RewailSingh7ਇੱਕ ਚੰਗੇ ਦੁਕਾਨਦਾਰ ਦੇ ਨਾਲ ਨਾਲ ਉਹ ਇੱਕ ਚੰਗਾ ਦਰਜ਼ੀਤੇ ਇੱਕ ਵਧੀਆ ਹਲਵਾਈ ਵੀ ਸੀ ...
(ਜਨਵਰੀ 31, 2016)

 

ਸਾਡੇ ਵੇਲੇ ਸਾਰੇ ਪਿੰਡ ਵਿੱਚ ਇੱਕੋ ਹੀ ਦੁਕਾਨ ਕੁੰਜੋ ਸ਼ਾਹ ਦੀ ਹੁੰਦੀ ਸੀ ਕੁੰਜੋ ਸ਼ਾਹ ਦਾ ਪੂਰਾ ਨਾਂ ਕੁੰਜ ਲਾਲ ਸੀਪਰ ਸਾਰਾ ਪਿੰਡ ਉੱਸ ਨੂੰ ਕੂੰਜੋ ਸ਼ਾਹ ਦੇ ਨਾਂ ਨਾਲ ਹੀ ਜਾਣਦਾ ਸੀ। ਮਧਰਾ ਕੱਦ, ਅੱਗੇ ਨੂੰ ਹਦਵਾਣੇ ਵਾਂਗ ਵਧੀ ਹੋਈ ਗੋਗੜਕਰੜ ਬਰੜੀਆਂ ਕਤਰਾਂਵਾਂ ਮੁੱਛਾਂ ਅਤੇ ਦਾੜ੍ਹੀ, ਜਿਸ ਨੂੰ ਵਾਰ ਵਾਰ ਖੁਰਕਦੇ ਰਹਿਣ ਦੀ ਆਦਤ, ਦੰਦਾਂ ਤੋਂ ਖਾਲੀ ਮੂੰਹ, ਅੱਖਾਂ ਤੇ ਬਾਪੂ ਗਾਂਧੀ ਵਰਗੀ ਮੋਟੇ ਸ਼ੀਸ਼ਿਆਂ ਵਾਲੀ ਗੋਲ ਐਨਕ, ਜਿਸ ਦੀ ਇੱਕ ਲੱਤ ਟੁੱਟੀ ਹੋਣ ਕਰਕੇ ਉਸ ਦੀ ਥਾਂ ਰੱਸੀ ਬੰਨ੍ਹ ਕੇ ਕੰਨ ਦੁਆਲੇ ਉਹ ਲਪੇਟੀ ਰੱਖਦਾ ਸੀ, ਕਦੇ ਕਦਾਈਂ ਹੀ ਧੋਤਾ ਖੱਦਰ ਦਾ ਕੁਰਤਾ ਤੇ ਹੇਠਾਂ ਦੋ ਜੇਬਾਂ ਵਾਲੀ ਮੋਟੇ ਖੱਦਰ ਦੀ ਫਤੂਈ, ਸਿਰ ਉੱਤੇ ਇਸੇ ਰੰਗ ਦੀ ਪਿੱਛੇ ਡੇਢ ਕੁ ਗਿੱਠ ਦੇ ਲੜ ਵਾਲੀ ਪੱਗ, ਜਿਸ ਦੇ ਲੜ ਤੋਂ ਉਹ ਆਮ ਤੌਰ ’ਤੇ ਰੁਮਾਲ ਦੇ ਤੌਰ ਤੇ ਨੱਕ ਅਤੇ ਮੂੰਹ ਸਾਫ ਕਰਨ ਦਾ ਕੰਮ ਲੈਂਦਾ ਸੀ

ਸੌਦੇ ਵਾਲੀ ਪੁੜੀ ਬਣਾਉਣ ਵਿੱਚ ਵੀ ਕੁੰਜੋ ਸ਼ਾਹ ਦਾ ਕੋਈ ਮੁਕਾਬਲਾ ਨਹੀਂ ਸੀ ਕੀ ਮਜਾਲ ਜੇ ਉਸ ਦੀ ਬੱਝੀ ਹੋਈ ਸੌਦੇ ਦੀ ਪੁੜੀ ਖੁੱਲ੍ਹ ਕੇ ਰਸਤੇ ਵਿੱਚ ਡਿੱਗ ਕੇ ਖੁੱਲ੍ਹ ਕੇ ਖਿਲਰ ਜਾਏ ਸੌਦਾ ਤੋਲਣ ਵਾਲੀ ਤੱਕੜੀ ਦੇ ਵੱਟੇ ਵੀ ਉਸਦੇ ਹੈਂਡ ਮੇਡ ਹੀ ਸਨ, ਜੋ ਉਸ ਨੇ ਆਪਣੇ ਹੀ ਹਿਸਾਬ ਨਾਲ ਕਿਸੇ ਵੱਟੇ ਜਾਂ ਰੋੜੇ ਦੇ ਹੀ ਬਣਾਏ ਹੁੰਦੇ ਸਨ। ਲੋਹੇ ਦੇ ਵੱਟਿਆਂ ਵਿੱਚ ਸਿਰਫ਼ ਛਟਾਂਕੀ ਤੇ ਪਾ, ਅੱਧ ਪਾ ਤੱਕ ਦਾ ਵੱਟਾ ਹੀ ਹੁੰਦਾ ਸੀ ਉਸ ਦੀ ਇੱਕ ਚੰਗੀ ਆਦਤ ਇਹ ਕਿ ਉਸ ਨੂੰ ਤੱਕੜੀ ਦੀ ਮਾਰ ਮਾਰਨ ਜਾਂ ਠੂੰਗਾ ਮਾਰਨ ਦੀ ਭੈੜੀ ਆਦਤ ਨਹੀਂ ਸੀ ਉਹ ਕਿਹਾ ਕਰਦਾ ਸੀ ਕਿ ਪਿੰਡ ਦੇ ਸਿੱਧੇ ਸਾਦੇ ਲੋਕ ਮੇਰੇ ਲਈ ਤਾਂ ਭਗਵਾਨ ਦਾ ਰੂਪ ਹੀ ਹਨ ਇਨ੍ਹਾਂ ਨਾਲ ਨਾਲ ਧੋਖਾ ਕਰਨ ਦਾ ਮੇਰਾ ਤਾਂ ਹੌਸਲਾ ਹੀ ਨਹੀਂ ਪੈਂਦਾ। ਜਿਹੜਾ ਕੋਈ ਕਰੇਗਾ, ਆਪੇ ਭਰੇਗਾ

ਕੁੰਜੋ ਸ਼ਾਹ ਆਪਣੇ ਹੁਧਾਰ ਦਾ ਲੇਖਾ ਲੰਡਿਆਂ ਵਿੱਚ ਹੀ ਲਿਖਦਾ ਹੁੰਦਾ ਸੀ ਨਿਆਣਿਆਂ ਦੀ ਵਾਧੂ ਭੀੜ ਤੋਂ ਉਹ ਬੜਾ ਖਿਝਿਆ ਕਰਦਾ ਸੀ। ਜਦੋਂ ਕਦੇ ਉਹ ਆਪਣੇ ਧਿਆਨ ਵਿੱਚ ਆਪਣੀ ਹੁਧਾਰ ਲਿਖਣ ਵਾਲੀ ਬਹੀ ਵਿੱਚ ਲੇਖਾ ਲਿਖਣ ਵਿਚ ਰੁੱਝਾ ਹੁੰਦਾ ਤਾਂ ਉਸ ਕੋਲ ਆ ਕੇ ਜਦ ਨਿਆਣੇ ਪੁੱਛਦੇ, ਸ਼ਾਹ, ਇਹ ਕੀ ਲਿਖਣ ਡਿਹਾਂ ਹੋਇਆ ਵਾਂ?” ਤਾਂ ਉਹ ਬੜੇ ਗੁੱਸੇ ਵਾਲਾ ਮੂੰਹ ਬਣਾ ਕੇ ਕਹਿੰਦਾ, ਤੁਹਾਡੀ ਮਾਂ ਦਾ ਸਿਰ। ਚਲੋ ਭੱਜੋ ਇੱਥੋਂ, ਨਾ ਕੁੱਝ ਲੈਣਾ ਨਾ ਦੇਣਾ, ਐਵੇਂ ਸਾਰਾ ਦਿਨ ਸਿਰ ਖਾਈ ਰੱਖਦੇ ਨੇ।”

