“ਪਹਿਲੇ ਸਮਿਆਂ ਵਿੱਚ ਕਿੱਕਰ ਦੀ ਲੱਕੜ ਦੇ ਸ਼ਤੀਰ, ਤੇ ਹੋਰ ਕਈ ਘਰ ਦੀਆਂ ਵਸਤਾਂ ...”
(18 ਜੂਨ 2021)
ਜਿਵੇਂ ਪੰਜਾਬ ਦੀ ਧਰਤੀ ਇਸ ਵਿੱਚ ਵਹਿੰਦੇ ਪੰਜ ਦਰਿਆਵਾਂ ਕਰਕੇ ਇਹ ਪੰਜਾਬ ਦੇ ਨਾਂ ਨਾਲ ਜਾਣੀ ਜਾਂਦੀ ਹੈ, ਦੇਸ਼ ਦੀ ਵੰਡ ਕਰਕੇ ਹੁਣ ਦੋ ਹਿੱਸਿਆਂ ਵਾਲੇ ਢਾਈ ਢਾਈ ਦਰਿਆਵਾਂ ਵਿੱਚ ਵੰਡੀ ਜਾਣ ਦੇ ਬਾਵਜੂਦ ਵੀ ਪੰਜਾਬ ਭਾਵ ਪੰਜਾਬ ਭਾਵ ਪੰਜ ਪਾਣੀਆਂ ਵਾਲੀ ਧਰਤੀ ਕਰਕੇ ਹੀ ਜਾਣੀ ਜਾਂਦੀ ਜਾਂਦੀ ਹੈ। ਪੰਜਾਬ ਪੰਜ ਬਾਣੀਆਂ, ਪੰਜ ਨਮਾਜ਼ਾਂ, ਪੰਜ ਪਿਆਰੇ, ਪੰਚਾਂ, ਸਰਪੰਚਾਂ, ਪੰਜਾਂ ਵਿੱਚ ਪ੍ਰਮੇਸ਼ਵਰ ਕਰਕੇ ਅਤੇ ਹੋਰ ਵੀ ਕਈ ਕਈ ਪੱਖੋਂ ਪੰਚ ਪ੍ਰਧਾਨੀ ਧਰਤੀ ਰਹੀ ਹੈ। ਵਾਤਾਵਰਣ ਪੱਖੋਂ ਮਾਲਾਮਾਲ ਇਸ ਖਿੱਤੇ ਵਿੱਚ, ਕਿੱਕਰ, ਟਾਹਲੀ, ਧਰੇਕ, ਤੂਤ, ਅੰਬ, ਇਹ ਪੰਜੇ ਰੁੱਖਾਂ ਥਾਂ ਥਾਂ ਹੁੰਦੇ ਹਨ। ਇਨ੍ਹਾਂ ਰੁੱਖਾਂ ਦੇ ਇਲਾਵਾ ਕੁਦਰਤ ਨੇ ਵੱਡੇ ਛਾਂਦਾਰ ਪਿੱਪਲ, ਬੋੜ੍ਹ ਤੇ ਹੋਰ ਕਈ ਰੁੱਖਾਂ ਨਾਲ ਵੀ ਪੰਜਾਬ ਦੀ ਸਰਸਬਜ਼ ਧਰਤੀ ਨੂੰ ਸ਼ਿੰਗਾਰਿਆ ਹੋਇਆ ਹੈ, ਜਿਸ ਦੀ ਵਿਆਖਿਆ ਕਰਨ ਲਈ ਬਹੁਤ ਸਮਾਂ ਚਾਹੀਦਾ ਹੈ।
ਅੱਜ ਕਿੱਕਰ ਦੇ ਰੁੱਖ ਬਾਰੇ ਕੁਝ ਤੁੱਛ ਜਿਹੀ ਜਾਣਕਾਰੀ ਦੀ ਗੱਲ ਕਰਾਂਗੇ। ਕਿੱਕਰ ਦਾ ਰੁੱਖ ਭਾਵੇਂ ਬੜੀਆਂ ਤਿੱਖੀਆਂ ਸੂਲ਼ਾਂ ਵਾਲਾ ਛਾਂਦਾਰ ਰੁੱਖ ਹੈ ਪਰ ਇਸਦੇ ਗੁਣਾਂ ਕਰਕੇ ਇਹ ਬਹੁਤ ਹੀ ਗੁਣਕਾਰੀ ਰੁੱਖ ਹੈ। ਗਰਮੀਆਂ ਦੀ ਰੁੱਤੇ ਜਦ ਇਹ ਰੁੱਖ ਰੇਸ਼ਮੀ ਸ਼ਨੀਲ ਵਰਗੇ ਪੀਲੇ ਬਸੰਤੀ ਗੋਲ ਗੋਲ ਫੁੱਲਾਂ ਨਾਲ ਲੱਦਿਆ ਹੁੰਦਾ ਹੈ ਤਾਂ ਇਸਦੀ ਸੁੰਦਰਤਾ ਤੇ ਬਹਾਰ ਵੇਖਣ ਵਾਲੀ ਹੁੰਦੀ ਹੈ। ਇਹ ਆਮ ਤੌਰ ’ਤੇ ਰੇਤਲੀ ਜਾਂ ਮੈਰਾ ਜ਼ਮੀਨ ਵਿੱਚ ਆਮ ਹੁੰਦਾ ਹੈ। ਪਹਿਲੇ ਸਮਿਆਂ ਵਿੱਚ ਇਸਦੀ ਗਿਣਤੀ ਧਰੇਕ ਅਤੇ ਤੂਤ ਵਾਂਗ ਪਿੰਡਾਂ ਵਿੱਚ ਬਹੁਤ ਹੁੰਦੀ ਸੀ। ਪਿੰਡਾਂ ਦੁਆਲੇ ਪਾਣੀ ਦੇ ਛੱਪੜਾਂ ਕੰਡੇ, ਕੱਚੇ ਰਾਹਵਾਂ ਅਤੇ ਖੇਤਾਂ ਦੀਆਂ ਵੱਟਾਂ ਅਤੇ ਖੂਹਾਂ ’ਤੇ ਇਹ ਆਮ ਵੀ ਵੇਖਣ ਨੂੰ ਮਿਲਦਾ ਸੀ। ਪਰ ਇਸਦੀ ਘਾਟ ਹੁਣ ਦਿਨੋਂ ਹੁੰਦੀ ਜਾ ਰਹੀ ਹੈ।
ਇਸਦੇ ਛੋਟੇ ਛੋਟੇ ਨੁਕੀਲੇ ਪੱਤਿਆਂ ਨੂੰ ਲੁੰਗ ਕਿਹਾ ਜਾਂਦਾ ਸੀ, ਜੋ ਭੇਡਾਂ ਬੱਕਰੀਆਂ ਦੀ ਮਨ ਭਾਂਉਦੀ ਖੁਰਾਕ ਹੈ। ਆਜੜੀ ਲੋਕ ਢਾਂਗੀਆਂ ਨਾਲ ਇਸਦੀਆਂ ਟਹਿਣੀਆਂ ਕੱਟ ਕੇ ਆਪਣੇ ਇੱਜੜਾਂ ਨੂੰ ਖੁਆਉਂਦੇ ਸਨ। ਸੁੱਕੀਆਂ ਕੰਡਿਆਲੀਆਂ ਢੀਂਗਰੀਆਂ ਖੇਤਾਂ ਦੀਆਂ ਫਸਲਾਂ ਨੂੰ ਬਚਾਉਣ ਲਈ ਵਾੜ ਦੇਣ ਦੇ ਕੰਮ ਵੀ ਆਉਂਦੀਆਂ ਹਨ।
ਕਿੱਕਰ ਦੀ ਹਰੀਆਂ ਟਹਿਣੀਆਂ ਦੀ ਦਾਤਨ ਦੰਦਾਂ ਨੂੰ ਸਾਫ ਅਤੇ ਪੀਡੇ ਰੱਖਣ ਲਈ ਜਾਣੀ ਜਾਂਦੀ ਸੀ। ਅੰਗਰੇਜ਼ ਰਾਜ ਵੇਲੇ ਜਦੋਂ ਇੱਕ ਪੰਜਾਬੀ ਫੌਜੀ ਰੈਜਮੈਂਟ ਬਾਹਰ ਕਿਸੇ ਮੁਲਕ ਵਿੱਚ ਗਈ ਤਾਂ ਫੌਜੀਆਂ ਨੂੰ ਲੋਕ ਦਰਖਤਾਂ ਦੇ ਰੁੱਖਾਂ ਦੀਆਂ ਟਾਹਣੀਆਂ ਦੰਦਾਂ ਨਾਲ ਚਿੱਥਦੇ ਵੇਖਦੇ ਲੋਕ ਹੈਰਾਨ ਹੀ ਨਹੀਂ ਸਗੋਂ ਡਰ ਵੀ ਗਏ ਕਿ ਇਹ ਫੌਜੀ ਤਾਂ ਬੜੇ ਖਤਰਨਾਕ ਤੇ ਬਹਾਦਰ ਹਨ, ਜੋ ਲੱਕੜੀ ਨੂੰ ਵੀ ਖਾ ਜਾਂਦੇ ਹਨ, ਇਨ੍ਹਾਂ ਕੋਲੋਂ ਬਚਣ ਦੀ ਲੋੜ ਹੈ।
ਕਿੱਕਰ ਦੀ ਗੂੰਦ ਅਤੇ ਲੱਕੜ ਬਹੁਤ ਕਾਰਆਮਦ ਚੀਜ਼ ਹੈ ਜੋ ਕਈ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ। ਪਹਿਲੇ ਸਮੇਂ ਵਿੱਚ ਕਾਲੀ ਸਿਆਹੀ ਚਮਕਦਾਰ ਬਣਾਉਣ ਲਈ ਵੀ ਕੰਮ ਆਉਂਦੀ ਸੀ। ਦੇਸੀ ਸ਼ਰਾਬ ਬਣਾਉਣ ਲਈ ਤੇ ਚਮੜਾ ਰੰਗਣ ਦੇ ਕੰਮ ਵੀ ਇਸਦੇ ਸੱਕ ਅਤੇ ਛਾਲ ਕੰਮ ਆਉਂਦੇ ਸਨ। ਇਵੇਂ ਹੀ ਇੱਕ ਸੁਹਾਗਾ ਜੋ ਕਿ ਚਿੱਟੇ ਰੰਗ ਦਾ ਠੋਸ ਪਦਾਰਥ ਹੁੰਦਾ ਹੈ ਜਿਸ ਨੂੰ ਸੁਨਿਆਰੇ ਕਾਰੀਗਰ ਸੋਨਾ ਸਾਫ ਕਰਨ ਲਈ ਵਰਤਦੇ ਹਨ, ਪਰ ਦੂਸਰਾ ਕਿੱਕਰ ਦੀ ਲੱਕੜ ਦਾ ਲੰਮਾ ਭਾਰਾ ਫੱਟੇ ਵਰਗੀ ਸ਼ਕਲ ਦਾ ਟੋਟਾ ਵੀ ਜਿਸ ਨੂੰ ਸੁਹਾਗਾ ਕਿਹਾ ਜਾਂਦਾ ਹੈ, ਪੱਕਾ ਭਾਰੀ ਹੋਣ ਕਰਕੇ ਕਿਸਾਨ ਇਸ ਨੂੰ ਵਾਹੀ ਜ਼ਮੀਨ ਨੂੰ ਪੱਧਰ ਕਰਨ ਲਈ ਅਜੇ ਵੀ ਵਰਤਦੇ ਹਨ।
ਪਹਿਲੇ ਸਮਿਆਂ ਵਿੱਚ ਕਿੱਕਰ ਦੀ ਲੱਕੜ ਦੇ ਸ਼ਤੀਰ, ਤੇ ਹੋਰ ਕਈ ਘਰ ਦੀਆਂ ਵਸਤਾਂ, ਮੰਜੇ ਦੀਆਂ ਬਾਹੀਆਂ ਅਲਮਾਰੀਆਂ ਆਦਿ ਬਣਦੀਆਂ ਸਨ। ਕਿੱਕਰ ਦੀ ਲੱਕੜ ਗਾੜ੍ਹੇ ਕਾਲੇ ਰੰਗ ਦੀ ਪੱਕੀ ਬਹੁਤੀ ਹੰਢਣਸਾਰ ਹੁੰਦੀ ਹੈ।
ਇਸਦੇ ਰੁੱਖ ਨੂੰ ਫ਼ਲੀਆਂ ਵਰਗੇ ਫ਼ਲ ਲਗਦੇ ਹਨ ਇਨ੍ਹਾਂ ਨੂੰ ਤੁਕਲੇ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੇ ਕੱਚੇ ਕੂਲੇ ਫਲਾਂ ਦਾ ਆਚਾਰ ਵੀ ਬਣਾਇਆ ਜਾਂਦਾ ਹੈ। ਕਿੱਕਰ ਦਾ ਰੁੱਖ ਕੰਡੇਦਾਰ ਹੋਣ ’ਤੇ ਵੀ ਠੰਢੀ ਛਾਂ ਦੇਣ ਵਾਲਾ ਰੁੱਖ ਹੈ। ਇਸਦੇ ਬੀਜ ਨਿੱਕੇ ਨਿੱਕੇ ਗੋਲ ਗੋਲ ਸਖਤ ਅਤੇ ਅੱਖਾਂ ਵਰਗੇ ਕਾਲੇ ਅਤੇ ਕੌੜੇ ਸੁਆਦ ਦੇ ਹੁੰਦੇ ਹਨ। ਤਾਂਹੀਉਂ ਤਾਂ ਅਸੀਂ ਨਿੱਕੇ ਹੁੰਦੇ ਕਿਸੇ ਨੂੰ ਕੋਈ ਗੱਲ ਸਮਝ ਨਾ ਆਉਂਦੀ “ਕੀ” ਕਹਿਣ ’ਤੇ ਉਸ ਨੂੰ ਹਾਸੇ ਨਾਲ ਕਹੀਦਾ ਸੀ, ਕਿੱਕਰਾਂ ਦੇ ਬੀਅ, ਕੌੜੇ ਲੱਗਣ ਮਿੱਠੇ ਲੱਗਣ, ਮੇਰੇ ਵੱਸ ਕੀ। ਪੁਰਾਣੀਆਂ ਗੱਲਾਂ ਪੁਰਾਣੇ ਕਿੱਸੇ, ਪੁਰਾਣੇ ਬੰਦੇ ਪੁਰਾਣੇ ਰਿਸ਼ਤੇ, ਪੁਰਾਣੀਆਂ ਸਾਂਝਾਂ ਪੁਰਾਣੇ ਗੀਤ, ਪੁਰਾਣੀਆਂ ਫਸਲਾਂ, ਪੁਰਾਣੇ ਫਲ਼, ਪੁਰਾਣਾ ਸਭਿਆਚਾਰ, ਹੌਲੀ ਹੌਲੀ ਹੁਣ ਪੁਰਾਣੀਆਂ ਯਾਦਾਂ ਬਣਦਾ ਜਾ ਰਿਹਾ ਹੈ। ਇਸ ਦੀ ਸਾਂਭ ਸੰਭਾਲ ਦੇ ਉਪਰਾਲੇ ਤਾਂ ਕੀਤੇ ਜਾ ਰਹੇ ਹਨ ਪਰ ਸਮੇਂ ਦੀ ਇਸ ਤੇਜ਼ ਰਫਤਾਰੀ ਨੂੰ ਕੌਣ ਰੋਕ ਸਕਦਾ ਹੈ।
ਪੁਰਾਣੇ ਰੁੱਖਾਂ ਦੀ ਥਾਂ ਹੁਣ ਸਫੈਦੇ, ਪੌਪਲਰ ਦੇ ਵਿਦੇਸ਼ ਰੁੱਖਾਂ ਨੇ ਲੈ ਲਈ ਹੈ, ਜੋ ਹੌਲੀ ਹੌਲੀ ਸਮੇਂ ਦੀ ਜ਼ਰੂਰਤ ਤੇ ਮਜਬੂਰੀ ਵੀ ਬਣਦਾ ਜਾ ਰਿਹਾ ਹੈ। ਇਸਦਾ ਅਸਰ ਕਿਸੇ ਇੱਕ ਦੇਸ਼ ਜਾਂ ਥਾਂ ਨਹੀਂ ਸਗੋਂ ਹਰ ਥਾਂ ਵੇਖਣ ਨੂੰ ਮਿਲ ਰਿਹਾ ਹੈ।
ਇਹ ਲੇਖ ਲਿਖਦਿਆਂ ਪਦਮ ਭੂਸ਼ਣ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਲਿਖੀ ਕਵਿਤਾ ਦੀਆਂ ਇਹ ਸਤਰਾਂ ਯਾਦ ਆ ਰਹੀਆਂ ਹਨ:
ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ,
ਜਿਉਂ ਜਿਉਂ ਫੜਿਆ ਘੁੱਟ ਸਮੇਂ ਖਿਸਕਾਈ ਕੰਨੀ।
ਕਿੱਕਰਾਂ ਦੇ ਸੁਹਣੇ ਫੁੱਲਾਂ ਵਰਗਾ ਪ੍ਰਸਿੱਧ ਗਾਇਕਾ ਸਵ. ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦਾ ਗਾਏ ਅਤਿ ਸੁੰਦਰ ਗੀਤ ਦੀਆਂ ਦੋ ਸਤਰਾਂ:
‘ਮੇਰਿਆ ਵੇ ਮਾਹੀਆ ਫੁੱਲ ਕਿੱਕਰਾਂ ਦੇ,
ਕਿੱਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2849)
(ਸਰੋਕਾਰ ਨਾਲ ਸੰਪਰਕ ਲਈ: