RewailSingh7ਵੇ ਮਾਸ਼ਟਰਾ, ਮੇਰੇ ਮੁੰਡੇ ਨੇ ਤੇਰੇ ਸਕੂਲ ਦੇ ਕਿਹੜੇ ਅੰਬ ਤੋੜ ਲਏ ...
(13 ਜੂਨ 2019)

 

ਮੈਂਨੂੰ ਛੇਆਂ ਭੈਣਾਂ ਦਾ ਭਰਾ, ਤਿੰਨਾਂ ਧੀਆਂ ਦਾ ਬਾਪ ਅਤੇ ਆਪਣੇ ਪਰਵਾਰ ਵਿੱਚੋਂ ਸਭ ਤੋਂ ਵਡੇਰੀ ਉਮਰ ਦਾ ਹੋਣ ’ਤੇ ਮਾਣ ਹੈਮੇਰੀਆਂ ਦੋ ਦੋਹਤੀਆਂ ਅਤੇ ਇੱਕ ਦੋਹਤੇ ਦਾ ਜਨਮ ਵੀ ਸਾਡੇ ਘਰ ਹੀ ਹੋਇਆ ਸਾਰੇ ਹੀ ਲਾਡ ਪਿਆਰ ਨਾਲ ਮੈਂਨੂੰ ਅਜੇ ਵੀ ਡੈਡੀ ਹੀ ਕਹਿੰਦੇ ਹਨ ਤੇ ਉਨ੍ਹਾਂ ਦੀ ਰੀਸੇ ਘਰ ਦੇ ਹੋਰ ਮੈਂਬਰ ਵੀ ਮੈਂਨੂੰ ਡੈਡੀ ਹੀ ਕਹਿੰਦੇ ਹਨਪਰ ਆਪਣੇ ਇਸ ਲੇਖ ਵਿੱਚ ਮੈਂ ਸਿਰਫ ਆਪਣੀ ਵੱਡੀ ਦੋਹਤੀ, ਜੋ ਮੇਰੀ ਵੱਡੀ ਧੀ ਦੀ ਪਲੇਠੀ ਦੀ ਧੀ ਵੀ ਹੈ, ਦੀ ਗੱਲ ਹੀ ਕਰਾਂਗਾਆਪਣੇ ਠੰਢੇ, ਮਿੱਠੇ ਹਸਮੁਖੇ ਅਤੇ ਸਹਿਣਸ਼ੀਲ ਸੁਭਾ ਦੀ ਹੋਣ ਕਰਕੇ ਉਹ ਮੇਰੇ ਪ੍ਰਿਵਾਰ ਵਿੱਚ ਜਮ ਪਲ਼ ਸਾਰੇ ਪਰਿਵਾਰ ਵਿੱਚ ਘਿਉ ਖਿਚੜੀ ਵਾਂਗ ਹੀ ਘੁਲ਼ ਮਿਲ ਗਈ ਸੀਉਸ ਨੇ ਦਸਵੀਂ ਤੱਕ ਦੀ ਪੜ੍ਹਾਈ ਸਾਡੇ ਕੋਲ ਰਹਿ ਕੇ ਹੀ ਕੀਤੀਵਾਰੋ ਵਾਰੀ ਸਾਰੀਆਂ ਧੀਆਂ ਵਿਆਹੀਆਂ ਵਰੀਆਂ ਜਾ ਕੇ ਆਪੋ ਆਪਣੇ ਘਰੀਂ ਚਲੀਆਂ ਗਈਆਂਹੁਣ ਉਹੀ ਸਾਡੀ ਦੋਹਤੀ ਅਤੇ ਧੀ ਵੀ ਸੀਉਹ ਆਪਣੀ ਨਾਨੀ ਨੂੰ ਮੰਮਾ ਕਹਿੰਦੀ ਹੁੰਦੀ ਸੀਉਸ ਨੂੰ ਚੁੱਲ੍ਹੇ ਚੌਂਕੇ ਅਤੇ ਘਰ ਦੇ ਹੋਰ ਕੰਮ ਕਾਜ ਵਿੱਚ ਸੁੱਘੜ ਅਤੇ ਚੁਸਤ ਬਣਾਉਣ ਵਿੱਚ ਮੇਰੀ ਘਰ ਵਾਲੀ ਦਾ ਸੁਚੱਜਾ ਹੱਥ ਹੈ

ਨਿੱਕੀ ਹੁੰਦੀ ਉਹ ਬੜੀਆਂ ਤੋਤਲੀਆਂ ਗੱਲਾਂ ਨਾਲ ਸਭ ਦੇ ਹਾਸੇ-ਠੱਠੇ ਅਤੇ ਮਖੌਲ ਦਾ ਕਾਰਨ ਬਣ ਜਾਂਦੀ ਹੁੰਦੀ ਸੀ ਪਰ ਸਹਿਣਸ਼ੀਲ ਹੋਣ ਕਰਕੇ ਗੁੱਸਾ ਨਹੀਂ ਸੀ ਕਰਦੀ ਜਦੋਂ ਕਦੇ ਉਹ ਕੱਪ ਨੂੰ ਪੱਕ, ਸੋਫੇ ਨੂੰ ਫੋਸਾ, ਲੱਸੀ ਨੂੰ ਲੱਛੀ, ਪਕੌੜੇ ਨੂੰ ਪਕੋਰਾ, ਬੁਹਾਰੀ ਨੂੰ ਬ੍ਹਾੜੀ, ਕਹਿੰਦੀ ਤਾਂ ਸਾਰੇ ਹਾਸਾ ਮਖੌਲ ਕਰਦੇ ਉਹ ਕਹਿੰਦੀ - ਹਾਏ, ਹਾਏ, ਮੈਂ ਕਿਹੜੀ ਮਾੜੀ ਗੱਲ ਕਹਿ ਦਿੱਤੀ ਵਾਇਹ ਕਹਿ ਕੇ ਉਹ ਚੁੰਨੀ ਵਿੱਚ ਮੂੰਹ ਲੁਕਾ ਕੇ ਦੌੜ ਜਾਂਦੀਇੱਕ ਵਾਰ ਮੈਂਨੂੰ ਰੋਟੀ ਖਾਂਦੇ ਨੂੰ ਉਹ ਪੁੱਛਣ ਲੱਗੀ ਕਿ ਡੈਡੀ ਕੁਛ ਹੋਰ ਆਵੇ? ਮੈਂ ਹਾਸੇ ਨਾਲ ਕਿਹਾ - ਹਾਂ, ਉਹ ਸਾਮ੍ਹਣੇ ਵਾਲੀ ਗਊ ਸ਼ਾਲਾ ਪੁੱਟ ਕੈ ਲੈ ਆਉਹ ਹੱਸਦੀ ਹੋਈ ਕਹਿਣ ਲੱਗੀ - ਉਹ ਤਾਂ ਨਹੀਂ ਆ ਸਕਦੀ, ਕੋਈ ਹੋਰ ਸੇਵਾ ਦੱਸੋ? ਮੈਂ ਕਿਹਾ, ਚੰਗਾ ਫਿਰ ਇਹ ਭਾਂਡੇ ਚੁੱਕ ਕੇ ਲੈ ਜਾ ਉਹ ਹੱਸਦੀ ਹੱਸਦੀ ਭਾਂਡੇ ਚੁੱਕ ਕੇ ਰਸੋਈ ਵਿੱਚ ਲਿਜਾ ਕੇ ਸਾਫ ਕਰਨ ਲੱਗ ਪਈ

ਆਪਣੇ ਕੰਮ ਕਾਜ ਵਿੱਚ ਉਹ ਪੂਰੀ ਤਾਕ ਸੀਜਦ ਮੈਂ ਦਫਤਰ ਤੋਂ ਘਰ ਆਉਣਾ, ਪਾਣੀ ਦਾ ਗਲਾਸ ਲੈ ਕੇ ਆ ਜਾਂਦੀਕਦੇ ਮੇਰੀ ਪੱਗ ਦੀ ਪੂਣੀ ਕਰਵਾ ਦੇਣੀ, ਕਦੇ ਕੱਪੜੇ ਪ੍ਰੈੱਸ ਕਰ ਦੇਣੇ ਗੱਲ ਕੀ, ਉਹ ਕਿਸੇ ਕੰਮ ਵਿੱਚ ਦੇਰੀ ਜਾਂ, ਸੁਸਤੀ ਕਰਨ ਦਾ ਮੌਕਾ ਨਹੀਂ ਸੀ ਦਿੰਦੀਮੈਂਨੂੰ ਯਾਦ ਹੈ, ਜਦੋਂ ਮੈਂ ਉਸ ਨੂੰ ਪ੍ਰਾਇਮਰੀ ਪਾਸ ਕਰਨ ਤੋਂ ਬਾਅਦ ਨੇੜਲੇ ਹਾਈ ਸਕੂਲ ਵਿੱਚ ਦਾਖਲ ਕਰਾਉਣ ਲਈ ਗਿਆ ਉਸ ਸਕੂਲ ਵਿੱਚ ਮੇਰੇ ਬਹੁਤ ਹੀ ਪਿਆਰਾ ਮਿੱਤਰ (ਸਵ. ਗਿਆਨੀ ਧਿਆਨ ਸਿੰਘ ਬੋਪਾ ਰਾਏ) ਜੋ ਲੋਕਾਂ ਵਿੱਚ ਬੜਾ ਹੀ ਹਰਮਨ ਪਿਆਰਾ ਸੀ, ਅਧਿਆਪਕ ਲੱਗਾ ਹੋਇਆ ਸੀਇਸ ਕਰਕੇ ਮੇਰਾ ਉਸ ਸਕੂਲ ਵਿੱਚ ਆਣਾ ਜਾਣਾ ਆਮ ਹੀ ਬਣਿਆ ਰਹਿੰਦਾ ਸੀਉਹ ਵੀ ਮੇਰੀ ਦੋਹਤੀ ਨੂੰ ਧੀਆਂ ਵਾਂਗ ਹੀ ਪਿਆਰ ਕਰਦਾ ਸੀਸਕੂਲ ਤੋਂ ਕਦੇ ਵੀ ਉਸ ਦੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਆਈ ਸੀਬਹੁਤੇ ਲੋਕ ਉਸ ਨੂੰ ਮੇਰੀ ਦੋਹਤੀ ਨਹੀਂ, ਸਗੋਂ ਧੀ ਹੀ ਸਮਝਦੇ ਸਨਰੋਜ਼ ਸਕੂਲ ਪੈਦਲ ਹੀ ਆਉਂਦੀ ਜਾਂਦੀ ਸੀਡਰਾਕਲ ਇੰਨੀ ਸੀ ਕਿ ਇੰਨੀ ਪੜ੍ਹ ਲਿਖ ਕੇ ਨੌਕਰੀ ਕਰਨ ਤੱਕ, ਇੰਨੀ ਵੱਡੀ ਹੋਣ ’ਤੇ ਵੀ ਸਾਈਕਲ ਚਲਾਉਣ ਦੀ ਜਾਚ ਅਜੇ ਤੀਕ ਵੀ ਉਸ ਨੂੰ ਨਹੀਂ ਆਈ

ਫਿਰ ਉਹ ਇਸੇ ਸਕੂਲ ਵਿੱਚ ਦਸਵੀਂ ਕਲਾਸ ਬਿਨਾਂ ਕਿਸੇ ਟਿਊਸ਼ਨ ਆਦਿ ਰੱਖੇ ਦੇ ਚੰਗੇ ਨੰਬਰਾਂ ਵਿੱਚ ਪਾਸ ਕਰਕੇ ਆਪਣੇ ਮਾਂ ਬਾਪ ਦੇ ਘਰ ਚਲੀ ਗਈਪਿਉ ਦੀ ਨੌਕਰੀ ਕੱਚੀ ਹੋਣ ਕਰਕੇ ਬੜੀਆਂ ਔਕੜਾਂ ਦਾ ਸਾਰੇ ਪਰਿਵਾਰ ਨੂੰ ਸਾਮ੍ਹਣਾ ਕਰਨਾ ਪਿਆ ਨੌਕਰੀ ਦਾ ਕੇਸ ਕਈ ਸਾਲ ਅਦਾਲਤਾਂ ਵਿੱਚ ਲਟਕਦਾ ਰਹਿ ਕੇ ਬੜੀ ਦੇਰ ਬਾਅਦ ਕਿਸੇ ਪਾਸੇ ਲੱਗਾਮੈਂ ਜਦੋਂ ਉਸ ਨੂੰ ਪੁੱਛਣਾ ਕਿ ਕੀ ਬਣਿਆ ਤੇਰੇ ਪਾਪਾ ਦੀ ਨੌਕਰੀ ਦਾ? ਉਹ ਸਹਿਜ ਭਾਵ ਨਾਲ ਕਹਿ ਛੱਡਦੀ - ਕੀ ਕਰੀਏ ਡੈਡੀ, ਜੱਜ ਹੀ ਨਹੀਂ ਬੈਠਦਾਤੇ ਆਖਿਰ ਫੈਸਲਾ ਇਨ੍ਹਾਂ ਦੇ ਹੱਕ ਵਿੱਚ ਹੋ ਹੀ ਗਿਆ

ਚੰਗੇ ਦਿਨ ਹੌਲ਼ੀ ਹੌਲ਼ੀ ਮੁੜਨ ਲੱਗੇਉਹ ਕਾਲਜ ਵਿੱਚ ਦਾਖਲ ਹੋ ਗਈ ਤੇ ਆਪਣੇ ਮਿਹਨਤੀ ਤੇ ਉਦਮੀ ਸੁਭਾ ਸਦਕਾ ਪਹਿਲਾਂ ਬੀ.ਏ, ਤੇ ਫਿਰ ਐੱਮ ਵੀ ਕਰ ਗਈਉਸ ਦੀ ਮਾਂ ਬੜੀ ਮਿਹਨਤੀ ਅਤੇ ਸਰਲ ਸੁਭਾ ਦੀ ਹੋਣ ਕਰਕੇ ਆਪ ਹੱਥੀਂ ਘਰ ਬਾਰ ਦਾ ਸਾਰਾ ਕੰਮ ਆਪ ਕਰ ਲੈਂਦੀ ਸੀ, ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਨਹੀਂ ਪੈਣ ਦਿੰਦੀ ਸੀਉਸ ਦੀ ਵੇਖਾ ਵੇਖੀ ਬਾਕੀ ਦੋਵੇਂ ਭੈਣ ਭਰਾ ਵੀ ਪੜ੍ਹਨ ਵਿੱਚ ਚੰਗੇ ਮਿਹਨਤੀ ਨਿਕਲੇ

ਫਿਰ ਮੈਂ ਕੀ ਵਾਰ ਸੋਚਦਾ ਸਾਂ ਕਿ ਇੰਨੀ ਪੜ੍ਹ ਲਿਖ ਕੇ ਹੁਣ ਬਿਨਾਂ ਕਿਸੇ ਕੋਰਸ ਆਦਿ ਕਰਨ ਦੇ ਕੋਈ ਨੌਕਰੀ ਨਾ ਕਰਨ ਕਰਕੇ ਐਵੇਂ ਮਾਪਿਆਂ ’ਤੇ ਬੋਝ ਬਣੇ ਰਹਿਣਾ ਵੀ ਇਸ ਜ਼ਮਾਨੇ ਵਿੱਚ ਧੀਆਂ ਲਈ ਠੀਕ ਨਹੀਂ ਪਰ ਘਰ ਦੀਆਂ ਤੰਗੀਆਂ ਤੁਰਸ਼ੀਆਂ ਤੇ ਕਈ ਹੋਰ ਮਜਬੂਰੀਆਂ ਵੀ ਇਸ ਕੰਮ ਵਿੱਚ ਵੱਡੀਆਂ ਰੁਕਾਵਟਾਂ ਬਣੀਆਂ ਹੋਈਆਂ ਸਨਆਖਰ ਇਹ ਸਾਰਾ ਕੁਝ ਸੋਚ ਕੇ, ਉਸਦੇ ਮਿਹਨਤੀ ਸੁਭਾ ਹੋਣ ਕਰਕੇ, ਉਨ੍ਹਾਂ ਦੀ ਮਦਦ ਕਰਨਾ ਆਪਣਾ ਫਰਜ਼ ਸਮਝ ਕੇ, ਆਪ ਦੌੜ ਭੱਜ ਕਰਕੇ ਉਸ ਨੂੰ ਖਾਲਸਾ ਕਾਲਜ ਜੰਮੂ ਵਿਖੇ ਬੀ.ਐੱਡ. ਦਾ ਦਾਖਲਾ ਲੈ ਦਿੱਤਾਅਤੇ ਨਾਲ ਹੀ ਹੋਸਟਲ ਵਿੱਚ ਰਹਿਣ ਦਾ ਪ੍ਰਬੰਧ ਵੀ ਕਰ ਦਿੱਤਾਕਦੇ ਕਦੇ ਵਿੱਚ ਵਿਚਾਲੇ ਉਸ ਦਾ ਪਤਾ ਲੈਣ ਲਈ ਮੈਂ ਆਪ ਵੀ ਜਾਇਆ ਕਰਦਾ ਸਾਂ

ਆਖਰ ਉਹ ਆਪਣਾ ਕੋਰਸ ਖਤਮ ਕਰਕੇ ਵਾਪਸ ਆ ਗਈ, ਤੇ ਥੋੜ੍ਹੇ ਸਮੇਂ ਵਿੱਚ ਹੀ ਕਿਸੇ ਸਕੂਲ ਵਿੱਚ ਮਾਸਟਰਨੀ ਲੱਗ ਗਈ ਕਦੇ ਕਦੇ ਮੈਂ ਪੁੱਛਣਾ ਕਿ ਰਿੰਪੀ, ਅੱਜ ਕਿੰਨੇ ਕੁ ਨਿਆਣੇ ਕੁੱਟੇ ਤਾਂ ਅੱਗੋਂ ਹੱਸਦੀ ਹੋਈ ਕਹਿੰਦੀ, ਛੱਡੋ ਡੈਡੀ ਨਿਆਣਿਆਂ ਦੀ ਗੱਲ, ਉਹ ਨਿਆਣੇ ਤਾਂ ਕਿਸੇ ਨੂੰ ਕੁੱਟ ਕੇ ਨਹੀਂ ਰੱਜਦੇ ਕਹਿਣ ਲੱਗੀ ਕਿ ਨਿਆਣੇ ਤਾਂ ਕਿਤੇ ਰਹੇ, ਉਨ੍ਹਾਂ ਦੇ ਤਾਂ ਮਾਪੇ ਹੀ ਮਾਣ ਨਹੀਂ ਇੱਕ ਦਿਨ ਸਾਡੇ ਸਕੂਲ ਕਿਸੇ ਟੀਚਰ ਨੇ ਕਿਸੇ ਬੱਚੇ ਨੂੰ ਕੋਈ ਵੱਡੀ ਗਲਤੀ ਕਰਨ ’ਤੇ ਪੋਲੀ ਜਿਹਾ ਥੱਪੜ ਜੜ ਦਿੱਤਾਉਹ ਬੱਚਾ ਸਕੂਲ ਛੱਡ ਕੇ ਰੋਂਦਾ ਰੋਂਦਾ ਘਰ ਗਿਆ ਤੇ ਮਾਂ ਨੂੰ ਨਾਲ ਸਕੂਲ ਲੈ ਆਇਆਮਾਂ ਹਰਲ ਹਰਲ ਕਰਦੀ ਸਕੂਲ ਆ ਕੇ ਟੀਚਰ ਨੂੰ ਪੈ ਗਈ ਕਹਿਣ ਲੱਗੀ - ਵੇ ਮਾਸ਼ਟਰਾ, ਮੇਰੇ ਮੁੰਡੇ ਨੇ ਤੇਰੇ ਸਕੂਲ ਦੇ ਕਿਹੜੇ ਅੰਬ ਤੋੜ ਲਏ, ਜਾਂ ਕੋਈ ਡਾਕਾ ਮਾਰ ਲਿਆ, ਖਰਬਰਦਾਰ ਜੇ ਅੱਗੇ ਤੋਂ ਮੁੰਡੇ ਨੂੰ ਕੁਛ ਕਿਹਾ ਤਾਂ ਨਾਲੇ ਵੇਖੀਂ ਤੇਰੀ ਬਦਲੀ ਕਰਵਾ ਦਊਂ ਕਿਤੇ ਦਰਿਆਉਂ ਪਾਰ, ਤੈਨੂੰ ਪਤਾ ਨਹੀਂ ਇਹਦਾ ਚਾਚਾ ਵੀ ਲਾਗਲੇ ਠਾਣੇ ’ਚ ਸ਼ਪਾਹੀ ਲੱਗਾ ਹੋਇਆ ਵਾ ਕਿਤੇ ਐਵੇਂ ਨਾ ਸਮਝੀਂ ਏਹਨੂੰ ਟੀਚਰ ਵਿਚਾਰਾ ਕਦੇ ਮੁੰਡੇ ਵੱਲ ਤੇ ਕਦੇ ਮੁੰਡੇ ਦੀ ਮਾਂ ਵੱਲ ਬਿਟ ਬਿਟ ਤੱਕੀ ਜਾਵੇ

ਬੱਸ ਇਵੇਂ ਹੀ ਦੋ ਤਿੰਨ ਸਕੂਲਾਂ ਵਿੱਚ ਉਹ ਵੇਲਾ ਟਪਾਉਂਦੀ ਰਹੀ ਘਰ ਵਾਲੇ ਹੁਣ ਉਸ ਬਾਰੇ ਕੋਈ ਚੰਗਾ ਵਰ-ਘਰ ਲੱਭਣ ਦੇ ਆਹਰ ਪਾਹਰ ਵਿੱਚ ਸਨਆ ਜਾ ਕੇ ਨੇੜਲੇ ਪਿੰਡ ਵਿੱਚ ਹੀ ਇੱਕ ਸਾਦ ਮੁਰਾਦੇ, ਮਿਹਨਤੀ ਘਰ ਵਿੱਚ ਇੱਕ ਵਿਦੇਸ਼ ਵਿੱਚ ਕੰਮ ਕਰਦੇ ਵਰ ਦੀ ਦੱਸ ਪੈਣ ’ਤੇ ਇਹ ਰਿਸ਼ਤਾ ਤੋੜ ਚੜ੍ਹ ਗਿਆਮੈਂ ਵਿਦੇਸ਼ ਚਲੇ ਜਾਣ ਕਰਕੇ ਇਸ ਖੁਸ਼ੀ ਦੇ ਮੌਕੇ ਹਾਜ਼ਰ ਤਾਂ ਨਹੀਂ ਹੋ ਸਕਿਆ, ਪਰ ਮੈਂਨੂੰ ਸੁਣ ਕੇ ਬਹੁਤ ਖੁਸ਼ੀ ਹੋਈਹੁਣ ਉਹ ਟੱਬਰ ਟੀਹਰ ਵਾਲੀ, ਇੱਕ ਬੜੇ ਪਿਆਰੇ ਲਾਡਲੇ ਪੁੱਤਰ ਦੀ ਮਾਂ ਬਣ ਚੁੱਕੀ ਹੈਉਸਦਾ ਪੁੱਤਰ ਹੁਣ ਨਰਸਰੀ ਵਿੱਚ ਪੜ੍ਹਨ ਜਾਂਦਾ ਹੈ ਸਾਰੇ ਘਰ ਵਿੱਚ ਨਿੱਘੇ ਮਿੱਠੇ ਸੁਭਾ ਕਰਕੇ ਚੰਗਾ ਭੜ-ਭਾਅ ਬਣਿਆ ਹੋਇਆ ਹੈਉਸਦਾ ਪਤੀ ਵੀ ਹੁਣ ਇੱਥੇ ਹੀ ਮੇਰੇ ਬੇਟੇ ਨਾਲ ਇੱਕੋ ਫੈਕਟਰੀ ਵਿੱਚ ਕੰਮ ਕਰਦਾ ਹੈਉਹ ਕੋਈ ਘਰ ਲੈ ਕੇ ਉਨ੍ਹਾਂ ਨੂੰ ਇੱਥੇ ਲੈ ਆਉਣਾ ਬਾਰੇ ਸੋਚਦਾ ਹੈ

ਹੁਣ ਕਦੇ ਕਦੇ ਮੈਂ ਇਹ ਸੋਚਦਾ ਹਾਂ ਕਿ ਉਹ ਵੀ ਵਿਦੇਸ਼ ਦੀ, ਯੌਰਪ ਦੀ ਧਰਤੀ ’ਤੇ ਵਿਚਰਦੇ ਇਨ੍ਹਾਂ ਲੋਕਾਂ ਦੀ ਚੁਸਤੀ ਫੁਰਤੀ ਨੂੰ ਇੱਥੇ ਆ ਕੇ ਵੇਖੇ ਤੇ ਮੈਂ ਉਸ ਨੂੰ ਕਹਾਂ, ਵੇਖ ਝੱਲੀਏ, ਤੈਨੂੰ ਇੰਨੀ ਪੜ੍ਹੀ ਲਿਖੀ ਹੋਣ ਤੇ ਸਾਈਕਲ ਸਕੂਟਰੀ ਚਲਾਉਣ ਤੋਂ ਅਜੇ ਵੀ ਡਰ ਲਗਦਾ ਹੈ, ਇੱਥੇ ਤਾਂ ਅੱਸੀ ਅੱਸੀ ਸਾਲ ਦੀਆਂ ਬੁੜ੍ਹੀਆਂ, ਜਿਨ੍ਹਾਂ ਕੋਲ ਗੱਡੀਆਂ ਵੀ ਹੁੰਦੀਆਂ ਹਨ, ਉਹ ਸਾਈਕਲਾਂ ਨੂੰ ਵੀ ਭੰਬੀਰੀ ਵਾਂਗ ਘੁਮਾਈ ਫਿਰਦੀਆਂ ਹਨ

ਹੁਣ ਇਹ ਕੁੜੀਆਂ, ਨਹੀਂ ਵਾਂਗ ਚਿੜੀਆਂ,
ਨਾ ਇਹ ਕਿਸ ਪਾਸੇ ਤੋਂ ਥੁੜੀਆਂ
,

ਮੋਢੇ ਦੇ ਨਾਲ ਮੋਢਾ ਡਾਹ ਕੇ,
ਹੁਣ ਨੇ ਨਾਲ ਸੰਘਰਸ਼ਾਂ ਜੁੜੀਆਂ

ਜੀਵਨ ਦੇ ਇਹ ਹਰ ਖੇਤਰ ਵਿੱਚ,
ਕਦੇ ਨਾ ਹਿੰਮਤ ਕੋਲੋਂ ਥੁੜੀਆਂ

ਔਰਤ ਜਣਨੀ, ਜੱਗ ਦੀ ਬੇਸ਼ੱਕ,
ਕਹਿੰਦੇ ਸ਼ਰਮ ਹਯਾ ਦੀਆਂ ਪੁੜੀਆਂ

ਹਰ ਪਾਸਾ ਚਮਕਾਣਗੀਆਂ ਹੁਣ,
ਜਿਸ ਪਾਸੇ ਵੀ ਮੁੜੀਆਂ ਕੁੜੀਆਂ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1630)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)

More articles from this author