ਵੈਸੇ ਕੁੰਜੋ ਸ਼ਾਹ ਪੂਰਾ ਥ੍ਰੀ ਇੰਨ ਵੰਨ ਸੀ। ਇੱਕ ਚੰਗੇ ਦੁਕਾਨਦਾਰ ਦੇ ਨਾਲ ਨਾਲ ਉਹ ਇੱਕ ਚੰਗਾ ਦਰਜ਼ੀ, ਤੇ ਇੱਕ ਵਧੀਆ ਹਲਵਾਈ ਵੀ ਸੀ ਖਾਸ ਕਰਕੇ ਉਸ ਦੀਆਂ ਬਣਾਈਆਂ ਜਲੇਬੀਆਂ ਦੁਆਲ਼ੇ ਨਿਆਣੇ ਸਿਆਣੇ ਤਾਂ ਕੀ, ਮੱਖੀਆਂ ਵੀ ਹਰ ਵਕਤ ਡੇਰਾ ਲਾਈ ਰੱਖਦੀਆਂ। ਜੇ ਕੋਈ ਆਖਦਾ ਕਿ ਸ਼ਾਹ, ਕਦੇ ਇਨ੍ਹਾਂ ਨੂੰ ਵੀ ਅੱਗੇ ਪਿੱਛੇ ਕਰ ਦਿਆ ਕਰ, ਤਾਂ ਉਹ ਐਵੇਂ ਇੱਕ ਹੱਥ ਤੱਕੜੀ ਦੀ ਡੰਡੀ ਨੂੰ ਪਾਈ ਜਲੇਬੀਆਂ ਤੋਲਦਾ ਕਹਿ ਛੱਡਦਾ, ਰਾਮ ਭਲੀ ਕਰੇ, ਕੋਈ ਗੱਲ ਨਹੀਂ, ਇਨ੍ਹਾਂ ਵਿਚਾਰੀਆਂ ਦੇ ਕਿਹੜੇ ਹਲ਼ ਵਗਦੇ ਨੇ। ਰੱਬ ਸਭਨਾਂ ਨੂੰ ਦਿੰਦਾ ਹੈ ਭਾਈ। ਰਾਮ ਤੇਰਾ ਭਲਾ ਕਰੇ, ਕੀ ਲੋਹੜਾ ਆ ਗਿਆ ਜੇ ਇਹ ਵੀ ਵਗਦੀ ਗੰਗਾ ਵਿੱਚੋਂ ਡੁਬਕੀ ਲਾ ਲੈਂਦੀਆਂ ਹਨ ਮੈਂ ਕਿਹੜਾ ਇਨ੍ਹਾਂ ਲਈ ਉਚੇਚਾ ਬਣਾਉਂਦਾ ਹਾਂ। ਰਾਮ ਰਾਖਾ ਸੱਭ ਦਾ। ਇਨ੍ਹਾਂ ਵੀ ਤਾਂ ਅਕਸਰ ਕਿਤੋਂ ਗੁਜ਼ਾਰਾ ਕਰਨਾ ਹੀ ਹੈ ਨਾ

ਕੱਛੇ, ਕੁਰਤੇ ਪਾਜਾਮੇ, ਫਤੂਈਆਂ ਸੀਉਣ ਵਿੱਚ ਵੀ ਕੁੰਜੋ ਸ਼ਾਹ ਬੜਾ ਮਾਹਿਰ ਸੀ, ਪਰ ਜਨਾਨਾ ਸੂਟ ਸੀਉਣ ਤੋਂ ਉਹ ਪਹਿਲਾਂ ਹੀ ਹੱਥ ਖੜ੍ਹੇ ਕਰ ਦਿੰਦਾ ਸੀ। ਜਦੋਂ ਕੋਈ ਤੀਵੀਂ ਆ ਕੇ ਉਸ ਨੂੰ ਕਹਿੰਦੀ, “ਲੈ ਸ਼ਾਹ, ਮੇਰਾ ਵੀ ਇੱਕ ਗੁਜ਼ਾਰੇ ਜੋਗਾ ਸੂਟ ਸਿਉਂ ਦੇ।” ਉਹ ਪਹਿਲਾਂ ਹੀ ਮਸ਼ੀਨ ਤੇ ਨੀਵੀਂ ਪਾਈ ਮਸ਼ੀਨ ਚਲਾਉਂਦਾ ਹੋਇਆ ਇੱਟ ਵਰਗਾ ਘੜਿਆ ਘੜਾਇਆ ਜਵਾਬ ਦੇ ਕੇ ਕਹਿੰਦਾ, “ਨਾ ਬੀਬੀ, ਇਹ ਕੰਮ ਤੂੰ ਮੈਥੋਂ ਨਾ ਹੀ ਕਰਾ। ਇਹ ਤੂੰ ਲੱਭੋ ਲੁਹਾਰੀ ਕੋਲੋਂ ਹੀ ਸਵਾ ਲੈ। ਦਰਅਸਲ ਕੁੰਜੋ ਸ਼ਾਹ ਨੂੰ ਤੀਂਵੀਆਂ ਦਾ ਮੇਚਾ ਲੈਣ ਤੋਂ ਬੜਾ ਡਰ ਪਗਦਾ ਸੀ ਕਿਉਂਕਿ ਇੱਕ ਵੇਰਾਂ ਕਿਸੇ ਤ੍ਰੀਮਤ ਗਾਹਕ ਦੇ ਸੂਟ ਦਾ ਮਾਪ ਲੈਣ ਲੱਗਿਆਂ ਉਸ ਨੇ ਰਾਹ ਜਾਂਦੀ ਬਲਾ ਗਲ਼ ਪਾ ਲਈ ਸੀ

ਸਵੇਰੇ ਤੜਕਸਾਰ ਜਦੋਂ ਗੁਰਦੁਆਰੇ ਦਾ ਭਾਈ ਜੀ ਅਮ੍ਰਿਤ ਵੇਲੇ ਉੱਠ ਕੇ ਸੰਖ ਪੂਰਦਾ ਤਾਂ ਉਹ ਰਾਮ ਰਾਮ ਕਰਦਾ ਉੱਠ ਕੇ ਇਸ਼ਨਾਨ ਪਾਣੀ ਕਰਕੇ ਲਾਲਟੈਨ ਜਗਾ ਕੇ ਸੱਭ ਤੋਂ ਪਹਿਲਾਂ ਆਲੇ ਵਿੱਚ ਰੱਖੇ ਹੋਏ ਸਾਰੇ ਦੇਵੀ ਦੇਵਤਿਆਂ, ਗੁਰੂਆਂ ਪੀਰਾਂ ਅੱਗੇ ਧੂਫ ਬੱਤੀ ਦੇਣ ਦੇ ਬਾਅਦ ਕਪੜੇ ਸੀਉਣ ਵਾਲੀ ਮਸ਼ੀਨ ਨਾਲ ਟਿਕ ਟਿਕ ਦੀ ਮਾਲਾ ਫੇਰਨ ਲੱਗ ਜਾਂਦਾ, ਤੇ ਦੁਕਾਨ ਖੋਲ੍ਹਣ ਦੇ ਸਮੇਂ ਤੱਕ ਸਿਲਾਈ ਦਾ ਥੋੜ੍ਹਾ ਬਹੁਤਾ ਕੰਮ ਮੁਕਾ ਕੇ ਘਰ ਵਾਲੀ ਨੂੰ ਸੁੱਤੀ ਹੋਈ ਨੂੰ ਕਹਿੰਦਾ, “ਰਾਮ ਪਿਆਰੀ, ਉੱਠ ਭਲੀਏ ਲੋਕੇ, ਚਾਹ ਪਾਣੀ ਦਾ ਬੰਦੋਬਸਤ ਕਰ” ਰਾਮ ਪਿਆਰੀ ਵੀ ਸਾਰਾ ਦਿਨ ਕਿਹੜੀ ਵਿਹਲੀ ਰਹਿੰਦੀ ਸੀ। ਦੋ ਵੱਡੀਆਂ ਕੁੜੀਆਂ ਤੇ ਛੋਟੋ ਦੋ ਮੁੰਡਿਆਂ ਦਾ ਚਾਰ ਜੀਆਂ ਦੇ ਪਰਿਵਾਰ ਦਾ ਕੰਮ ਤੇ ਉੱਪਰੋਂ ਦੀ ਹੋਰ ਨਿਕ ਸੁਕ ਦੇ ਇਲਾਵਾ ਹੱਟੀ ਦੇ ਕੰਮ ਵਿੱਚ ਵੀ ਸ਼ਾਹ ਦਾ ਹੱਥ ਵਟਾਉਂਦੀ ਉਹ ਥੱਕ ਜਾਂਦੀ ਸੀ। ਇਸ ਕਰਕੇ ਰਾਮ ਪਿਆਰੀ ਨੂੰ ਸਾਝਰੇ ਜਗਾਉਣਾ ਸ਼ਾਹ ਠੀਕ ਨਹੀਂ ਸੀ ਸਮਝਦਾ

ਕੁੰਜੋ ਸ਼ਾਹ ਦੀ ਦੁਕਾਨ ਦੇ ਸੌਦੇ ਵੀ ਗਿਣੇ ਮਿਥੇ ਹੀ ਹੁੰਦੇ ਸਨ, ਜਿਵੇਂ ਲੂਣ, ਮਿਰਚ ਮਸਾਲਾ, ਸਾਬਣ, ਕੱਪੜੇ ਧੋਣ ਵਾਲਾ ਸੋਢਾ, ਸੁੰਢ, ਸੌਂਫ, ਜਵੈਣ, ਕੱਪੜੇ ਰੰਗਣ ਵਾਲੇ ਰੰਗ, ਬਸਕੂਏ, ਕੰਘੇ ਕੰਘੀਆਂ, ਮੋਮ ਬੱਤੀਆਂ, ਮਿੱਟੀ ਦਾ ਤੇਲ, ਟੀਨ ਦੇ ਦੀਵੇ, ਕਲਮਾਂ ਦਵਾਤਾਂ, ਫੱਟੀਆਂ ਵਗੈਰਾ ਆਮ ਸੌਦਾ ਹੀ ਹੱਟੀ ਦਾ ਹੁੰਦਾ ਸੀ, ਡਾਲਡਾ, ਖੰਡ ਤੇ ਹੋਰ ਕਈ ਕੁੱਝ ਬਹੁਤ ਦੇਰ ਪਿੱਛੋਂ ਆਏ। ਅਨਾਜ ਕਣਕ ਜੌਂ ਤੇ ਦਾਲਾਂ ਅਤੇ ਗੁੜ ਸ਼ੱਕਰ ਦੇ ਜ਼ਿਮੀਂਦਾਰ ਕੋਠੀਆਂ ਭੜੋਲੇ ਭਰੀ ਰੱਖਦੇ ਸਨ। ਫਿਰ ਵੀ ਕੁੰਜੋ ਸ਼ਾਹ ਦੀ ਦੁਕਾਨ ’ਤੇ ਗਾਹਕਾਂ ਦੀ ਭੀੜ ਲੱਗੀ ਹੀ ਰਹਿੰਦੀ ਸੀ ਹੋਰ ਤਾਂ ਹੋਰ ਮਿੱਠੀਆਂ ਗੋਲੀਆਂ, ਮੁੰਗਫਲੀ, ਰਿਓੜੀਆਂ ਤੇ ਖੁੱਤੀ ਖੇਡਣ ਵਾਲੇ ਬਲੌਰਾਂ ਦੇ ਗਾਹਕ ਬਾਲ ਤਾਂ ਉਸ ਦੇ ਪੱਕੇ ਗਾਹਕ ਸਨ ਜਦ ਉਨ੍ਹਾਂ ਦੀਆਂ ਮਾਂਵਾਂ ਹੱਟੀ ਕੋਈ ਸੌਦਾ ਸੂਤ ਲੈਣ ਹੱਟੀ ਜਾਂਦੀਆਂ, ਬਾਲ ਵੀ ਉਨ੍ਹਾਂ ਨਾਲ ਝੂੰਗੇ ਦੇ ਲਾਲਚ ਕਰਕੇ ਨਾਲ ਜਾਣੋਂ ਨਾ ਖੁੰਝਦੇ, ਤੇ ਜਦ ਤੱਕ ਝੂੰਗਾ ਨਾ ਮਿਲਦਾ, ਉਹ ਝੂੰਗਾ ਦੇਣ ਵਾਲੀ ਫੁੱਲੀਆਂ ਮਖਾਣਿਆਂ ਵਾਲੀ ਗੁੱਥੀ ਵੱਲ ਨਜ਼ਰਾਂ ਟਿਕਾਈ ਰੱਖਦੇ ਕਿ ਕਦੋਂ ਸ਼ਾਹ ਝੂੰਗਾ ਦਏ ਤੇ ਫੱਕੇ ਮਾਰਦੇ ਜਾਈਏ ਘਰਾਂ ਨੂੰ ਜਾਈਏ

