RewailSingh7ਸੋਨਾ ਸੋਨਾ ਕਰਦੀ ਦੁਨੀਆਂ, ਸੋਨਾ ਬਣਨਾ ਔਖਾ,
ਵਿੱਚ ਕੁਠਾਲੀ ਕੋਲੇ ਦੇ ਸੰਗ ਸੜਨਾ ਕਿਹੜਾ ਸੌਖਾ।
(23 ਅਗਸਤ 2016)

 

            ਵੰਝਲੀ

ਬਾਂਸ ਦੇ ਬੂਟੇ ਦੀ ਹਾਂ ਮੈਂ, ਕੱਟੀ ਹੋਈ ਪੋਰੀ
ਅੰਦਰੋਂ ਤੇ ਬਾਹਰੋਂ ਵੀ ਸੀ ਗੁਣਾਂ ਤੋਂ ਮੈਂ ਕੋਰੀ,

ਜਦੋਂ ਕਲਾਕਾਰ ਦੇ ਸੀ ਹੱਥਾਂ ਵਿੱਚ ਆਈ,
ਹਿੱਕ ਮੇਰੀ ਛੇਕੀ, ਤਾਂ ਮੈਂ ਬੜੀ ਕੁਰਲਾਈ,

ਮੁੱਢ ਨਾਲੋਂ ਟੁੱਟ ਕੇ ਮੈਂ ਬੜੀ ਪਛਤਾਈ,
ਅੱਗ ਸੀ ਵਿਛੋੜੇ ਵਾਲੀ ਜਾਵੇ ਨਾ ਬੁਝਾਈ।

ਜਦੋਂ ਕਿਸੇ ਪਿਆਰ ਨਾਲ ਬੁਲ੍ਹਾਂ ਨੂੰ ਛੁਹਾਈ,
ਹਿਜਰਾਂ ਦੀ ਹੂਕ ਮੇਰੇ ਛੇਕਾਂ ਵਿੱਚੋਂ ਆਈ,
ਮਾਰੀ ਹਾਂ ਵਿਯੋਗ ਦੀ ਮੈਂ ਵੰਝਲੀ ਕਹਾਈ।

                    **

                ਢੋਲ

ਢੋਲ ਹਾਂ ਮੈਂ ਢੋਲ, ਢੋਲ ਹਾਂ ਮੈਂ ਢੋਲ,
ਚੁੱਪ ਬੈਠਾਂ ਸਾਧ ਕੇ, ਤੇ ਦੱਸਦਾ ਨਾ ਪੋਲ

ਜਦੋਂ ਤੱਕ ਛੇੜੇ ਨਾ ਕੋਈ ਰਹਿੰਦਾ ਹਾਂ ਅਡੋਲ,
ਚੋਟਾਂ ਖਾ ਕੇ ਡਗੇ ਦੀਆਂ ਮੇਰੇ ਗੱਜਦੇ ਨੇ ਬੋਲ

ਛਿੰਝਾਂ ਤੇ ਅਖਾੜਿਆਂ ’ਚ, ਹੋਣ ਜਦੋਂ ਘੋਲ,
ਭੰਗੜੇ ਤੇ ਬੋਲੀਆਂ ਦਾ ਸਾਜ਼ ਅਣਮੋਲ।
ਢੋਲ ਹਾਂ ਮੈਂ ਢੋਲ, ਢੋਲ ਹਾਂ ਮੈਂ ਢੋਲ।

               **

                      ਸੋਨਾ

ਸੋਨਾ ਸੋਨਾ ਕਰਦੀ ਦੁਨੀਆਂ, ਸੋਨਾ ਬਣਨਾ ਔਖਾ,
ਵਿੱਚ ਕੁਠਾਲੀ ਕੋਲੇ ਦੇ ਸੰਗ ਸੜਨਾ ਕਿਹੜਾ ਸੌਖਾ।

ਹੋਰ ਵੀ ਸਾਥੀ ਮੇਰੇ ਵਰਗੇ, ਨਾਲ ਮੇਰੇ ਜੋ ਸੜਦੇ,
ਇੱਕ ਦੂਜੇ ਦੇ ਸਾਥੀ ਬਣਕੇ ਗੁੱਝੀਆਂ ਸੱਟਾਂ ਜਰਦੇ

ਜੋਬਨ ਦਾ ਸ਼ਿੰਗਾਰ ਹਾਂ ਬਣਿਆ, ਚਮਕੀਲਾ ਤੇ ਸੁਹਣਾ
ਅੱਗ ਦੇ ਗਲ਼ ਲੱਗ,ਅੱਗ ਵਰਗਾ ਹੋ ਕੇ, ਤਾਂ ਬਣਿਆ ਹਾਂ ਸੋਨਾ।

                                **

                       ਬੇਰੀ

ਮੇਰੀ ਕੋਲੋਂ ਹਰ ਕੋਈ ਡਰਦਾ, ਬੇਰੀ ਹਾਂ ਕੰਡਿਆਲ਼ੀ,
ਇੱਟਾਂ ਰੋੜੇ ਖਾ ਕੇ ਫਿਰ ਵੀ,ਮਿੱਠਤ ਵੰਡਣ ਵਾਲ਼ੀ

ਨਾ ਕੋਈ ਦਰਦ ਵੰਡਾਇਆ ਲੋਕਾਂ, ਜਦ ਦੀ ਸੁਰਤ ਸੰਭਾਲ਼ੀ,
ਫਿਰ ਵੀ ਸਿਦਕ ਸਬੂਰੀ ਅੰਦਰ ਫਲਦੀ ਹੈ ਹਰ ਡਾਲ਼ੀ

                        **

                      ਅਰਥੀ

ਭੀੜ ਬਣਾ ਕੇ ਜਾਂਦੇ ਲੋਕ, ਅਰਥੀ ਖੂਬ ਸਜਾਂਦੇ ਲੋਕ,
ਦੋ ਪਲ ਹੰਝੂ ਨੀਰ ਵਹਾ ਕੇ, ਪਿੱਛੇ ਨੇ ਮੁੜ ਆਂਦੇ ਲੋਕ।

ਆਪਣਿਆਂ ਨੂੰ ਆਪਣੇ ਹੱਥੀਂ ਆਖਰ ਲਾਂਬੂ ਲਾਂਦੇ ਲੋਕ,
ਇਸ ਅਰਥੀ ’ਤੇ ਵਾਰੋ ਵਾਰੀ, ਓੜਕ ਨੂੰ ਤੁਰ ਜਾਂਦੇ ਲੋਕ।

                       *****

(402)

ਆਪਣੇ ਵਿਚਾਰ ਸਾਝੇ ਕਰੋ: (This email address is being protected from spambots. You need JavaScript enabled to view it.)

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)

More articles from this author