“ਇਸ ਧਰਤੀ ’ਤੇ ਸਭ ਕੁਝ ਬੀਜੋ, ਸਾਂਝਾਂ ਬੀਜੋ, ਬੀਜੋ ਹਸਰਤ।
ਕੰਡਿਆਂ ਲੱਦੇ ਫੁੱਲ ਵੀ ਬੀਜੋ, ਪਰ ਨਾ ਬੀਜੋ ਨਫਰਤ।”
(ਮਈ 14, 2016)
1.
ਸੱਤ ਰੰਗ
1.
ਇੱਧਰ ਕੁਰਸੀ, ਉੱਧਰ ਕੁਰਸੀ,
ਵਿਚ ਕੁਰਸੀ ਦੇ ਨੋਟ,
ਵੋਟਾਂ ਦੇ ਨਾਲ ਕੁਰਸੀ ਮਿਲਦੀ,
ਨੋਟਾਂ ਦੇ ਨਾਲ ਵੋਟ।
2.
ਧਰਮਾਂ ਅੰਦਰ ਵੜੀ ਸਿਆਸਤ,
ਧਰਮਾਂ ਦੇ ਸਿਰ ਚੜ੍ਹੀ ਸਿਆਸਤ,
ਰੱਬ ਦੇ ਰਾਹ ਵਿੱਚ ਖੜ੍ਹੀ ਸਿਆਸਤ,
ਰੱਬ ਕਿਹੜੇ ਰਾਹ ਆਵੇ ਜਾਵੇ।
3.
ਚਾਰ ਚੁਫੇਰੇ ਪੱਕੀਆਂ ਕਣਕਾਂ,
ਕਣਕਾਂ ਦੇ ਵਿੱਚ ਫਿਰੇ ਬਟੇਰਾ,
ਕੰਮ ਕਾਰ ਨੂੰ ਜੀਅ ਨਹੀਂ ਕਰਦਾ,
ਲਾ ਸਾਧਾਂ ਵਿੱਚ ਜਾ ਕੇ ਡੇਰਾ।
4.
ਗਮਲੇ ਦੇ ਵਿੱਚ ਟੱਪ ਕੁ ਮਿੱਟੀ,
ਮੁੱਠ ਕੁ ਰੂੜੀ, ਲੱਪ ਕੁ ਪਾਣੀ,
ਫਿਰ ਵੀ ਵੰਡਦੇ ਵੇਖੇ ਫੁੱਲ,
ਸਭਨਾਂ ਨੂੰ ਮਹਿਕਾਂ ਤੇ ਖੁਸ਼ਬੋਈ।
5.
ਇਸ ਧਰਤੀ ’ਤੇ ਸਭ ਕੁਝ ਬੀਜੋ,
ਸਾਂਝਾਂ ਬੀਜੋ, ਬੀਜੋ ਹਸਰਤ।
ਕੰਡਿਆਂ ਲੱਦੇ ਫੁੱਲ ਵੀ ਬੀਜੋ,
ਪਰ ਨਾ ਬੀਜੋ ਨਫਰਤ।
6.
ਇਲਮਾਂ ਵਾਲੇ, ਕਲਮਾਂ ਵਾਲੇ,
ਸਭ ਨੂੰ ਸੇਧਾਂ ਦੇਵਣ ਵਾਲੇ,
ਫਿਰਦੇ ਨੇ ਪ੍ਰਧਾਨਗੀਆਂ ਪਿੱਛੇ,
ਬਹੁਤੇ ਮੁੱਖ ਮਹਿਮਾਨੀ ਪਿੱਛੇ,
ਅੱਖਰਾਂ ਦੇ ਵਣਜਾਰੇ ਵੇਖੇ,
ਤੁਰ ਪਏ ਕਿਹੜੇ ਰਾਹੇ।
7.
ਹੋਰ ਬੜਾ ਰੋਟੀ ਤੋਂ ਅੱਗੇ, ਇਸ ਜ਼ਮਾਨੇ ਅੰਦਰ,
ਬੇਸ਼ਕ ਲੱਗਦੇ ਥਾਂ ਥਾਂ ਵੇਖੇ ,ਰੱਬ ਦੇ ਨਾਂ ਤੇ ਲੰਗਰ।
ਇੱਕ ਭੁੱਖ ਮਿਟਦੀ, ਦੂਜੀ ਲੱਗਦੀ, ਭੁੱਖ ਨੂੰ ਭੁੱਖ ਮਿਟਾਵੇ,
ਬਹੁਤੀ ਥਾਂਈਂ ਭੁੱਖ ਦੇ ਨਾਂ ’ਤੇ ਹੁੰਦੇ ਮਨ ਪਰਚਾਵੇ।
**
2.
