“ਹੋਰਨਾਂ ਲਈ ਕੰਪਿਊਟਰ ਮਨ ਦਾ ਬਹਿਲਾਵਾ ਹੋਏਗਾ ਪਰ ਮੇਰੇ ਲਈ ...”
(ਜੂਨ 22, 2016)
ਅੱਜ 22 ਜੂਨ ਹੈ। ਪਿਛਲੇ ਬੁੱਧਵਾਰ 15 ਜੂਨ ਨੂੰ ਮੇਰੀ ਉਮਰ ਦੇ ਅਠੱਤਰ ਵਰ੍ਹੇ ਪੂਰੇ ਹੋ ਗਏ ਹਨ, ਭਾਵ ਮੈਂ ਆਪਣੀ ਅਠੱਤਰ ਸਾਲ ਦੀ ਉਮਰ ਪੂਰੀ ਕਰ ਲਈ ਹੈ। ਮੈਂ ਜੀਵਨ ਦੇ ਇਹ ਸਾਲ ਦੁੱਖਾਂ ਸੁਖਾਂ ਦੇ ਰਲਵੇਂ ਮਿਲਵੇਂ ਰੰਗਾਂ ਵਿੱਚ ਹੰਢਾਏ ਹਨ। ਜੀਵਨ ਦੇ ਇਨ੍ਹਾਂ ਸਾਲਾਂ ਵਿੱਚੋਂ ਕੁੱਝ ਸਾਲ ਕੁੱਝ ਰੰਗਦਾਰ, ਕੁੱਝ ਮਿੱਠੇ ਫਿੱਕੇ, ਕੌੜੇ ਕਸੈਲੇ ਅਤੇ ਬਹੁਤੇ ਜ਼ਿੰਦਗੀ ਵਿੱਚ ਸੰਘਰਸ਼ ਭਰੇ ਹੀ ਬਿਤਾਏ ਹਨ।
ਮੈਨੂੰ ਮੇਰੇ ਜਨਮ ਦਿਨ ’ਤੇ ਸੱਜਣਾਂ ਮਿੱਤਰਾਂ ਨੇ ਫੇਸ ਬੁੱਕਾਂ ’ਤੇ ਮੁਬਾਰਕਾਂ ਰਾਹੀਂ ਜੋ ਖੁਸ਼ੀ ਪ੍ਰਗਟਾਈ ਹੈ, ਮੈਂ ਉਨ੍ਹਾਂ ਦਾ ਤਨੋਂ ਮਨੋਂ ਧਨਵਾਦੀ ਹਾਂ। ਆਪਣੀ ਉਮਰ ਦੇ ਇਨ੍ਹਾਂ ਸਾਲਾਂ ਦਾ ਲੇਖਾ ਜੋਖਾ ਕਰਨ ਲਈ ਵਿਸਥਾਰ ਵੀ ਕੁੱਝ ਆਪਣੇ ਪਾਠਕਾਂ ਨਾਲ ਸਾਂਝਾ ਕਰਨ ਚਾਹਾਂਗਾ। ਇਸ ਬਾਰੇ ਮੋਟੇ ਤੌਰ ’ਤੇ ਕੁਝ ਇਸ ਤਰ੍ਹਾਂ ਨਾਲ ਗੱਲ ਤੋਰੀ ਜਾ ਸਕਦੀ ਹੈ:
ਮੇਰਾ ਜਨਮ ਅਣਵੰਡੇ ਪੰਜਾਬ ਦੇ ਪਿੰਡ ਭੱਖੜੇ ਆਲੀ, ਤਹਿਸੀਲ ਅਤੇ ਜ਼ਿਲ੍ਹਾ ਗੁਜਰਾਤ, ਜੋ ਹੁਣ ਪਾਕਿਸਤਾਨ ਵਿੱਚ ਆ ਚੁੱਕਾ ਹੈ, 15 ਜੂਨ ਨੂੰ ਹੋਇਆ। ਬਚਪਨ ਦੀ ਉਮਰ ਦੇ ਜਦੋਂ ਅਜੇ ਨੌਂ ਸਾਲ ਪੂਰੇ ਹੀ ਹੋਣ ਵਾਲੇ ਸਨ, ਦੇਸ਼ ਦੀ ਕੁਲਹਿਣੀ ਵੰਡ ਹੋ ਗਈ। ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿਸ ਤਰ੍ਹਾਂ ਬੁਰੇ ਹਾਲੀਂ ਬਚਦੇ ਬਚਾਉਂਦੇ ਅਸੀਂ ਦੇਸ਼ ਦੀ ਬਣੀ ਨਵੀਂ ਹੱਦ ਪਾਰ ਕੀਤੀ। ਮਾਂਵਾਂ ਪੁੱਤ ਨਹੀਂ ਸੰਭਾਲ ਸਕੀਆਂ, ਡੱਬੀ ਵਾਂਗ ਭਰੇ ਭਰਾਏ ਘਰ ਬਾਰ ਛੱਡ ਕੇ, ਆਪਣੀ ਜਨਮ ਭੂਮੀ ਛੱਡ ਕੇ, ਬੇਗਾਨੇ ਹੀ ਨਹੀਂ ਸਗੋਂ ਬੇਘਰੇ ਹੋ ਕੇ ਕਿਵੇਂ ਖਾਨਾਬਦੋਸ਼ਾਂ ਵਾਂਗ ਸਾਲਾਂ ਬੱਧੀ ਦਰ ਦਰ ਭਟਕੇ ਸਾਂ। ਕਦੇ ਕਦੇ ਬਹੁਤ ਕੁੱਝ ਯਾਦ ਆਉਂਦਾ ਹੈ।
ਇੱਧਰ ਆ ਕੇ ਘਰ ਦੀਆਂ ਅਨੇਕਾਂ ਤੰਗੀਆਂ ਤੁਰਸ਼ੀਆਂ ਨਾਲ ਉਮਰ ਦੇ ਦਸ ਸਾਲ ਪੜ੍ਹਾਈ ਵਿੱਚ ਲਾਉਣ ਤੋਂ ਬਾਅਦ ਮੈਂ ਕੈਰੋਂ ਸਰਕਾਰ ਵੇਲੇ 1958 ਦੀ ਪਟਵਾਰੀਆਂ ਦੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਚਲੇ ਜਾਣ ਕਰਕੇ ਪਟਵਾਰ ਦਾ ਸਿਰਫ ਚਾਰ ਮਹੀਨੇ ਦਾ ਕੋਰਸ ਕਰ ਕੇ ਉਨ੍ਹਾਂ ਦੀ ਥਾਂ ਪਟਵਾਰੀ ਤਾਂ ਭਰਤੀ ਹੋ ਗਿਆ ਪਰ ਉਨ੍ਹਾਂ ਆਪਣੇ ਹੱਕ ਮੰਗਣ ਵਾਲੇ ਕਰਮਚਾਰੀਆਂ ਨਾਲ ਮੈਨੂੰ ਇਵੇਂ ਨਹੀਂ ਕਰਨਾ ਚਾਹੀਦਾ ਸੀ। ਪਹਿਲੇ ਪਟਵਾਰੀ ਕੰਮ ’ਤੇ ਵਾਪਸ ਆ ਜਾਣ ਕਰਕੇ ਕਾਫੀ ਸਮਾਂ ਬੇਰੁਜ਼ਗਾਰ ਰਹਿਣਾ ਪਿਆ।
ਬਾਪੂ ਨੂੰ ਮੇਰੇ ਵਿਆਹ ਦਾ ਬੜਾ ਚਾਅ ਸੀ। ਤੇਈ ਸਾਲ ਦੀ ਉਮਰ ਵਿੱਚ ਬਾਪੂ ਨੇ ਮੇਰੀ ਸ਼ਾਦੀ, ਖਾਨਾ ਆਬਾਦੀ, ਕਰ ਕੇ ਆਪਣਾ ਚਾਅ ਤਾਂ ਪੂਰਾ ਕਰ ਲਿਆ, ਪਰ ਮੈਂ ਉਸ ਤੋਂ ਬਾਅਦ ਕਈ ਸਾਲ ਨੌਕਰੀ ਕੱਚੀ ਹੋਣ ਕਰਕੇ ਘਰ ਗ੍ਰਹਿਸਥੀ ਚੰਗੀ ਤਰ੍ਹਾਂ ਚਲਾਉਣ ਦੇ ਕਾਬਿਲ ਨਹੀਂ ਬਣ ਸਕਿਆ। ਟੱਬਰਦਾਰੀ ਵਧਦੀ ਗਈ। ਬੜੀ ਮੁਸ਼ਕਿਲ ਨਾਲ ਕਿਤੇ ਤੀਹ ਪੈਂਤੀ ਕੁ ਸਾਲ ਦੀ ਉਮਰ ਵਿੱਚ ਮਸਾਂ ਮਸਾਂ ਮੇਰੇ ਪੈਰ ਲੱਗੇ। ਸਾਂਝੇ ਘਰ ਵਿੱਚ ਔਖਾ ਸੌਖਾ ਗੁਜ਼ਾਰਾ ਤਾਂ ਹੁੰਦਾ ਗਿਆ ਪਰ ਇਸ ਸਮੇਂ ਵਿੱਚ ਵਾਰ ਵਾਰ ਨੌਕਰੀ ਛੁੱਟ ਜਾਣ ਕਰਕੇ ਸਾਂਝੇ ਟੱਬਰ ਵਿੱਚ ਕਈਆਂ ਦੀਆਂ ਗੱਲਾਂ ਵੀ ਸੁਣਨੀਆਂ ਅਤੇ ਸਹਿਣੀਆਂ ਪਈਆਂ।
ਇਸੇ ਅਰਸੇ ਵਿੱਚ ਮੈਂ ਮਾੜੀ ਮੋਟੀ ਦੁਕਾਨਦਾਰੀ ਵੀ ਕੀਤੀ ਪਰ ਆਰਥਕ ਪੱਖੋਂ ਕਮਜ਼ੋਰ ਹੋਣ ਕਰਕੇ ਮੈਂ ਦੁਕਾਨਦਾਰੀ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ। ਰੋਟੀ ਰੋਜ਼ੀ ਲਈ ਰਾਜਸਥਾਨ ਤੱਕ ਫਿਰ ਆਇਆ। ਘਰ ਦੀ ਭੋਇੰ ਥੋੜ੍ਹੀ ਹੋਣ ਕਰਕੇ ਮੈਂ ਹਲ ਦੀ ਜੰਘੀ ਨਹੀਂ ਫੜੀ। ਕਈ ਹੋਰ ਮਹਕਮਿਆਂ ਵਿੱਚ ਨੌਕਰੀ ਵੀ ਕੀਤੀ ਪਰ ਕੱਚੀ ਨੌਕਰੀ ਹੋਣ ਕਰਕੇ ਜੀਵਨ ਦੀ ਰੇਲ ਵਾਰ ਵਾਰ ਪਟੜੀ ਤੋਂ ਉੱਤਰ ਜਾਂਦੀ ਰਹੀ। ਮੈਂ ਹਿੰਮਤ ਨਹੀਂ ਹਾਰੀ, ਕਿਉਂ ਜੋ ਜੀਵਨ ਲਈ ਸੰਘਰਸ਼ ਕਰਨਾ ਮੈਨੂੰ ਬਾਪੂ ਅਤੇ ਬੇਬੇ ਤੋਂ ਸ਼ਾਇਦ ਗੁੜ੍ਹਤੀ ਵਿੱਚ ਹੀ ਮਿਲਿਆ ਸੀ।
ਕਿਸੇ ਕੰਮਕਾਰ ਲਈ ਹੋਰ ਵੀ ਹੱਥ ਪੈਰ ਮਾਰੇ ਪਰ ਘਰੋਗੀ ਹਾਲਾਤ ਡਾਵਾਂ ਡੋਲ ਹੀ ਰਹੇ। ਜ਼ਿੰਦਗੀ ਦੇ ਇਸ ਸੰਘਰਸ਼ ਵਿੱਚ ਮੇਰੀ ਜੀਵਣ ਸਾਥਣ ਜੋ ਕਿ ਮਿਹਨਤੀ ਅਤੇ ਸਬਰ ਸੰਤੋਖ ਵਾਲੀ, ਸਹਿਣਸ਼ੀਲ ਅਤੇ ਪਰਿਵਾਰ ਵਿੱਚ ਰਲ ਮਿਲ ਕੇ ਰਹਿਣ ਵਾਲੀ ਹੈ, ਉਸ ਨੇ ਮੇਰਾ ਹਰ ਔਖੇ ਸੌਖੇ ਵੇਲੇ ਪੂਰਾ ਸਾਥ ਦਿੱਤਾ। ਇਹ ਹਾਲ ਮੇਰਾ 1965 ਤੱਕ ਰਿਹਾ। ਤੇ ਆਖਰ ਜਿਵੇਂ ਕਹਿੰਦੇ ਹਨ ਕਿ ਬਾਰ੍ਹਾਂ ਸਾਲਾਂ ਪਿੱਛੋਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਇਸੇ ਤਰ੍ਹਾਂ ਮੇਰੀ ਵੀ ਸੁਣੀ ਗਈ ਜਦੋਂ ਮੇਰੀ ਨਿਯੁਕਤੀ ਬਤੌਰ ਰੀਹੈਬਿਲੀਟੇਸ਼ਨ ਕਲਰਕ ਵਜੋਂ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਹੋ ਗਈ।
ਮੇਰੇ ਜੀਵਨ ਦਾ ਲਗਪਗ ਅੱਠ ਸਾਲ ਦਾ 1965 ਤੱਕ ਦਾ ਸਮਾਂ ਮੇਰੇ ਸੰਘਰਸ਼ਮਈ ਜੀਵਨ ਦੇ ਇਤਿਹਾਸ ਦਾ ਨਾ ਭੁੱਲਣ ਵਾਲਾ ਹਿੱਸਾ ਹੋ ਨਿੱਬੜਿਆ। ਇਸ ਸਮੇਂ ਨਾਲ ਜੁੜੀਆਂ ਕਈ ਕੌੜੀਆਂ ਕਸੈਲੀਆਂ ਯਾਦਾਂ ਮੈਂ ਪਾਠਕਾਂ ਨਾਲ ਸਮੇਂ ਸਮੇਂ ਸਿਰ ‘ਚੇਤੇ ਦੀ ਚੰਗੇਰ’, ‘ਵੇਖੀ ਸੁਣੀ’ ਜਾਂ ‘ਯਾਦਾਂ ਦੇ ਝਰੋਖੇ’ ਦੇ ਲੇਖਾਂ ਵਿੱਚ ਲਿਖਦਾ ਰਹਿੰਦਾ ਹਾਂ, ਕਿਉਂ ਜੋ ਮੈਂ ਇਨ੍ਹਾਂ ਸਮਿਆਂ ਤੋਂ ਬਹੁਤ ਕੁਝ ਸਿੱਖਿਆ ਹੈ। ਨੌਕਰੀ ਦੌਰਾਨ ਮੈਨੂੰ ਚੰਗਾ ਸਾਹਿਤ ਪੜ੍ਹਨ ਦਾ ਮੱਸ ਵੀ ਸੀ। ਪੜ੍ਹਾਈ ਅਤੇ ਨੌਕਰੀ ਦੌਰਾਨ ਹੀ ਮੈਂ ਕੁਝ ਨਾ ਕੁਝ ਲਿਖਣਾ ਸ਼ੁਰੂ ਕੀਤਾ ਸੀ। ਨਾਵਲ ਮੈਂ ਚੜ੍ਹਦੀ ਉਮਰ ਵਿੱਚ ਪੜ੍ਹੇ। ਮੇਰੇ ਸੇਵਾ ਮੁਕਤੀ ਤੱਕ ਦੇ ਸਮੇਂ ਵਿੱਚ ਕਈ ਉੱਚ ਪਦਵੀਆਂ ’ਤੇ ਕੰਮ ਕਰਦੇ ਕਰਦੇ ਲੇਖਕਾਂ ਨੂੰ ਵੀ ਵੇਖਣ ਅਤੇ ਸੁਣਨ ਦਾ ਮੈਨੂੰ ਮਾਣ ਪ੍ਰਾਪਤ ਹੋਇਆ, ਅਤੇ ਮੈਂ ਉਨ੍ਹਾਂ ਨੂੰ ਪੜ੍ਹਿਆ ਵੀ। ਹੋਰ ਵੀ ਕਈ ਸਥਾਪਿਤ ਲੇਖਕਾਂ ਦੇ ਦਰਸ਼ਨ ਕੀਤੇ ਹਨ ਅਤੇ ਉਨ੍ਹਾਂ ਨਾਲ ਕੁਝ ਪਲ ਮਾਣੇ ਵੀ ਹਨ, ਜਿਨ੍ਹਾਂ ਦੀ ਸੂਚੀ ਬਹੁਤ ਲੰਮੀ ਹੈ। ਉਨ੍ਹਾਂ ਵਿੱਚੋਂ ਕੁਝ ਮੇਰੇ ਪ੍ਰੇਰਣਾ ਸ੍ਰੋਤ ਵੀ ਹਨ, ਜਿਨ੍ਹਾਂ ਦੀਆਂ ਲਿਖਤੀ ਪ੍ਰਾਪਤੀਆਂ ਸਿਰਫ ਮੇਰੇ ਲਈ ਹੀ ਨਹੀਂ ਸਗੋਂ ਸਮੂਹ ਪੰਜਾਬੀ ਜਗਤ ਲਈ ਸਦੀਵੀ ਜਗਦੀਆਂ ਮਸਾਲਾਂ ਵਾਂਗ ਹਨ।
ਵਿਦੇਸ਼ ਵਿੱਚ ਰਹਿੰਦਿਆਂ ਮੇਰੀ ਉਮਰ ਦੇ ਇਹ ਅੱਠ ਸਾਲ ਮੈਂ ਆਪਣੀ ਉਮਰ ਦਾ ਹਾਸਿਲ ਕਹਿ ਸਕਦਾ ਹਾਂ। ਇਨ੍ਹਾਂ ਅੱਠਾਂ ਸਾਲਾਂ ਵਿੱਚ ਹੀ ਕੰਪਿਊਟਰ ਨਾਲ ਮੇਰੀ ਸਾਂਝ ਪਈ, ਮੈਂ ਅਤੇ ਮੇਰਾ ਕੰਪਿਊਟਰ ਪਹਿਲਾਂ ਅਸੀਂ ਇੱਕ ਦੂਜੇ ਤੋਂ ਦੋਵੇਂ ਹੀ ਅਣਜਾਣ ਸਾਂ। ਮੇਰੇ ਇਸ ਦੀ ਸਾਂਝ ਪੈਣ ’ਤੇ ਜਾਣਕਾਰੀ ਲੈਣ ਵੇਲੇ ਇਸ ਨਾਲ ਜ਼ਿਆਦਤੀ ਕਰਨ ’ਤੇ ਕਈ ਵਾਰ ਮੇਰਾ ਇਸ ਨਾਲ ਵਿਗਾੜ ਵੀ ਪੈ ਜਾਂਦਾ, ਮੈਂ ਇਸ ਨੂੰ ਖਰਾਬ ਹੋਇਆ ਵੇਖ ਕੇ ਉਦਾਸ ਹੋ ਜਾਂਦਾ, ਮੇਰੇ ਕੋਲ ਇਸ ਨੂੰ ਮਨਾਉਣ ਦਾ ਕੋਈ ਸਾਧਨ ਨਹੀਂ ਸੀ। ਕਿਉਂਕਿ ਪੈਸੇ ਦੀ ਇਸ ਦੁਨੀਆ ਵਿਚ ਕਿਸੇ ਨਾਲ ਪੈਸੇ ਬਗੈਰ ਸਾਂਝ ਪਈ ਰਹੇ, ਇਹ ਗੱਲ ਅਜੋਕੇ ਯੁੱਗ ਅੰਦਰ ਨਿਰੀ ਔਖੀ ਹੀ ਨਹੀਂ, ਸਗੋਂ ਅਸੰਭਵ ਵੀ ਹੈ। ਪਰ ਮੇਰੀ ਨੇਕ ਔਲਾਦ ਜੋ ਹਮੇਸ਼ਾ ਮੇਰਾ ਇੱਥੇ ਖਿਆਲ ਰੱਖਦੀ ਹੈ, ਮੇਰੇ ਸਾਥੀ ਕੰਪਿਊਟਰ ਨੂੰ ਕਿਸੇ ਮਕੈਨਿਕ ਕੋਲੋਂ ਠੀਕ ਕਰਵਾਕੇ ਮੇਰੇ ਹਵਾਲੇ ਕਰ ਦਿੰਦੀ ਹੈ।
ਹੋਰਨਾਂ ਲਈ ਕੰਪਿਊਟਰ ਮਨ ਦਾ ਬਹਿਲਾਵਾ ਹੋਏਗਾ ਪਰ ਮੇਰੇ ਲਈ ਬਹੁਤ ਹੀ ਘੱਟ ਕਿਉਂ ਜੋ, ਇਸ ਰਾਹੀਂ ਮੈਂ ਦੁਨੀਆਂ ਭਰ ਦੀਆਂ ਬਹੁਤ ਸਾਰੀਆਂ ਪੰਜਾਬੀ ਵੈੱਬਸਾਈਟਾਂ ਨਾਲ ਜੁੜਿਆ ਹਾਂ। ਹੱਥ ਨਾਲ ਲਿਖਦਿਆਂ ਲਿਖ ਲਿਖ ਕੇ ਝੱਲਿਆਂ ਵਾਂਗ ਮੁੜ ਮੁੜ ਲਿਖ ਕੇ ਤੇ ਕਾਗਜ਼ ਪਾੜ ਕੇ ਰੱਦੀ ਦੀ ਟੋਕਰੀ ਹਵਾਲੇ ਕਰਨ ਦਾ ਝੰਜਟ ਮੁੱਕ ਗਿਆ ਹੈ। ਬਿਜਲੀ ਕਦੇ ਨਹੀਂ ਜਾਂਦੀ। ਸਮਾਂ ਵੀ ਹੈ, ਮਨ ਦੀ ਇਕਾਗਰਤਾ ਬਨਾਉਣੀ ਵੀ ਸੌਖੀ ਹੈ। ਕੁਦਰਤੀ ਨਜ਼ਾਰੇ, ਸੈਰ ਅਤੇ ਚੰਗੇ ਮੌਸਮ ਵਿੱਚ ਲਿਖਣ ਲਈ ਮਾਹੌਲ ਵੀ ਸੌਖਾ ਹੀ ਬਣ ਜਾਂਦਾ ਹੈ। ਮੇਰੇ ਛੋਟੇ ਛੋਟੇ ਦੋ ਬੜੇ ਪਿਆਰੇ ਪੋਤੇ ਕਈ ਅਜੀਬ ਸਵਾਲ ਪੁੱਛਦੇ ਲਾਡ ਪਿਆਰ ਕਰਦੇ ਹਰ ਵਕਤ ਮੇਰਾ ਦਿਲ ਵੀ ਲਾਈ ਰੱਖਦੇ ਹਨ। ਇੰਟਰਨੈੱਟ ਦੀ ਸੁਵਿਧਾ ਹੋਣ ਕਰਕੇ ਬਹੁਤ ਕੁਝ ਨਵਾਂ ਜਾਣਿਆ ਹੈ, ਨਵਾਂ ਸਿੱਖਦਾ ਵੀ ਹਾਂ, ਅਤੇ ਨਵਾਂ ਲਿਖਦਾ ਵੀ ਹਾਂ। ਆਪਣੀ ਮਾਂ ਬੋਲੀ ਦੀ ਸੇਵਾ ਵਿੱਚ ਕੁਝ ਲਿਖ ਕੇ ਮਿੰਟਾਂ ਸਕਿੰਟਾਂ ਵਿੱਚ ਭੇਜਣਾ ਵੀ ਇੱਥੇ ਸੌਖਾ ਹੈ। ਅਤੇ ਇਸ ਸੇਵਾ ਵਿੱਚ ਬਣਦਾ ਯੋਗਦਾਨ ਪਾਉਣ ਲਈ ਅਜੇ ਵੀ ਯਤਨਸ਼ੀਲ ਰਹਿੰਦਾ ਹਾਂ।