ਜਦੋਂ ਜ਼ਿਮੀਂਦਾਰਾਂ ਦੀ ਫਸਲ ਪੱਕ ਕੇ ਘਰੀਂ ਆਉਣੀ ਸ਼ੁਰੂ ਹੋ ਜਾਂਦੀ ਤਾਂ ਨਵੀਂ ਫਸਲ ਦੇ ਝੋਨੇ ਕਣਕ ਦੀਆਂ ਬੋਰੀਆਂ ਕਿਸੇ ਮਾੜੇ ਮੋਟੇ ਗੁਦਾਮ ਤੋਂ ਘੱਟ ਨਹੀਂ ਸਨ ਹੁੰਦੀਆਂ। ਉਹ ਉਚੇਚੇ ਤੌਰ ’ਤੇ ਕਿਸੇ ਦਿਨ ਪਕੌੜੇ, ਕਦੇ ਜਲੇਬੀਆਂ, ਨਮਕੀਨ ਸੇਵੀਆਂ, ਲੱਡੂ ਵਗੈਰਾ ਜਦ ਕੱਢਦਾ, ਖਾਸ ਕਰਕੇ ਜਲੇਬੀਆਂ ਦੇ ਗਾਹਕ ਤਾਂ ਕੀੜੀਆਂ ਕਾਢਿਆਂ ਵਾਂਗ ਸ਼ਾਹ ਦੀ ਦੁਕਾਨ ਅੱਗੋਂ ਬਣਦੀਆਂ ਜਲੇਬੀਆਂ ਦੀ ਮਹਿਕ ਉਡੀਕਦੇ ਗੇੜੇ ਕੱਢਦੇ ਰਹਿੰਦੇ ਜਥੇਦਾਰ ਬੂਟਾ ਸਿੰਘ ਸ਼ਾਹ ਨੂੰ ਜਲੇਬੀਆਂ ਤਲਦੇ ਵੇਖ ਕੇ ਕਹਿੰਦਾ, ਸ਼ਾਹ ਤੂੰ ਕਦੇ ਹੱਥ ਵੀ ਧੋ ਲਿਆ ਕਰ, ਤੇ ਨਾਲੇ ਮੱਖੀ ਸ਼ੱਖੀ ਤੋਂ ਵੀ ਰੱਤਾ ਬਚਾ ਕਰਿਆ ਕਰ, ਵੇਖ ਸਹੁਰੀਆਂ ਕਿਵੇਂ ਹਰ ਵੇਲੇ ਛੌਣੀ ਪਾਈ ਰੱਖਦੀਆਂ ਨੇ, ਸ਼ਾਹ ਹੱਸਦਾ ਹੋਇਆ ਕਹਿੰਦਾ, ਠੀਕ ਹੈ ਜਥੇਦਾਰ ਜੀ, ਤੁਹਾਡਾ ਕਿਹਾ ਸਿਰ ਮੱਥੇ, ਤੇ ਨਾਲੇ ਅਸੀਂ ਕਿਹੜੇ ਬੀੜੀ ਤਮਾਕੂ ਪੀਨੇ ਆਂ, ਨਾਲੇ ਗੁਰਦੁਆਰੇ ਵੀ ਮੱਸਿਆ ਸੰਗਰਾਂਦ ਤਾਂ ਜਾਂਦੇ ਹੀ ਹਾਂ। ਜਥੇਦਾਰ ਕਹਿੰਦਾ, ਚੰਗਾ ਸ਼ਾਹ, ਵਾਹਗੁਰੂ ਤੇਰਾ ਭਲਾ ਕਰੇ, ਤੋਲ ਦੇ ਫਿਰ ਸੇਰ ਕੁ ਜਲੇਬੀਆਂ, ਅੱਜ ਨਿਆਣੇ ਵੀ ਜਲੇਬੀਆਂ ਖਾਣ ਨੂੰ ਬੜੇ ਖਹਿੜੇ ਪਏ ਹੋਏ ਹਨ

