“ਸਾਡੀ ਹਾਲਤ ਤਾਂ ਹੁਣ ਘੜੀ ਦੇ ਪੈਂਡੂਲਮ ਵਰਗੀ ਜਾਪਦੀ ਹੈ। ਕਦੇ ਇੱਧਰ, ਕਦੇ ਉੱਧਰ ...”
(19 ਮਈ 2019)
ਵਿਦੇਸ਼ ਰਹਿੰਦਿਆਂ ਹੁਣ ਦਹਾਕੇ ਤੋਂ ਵਧ ਦਾ ਸਮਾਂ ਹੋ ਗਿਆ ਹੈ। ਕੰਪਿਊਟਰ ’ਤੇ ਲਿਖਣ, ਪੜ੍ਹਨ ਤੇ ਵੇਖਣ ਲੱਗਿਆਂ ਟਾਈਮ ਪਾਸ ਵਾਹਵਾ ਹੋਈ ਜਾਂਦਾ ਹੈ। ਐਤਵਾਰ ਨੂੰ ਬੱਚੇ ਗੁਰਦਵਾਰੇ ਚਲੇ ਜਾਂਦੇ ਹਨ। ਜੀਵਣ ਸਾਥਣ ਨੂੰ ਗੱਡੀ ਦਾ ਸਫਰ ਨਾ ਸੁਖਾਉਣ ਕਰਕੇ ਅਤੇ ਉਸ ਦੇ ਸੱਟ ਲੱਗਣ ਕਰਕੇ ਚੱਲਣ ਫਿਰਨ ਤੋਂ ਔਖਿਆਈ ਹੋਣ ਕਰਕੇ ਉਸ ਨਾਲ ਮੈਂ ਘਰ ਹੀ ਰਹਿੰਦਾ ਹਾਂ। ਮੌਸਮ ਵੇਖਕੇ ਉਸ ਨਾਲ ਪਾਰਕ ਵਿੱਚ ਵੀ ਚਲਾ ਜਾਂਦਾ ਹਾਂ, ਤੇ ਇਸੇ ਬਹਾਨੇ ਕੁਝ ਸੈਰ ਵੀ ਹੋ ਜਾਂਦੀ ਹੈ। ਪਾਰਕ ਵਿੱਚ ਕੁਝ ਸਾਥਣਾਂ ਵਿੱਚ ਬੈਠ ਕੇ ਉਹ ਖੱਟੀਆਂ ਮਿੱਠੀਆਂ ਗੱਲਾਂਬਾਤਾਂ ਕਰ ਕਰਾ ਕੇ ਟਾਈਮ ਪਾਸ ਕਰ ਲੈਂਦੀ ਹੈ ਅਤੇ ਮੇਰਾ ਵੀ ਆਪਣੀ ਉਮਰ ਦੇ ਸਾਥੀਆਂ ਨਾਲ ਕੁਝ ਸਮਾਂ ਬੈਠ ਕੇ ਚਲਦੇ ਵਿਸ਼ਿਆਂ ’ਤੇ ਮਗਜ਼ ਘਸਾਈ ਕਰਦੇ ਦਾ ਲੰਘ ਜਾਂਦਾ ਹੈ। ਕੁਝ ਸਮਾਂ ਪਹਿਲਾਂ ਜਦੋਂ ਮੈਂ ਨਾਲ ਦੇ ਕਸਬੇ ਵਿੱਚ ਰਹਿ ਰਿਹਾ ਸਾਂ, ਤਾਂ ਸ਼ਾਮ ਨੂੰ ਉੱਥੋਂ ਦੇ ਪਾਰਕ ਵਿੱਚ ਵੀਹ ਤੀਹ ਪੰਜਾਬੀ ਕਾਮੇ ਇੱਕੱਠੇ ਹੋ ਕੇ ਗੱਪ ਸ਼ੱਪ ਕਰਦੇ ਵੇਖੇ ਜਾਂਦੇ ਸਨ। ਇਨ੍ਹਾਂ ਵਿੱਚ ਕਈ ਤਾਂ ਬੱਸ ਚਲਦੇ ਫਿਰਦੇ ਚੈਨਲ ਹੀ ਹੁੰਦੇ, ਜੋ ਕੁਝ ਆਪ ਸੁਣਨ ਦੀ ਬਜਾਏ ਅਗਲੇ ਨੂੰ ਕੋਈ ਨਵੀਂ ਖ਼ਬਰ ਸੁਣਾਉਣ ਵਿੱਚ ਜਾਂ ਨਵੀਆਂ ਤੋਂ ਨਵੀਆਂ ਖਬਰਾਂ ਤੇ ਸ਼ੋਸ਼ੇ ਸੁਣਾਉਣ ਵਿੱਚ ਹਰਫਨ ਮੌਲਾ ਹੁੰਦੇ ਸਨ। ਪਰ ਹੌਲੀ ਹੌਲੀ ਕੰਮ ਕਾਰਾਂ ਦੀ ਮੰਦੀ ਕਰਕੇ ਉਨ੍ਹਾਂ ਦੇ ਦੂਰ ਨੇੜੇ ਚਲੇ ਜਾਣ ਕਰਕੇ ਉਸ ਪਾਰਕ ਵਿੱਚ ਹੁਣ ਕੋਈ ਟਾਵਾਂ ਟਾਵਾਂ ਪੰਜਾਬੀ ਬੰਦਾ ਹੀ ਬੈਠਾ ਨਜ਼ਰ ਆਉਂਦਾ ਹੈ। ਹੁਣ ਇਸ ਪਾਰਕ ਦਾ ਵੀ ਉਹੀ ਹਾਲ ਹੈ। ਬੱਸ ਮੇਰੇ ਸਮੇਤ ਮੇਰੀ ਉਮਰ ਦੇ ਵੱਧ ਤੋਂ ਵੱਧ ਦੋ ਤਿੰਨ ਬੰਦੇ ਗੱਲਾਂਬਾਤਾਂ ਕਰਨ ਲਈ ਬੈਠੇ ਹੁੰਦੇ ਹਨ, ਜੋ ਕਈ ਦੁੱਖ ਸੁਖ ਅਤੇ ਪੁਰਾਣੇ ਸਮੇਂ ਦੀਆਂ ਹੋਈਆਂ ਬੀਤੀਆਂ ਗੱਲਾਂਬਾਤਾਂ ਕਰਦੇ ਰਹਿੰਦੇ ਹਾਂ। ਇੱਕ ਦੀ ਜੀਵਨ ਸਾਥਣ ਕਾਫੀ ਦੇਰ ਤੋਂ ਉਸਦਾ ਸਦਾ ਲਈ ਸਾਥ ਛੱਡ ਚੁੱਕੀ ਹੈ। ਇੱਕ ਜਦ ਹੁਣੇ ਪੰਜਾਬ ਗਿਆ ਸੀ, ਉਸਦੀ ਘਰ ਵਾਲੀ ਅਚਾਨਕ ਹਾਰਟ ਅਟੈਕ ਦਾ ਸ਼ਿਕਾਰ ਹੋ ਕੇ ਉਸ ਨੂੰ ਸਦਾ ਲਈ ਵਿਛੋੜਾ ਦੇ ਗਈ। ਕੋਈ ਵਿਦੇਸ਼ੀ ਪੈਨਸ਼ਨੀਆ ਹੈ, ਜਿਸ ਦੀ ਜੀਵਣ ਸਾਥਣ ਦੀਆਂ ਅੱਖਾਂ ਖਰਾਬ ਰਹਿਣ ਕਰਕੇ ਉਸ ਦੀ ਚਿੰਤਾ ਬਣੀ ਰਹਿੰਦੀ ਹੈ। ਮੇਰੀ ਜੀਵਣ ਸਾਥਣ ਸੱਟ ਲੱਗਣ ਕਰਕੇ ਸੋਟੀ ਦਾ ਸਹਾਰੇ ਚੱਲਣ ਕਰਕੇ ਉਸ ਨਾਲ ਬਾਹਰ ਅੰਦਰ ਜਾਣ ਕਰਕੇ ਮੇਰੀ ਚਾਲ ਵੀ ਉਸ ਵਰਗੀ ਹੀ ਹੋ ਗਈ ਹੈ। ਸਾਡੀ ਹਾਲਤ ਤਾਂ ਹੁਣ ਘੜੀ ਦੇ ਪੈਂਡੂਲਮ ਵਰਗੀ ਜਾਪਦੀ ਹੈ। ਕਦੇ ਇੱਧਰ, ਕਦੇ ਉੱਧਰ ਹੁੰਦਿਆਂ ਹੀ ਬੱਸ ਆਪਣੇ ਪਿਛੋਕੜ ਦੀਆਂ ਗੱਲਾਂ ਕਰਦਿਆਂ ਕਰਦਿਆਂ ਹੀ ਟਾਈਮ ਪਾਸ ਹੋਈ ਜਾਂਦਾ ਹੈ।
ਗਮਾਂ ਦੀ ਗੰਢ ਭਾਰੀ ਹੈ, ਕਿਸ ਥਾਂ ਖੋਲ੍ਹੀਏ ਜਾ ਕੇ.
ਮਜਲਸ, ਘੱਟ ਜੁੜਦੀ ਹੈ, ਕਿਸ ਥਾਂ ਬੈਠੀਏ ਜਾ ਕੇ।
ਯਾਦਾਂ ਦੇ ਸਹਾਰੇ ਹੀ, ਇਹ ਪਲ ਗੁਜ਼ਰਦੇ ਰਹਿੰਦੇ,
ਸਮੇਂ ਦੀ ਚਾਲ ਕਾਹਲੀ ਹੈ, ਮੁਸ਼ਕਲ ਰੋਕੀਏ ਜਾ ਕੇ।
ਹੁੰਗਾਰਾ ਭਰਨ ਵਾਲਾ ਵੀ, ਕਿਤੇ ਕੋਈ ਢੂੰਡਣਾ ਪੈਂਦਾ,
ਕਹਾਣੀ ਬਹੁਤ ਲੰਮੀ ਹੈ, ਕਿਸ ਥਾਂ ਫੋਲੀਏ ਜਾ ਕੇ।
ਮੇਰੇ ਦੋਵੇਂ ਪੋਤੇ ਜੋ ਇਟਲੀ ਦੇ ਜੰਮ ਪਲ ਹਨ, ਦੋਵੇਂ ਹੀ ਕੇਸਾ ਧਾਰੀ ਹਨ। ਪਟਕੇ ਬੰਨ੍ਹੀ ਜਦ ਸਕੂਲੋਂ ਘਰ ਪਰਤਦੇ ਹਨ ਤਾਂ ਉਹ ਦੂਰੋਂ ਪਛਾਣੇ ਜਾਂਦੇ ਹਨ। ਸ਼ਾਮਾਂ ਨੂੰ ਫੁੱਟਬਾਲ ਖੇਡਣ ਲਈ ਸੈਡੀਅਮ ਜਾਂਦੇ ਹਨ। ਘਰ ਵਿੱਚ ਵੀ ਵਿਹਲੇ ਵੇਲੇ ਉਹ ਮੈਂਨੂੰ ਵੀ ਨਾਂਹ ਨਾਂਹ ਕਰਦੇ ਨੂੰ ਆਪਣਾ ਰੈਫਰੀ ਬਣਾ ਲੈਂਦੇ ਹਨ। ਦੋਵੇਂ ਹੀ ਗੋਲ ਮਟੋਲ ਅਤੇ ਚੰਚਲ ਸੁਭਾਅ ਦੇ ਹਨ। ਨਿੱਕਾ ਮੇਰੇ ਕੋਲ ਸੌਣ ਕਰਕੇ ਮੈਂਨੂੰ ਬੜਾ ਪਿਆਰ ਕਰਦਾ ਹੈ। ਮੈਂਨੂੰ ਗੁਦਗੁਦੀਆਂ (ਕੁਤਕੁਤਾੜੀਆਂ) ਬਹੁਤ ਹੁੰਦੀਆਂ ਹਨ। ਉਹ ਜਦੋਂ ਕਦੇ ਮੌਜ ਵਿੱਚ ਹੁੰਦਾ ਹੈ ਤਾਂ ਮੇਰੇ ਗੁਦਗੁਦੀਆਂ ਕੱਢਦਾ ਮੈਂਨੂੰ ਹਸਾ ਹਸਾ ਕੇ ਲੋਟ ਪੋਟ ਕਰ ਛੱਡਦਾ ਹੈ। ਕਦੇ ਡਾਕਟਰ ਬਣ ਕੇ ਮੇਰੀ ਛਾਤੀ ਚੈੱਕ ਕਰਨ ਲੱਗ ਪੈਂਦਾ ਹੈ। ਉਸ ਦੀ ਛੇੜ ਛਾੜ ’ਤੇ ਜਦੋਂ ਮੈਂਨੂੰ ਹਾਸਾ ਆ ਜਾਂਦਾ ਹੈ ਤਾਂ ਕਹਿੰਦਾ ਹੈ, ਕਿ ਡੈਡੀ ਆਰਾਮ ਨਾਲ ਪਏ ਰਹੋ ਤੁਹਾਨੂੰ ਪਤਾ ਨਹੀਂ, ਮੈਂ ਡਾਕਟਰ ਹਾਂ, ਤੁਸੀਂ ਬੀਮਾਰ ਹੋ। ਕਦੇ ਬੀਮਾਰ ਵੀ ਹੱਸਦੇ ਹੁੰਦੇ ਹਨ? ਫਿਰ ਮੇਰਾ ਖੂਨ ਚੈੱਕ ਕਰਨ ਦੀ ਨਕਲ ਲਾਹੁੰਦਾ, ਮੇਰੇ ਡੌਲੇ ’ਤੇ ਪੱਟੀ ਬੰਨ੍ਹ ਕੇ ਪੈਨਸਿਲ ਦੀ ਸਰਿੰਜ ਬਣਾ ਕੇ ਖੂਨ ਦਾ ਸੈਂਪਲ ਲੈਂਦਾ ਹੈ। ਕਦੇ ਦੋਵੇਂ ਤਾਸ਼ ਲੈ ਕੇ ਮੇਰੇ ਮਗਰ ਪੈ ਜਾਂਦੇ ਹਨ, ਕਹਿੰਦੇ ਹਨ, ਡੈਡੀ ਜੀ ਆਓ ਭਾਬੀ ਬਣਾਉਣ ਵਾਲੀ ਤਾਸ਼ ਖੇਡੀਏ। ਦੋਵੇਂ ਹੀ ਚੁਲਬਲੇ ਤੇ ਤੇਜ਼ ਹਨ। ਮੈਂਨੂੰ ਹਰਾ ਕੇ ਮੇਰੇ ਦੁਆਲੇ, ‘ਭਾਬੀ ਭਾਬੀ’ ਕਹਿੰਦੇ ਨੱਚਦੇ ਟੱਪਦੇ ਮੈਂਨੂੰ ਮਿੱਠਾ ਮਿੱਠਾ ਹਾਸਾ-ਠੱਠਾ ਤੇ ਮਖੌਲ ਕਰਦੇ ਰਹਿੰਦੇ ਹਨ। ਕਦੇ ਮੈਂ ਵੀ ਜਾਣ ਬੁੱਝ ਕੇ ਉਨ੍ਹਾਂ ਨੂੰ ਜਿਤਾ ਕੇ ਵੀ ਖੁਸ਼ ਹੁੰਦੇ ਵੇਖਦਾ ਹਾਂ, ਕਿਉਂ ਜੋ ਮੇਰੇ ਲਈ ਉਹ ਖਿਡਾਉਣੇ ਹਨ ਅਤੇ ਮੈਂ ਵੀ ਉਨ੍ਹਾਂ ਲਈ ਖਿਡਾਉਣਾ ਬਣ ਜਾਂਦਾ ਹਾਂ।
ਕਦੇ ਉਹ ਮੈਂਨੂੰ ਬਾਤਾਂ ਸੁਣਾਉਣ ਦੀ ਜ਼ਿੱਦ ਵੀ ਕਰਦੇ ਹਨ। ਮੈਂ ਉਨ੍ਹਾਂ ਦਾ ਮਨ ਪਰਚਾਵਾ ਕਰਨ ਲਈ ਕੁਝ ਸੁਣੀਆਂ ਸੁਣਾਈਆਂ ਪੁਰਾਣੀਆਂ ਬਾਤਾਂ ਸੁਣਾ ਉਨ੍ਹਾਂ ਦਾ ਮਨ ਪਰਚਾਵਾ ਕਰਦਾ ਹਾਂ। ਕਈ ਵਾਰ ਕੰਪਿਊਟਰ ’ਤੇ ਲਿਖਣ ਵੇਲੇ ਕਿਸੇ ਸਿਰਲੇਖ ’ਤੇ ਕੋਈ ਜਚਦੀ ਫੋਟੋ ਲਾਉਣ ਦੀ ਲੋੜ ਹੋਵੇ ਤਾਂ ਦੋਵੇਂ ਇਸ ਕੰਮ ਵਿੱਚ ਮੇਰੀ ਮਦਦ ਕਰਕੇ ਮੇਰੀ ਕੋਈ ਛੋਟੀ ਮੋਟੀ ਮੁਸ਼ਕਲ ਵੀ ਹੱਲ ਕਰ ਦੇਂਦੇ ਹਨ। ਜਦੋਂ ਕਿਤੇ ਮੈਂ ਕੰਪਿਊਟਰ ’ਤੇ ਕੋਈ ਕਵਿਤਾ ਲਿਖਦਾ ਹੁੰਦਾ ਤਾਂ ਉਹ ਕਹਿੰਦੇ ਨੇ ਸਾਡੀ ਵੀ ਕੋਈ ਕਵਿਤਾ ਲਿਖ ਕੇ ਸੁਣਾਓ। ਕਈ ਵਾਰ ਜਦੋਂ ਉਨ੍ਹਾਂ ਬਾਰੇ ਕਵਿਤਾ ਲਿਖ ਕੇ ਉਨ੍ਹਾਂ ਨੂੰ ਸੁਣਾਉਂਦਾ ਹਾਂ ਤਾਂ ਉਹ ਖੁਸ਼ ਹੋ ਕੇ ਵਾਹ ਵਾਹ ਕਰਦੇ ਤਾੜੀਆਂ ਵਜਾਉਣ ਲੱਗ ਪੈਂਦੇ ਹਨ। ਉਦੋਂ ਇਵੇਂ ਜਾਪਦਾ ਹੈ ਜਿਵੇਂ ਮੈਂ ਕਿਸੇ ਬਾਲ ਸਭਾ ਵਿੱਚ ਬੈਠਾ ਹੋਵਾਂ। ਇਸੇ ਤਰ੍ਹਾਂ ਬੱਸ ਟਾਈਮ ਪਾਸ ਹੋਈ ਜਾਂਦਾ ਹੈ।
ਵਧਦੀ ਉਮਰ ਕਰਕੇ ਅਤੇ ਬੈਠਕ ਜ਼ਿਆਦਾ ਹੋਣ ਕਰਕੇ ਸਰੀਰ ਢਿਲਕ ਜਾਣ ਕਰਕੇ ਪੇਟ ਵੀ ਵਧ ਗਿਆ ਹੈ, ਜਿਸ ਕਰਕੇ ਮੈਂਨੂੰ ਉਨ੍ਹਾਂ ਦੇ ਹਾਸੇ ਠੱਠੇ ਦਾ ਕਾਰਨ ਬਣਨਾ ਪੈਂਦਾ ਹੈ। ਮੈਂਨੂੰ ਮਖੌਲ ਨਾਲ ਕਹਿੰਦੇ ਹਨ ਡੈਡੀ ਤੁਸੀਂ ਇੰਨੇ ਮੋਟੇ ਹੋ, ਤੁਹਾਨੂੰ ਦਾਦੀ ਮਾਂ ਨੇ ਕਿਸ ਤਰ੍ਹਾਂ ਪਸੰਦ ਕਰ ਲਿਆ। ਮੈਂ ਘੜਿਆ ਘੜਾਇਆ ਜਵਾਬ ਦੇਂਦਾ ਹਾਂ, ਪੁੱਤਰ ਜੀ, ਇਹ ਗੱਲ ਮੈਂਨੂੰ ਨਹੀਂ, ਦਾਦੀ ਮਾਂ ਨੂੰ ਪੁੱਛੋ। ਉਹ ਉਸੇ ਵੇਲੇ ਦਾਦੀ ਮਾਂ ਦੁਆਲੇ ਜਾ ਹੁੰਦੇ ਹਨ। ਉਹ ਸੋਟੀ ਦੇ ਸਹਾਰੇ ਚਲਦੀ ਹੈ। ਉਸ ਦੀ ਸੋਟੀ ਫੜ ਕੇ ਕਈ ਵਾਰ ਉਸ ਦੇ ਸਾਂਗ ਲਾਉਣ ਲੱਗ ਪੈਂਦੇ ਹਨ। ਉਹ ਹੱਸਦੀ ਹੱਸਦੀ ਲੋਟ ਪੋਟ ਹੋ ਕੇ ਉਨ੍ਹਾਂ ਨੂੰ ਕਲਾਵੇ ਵਿੱਚ ਭਰ ਲੈ ਲੈਂਦੀ ਹੈ, ਇਸ ਤਰ੍ਹਾਂ ਉਨ੍ਹਾਂ ਨਾਲ ਹੱਸਦੇ ਹਸਾਉਂਦੇ ਟਾਈਮ ਪਾਸ ਚੰਗਾ ਹੋ ਜਾਂਦਾ ਹੈ।
ਜਦੋਂ ਕਦੇ ਉਹ ਸਾਹਿਬਜ਼ਾਦਿਆਂ ਦੀ ਮੂਵੀ ਵੇਖਦੇ ਹਨ ਤਾਂ ਮੇਰੇ ਕੋਲ ਆ ਕੇ ਕਈ ਗੱਲਾਂ ਪੁੱਛਦੇ ਹਨ। ਕਦੇ ਕਹਿੰਦੇ ਹਨ, ਜਦੋਂ ਬਾਬਾ ਜੀ ਨੇ ਸਰਸਾ ਨਦੀ ਨੂੰ ਪਾਰ ਕੀਤਾ ਤਾਂ ਬਾਬਾ ਜੀ ਦਾ ਘੋੜਾ ਤੇ ਉਨ੍ਹਾਂ ਦਾ ਬਾਜ਼ ਕਿੱਥੇ ਚਲਾ ਗਿਆ। ਸਾਹਿਬਜ਼ਾਦਿਆਂ ਨੂੰ ਬੇਦੋਸ਼ਿਆਂ ਨੂੰ ਨੀਹਾਂ ਵਿੱਚ ਚਿਣ ਕੇ ਕਿਉਂ ਸ਼ਹੀਦ ਕੀਤਾ ਗਿਆ‘ ਉਨ੍ਹਾਂ ਦਾ ਕੀ ਕਸੂਰ ਸੀ? ਉਨ੍ਹਾਂ ਦੀ ਦਾਦੀ ਨੂੰ ਇਕੱਲੀ ਨੂੰ ਕਿਉਂ ਛੱਡ ਗਏ। ਮੂਵੀ ਵਿੱਚ ਸੁਣਿਆ ਗੀਤ “ਵੇਲਾ ਆ ਗਿਆ ਹੈ ਦਾਦੀ ਹੁਣ ਜੁਦਾਈ ਦਾ,” ਜਦੋਂ ਸੁਣਦੇ ਹਨ ਤਾਂ ਦੋਵੇਂ ਅੱਖਾਂ ਭਰ ਲੈਂਦੇ ਹਨ। ਮੈਂ ਵੀ ਭਾਵੁਕ ਹੋਏ ਬਿਨਾਂ ਨਹੀਂ ਰਹਿ ਸਕਦਾ। ਫਿਰ ਜ਼ਰਾ ਕਾਇਮ ਹੋ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਉਨ੍ਹਾਂ ਦੀ ਮਾਸੂਮੀਅਤ ਅਨੁਸਾਰ ਦਿੰਦਾ ਹਾਂ। ਇਸ ਸਮੇਂ ਵਿੱਚ ਮੇਰੇ ਲਈ ਟਾਈਮ ਪਾਸ ਕਰਨਾ ਬੜਾ ਔਖਾ ਹੁੰਦਾ ਹੈ। ਖਿਆਲਾਂ ਦੇ ਕਈ ਝੱਖੜ ਮੇਰੇ ਅੰਦਰ ਝੁੱਲਣੇ ਸ਼ੁਰੂ ਹੋ ਜਾਂਦੇ ਹਨ ਜੋ ਸੰਭਾਲਣੇ ਮੁਸ਼ਕਿਲ ਹੋ ਜਾਂਦੇ ਹਨ। ਫਿਰ ਟਾਈਮ ਪਾਸ ਕਰਨ ਦੇ ਬਹਾਨੇ ਕੁਝ ਲਿਖਣ ਲਈ ਬੈਠ ਜਾਂਦਾ ਹਾਂ।