ਇਨ੍ਹਾਂ ਅੱਠਾਂ ਸਾਲਾਂ ਵਿੱਚ ਵਿਦੇਸ਼ ਰਹਿੰਦੇ ਪੰਜਾਬੀ ਲੇਖਕ ਕਾਮਿਆਂ ਨਾਲ ਮੇਲਜੋਲ ਪੈਦਾ ਕਰਕੇ ਸਭਨਾਂ ਦੇ ਤਾਲਮੇਲ ਨਾਲ “ਸਾਹਿਤ ਸੁਰ ਸੰਗਮ ਸਭਾ ਇਟਲੀ” ਦਾ ਗਠਨ ਕੀਤਾ ਹੈ। ਉਮਰ ਦੇ ਲਿਹਾਜ਼ ਨਾਲ ਇਸ ਸਭਾ ਨੇ ਮੈਨੂੰ ਇਸ ਸਾਹਿਤਕ ਸਭਾ ਦੀ ਸਰਪ੍ਰਸਤੀ ਦਾ ਮਾਣ ਵੀ ਦਿੱਤਾ ਹੈ। ਸਭਾ ਦੇ ਸਾਰੇ ਲੇਖਕ ਇੱਕ ਪਰਿਵਾਰ ਵਾਂਗ ਰਹਿਕੇ ਬੜੇ ਹੀ ਪਿਆਰ ਨਾਲ ਮੈਨੂੰ ਅੰਕਲ, ਅੰਕਲ ਕਹਿੰਦੇ ਮੇਰਾ ਸਤਿਕਾਰ ਕਰਦੇ ਥੱਕਦੇ ਨਹੀਂ ਹਨ। ਮੇਰੇ ਇਸ ਅੱਠ ਸਾਲ ਦੇ ਵਿਦੇਸ਼ ਰਹਿਣ ਦੇ ਸਮੇਂ ਵਿੱਚ ਮੈਂ ਪੰਜਾਬੀ ਦੇ ਕਈ ਫੌਂਟਾਂ ਤੇ ਲਿਖਦਾ ਲਿਖਦਾ ਸਮੇਂ ਦਾ ਹਾਣੀ ਬਣਕੇ ਉਮਰ ਦੇ ਇਸ ਆਖਰੀ ਹਿੱਸੇ ਵਿੱਚ ਬਿਨਾਂ ਕਿਸੇ ਸਿਖਲਾਈ ਦੇ ਯੂਨੀਕੋਡ ਵਿੱਚ ਲਿਖਣ ਵਿੱਚ ਵੀ ਸਫਲ ਹੋਇਆ ਹਾਂ। ਇਸ ਕਾਰਜ ਵਿੱਚ 5 ਆਬੀ ਵੈੱਬਸਾਈਟ ਯੂ.ਕੇ ਵਾਲਿਆਂ ਦੇ ਸੰਚਾਲਕ ਸ. ਬਲਦੇਵ ਸਿੰਘ ਕੰਦੋਲਾ ਜੀ ਦੇ ਕਈ ਬਹੁਮੁੱਲੇ ਸੁਝਾਵਾਂ, ਯੂਨੀਕੋਡ ਦੇ ਕੁਝ ਜ਼ਰੂਰੀ ਨੁਕਤੇ ਦੱਸਣ ’ਤੇ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਵੀ ਹਾਂ। ਇਸ ਕੰਮ ਵਿੱਚ ਪੰਜਾਬ ਸਕੇਪ ਫਗਵਾੜਾ (ਪੰਜਾਬ) ਦਾ ਯੋਗਦਾਨ ਵੀ ਨਜ਼ਰ ਅਦਾਜ਼ ਨਹੀਂ ਕੀਤਾ ਜਾ ਸਕਦਾ।
ਇਸੇ ਹੀ ਸਮੇਂ ਵਿੱਚ ਸਭਾ ਵੱਲੋਂ ਦੋ ਸਾਂਝੇ ਕਾਵਿ ਸੰਗ੍ਰਹਿ ਅਤੇ ਹੋਰ ਕਈ ਵਿਦੇਸ਼ੀ ਲੇਖਕਾਂ ਦੀਆਂ ਪੁਸਤਕਾਂ ਲੋਕ ਅਰਪਣ ਹੋਈਆਂ ਹਨ। ਇਸੇ ਸਾਲ ਹੀ ਮੇਰਾ ਲਿਖਿਆ ਕਾਵਿ ਸੰਗ੍ਰਹਿ “ਸ਼ਬਦਾਂ ਦੇ ਹਾਰ” ਵੀ ਬੜੀ ਸ਼ਾਨੋ ਸ਼ੌਕਤ ਨਾਲ ਦੇਸ਼ ਵਿਦੇਸ਼ ਤੋਂ ਆਏ ਪ੍ਰਸਿੱਧ ਸਾਹਿਤਕਾਰਾਂ ਦੀ ਹਾਜ਼ਰੀ ਵਿੱਚ ਰੀਲੀਜ਼ ਹੋਇਆ।
ਇਨ੍ਹਾਂ ਅੱਠਾਂ ਸਾਲਾਂ ਵਿੱਚ ਹੀ ‘ਮੀਡੀਆ ਪੰਜਾਬ ਜਰਮਨ’, ਜਿਸ ਨਾਲ ਵਿਦੇਸ਼ ਆਉਣ ’ਤੇ ਮੇਰੀ ਸਭ ਤੋਂ ਪਹਿਲੀ ਲਿਖਤੀ ਸਾਂਝ ਪਈ, ਦੇ ਸਾਲਾਨਾ ਕਵੀ ਦਰਬਾਰ ਵਿੱਚ ਭਾਗ ਲੈਣ ਦਾ ਸੁਨਹਿਰੀ ਮੌਕਾ ਵੀ ਮੈਨੂੰ ਮਿਲਿਆ। ਹੋਰ ਵੀ ਕਈ ਯਾਦਾਂ ਅਤੇ ਪ੍ਰਾਪਤੀਆਂ ਮੇਰੇ ਇਸ ਜਨਮ ਦਿਨ ਵਾਲੇ ਦਿਨ ਤੱਕ ਦੀਆਂ ਹਨ,ਜਿਨ੍ਹਾਂ ਦਾ ਲੇਖਾ ਜੋਖਾ ਮੈਂ ਫਿਰ ਆਪਣੀ ਅਨਾਸੀਵੀਂ ਵਰ੍ਹੇ ਗੰਢ ਤੇ ਆਪਣੇ ਪਿਆਰੇ ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਮੈਨੂੰ ਪੂਰੀ ਉਮੀਦ ਹੈ ਕਿ ਪਾਠਕ ਅਤੇ ਮੇਰੇ ਸੁਹਿਰਦ ਲੇਖਕ ਮਿੱਤਰ ਮੇਰੀ ਲੰਮੀ ਉਮਰ ਦੀ ਦੁਆ ਜ਼ਰੂਰ ਕਰਨਗੇ ਕਿਉਂਕਿ ਜਿਵੇਂ ਕਹਿੰਦੇ ਹਨ:
ਦਵਾ ਤੋਂ ਵੱਧ ਕਹਿੰਦੇ ਨੇ ਦੁਆ ਦਾ ਅਸਰ ਹੁੰਦਾ ਹੈ,
ਹਿਜਰ ਦੀ ਅੱਗ ਮਘਦੀ ਰਹੇ, ਵਫਾ ਦਾ ਅਸਰ ਹੁੰਦਾ ਹੈ।
ਇਹ ਜੀਵਨ ਪੰਧ ਜੇ ਮੁੱਕੇ, ਚਲਦੇ ਕਾਫਿਲੇ ਦੇ ਨਾਲ,
ਫਕਤ ਇੰਨਾ ਹੀ ਕਾਫੀ ਹੈ, ਸੁਹਾਣਾ ਸਫਰ ਹੁੰਦਾ ਹੈ।
*****
(327)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)