ਨੇਤਾ ਦੀ ਛੜੀ
ਘਰ ਘਰ ਅੰਦਰ ਚੁੱਲ੍ਹੇ ਚੌਂਕੇ ਗਲੀ ਮੁਹੱਲੇ ਵੜੀ ਸਿਆਸਤ।
ਨੂੰਹ ਦੇ ਸਿਰ ’ਤੇ ਚੜ੍ਹੀ ਸਿਆਸਤ, ਸੱਸ ਦੇ ਮੋਢੇ ਚੜ੍ਹੀ ਸਿਆਸਤ।
ਕੁਰਸੀ ਬਦਲੇ ਚੌਧਰ ਬਦਲੇ, ਨਾਲ ਭਰਾਵਾਂ ਲੜੀ ਸਿਆਸਤ।
ਮਾੜੀ ਮੋਟੀ ਘਟਨਾ ਹੋ ਜਾਏ, ਹੁੰਦੀ ਸਾਰੇ ਸੜੀ ਸਿਆਸਤ।
ਬਾਰਾਂ ਮਾਸ ਬਰੋਟੇ ਵਾਂਗੂੰ, ਰਹਿੰਦੀ ਹੈ ਇਹ ਹਰੀ ਸਿਆਸਤ।
ਪਤਾ ਨਹੀਂ ਕਿਸ ਵਿਹਲੇ ਬਹਿ ਕੇ, ਖਸਮਾਂ ਖਾਣੀ ਘੜੀ ਸਿਆਸਤ।
ਖਾਲੀ ਝੋਲਾ ਵਾਂਗ ਮਦਾਰੀ, ਨੇਤਾ ਦੀ ਇਹ ਛੜੀ ਸਿਆਸਤ ।
ਘਰ ਘਰ ਅੰਦਰ ਚੌਂਕੇ ਚੁੱਲ੍ਹੇ, ਗਲੀ ਮੁਹੱਲੇ ਵੜੀ ਸਿਆਸਤ।
**
3.
ਧਰਮ ਅਸਥਾਨਾਂ ਦੀ ਯਾਤਰਾ ਲਈ ਸਰਕਾਰੀ ਰੇਲ
ਮੰਨੇ ਕੋਈ ਭਾਵੇਂ ਬੇਸ਼ੱਕ ਨਾ ਮੰਨੇ, ਚੱਲੀ ਇਵੇਂ ਹੀ ਰੇਲ ਸਰਕਾਰ ਦੀ ਏ।
ਫੱਟੇ ਚੱਕਦੀ ਏ, ਪਾਪ ਕੱਟਦੀ ਏ, ਅਤੇ ਵਰੋਧੀਆਂ ਤਾਂਈਂ ਵੰਗਾਰਦੀ ਏ।
ਬਿਨਾਂ ਟਿਕਟ ਦੇ ਤੇ ਨਾਲੇ ਛਕੋ ਲੰਗਰ, ਧਰਮ ਯਾਤਰਾ ਲਈ ’ਵਾਜਾਂ ਮਾਰਦੀ ਏ।
ਲੱਕ ਤੋੜ ਮਹਿੰਗਈ ਦੇ ਮਾਰਿਆਂ ਦੇ ਤਪਦੇ ਸੀਨਿਆਂ ਨੂੰ ਇਵੇਂ ਠਾਰਦੀ ਏ।
ਨਸ਼ੇ ਤਸਕਰੀ ਨੂੰ, ਘਪਲੇ ਬਾਜ਼ੀਆਂ ਨੂੰ, ਕੋਸ਼ਿਸ਼ ਕਰੇ ਕਿ ਕਿਵੇਂ ਵਿਸਾਰਦੀ ਏ।
ਕਿਤੇ ਕੁਰਸੀਆਂ ਦੇ, ਕਿਤੇ ਲੀਡਰੀ, ਦੇ ਨਵੇਂ ਨਵੇਂ ਹੀ ਟੇਸ਼ਣ ਉਸਾਰਦੀ ਏ।
ਰੋਜ਼ ਨਵੇਂ ਹੀ ਨਵੇਂ ਬਣਾ ਜੰਕਸ਼ਨ, ਨਵੇਂ ਨਵੇਂ ਹੀ ਚੋਗ ਖਿਲਾਰਦੀਏ।
ਵੇਲਾ ਆ ਗਿਆ ਵੇਖੀਏ ਜਨਤਾ, ਝੂਠ ਸੱਚ ਨੂੰ ਕਿਵੇਂ ਨਿਤਾਰਦੀ ਏ।
**
4.
ਇਹ ਵੀ ਬਚਪਨ
ਇੱਟਾਂ ਪੱਥਦੇ, ਰੋੜੀ ਕੁੱਟਦੇ,
ਭਾਂਡੇ ਧੋਂਦੇ, ਚਾਹਾਂ ਢੋਂਦੇ,
ਕੂੜਾ ਕਰਕਟ, ਗੰਦ ਫਰੋਲਣ,
ਗੰਦਗੀ ਵਿੱਚੋਂ ਰੋਟੀ ਟੋਲ੍ਹਣ।
ਮੁਰਝਾਏ ਫੁੱਲਾਂ ਦੇ ਵਾਂਗਰ,
ਵੇਖਾਂ ਜਦ ਕੁਮਲਾਏ ਚਿਹਰੇ,
ਛੋਟੀ ਉਮਰੇ ਬਾਲ ਮਜਦੂਰੀ,
ਚਿਹਿਰਆਂ ਉੱਤੇ ਫਿੱਕੇ ਹਾਸੇ,
ਲੱਗਣ ਜਿਉਂ ਧੁਆਂਖੇ ਚਿਹਰੇ,
ਮੂੰਹਾਂ ਉੱਤੇ ਫਿਰੀ ਪਿਲੱਤਣ,
ਤਦ ਮੈਂ ਸੋਚਾਂ!
ਇਹ ਵੀ ਬਚਪਨ,
ਗੋਦੀ ਦੀ ਥਾਂ, ਪਾਈ ਝਲੂੰਘੀ,
ਵਰ੍ਹਦੀ ਲੂਏ, ਕੜਕਦੀ ਧੁੱਪੇ,
ਜਦ ਕੋਈ ਮਮਤਾ, ਰੋਟੀ ਖਾਤਰ,
ਤਰਲੇ ਕੱਢੇ, ਤਲੀਆਂ ਅੱਡੇ,
ਜਦ ਇਹ ਮਾਂਵਾਂ ਬੱਚਿਆਂ ਖਾਤਿਰ,
ਦੇਣ ਲਈ ਕੁੱਝ, ਹਾੜੇ ਕੱਢਣ,
ਤਦ ਮੈਂ ਸੋਚਾਂ, ਇਹ ਕੀ ਬਚਪਨ,
ਦੇਸ਼ ਨੂੰ ਅੱਜ ਆਜ਼ਾਦੀ ਮਿਲਿਆਂ,
ਅੱਧੀ ਤੋਂ ਵੱਧ ਸਦੀ ਬੀਤ ਗਈ,
ਪਰ ਇਹ ਬਚਪਨ ਮਾਨਣ ਖਾਤਰ,
ਦੇਸ਼ ਮੇਰੇ ਦਾ ਤਰਸੇ ਬਚਪਨ,
ਇਸ ਨੂੰ ਕਦੋਂ ਤੇ ਕਿਵੇਂ ਮਿਲੇਗਾ,
ਵਿੱਦਿਆ ਦਾ ਜੋ ਤੀਜਾ ਨੇਤਰ,
ਆਜ਼ਾਦੀ ਦੇ ਦਿਨ ਤੇ ਭਾਵੇਂ,
ਸਾਲੋ ਸਾਲ, ਤਿਰੰਗੇ ਝੂਲਣ,
ਪਰ ਇਹ ਬਾਲ ਮਜਦੂਰੀ ਬਚਪਨ,
ਦੇਸ਼ ਲਈ ਹੈ ਅਜੇ ਵੰਗਾਰ,
ਰਾਹ ਦਾ ਰੋੜਾ, ਵੱਡੀ ਅਟਕਣ,
ਕਾਸ਼ ਕਿਤੇ ਇਹ ਹਰ ਇੱਕ ਬਚਪਨ,
ਉਮਰ ਹੰਢਾਵੇ, ਊਚ ਨੀਚ ਦੀ ਤੋੜ ਕੇ ਵਲਗਣ,
ਇਹ ਵੀ ਬਚਪਨ, ਉਹ ਵੀ ਬਚਪਨ।
*****
(286
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)