ਇਸ ਦਸ ਸਾਲ ਦੇ ਅਰਸੇ ਵਿੱਚ ਮੈਂ ਵਿਚਾਲੇ ਪੰਜਾਬ ਵੀ ਆਉਂਦਾ ਜਾਂਦਾ ਰਹਿੰਦਾ ਹਾਂ। ਉੱਥੇ ਵੀ ‘ਮਹਿਰਮ ਸਾਹਿਤ ਸਭਾ’ ਨਵਾਂ ਸ਼ਾਲਾ ਵਿਖੇ ਸਮੇਂ ਸਮੇਂ ਸਿਰ ਕਈ ਪ੍ਰਸਿੱਧ ਲੇਖਕਾਂ ਕਵੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਰਹਿੰਦਾ ਹੈ। ਹੋਰ ਵੀ ਰੁਝੇਵੇਂ ਹੋਣ ਕਰਕੇ ਸਮਾਂ ਗੁਜ਼ਰਦੇ ਪਤਾ ਹੀ ਨਹੀਂ ਚਲਦਾ। ਕਈ ਦੇਸੀ ਤੇ ਵਿਦੇਸੀ ਲੇਖਕ ਮਿਲਦੇ ਹਨ। ਕਈ ਵਿਸ਼ਿਆਂ ’ਤੇ ਵਿਚਾਰ ਵਟਾਂਦਰੇ ਕਰਨ ਦਾ ਮੌਕਾ ਮਿਲਦਾ ਹੈ। ਕਿਤਾਬਾਂ ਦੀ ਘੁੰਡ ਚੁਕਾਈਆਂ ਹੁੰਦੀਆਂ ਹਨ। ਮਾਣ ਸਤਿਕਾਰ ਦਿੱਤੇ ਲਏ ਜਾਂਦੇ ਹਨ। ਕਵੀ ਦਰਬਾਰ ਹੁੰਦੇ ਹਨ। ਕਵਿਤਾ ਦੇ ਵੰਨ ਸੁਵੰਨੇ ਰੰਗ ਸੁਣਨ ਨੂੰ ਮਿਲਦੇ ਹਨ। ਉੱਥੇ ਵੀ ਚੰਗਾ ਟਾਈਮ ਪਾਸ ਹੋ ਜਾਂਦਾ ਹੈ।
ਬਹੁਤ ਸਮਾਂ ਪਹਿਲਾਂ ਇੱਥੇ ਰਹਿੰਦੇ ਕਾਮੇ ਲੇਖਕਾਂ ਨੇ ਬੜੇ ਉੱਦਮ ਨਾਲ ਇੱਕ ਸਭਾ, ਸਾਹਿਤ ਸੁਰ ਸੰਗਮ ਸਭਾ ਇਟਲੀ, ਦਾ ਗਠਨ ਕੀਤਾ ਸੀ। ਜੋ ਹੌਲੀ ਹੌਲੀ ਕੰਮ ਧੰਦੇ ਨਾ ਹੋਣ ਕਰਕੇ ਮੈਂਬਰਾਂ ਦੀ ਗਿਣਤੀ ਘਟਦੀ ਘਟਦੀ ਘਟ ਗਈ। ਹੁਣ ਉਨ੍ਹਾਂ ਦੀਆਂ ਲਿਖਤਾਂ ਅਤੇ ਚਿਹਰੇ ਮੋਹਰੇ ਕਦੇ ਕਦੇ ਫੇਸ ਬੁੱਕ ਵਿੱਚ ਜਾਂ ਕੁਝ ਪੰਜਾਬੀ ਵੈੱਬ ਸਾਈਟਾਂ ’ਤੇ ਉਨ੍ਹਾਂ ਨੂੰ ਪੜ੍ਹ ਕੇ ਟਾਈਮ ਪਾਸ ਕਰ ਲਈਦਾ ਹੈ। ਮੀਡੀਆ ਪੰਜਾਬ ਜਰਮਨੀ ਨਾਲ ਵਿਦੇਸ਼ ਆ ਕੇ ਮੇਰਾ ਲਿਖਣ ਤੇ ਪੜ੍ਹਨ ਦਾ ਸਭ ਤੋਂ ਪਹਿਲਾਂ ਵਾਹ ਪਿਆ ਸੀ, ਜੋ ਹੁਣ ਤੱਕ ਉਸੇ ਤਰ੍ਹਾਂ ਹੈ। ਇਸ ਵੈੱਬ ਸਾਈਟ ’ਤੇ ਚੰਗੇ ਚੰਗੇ ਲੇਖਕਾਂ ਦੀਆਂ ਰਚਨਾਵਾਂ ਪੜ੍ਹ ਸੁਣ ਕੇ ਮੈਂਨੂੰ ਹੋਰ ਚੰਗਾ ਲਿਖਣ ਅਤੇ ਸਿੱਖਣ ਸਮਝਣ ਲਈ ਉਤਸ਼ਾਹ ਤਾਂ ਮਿਲਦਾ ਹੀ ਹੈ, ਨਾਲੇ ਟਾਈਮ ਪਾਸ ਵੀ ਹੋ ਜਾਂਦਾ ਹੈ।
ਕਿਤੇ ਆਉਂਦੇ ਜਾਂਦੇ ਜਦੋਂ ਕੋਈ ਹਾਲ ਪੁੱਛੇ ਤਾਂ ਜ਼ਿੰਦਗੀ ਦੀ ਰੰਗ ਬਰੰਗੀਆਂ ਲੀਰਾਂ ਵਿੱਚ ਲਪੇਟੀ ਖਿੱਧੋ ਵਾਂਗ ਸਭ ਕੁਝ ਸਮੇਟ ਕੇ ਕਹਿ ਛੱਡੀਦਾ ਹੈ, ਮਾਲਕ ਦਾ ਸ਼ੁਕਰ ਆ ਜੀ ਟਾਈਮ ਪਾਸ ਹੋਈ ਜਾਂਦਾ ਹੈ। ਜ਼ਿੰਦਗੀ ਹੈ ਵੀ ਤਾਂ ਇਸੇ ਤਰ੍ਹਾਂ ਦੀ, ਜਿਸਦੀਆਂ ਪਰਤਾਂ ਦੀ ਫਰੋਲਾ ਫਰੋਲੀ ਕਰਦਿਆਂ ਹੀ ਬੰਦੇ ਦਾ ਸਮਾਂ ਗੁਜ਼ਰੀ ਜਾਂਦਾ ਹੈ।
ਜ਼ਿੰਦਗੀ ਐ ਜ਼ਿੰਦਗੀ, ਮੁਸ਼ਕਲ ਹੈ ਤੈਨੂੰ ਸਮਝਣਾ।
ਇਸ ਅਜਬ ਖੇਡ ਨੂੰ, ਸਭ ਨੂੰ ਹੈ ਪੈਣਾ ਖੇਡਣਾ।
ਤੇਰੀ ਹੀ ਦੌੜ ਵਿੱਚ, ਰਹਿ ਕੇ ਅਖੀਰ ਤੀਕ,
ਇਸੇ ਹੀ ਖੇਡ ਵਿੱਚ, ਕਿਤੇ ਹਾਰਨਾ ਕਿਤੇ ਜਿੱਤਣਾ।
ਜਿੱਦਾਂ ਤੂੰ ਬੀਤ ਗਈ, ਧਨਵਾਦ ਤੇਰਾ ਜ਼ਿੰਦਗੀ,
ਬੱਸ ਹੁਣ ਰਹਿ ਗਿਆ, ਬੀਤੇ ਦੇ ਸ਼ੀਸ਼ੇ ਵਿੱਚੋਂ ਝਾਕਣਾ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1593)
(ਸਰੋਕਾਰ ਨਾਲ ਸੰਪਰਕ ਲਈ: