“ਜੇ ਸੰਸਾਰ ਦੀ ਕੋਈ ਵੀ ਵਸਤੂ ਥਿਰ ਨਹੀਂ ਹੈ ਤਾਂ ...”
(7 ਅਕਤੂਬਰ 2018)
(ਮੇਰੇ ਸਤਿਕਾਰਯੋਗ ਮਾਮਾ ਜੀ ਸ. ਸੂਰਤ ਸਿੰਘ ਟਰਾਂਟੋ, ਕੈਨੇਡਾ)
ਮੈਂ ਆਪਣੀ ਸਕੂਲ ਦੀ ਬਹੁਤੀ ਪੜ੍ਹਾਈ ਨਾਨਕੇ ਪਿੰਡ ਹੀ ਕੀਤੀ। ਮੇਰਾ ਨਾਨਕਾ ਪਿੰਡ ਢਾਇਆ ਬੇਟ ਬਿਆਸ ’ਤੇ ਸੀ ਜੋ ਹੁਣ ਹੋਰ ਕਈ ਹੋਰ ਛੋਟੇ ਛੋਟੇ ਪਿੰਡਾਂ ਸਮੇਤ ਛਾਉਣੀ ਵਿੱਚ ਆ ਚੁੱਕਾ ਹੈ। ਨਾਨਕਾ ਘਰ ਦੇ ਸਾਰੇ ਜੀਅ ਲੰਮੇ ਕੱਦ ਦੇ ਹੋਣ ਕਰਕੇ ਇਹ “ਲੰਮਿਆਂ ਦਾ ਘਰ” ਕਰਕੇ ਜਾਣਿਆ ਜਾਂਦਾ ਸੀ। ਇਸ ਪਿੰਡ ਦੀ ਲਹਿੰਦੀ ਵੱਖੀ ਦੀ ਨਹਿਰ ਨਾਲ ਲਗਦੀ ਜ਼ਮੀਨ ਬਹੁਤੀ ਬਰਾਨੀ ਕਿਸਮ ਦੀ ਸੀ। ਚੜ੍ਹਦੀ ਬਾਹੀ ਢਾਇਆ ਤੇ ਹੇਠਾਂ ਛੰਭ ਸੀ। ਮੈਂ ਇਸ ਪਿੰਡ ਦੇ ਨਾਲ ਲਗਦੇ ਪਿੰਡ ਵਿੱਚੋਂ ਪ੍ਰਾਇਮਰੀ ਪਾਸ ਕੀਤੀ। ਰਾਹ ਵਿੱਚ ਸਰਕਾਰੀ ਸ਼ਾਮਲਾਤ ਸੀ ਜਿਸ ਵਿੱਚੋਂ ਲੰਘ ਕੇ ਸਕੂਲ ਜਾਂਦੇ ਹੁੰਦੇ ਸਾਂ। ਰਸਤੇ ਵਿੱਚ ਮਲ੍ਹਿਆਂ ਦੀਆਂ ਸੰਘਣੀਆਂ ਝਾੜੀਆਂ ਸਨ। ਸਕੂਲੋਂ ਵਾਪਸੀ ਵੇਲੇ ਅਤੇ ਛੁੱਟੀ ਵਾਲੇ ਦਿਨ ਮਲ੍ਹਿਆਂ ਦੇ ਖੱਟੇ ਮਿੱਠੇ ਬੇਰਾਂ ਦੀ ਝੋਲੀਆਂ ਭਰ ਕੇ ਲੈ ਆਉਣੀਆਂ ਤੇ ਲੂਣ ਮਿਰਚ ਲਾ ਕੇ ਸਿਆਲ ਦੀ ਕੋਸੀ ਧੁੱਪੇ ਕੰਧ ਨਾਲ ਢੋਅ ਲਾ ਕੇ ਖਾਣ ਦਾ ਮਜ਼ਾ ਲੈਣ ਦੀ ਯਾਦ ਅਜੇ ਵੀ ਨਹੀਂ ਭੁੱਲਦੀ। ਪਿੰਡ ਦੀ ਜ਼ਮੀਨ ਬਹੁਤਾ ਮੈਰਾ ਹੋਣ ਕਰਕੇ ਸਾਉਣੀ ਦੀ ਫਸਲ ਮੱਕੀ, ਬਾਜਰੇ ਤੇ ਚਰ੍ਹੀ ਦੀ ਹੀ ਹੁੰਦੀ ਸੀ। ਹਾੜ੍ਹੀ ਦੀ ਫਸਲ ਕਣਕ ਦੀ ਹੁੰਦੀ ਸੀ। ਰੇਤਲੀ ਜ਼ਮੀਨ ਵਿੱਚ ਕਣਕ ਛੋਲੇ, ਜੌਂ ਅਲਸੀ, ਮਸਰ ਜਾਂ ਸਰ੍ਹੋਂ ਦੀ ਫਸਲ ਹੁੰਦੀ ਸੀ। ਛੰਭ ਦੀ ਜ਼ਮੀਨ ਇੱਕ ਫਸਲੀ ਸੀ, ਝੋਨਾ ਤੇ ਬਰਸੀਮ ਹੀ ਹੁੰਦਾ ਸੀ।
ਘਰ ਵਿੱਚ ਲਵੇਰੀਆਂ ਰੱਖਣ ਕਰਕੇ ਮੈਨੂੰ ਮਾਮੇ ਨਾਲ ਖੇਤਾਂ ਵਿੱਚ ਘਾਹ ਖੋਤਣ ਲਈ ਜਾਣਾ ਪੈਂਦਾ। ਸਵੇਰੇ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਨਾਨੀ ਨੇ ਸਾਨੂੰ ਦੋਹਾਂ ਨੂੰ ਬਾਜਰੇ ਦੀ ਮੋਟੀ ਰੋਟੀ ’ਤੇ ਹਰੀ ਮਿਰਚ ਦੀ ਚਟਣੀ ਰੱਖ ਕੇ ਨਾਲ ਚਾਹ ਦਾ ਗਲਾਸ ਫੜਾ ਕੇ ਖੁਆਉਣ ਤੋਂ ਬਾਅਦ ਘਾਹ ਖੋਤਣ ਲਈ ਤੋਰ ਦੇਣਾ। ਮਾਮਾ ਘਾਹ ਖੋਤਣ ਵਿੱਚ ਬੜਾ ਛੋਹਲਾ ਸੀ। ਪਰ ਮੈਂ ਇਸ ਕੰਮ ਵਿੱਚ ਬਹੁਤ ਢਿੱਲਾ ਸਾਂ। ਉਹ ਮੈਥੋਂ ਪਹਿਲਾਂ ਹੀ ਘਾਹ ਦੀ ਪੰਡ ਬਣਾ ਲੈਂਦਾ। ਜਦੋਂ ਮੈਂ ਉਸ ਨੂੰ ਥੋੜ੍ਹੀ ਮਦਦ ਕਰਨ ਲਈ ਕਹਿੰਦਾ, ਤਾਂ ਉਹ ਹਾਸਾ ਠੱਠਾ ਕਰਦਾ ਮੈਨੂੰ ਪਿੱਛੇ ਛੱਡ ਆਉਂਦਾ। ਜਦੋਂ ਮਾਮਾ ਘਰ ਪਹਿਲਾਂ ਆਉਂਦਾ ਤਾਂ ਨਾਨੀ ਮਾਮੇ ਨੂੰ ਗੁੱਸੇ ਹੋਈ ਕਹਿੰਦੀ, ਵੇ ਕੁ-ਲਗਦਿਆ, ਉਸ ਨਾਲ ਦੇ ਨੂੰ ਕਿੱਥੇ ਛੱਡ ਆਇਆਂ। ਮਾਮਾ ਕਹਿੰਦਾ, ਆਪੇ ਆ ਜਾਏਗਾ, ਕਿਤੇ ਗੁਆਚ ਨਹੀਂ ਚੱਲਿਆ ਉਹ, ਮੈਂ ਕੀ ਕਰਾਂ ਉਹ ਤਾਂ ਗਿਣ ਗਿਣ ਕੇ ਘਾਹ ਦੇ ਤੀਲੇ ਵੱਢਦਾ ਹੈ। ਮਾਮੇ ਭਾਣਜੇ ਦਾ ਰਿਸ਼ਤਾ ਹੋਣ ਕਰਕੇ ਸਾਡਾ ਮਾਮੇ ਭਾਣਜੇ ਦਾ ਮਖੌਲ ਤੇ ਹਾਸਾ ਠੱਠਾ ਵੀ ਵਾਹਵਾ ਚੱਲਦਾ ਹੁੰਦਾ ਸੀ।
ਪ੍ਰਾਇਮਰੀ ਪਾਸ ਕਰਨ ਤੋਂ ਬਾਅਦ ਮੈਂ ਵੀ ਖਾਲਸਾ ਹਾਈ ਸਕੂਲ ਗੁਰਦਾਸਪੁਰ, ਜਿੱਥੇ ਮੇਰੇ ਇਹ ਮਾਮਾ ਜੀ ਪੜ੍ਹਦੇ ਹੁੰਦੇ ਸਨ, ਵਿੱਚ ਦਾਖਲ ਹੋ ਗਿਆ। ਘਰ ਤੋਂ ਮੇਰੇ ਸਕੂਲ ਦਾ ਰਸਤਾ ਅੱਠ ਕੁ ਮੀਲ ਦਾ ਸੀ। ਆਉਣ ਜਾਣ ਦਾ 16 ਕੁ ਮੀਲ ਦਾ ਇਹ ਰਸਤਾ ਪੈਦਲ ਹੀ ਕਰਦੇ ਹੁੰਦੇ ਸਾਂ। ਰਸਤੇ ਵਿੱਚ ਕੁੱਝ ਸਾਥੀ ਮਿਲ ਜਾਂਦੇ ਸਨ, ਜਿਨ੍ਹਾਂ ਨਾਲ ਹੱਸਦੇ ਖੇਡਦੇ ਇਹ ਰਸਤਾ ਮਾਲੂਮ ਨਹੀਂ ਸੀ ਹੁੰਦਾ। ਹਾਂ, ਤਾਂਗੇ ਹੁੰਦੇ ਸਨ। ਸ਼ਹਿਰ ਤੱਕ ਦਾ ਕਿਰਾਇਆ ਚੁਆਨੀ ਹੁੰਦਾ ਸੀ ਤੇ ਇਸ ਤਰ੍ਹਾਂ ਆਉਣ ਜਾਣ ਦਾ ਤਾਂਗੇ ਦਾ ਕਿਰਾਇਆ ਅਠਿਆਨੀ ਖਰਚਣਾ ਉਨ੍ਹਾਂ ਦਿਨਾਂ ਵਿੱਚ ਕੋਈ ਸੌਖਾ ਨਹੀਂ ਸੀ। ਉਦੋਂ ਸਾਈਕਲ ਵੀ ਮੈਂ ਕਦੀ ਕਿਸੇ ਕੋਲ ਨਹੀਂ ਸੀ ਵੇਖਿਆ। ਫਿਰ ਵੱਡੇ ਮਾਮਾ ਜੀ ਨੇ ਕਿਤੋਂ ਇੱਕ ਪੁਰਾਣਾ ਸਾਈਕਲ ਮਾਮਾ ਜੀ ਨੂੰ ਲਿਆ ਦਿੱਤਾ। ਉਨ੍ਹਾਂ ਹੌਲੀ ਹੌਲੀ ਸਾਈਕਲ ਚਲਾਉਣਾ ਸਿੱਖ ਲਿਆ ਤੇ ਅਸੀਂ ਸਾਈਕਲ ’ਤੇ ਸਕੂਲ ਜਾਣ ਲੱਗ ਪਏ। ਮੈਨੂੰ ਮਾਮਾ ਜੀ ਨੇ ਸਾਇਕਲ ਦੇ ਕਰੀਅਰ ’ਤੇ ਬਿਠਾ ਲੈਣਾ, ਪਰ ਸਾਈਕਲ ਪੁਰਾਣਾ ਹੋਣ ਕਰਕੇ ਮਾੜਾ ਢੱਗਾ ਬੱਤੀ ਰੋਗ ਵਾਲੀ ਗੱਲ ਹੀ ਸੀ। ਰਸਤੇ ਵਿੱਚ ਕਦੇ ਸਾਈਕਲ ਦੀ ਚੇਨ ਲੱਥ ਜਾਣੀ, ਕਦੇ ਪੰਚਰ ਹੋ ਜਾਣੀ, ਕਦੇ ਕਦੇ ਟਿਊਬ ਦਾ ਪਟਾਕਾ ਪੈ ਜਾਣਾ, ਕਦੇ ਭਾਰ ਨਾਲ ਚੱਕਾ ਵਿੰਗਾ ਹੋ ਜਾਣਾ। ਉਨ੍ਹਾਂ ਮੈਨੂੰ ਹੇਠਾਂ ਉੱਤਰਣ ਲਈ ਕਹਿਣਾ। ਬੱਸ ਫਿਰ ਸ਼ਹਿਰ ਤੀਕ ਪੈਦਲ ਹੀ ਚੱਲ ਸੋ ਚੱਲ ਹੋਣੀ। ਮਾਮਾ ਜੀ ਮੈਥੋਂ ਛੇ ਵਰ੍ਹੇ ਵੱਡੇ ਸਨ। ਕੱਦ ਕਾਠ ਦੇ ਲੰਮੇ ਸਨ। ਪੈਦਲ ਤੁਰਦੇ, ਨਾਲ ਖਰਾਬ ਹੋਇਆ ਸਾਈਕਲ ਖਿੱਚਦੇ ਹਫ ਜਾਂਦੇ ਤੇ ਸਕੂਲੋਂ ਵੀ ਲੇਟ ਹੋ ਜਾਂਦੇ। ਸੋਚਦੇ ਸਾਂ, ਇਹਦੇ ਨਾਲੋਂ ਤਾਂ ਪੈਦਲ ਜਾਣਾ ਹੀ ਚੰਗਾ ਸੀ। ਉਹ ਦਸਵੀਂ ਵਿੱਚ ਤੇ ਮੈਂ ਪੰਜਵੀ ਕਲਾਸ ਵਿੱਚ ਪੜ੍ਹਦਾ ਸੀ। ਦਸਵੀਂ ਪਾਸ ਕਰਕੇ ਉਹ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਦਾਖਲ ਹੋ ਗਏ ਤੇ ਉੱਥੋਂ ਐੱਫ, ਏ ਕਰਕੇ ਮੁੜ ਗੁਰਦਾਸਪੁਰ ਕਾਲਜ ਵਿੱਚ ਆ ਗਏ ਤੇ ਉੱਥੋਂ ਹੀ ਬੀ.ਏ ਕਰਕੇ ਥੋੜ੍ਹੀ ਦੇਰ ਲਈ ਇੱਕ ਹਾਈ ਸਕੂਲ ਵਿੱਚ ਟੀਚਰ ਲੱਗ ਗਏ। ਮਾਮਾ ਜੀ ਨੇ ਮੈਨੂੰ ਆਪਣੇ ਕੋਲ ਰੱਖ ਕੇ ਮੈਟ੍ਰਿਕ ਚੰਗੇ ਨੰਬਰਾਂ ਵਿੱਚ ਪਾਸ ਕਰਾ ਕੇ ਮੇਰੀਆਂ ਸਾਰੀਆਂ ਅਗਲੀਆਂ ਪਿਛਲੀਆਂ ਕਸਰਾਂ ਕੱਢ ਦਿੱਤੀਆਂ।
ਫਿਰ ਮਾਮਾ ਜੀ ਕੋਆਪ੍ਰੇਟਿਵ ਬੈਂਕ ਵਿੱਚ ਇੰਸਪੈਕਟਰ ਭਰਤੀ ਹੋ ਗਏ। ਪੰਜਾਬੀ ਸੂਬਾ ਬਣਨ ਵੇਲੇ ਹਿਮਾਚਲ ਵਿੱਚ ਐਲੋਕੇਟ ਹੋ ਗਏ ਅਤੇ ਉੱਥੋਂ ਹੀ ਰੀਟਾਇਰ ਹੋਏ। ਮੈਂ ਕੈਰੋਂ ਸਰਕਾਰ ਵੇਲੇ ਪਟਵਾਰੀ ਭਰਤੀ ਹੋ ਗਿਆ। ਮਾਮਾ ਜੀ ਮੇਰੇ ਨਾਨਕੇ ਪਰਿਵਾਰ ਵਿੱਚ ਪੰਜ ਮਾਮਿਆਂ ਵਿੱਚੋਂ ਚੌਥੇ ਥਾਂ ’ਤੇ ਹਨ। ਬਾਕੀ ਪਰਿਵਾਰ ਵਿੱਚੋਂ ਹੁਣ ਉਹ ਇੱਕੱਲੇ ਹੀ ਨਾਨਕੇ ਪਰਿਵਾਰ ਦੀ ਬਾਕੀ ਬਚੀ ਨਿਸ਼ਾਨੀ ਹਨ ਅਤੇ ਸਾਰਾ ਪਰਿਵਾਰ ਹੀ ਹੌਲੇ ਹੌਲੇ ਕੈਨੇਡਾ ਆ ਵਸਿਆ ਹੈ ਅਤੇ ਮੈਂ ਲਗਭਗ ਦਸ ਸਾਲ ਤੋਂ ਇਟਲੀ ਆਪਣੇ ਬੇਟੇ ਕੋਲ ਰਹਿ ਰਿਹਾ ਹਾਂ। ਜੀਵਨ ਦਾ ਪਹੀਆ ਬੜਾ ਰੈਲਾ ਚੱਲ ਰਿਹਾ ਹੈ। ਕਦੇ ਕਦੇ ਮਾਮਾ ਜੀ ਨੂੰ ਵੇਖਣ ਦਾ ਮਨ ਕਰਦਾ ਸੀ। ਉਹ ਸੁਪਨਾ ਵੀ ਪੂਰਾ ਹੋ ਗਿਆ। ਇਹ ਸਬੱਬ ਕੈਨੇਡਾ ਵਿੱਚ ਰਹਿੰਦੀ ਮੇਰੀ ਬੇਟੀ ਦੇ ਬੇਟੇ ਦੀ ਸ਼ਾਦੀ ਭਾਵ ਆਪਣੇ ਦੋਹਤੇ ਦੀ ਸ਼ਾਦੀ ਵਿੱਚ ਹਾਜ਼ਰ ਹੋਣ ਲਈ ਇੱਥੇ ਆਉਣ ਦਾ ਬਣ ਹੀ ਗਿਆ। ਇਸ ਸ਼ਾਦੀ ਦੀ ਪਾਰਟੀ ’ਤੇ ਮਾਮਾ ਜੀ ਨੂੰ ਮਿਲਣ ਦਾ ਮੌਕਾ ਮਿਲਿਆ। ਉਮਰ ਦੇ 86ਵਾਂ ਸਾਲ ਪੂਰਾ ਕਰਕੇ ਉਹ ਹੁਣ ਕਾਫੀ ਬਜ਼ੁਰਗ ਹੋ ਚੁੱਕੇ ਹਨ। ਪਰ ਉਨ੍ਹਾਂ ਦੀ ਸ਼ਖਸੀਅਤ ਅਤੇ ਉਨ੍ਹਾਂ ਦਾ ਮੋਹ ਪਿਆਰ ਅਜੇ ਵੀ ਮੈਨੂੰ ਉਵੇਂ ਹੀ ਲੱਗਿਆ। ਰੰਗਲੇ ਸੁਭਾ ਦੇ ਹੋਣ ਕਰਕੇ ਹਾਸਾ ਮਜ਼ਾਕ ਉਨ੍ਹਾਂ ਦੇ ਸੁਭਾਅ ਵਿੱਚ ਉਸੇ ਤਰ੍ਹਾਂ ਸ਼ਾਮਲ ਹਨ। ਕੁੱਝ ਚਿਰ ਗੱਲਾਂਬਾਤਾਂ ਕਰਦੇ ਅਸੀਂ ਮੁੜ ਉਨ੍ਹਾਂ ਦੇ ਘਰ ਜਾਣ ਦਾ ਵਾਅਦਾ ਕਰਕੇ ਵਾਪਸ ਆਪੋ ਆਪਣੇ ਟਿਕਾਣੇ ਪਰਤ ਆਏ।
ਇੱਕ ਦਿਨ ਮਾਮਾ ਜੀ ਨੂੰ ਮਿਲਣ ਲਈ ਅਸੀਂ ਉਨ੍ਹਾਂ ਦੇ ਘਰ ਗਏ। ਘਰ ਵੜਦਿਆਂ ਹੀ ਉਨ੍ਹਾਂ ਦੀ ਸਦਾ ਲਈ ਵਿਛੜ ਚੁੱਕੀ ਜੀਵਨ ਸਾਥਣ ਭਾਵ ਮੇਰੀ ਮਾਮੀ ਜੀ ਦੀ ਫੋਟੋ ਕੰਧ ’ਤੇ ਲੱਗੀ ਵੇਖ ਕੇ ਕਾਫੀ ਦੇਰ ਮੇਰਾ ਧਿਆਨ ਇਸ ਫੋਟੋ ਵੱਲ ਖਿੱਚਿਆ ਰਿਹਾ। ਉਨ੍ਹਾਂ ਨਾਲ ਬਿਤਾਏ ਪਲ ਬਾਰ ਬਾਰ ਚੇਤੇ ਆਏ। ਮਾਮੀ ਜੀ ਬੜੇ ਠੰਢੇ ਮਿੱਠੇ ਸੁਭਾਅ ਦੇ, ਮਿਲਣਸਾਰ ਅਤੇ ਹਰ ਵੇਲੇ ਖਿੜੇ ਮੱਥੇ ਰਹਿੰਦੇ ਸਨ। ਗੱਲਾਂਬਾਤਾਂ ਕਰਦਿਆਂ ਜਦ ਉਨ੍ਹਾਂ ਬਾਰੇ ਗੱਲ ਛਿੜੀ ਤਾਂ ਮਾਮਾ ਜੀ ਭਾਵੁਕ ਹੋ ਗਏ। ਜਿਸਦੀ ਜੀਵਨ ਗੱਡੀ ਦਾ ਇੱਕ ਪਹੀਆ ਸਦਾ ਲਈ ਹੀ ਲਹਿ ਜਾਵੇ ਤਾਂ ਉਸਦਾ ਇਹ ਦੁੱਖ ਤਾਂ ਉਹੀ ਜਾਣਦਾ ਹੈ, ਜਿਸ ਨਾਲ ਇਹ ਭਾਣਾ ਵਰਤਿਆ ਹੋਵੇ। ਘਰ ਵਿੱਚ ਨੂੰਹਾਂ ਧੀਆਂ ਪੁੱਤ ਪੋਤਰੇ ਹਨ। ਇਸ ਵੇਲੇ ਇੱਕ ਨਹੀਂ, ਤਿੰਨ ਪੈਨਸ਼ਨਾਂ ਲੈ ਰਹੇ ਹਨ। ਘਰ ਵਿੱਚ ਸਭ ਸੁਖ ਸਹੂਲਤਾਂ ਹੁੰਦੇ ਹੋਏ ਵੀ ਜੀਵਨ ਸਾਥਣ ਦੀ ਘਾਟ ਉਨ੍ਹਾਂ ਨੂੰ ਹਮੇਸ਼ਾ ਰੜਕਦੀ ਰਹਿੰਦੀ ਹੈ।
ਮਾਮਾ ਜੀ ਇੱਕ ਜ਼ਿੰਦਾ ਦਿਲ ਇਨਸਾਨ ਹਨ। ਹੁਣ ਭਾਵੇਂ ਉਨ੍ਹਾਂ ਨੂੰ ਉੱਚਾ ਸੁਣਦਾ ਹੈ, ਫਿਰ ਵੀ ਗੱਲ ਛੇਤੀ ਸਮਝ ਲੈਂਦੇ ਹਨ। ਪੜ੍ਹੇ ਲਿਖੇ ਦੋਸਤਾਂ ਮਿੱਤਰਾਂ ਵਿੱਚ ਬੈਠਣਾ, ਸਾਫ ਸੁਥਰਾ ਲਿਬਾਸ, ਚੰਗਾ ਪੜ੍ਹਨਾ, ਚੰਗਾ ਖਾਣਾ ਪੀਣਾ, ਉਨ੍ਹਾਂ ਦਾ ਸ਼ੌਕ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਹੈ। ਪੈੱਗ ਲਾਉਣ ਦੇ ਸ਼ਰੂ ਤੋਂ ਹੀ ਸ਼ੌਕੀਨ ਹਨ। ਉਂਗਲਾਂ ਵਿੱਚ ਚਾਰ ਮੁੰਦਰੀਆਂ ਵੱਖੋ ਵੱਖ ਰੰਗਾਂ ਦੇ ਨਗਾਂ ਦੀਆਂ ਪਾਈਆਂ ਹੋਈਆਂ ਹਨ। ਉਹ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਗ੍ਰਹਿਆਂ ਨਛੱਤਰਾਂ ਸ਼ਨੀ ਆਦਿ ਵਿੱਚ ਵਿਸ਼ਵਾਸ ਰੱਖਦੇ ਹਨ। ਬੱਚੇ ਕੰਮਾਂ ਕਾਰਾਂ ’ਤੇ ਹਨ ਵਿਦੇਸ਼ਾਂ ਵਿੱਚ ਜ਼ਿੰਦਗੀ ਦਾ ਪੂਰਾ ਅਨੰਦ ਮਾਣ ਰਹੇ ਹਨ। ਬੇਸ਼ੱਕ ਮੈਂ ਉਨ੍ਹਾਂ ਵਰਗਾ ਨਹੀਂ ਬਣ ਸਕਿਆ ਹਾਂ, ਫਿਰ ਵੀ ਉਨ੍ਹਾਂ ਵਿੱਚਲੇ ਕਈ ਚੰਗੇ ਗੁਣਾਂ ਦੀ ਕਦਰ ਕਰਦਾ ਹਾਂ।
ਕਿੰਨਾ ਚਿਰ ਉਨ੍ਹਾਂ ਦੋ ਕੋਲ ਬੈਠ ਕੇ ਉਨ੍ਹਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਦੇ ਤਲਖ ਤਜਰਬੇ ਅਤੇ ਚੰਗੇ ਵਿਚਾਰ ਸੁਣੇ। ਉਹ ਕਹਿੰਦੇ ਹਨ ਕਿ ਜੋ ਜ਼ਿੰਦਗੀ ਦੇ ਕੁੱਝ ਪਲ ਮਿਲੇ ਹਨ ਤਾਂ ਇਨ੍ਹਾਂ ਨੂੰ ਖੂਬ ਮਾਣੋ ਤੇ ਪੂਰੀ ਤਰ੍ਹਾਂ ਹੰਡਾਓ। ਇਹ ਜੀਵਨ ਜੇ ਮਾਲਕ ਦੀ ਬਖਸ਼ੀ ਅਮੁੱਲੀ ਦਾਤ ਹੈ ਤਾਂ ਇਸ ਨੂੰ ਭੰਗ ਦੇ ਭਾੜੇ ਨਾ ਗੁਆਓ। ਜੇ ਸੰਸਾਰ ਦੀ ਕੋਈ ਵੀ ਵਸਤੂ ਥਿਰ ਨਹੀਂ ਹੈ ਤਾਂ ਕਿਸੇ ਸਦਾ ਲਈ ਵਿਛੜ ਗਏ ਦਾ ਦੁੱਖ ਮਨ ਨੂੰ ਲਾ ਕੇ ਬਾਕੀ ਰਹਿੰਦਾ ਜੀਵਨ ਬੇਸੁਆਦਾ ਕਿਉਂ ਕਰੀਏ। ਮੈਂ ਉਨ੍ਹਾਂ ਦੀਆਂ ਗੱਲਾਂ ਬੜੇ ਧਿਆਨ ਅੰਤਰ ਹੋ ਕੇ ਸੁਣ ਰਿਹਾ ਸਾਂ ਅਤੇ ਸੋਚ ਰਿਹਾ ਸਾਂ ਕੀ ਪਤਾ ਕਿ ਮਾਮਾ ਜੀ ਨਾਲ ਇਸ ਤਰ੍ਹਾਂ ਬੈਠਣ ਦਾ ਫਿਰ ਕਦੇ ਮੌਕਾ ਮਿਲੇ ਜੇ ਨਾ ਮਿਲੇ। ਕਿਉਂਕਿ ਪ੍ਰਦੇਸਾਂ ਵਿੱਚ ਰਹਿ ਰਹੇ ਸਜਣਾਂ ਮਿੱਤਰਾਂ, ਸਾਕ ਸੰਬੰਧੀਆਂ ਨਾਲ ਇਸ ਤਰ੍ਹਾਂ ਦੇ ਕੀਮਤੀ ਪਲ ਮੁੜ ਕੇ ਮਿਲਣ ਦਾ ਕੋਈ ਭਰਵਾਸਾ ਨਹੀਂ। ਹੁਣ ਤਾਂ ਓਦਾਂ ਵੀ ਅਸੀਂ ਦੋਵੇਂ ਹੀ ਜੀਵਣ ਦੇ ਆਖਰੀ ਪੜਾਅ ’ਤੇ ਹਾਂ। ਕੀ ਪਤਾ ਸਾਡੇ ਵਿੱਚੋਂ ਕਿਹੜਾ ਇਸ ਸੰਸਾਰ ਨੂੰ ਸਦਾ ਲਈ ਛੱਡਣ ਦੀ ਪਹਿਲ ਕਰ ਜਾਵੇ।
ਮਾਮਾ ਜੀ ਪਾਸ ਬੈਠ ਕੇ ਅੱਜ ਮੈਨੂੰ ਇਵੇਂ ਲੱਗ ਰਿਹਾ ਸੀ ਜਿਵੇਂ ਉਹ ਪੜ੍ਹਾਈ ਵੇਲੇ ਦਾ ਸਮਾਂ ਫਿਰ ਮੁੜ ਆਇਆ ਹੋਵੇ ਅਤੇ ਮੈਂ ਕਲਾਸ ਵਿੱਚ ਬੈਠਾ ਹੋਇਆ ਹੋਵਾਂ ਅਤੇ ਉਹ ਸਾਨੂੰ ਕਿਸੇ ਖਾਸ ਵਿਸ਼ੇ ’ਤੇ ਪੜ੍ਹਾ ਰਹੇ ਹੋਣ, ਅਤੇ ਮੈਂ ਆਪਣੀ ਯਾਦ ਸ਼ਕਤੀ ਨੂੰ ਸਮੇਟ ਕੇ ਆਪਣੇ ਅਤੀਤ ਵਿੱਚ ਗੁਆਚਿਆ ਹੋਇਆ ਸਾਂ। ਵੱਡੇ ਬੇਟੇ ਰੁਪਿੰਦਰ ਦੀ ਆਵਾਜ਼ ਆਈ, ਡੈਡੀ ਦੇਰ ਬਹੁਤ ਹੋ ਗਈ ਹੈ, ਆਓ ਹੁਣ ਵਾਪਸ ਘਰ ਨੂੰ ਚੱਲੀਏ। ਅਚਾਨਕ ਇਸ ਆਵਾਜ਼ ਨੇ ਮੈਨੂੰ ਚੌਂਕਾ ਦਿੱਤਾ ਤੇ ਇਵੇਂ ਲੱਗਾ ਜਿਵੇਂ ਮੈਂ ਕਿਸੇ ਡੂੰਘੀ ਸੋਚ ਨਦੀ ਵਿੱਚੋਂ ਡੁਬਕੀ ਲਾ ਕੇ ਬਾਹਰ ਆਇਆ ਹੋਵਾਂ। ਬੜੇ ਹੀ ਅਦਬ ਸਤਿਕਾਰ ਨਾਲ ਮਾਮਾ ਜੀ ਦੇ ਜਦੋਂ ਗੋਡੀਂ ਹੱਥ ਲਾ ਕੇ ਜਾਣ ਦੀ ਆਗਿਆ ਮੰਗੀ ਤਾਂ ਉਨ੍ਹਾਂ ਬੜੇ ਪਿਆਰ ਨਾਲ ਮੈਨੂੰ ਬੱਚਿਆਂ ਵਾਂਗ ਆਪਣੇ ਸੀਨੇ ਨਾਲ ਲਾ ਕੇ ਵਿਦਾ ਕੀਤਾ।
ਕੈਨੇਡਾ ਵਿੱਚ ਜਾ ਕੇ ਮਾਮਾ ਜੀ ਨੂੰ ਮਿਲਣਾ, ਮੇਰੇ ਲਈ ਜ਼ਿੰਦਗੀ ਦੀ ਇੱਕ ਨਾ ਭੁੱਲਣ ਵਾਲੀ ਯਾਦ ਬਣ ਗਿਆ ਹੈ।
ਰਸਤੇ ਵੀ ਮੁੱਕ ਜਾਂਦੇ ਨੇ, ਰਿਸ਼ਤੇ ਵੀ ਸਭ ਮੁੱਕ ਜਾਂਦੇ ਨੇ।
ਵਹਿਣ, ਤੇ ਨਾਲ ਛੱਪੜ ਟੋਭੇ, ਆਖਰ ਸਾਰੇ ਸੁੱਕ ਜਾਂਦੇ ਨੇ।
ਪੱਤਣਾਂ ’ਤੇ ਜੋ ਮਿਲਦੇ ਪਾਂਧੀ, ਪਤਾ ਨਾ ਕਿੱਥੇ ਲੁਕ ਜਾਂਦੇ ਨੇ।
ਜੀਵਨ ਹੈ ਕੁਦਰਤ ਦੀ ਮੌਜ, ਉੱਠਦੇ ਤੇ ਕਦੇ ਝੁਕ ਜਾਂਦੇ ਨੇ।
ਰਹਿ ਜਾਂਦੀ ਯਾਦਾਂ ਦੀ ਪੈੜ, ਕਦਮ ਜੋ ਚਲਦੇ ਰੁਕ ਜਾਂਦੇ ਨੇ।
*****
(1332)