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਤਾਂ ਨਹੀਂ ਚੁੱਕਾ ਰਹੇ? ਸਾਨੂੰ ਵਾਪਸ ਉਨ੍ਹਾਂ ਕਦਰਾਂ-ਕੀਮਤਾਂ ਵੱਲ ਮੁੜਨਾ ਪਵੇਗਾ ਜਿੱਥੇ ਰਿਸ਼ਤਿਆਂ ਵਿੱਚ ਨਿੱਘ ਸੀ ਅਤੇ ਖਾਣੇ ਵਿੱਚ ਸ਼ੁੱਧਤਾ ਸੀ। ਬੇਸ਼ਕ ਅਸੀਂ ਸਮੇਂ ਨੂੰ ਪਿੱਛੇ ਨਹੀਂ ਮੋੜ ਸਕਦੇ ਪਰ ਅਸੀਂ ਅੱਜ ਦੀਆਂ ਸਹੂਲਤਾਂ ਅਤੇ ਪੁਰਾਣੀ ਸਾਦਗੀ ਵਿਚਕਾਰ ਇੱਕ ਸੰਤੁਲਨ ਜ਼ਰੂਰ ਬਣਾ ਸਕਦੇ ਹਾਂ। ਆਪਣੇ ਬੱਚਿਆਂ ਨੂੰ ਉਨ੍ਹਾਂ ਕਥਾ-ਕਹਾਣੀਆਂ ਨਾਲ ਜੋੜਨਾ, ਕੁਦਰਤ ਨਾਲ ਪਿਆਰ ਕਰਨਾ ਸਿਖਾਉਣਾ ਅਤੇ ਬਜ਼ਾਰੀ ਚਕਾਚੌਂਧ ਦੀ ਬਜਾਇ ਸ਼ੁੱਧ ਅਤੇ ਸਾਦਾ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਇਹ ਕਹਿਣਾ ਕਿਸੇ ਵੀ ਤਰ੍ਹਾਂ ਗ਼ਲਤ ਨਹੀਂ ਹੋਵੇਗਾ ਕਿ ਅੱਜ ਅਸੀਂ ਇੱਕ ਬਣਾਉਟੀ ਅਤੇ ਦਿਖਾਵੇ ਵਾਲੀ ਜ਼ਿੰਦਗੀ ਜਿਊਣ ਦੇ ਆਦੀ ਬਣਦੇ ਜਾ ਰਹੇ ਹਾਂ ਜਿਸ ਨਾਲ ਅਸਲ, ਸੱਚ ਅਤੇ ਸਾਦਗੀ ਸਾਡੀ ਜ਼ਿੰਦਗੀ ਤੋਂ ਵਿਸਰਦੇ ਜਾ ਰਹੇ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਿਰਫ ਸਾਧਨ ਸੰਪੰਨ ਹੀ ਨਾ ਹੋਵੇ ਸਗੋਂ ਸੰਸਕਾਰ ਭਰਪੂਰ ਅਤੇ ਸਿਹਤਮੰਦ ਵੀ ਹੋਵੇ ਤਾਂ ਸਾਨੂੰ ਪੁਰਾਣੇ ਸਮਿਆਂ ਦੀ ਉਸ ਸਹਿਜਤਾ ਅਤੇ ਸਾਦਗੀ ਨੂੰ ਮੁੜ ਆਪਣੇ ਜੀਵਨ ਵਿੱਚ ਥਾਂ ਦੇਣੀ ਪਵੇਗੀ। ਉਹ ਘਿਓ-ਸ਼ੱਕਰ ਦੀ ਮਿਠਾਸ ਅਤੇ ਬਜ਼ੁਰਗਾਂ ਦੀਆਂ ਸਿੱਖਿਆਵਾਂ ਹੀ ਸਾਨੂੰ ਇੱਕ ਚੰਗੇਰੇ ਅਤੇ ਸੰਤੁਲਿਤ ਸਮਾਜ ਦੇ ਨਿਰਮਾਣ ਵੱਲ ਲੈ ਕੇ ਜਾ ਸਕਦੀਆਂ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