ਸ਼ਾਮਾਂ ਵੇਲੇ ਜਦ ਜ਼ਰਾ ਹਨੇਰਾ ਹੋਣ ਲੱਗਦਾ ਤਾਂ ਕਈ ਚਲਾਕ ਨਿਆਣੇ ਜਦ ਖੋਟੇ ਸਿੱਕੇ ਚਲਾਉਣ ਲਈ ਯਤਨ ਕਰਦੇ, ਕਈਆਂ ਦਾ ਸ਼ਾਹ ਦੀ ਨਜ਼ਰ ਕੁੱਝ ਘੱਟ ਹੋਣ ਕਰਕੇ ਕਦੇ ਕਦੇ ਦਾਅ ਵੀ ਲੱਗ ਜਾਂਦਾ। ਇੱਕ ਦਿਨ ਕੁੱਝ ਮੁੰਡੀਰ ਨੇ ਰਲ਼ ਕੇ ਸਲਾਹ ਕੀਤੀ ਤੇ ਇੱਕ ਖੋਟੀ ਚਵਾਨੀ ਹੱਟੀ ਤੇ ਚਲਾਉਣ ਬਾਰੇ ਕਹਿਣ ਲੱਗੇ, ਲੈ ਬਈ ਜਿਹੜਾ ਇਹ ਖੋਟੀ ਚਵਾਨੀ ਸ਼ਾਹ ਦੀ ਹੱਟੀ ’ਤੇ ਚਲਾ ਆਵੇ ਤੇ ਜੋ ਵੀ ਲਿਆਵੇ ਉਹ ਤਾਂ ਅਸੀਂ ਸਾਰੇ ਰਲ਼ ਕੇ ਖਾਂਵਾਂਗੇ, ਬਾਕੀ ਬਚੇ ਪੈਸੇ, ਜਿਹੜਾ ਇਹ ਕੰਮ ਕਰ ਕੇ ਆਵੇ, ਉਹਦੇ ਹੋਏ ਪਰ ਇਹ ਕੰਮ ਕੋਈ ਐਨਾ ਸੌਖਾ ਨਹੀਂ ਸੀ, ਕਿਉਂਕਿ ਸ਼ਾਹ ਵੀ ਪੂਰਾ ਕਾਂ ਸੀ ਉਹ ਮੁੰਡੇ ਦੇ ਮੂੰਹ ਵੱਲ ਹੀ ਵੇਖ ਕੇ ਤਾੜ ਗਿਆ ਕਿ ਇਹ ਕੋਈ ਚਲਾਕੀ ਮਾਰਨ ਲਈ ਹੀ ਆਇਆ ਹੈ ਤੇ ਖੋਟੀ ਚਵਾਨੀ ਫੜ ਕੇ ਅਰਤ ਪਰਤ ਕਰਕੇ ਚਵਾਨੀ ਬਾਹਰ ਦੂਰ ਵਗਾਹ ਕੇ ਸੁੱਟਦਾ ਹੋਇਆ ਕਹਿਣ ਲੱਗਾ, ਦੌੜ ਜਾ, ਜੇ ਮੁੜ ਕੇ ਦੁਕਾਨ ਵਿੱਚ ਪੈਰ ਪਾਇਆ ਤਾਂ ਛਟਾਕੀ ਮਾਰ ਕੇ ਲੱਤ ਭੰਨ ਦਊਂ ਤੇਰੀ। ਪਰ ਬਾਅਦ ਵਿਚ ਇੱਕ ਦਿਨ ਇੱਕ ਮੁੰਡੇ ਦਾ ਦਾਅ ਲੱਗ ਹੀ ਗਿਆ ਤੇ ਜਦ ਖੋਟੀ ਚਵਾਨੀ ਚਲਾ ਕੇ ਟੋਲੇ ਵਿੱਚ ਉਹ ਆਇਆ ਤਾਂ ਸਾਰਿਆਂ ਨੇ, ਚੱਲ ਗਈ, ਚੱਲ ਗਈ ਕਹਿਕੇ ਉੱਚੀ ਉੱਚੀ ਰੌਲਾ ਪਾ ਦਿੱਤਾ। ਵਿਹੜੇ ਮੁਹੱਲੇ ਦੇ ਲੋਕ ਡਰਦੇ ਘਰਾਂ ਤੋਂ ਬਾਹਰ ਆ ਕੇ ਇੱਧਰ ਉੱਧਰ ਵੇਖਣ ਲੱਗੇ ਕਿ ਖੌਰੇ ਕਿਤੇ ਗੋਲੀ ਚੱਲ ਗਈ ਹੈ, ਜਾਂ ਕਿਤੇ ਲੜਾਈ ਝਗੜੇ ਵਿੱਚ ਡਾਂਗ ਹੀ ਤਾਂ ਨਹੀਂ ਚੱਲ ਗਈ ਜਦ ਅਸਲ ਗੱਲ ਦਾ ਲੋਕਾਂ ਨੂੰ ਪਤਾ ਲੱਗਾ ਤਾਂ ਪੁੱਛਣ ਤੇ ਨਿਆਣੇ ਕਹਿਣ ਲੱਗੇ ਕੁੱਝ ਨਹੀਂ ਹੋਇਆ, ਸ਼ਾਹ ਨੂੰ ਨਾ ਦੱਸਿਓ, ਸਾਡੀ ਖੋਟੀ ਚਵਾਨੀ ਚੱਲ ਗਈ ਹੈ।

ਸਮੇਂ ਸਮੇਂ ਦੀ ਗੱਲ ਹੈ, ਸਾਡਾ ਨਿੱਕਾ ਜਿਹਾ ਪਿੰਡ ਅੱਜ ਇੱਕ ਵੱਡਾ ਕਸਬਾ ਬਣ ਚੁਕਾ ਹੈ, ਤੇ ਪਿੰਡ ਵਿੱਚ ਕੁੰਜੋ ਸ਼ਾਹ ਦੀ ਹੱਟੀ ਦੀ ਬਜਾਏ ਹੁਣ ਇੱਕ ਚੰਗਾ ਬਜ਼ਾਰ ਬਣ ਗਿਆ ਹੈ ਕੁੰਜੋ ਸ਼ਾਹ ਦੇ ਮੁੰਡਿਆਂ ਨੇ ਵੀ ਇਸੇ ਹੱਟੀ ਨੂੰ ਬਣਾ ਸੁਆਰ ਕੇ ਇਸ ਦੀਆਂ ਦੋ ਦੁਕਾਨਾਂ ਬਣਾ ਲਈਆਂ ਹਨ ਇੱਕ ਦੀ ਬੜੀ ਵੱਡੀ ਬਜਾਜੀ ਦੀ ਦੁਕਾਨ ਹੈ ਤੇ ਦੂਸਰੇ ਦੀ ਕਰਿਆਨੇ ਦੀ। ਭਾਵੇਂ ਕੁੰਜੋ ਸ਼ਾਹ ਦੀ ਹੱਟੀ ਆਪਣਾ ਪੁਰਾਣਾ ਹੁਲੀਆ ਤਿਆਗ ਕੇ ਨਵਾਂ ਰੂਪ ਬਦਲ ਚੁੱਕੀ ਹੈ, ਪਰ ਕੁੰਜੋ ਸ਼ਾਹ ਅਤੇ ਉਸ ਦੀ ਹੱਟੀ ਦੇ ਪੁਰਾਣੇ ਦਿਨ ਅਤੇ ਖੋਟੀ ਚੁਆਨੀ ਦੇ ਚੱਲਣ ਵਾਲੀ ਗੱਲ ਦੀ ਅਜੇ ਵੀ ਬੜੀ ਯਾਦ ਆਉਂਦੀ ਹੈ।

*****

(172)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)

More articles from this author