“ਆਪ ਕਵਿਤਾ, ਵਾਰਤਕ, ਕਹਾਣੀਆਂ ਲਿਖਦੇ ਸਨ। ਕਵਿਤਾ ਦੇ ਖੇਤਰ ਵਿੱਚ ਆਪ ਨੇ ਬਹੁਤ ਕੁਝ ...”
(25 ਨਵੰਬਰ 2021)
ਸਵ. ਡਾਕਟਰ ਪ੍ਰੀਤਮ ਸਿੰਘ ‘ਦਰਦੀ ਦਾ ਜਨਮ 1925 ਵਿੱਚ ਸ. ਮੱਘਰ ਸਿੰਘ ਵਿਰਦੀ ਦੇ ਗ੍ਰਹਿ ਮਹੱਲਾ ਬੇਰੀਆਂ, ਗੁਰਦਾਸਪੁਰ ਵਿਖੇ ਹੋਇਆ। ਆਪ ਕਿਤੇ ਵਿਜੋਂ ਸਰਕਾਰੀ ਕਰਮਚਾਰੀ ਸਨ ਅਤੇ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਵਿੱਚੋਂ ਬਤੌਰ ਅਸਿਸਟੈਂਟ ਸੇਵਾ ਮੁਕਤ ਹੋਏ ਸਨ। ਲਿਖਣ ਦਾ ਮੱਸ ਆਪ ਨੂੰ 16-17 ਸਾਲ ਦੀ ਉਮਰ ਤੋਂ ਹੀ ਸੀ। ਆਪ ਕਵਿਤਾ, ਵਾਰਤਕ, ਕਹਾਣੀਆਂ ਲਿਖਦੇ ਸਨ। ਕਵਿਤਾ ਦੇ ਖੇਤਰ ਵਿੱਚ ਆਪ ਨੇ ਬਹੁਤ ਕੁਝ ਨਰੋਆ ਲਿਖਿਆ। ਸੇਵਾ ਮੁਕਤ ਹੋਣ ਪਿੱਛੋਂ ਹੋਮੀਓਪੈਥੀ ਦੀ ਪ੍ਰੈਕਟਿਸ ਕਰਨ ਕਰਕੇ ਆਪ ਡਾਕਟਰ ਪ੍ਰੀਤਮ ਸਿੰਘ ਦਰਦੀ ਦੇ ਨਾਮ ਨਾਲ ਵੀ ਜਾਣੇ ਜਾਂਦੇ ਸਨ। ਪੰਜਾਬੀ ਸਾਹਿਤ ਨਾਲ ਉਨ੍ਹਾਂ ਨੂੰ ਵਿਸ਼ੇਸ਼ ਲਗਾਅ ਸੀ। ਆਪ ਕਾਫੀ ਸਮਾਂ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਪੰਜਾਬ ਰਜਿ. ਦੇ ਪ੍ਰਧਾਨ ਦੇ ਅਹੁਦੇ ’ਤੇ ਵੀ ਰਹੇ। ਆਪ ਨੇ ਹੇਠ ਲਿਖੀਆਂ ਕਾਵਿ ਸੰਗ੍ਰਹਿ ਦੀਆਂ ਪੁਸਤਕਾਂ ਲਿਖੀਆਂ ਹਨ।
1. ਸਾਨੂੰ ਮੁਰਸ਼ਦ ਮਿਲਿਆ - ਕਾਵਿ ਸੰਗ੍ਰਹਿ।
2. ਨਿਹੁੰ ਦੀ ਤਪਸ਼ ਬੁਰੀ - ਕਾਵਿ ਸੰਗ੍ਰਹਿ।
3. ਬਾਤਾਂ ਤੇਰੇ ਸ਼ਹਿਰ ਦੀਆਂ - ਕਾਵਿ ਸੰਗ੍ਰਹਿ।
ਵੰਨਗੀ ਮਾਤਰ ਉਨ੍ਹਾਂ ਦੀਆਂ ਕੁਝ ਕਵਿਤਾਵਾਂ ਪੇਸ਼ ਹਨ।
1.
ਯਾਦ ਕਰਾਂ ਮੈਂ ਬਾਤਾਂ ਤੇਰੇ ਸ਼ਹਿਰ ਦੀਆਂ।
ਵੇਖ ਲਈਆਂ ਪ੍ਰਭਾਤਾਂ ਤੇਰੇ ਸ਼ਹਿਰ ਦੀਆਂ।
ਨਫਰਤ, ਕੀਨਾ, ਹਸਦ, ਤੁਅਸਬ, ਫਿਰਕੂ-ਪਨ,
ਭੰਗੜੇ ਪਾਉਣ ਬਰਾਤਾਂ ਤੇਰੇ ਸ਼ਹਿਰ ਦੀਆਂ।
ਦਿਨੇ ਦੁਪਹਿਰੇ ਨੱਚਦੀ ਮੌਤ ਬਜ਼ਾਰਾਂ ਵਿੱਚ,
ਲਹੂ ਰੰਗੀਆਂ ਸੌਗਾਤਾਂ ਤੇਰੇ ਸ਼ਹਿਰ ਦੀਆਂ।
ਅੱਗ ਵਰ੍ਹਦੀ ਹੈ ਵੇਖ ਕਿਵੇਂ ਆਕਾਸ਼ਾਂ ਵਿੱਚ,
ਕਿਹੋ ਜਿਹੀਆਂ ਬਰਸਾਤਾਂ ਤੇਰੇ ਸ਼ਹਿਰ ਦੀਆਂ।
ਫੁੱਲਾਂ ਵਰਗੇ ਜੋਬਨ ਰੁਲਦੇ ਕਈ ਤੱਕੇ ਮੈਂ ਜਦ,
ਕੰਡਿਆਂ ਵਰਗੀਆਂ ਰਾਤਾਂ ਤੇਰੇ ਸ਼ਹਿਰ ਦੀਆਂ।
‘ਦਰਦੀ’ ਇੱਥੇ ਲੋਕ ਨਿੱਕੇ ਨਿੱਕੇ ਕੱਦ ਵਾਲੇ,
ਔਰ ਉੱਚੀਆਂ ਉੱਚੀਆਂ ਜਾਤਾਂ ਤੇਰੇ ਸ਼ਹਿਰ ਦੀਆਂ।
**
2.
ਯਾਦ ਆ ਜਾਂਦੀ ਹੈ ਜਦ ਵੀ ਯਾਦ ਉਸ ਦਿਲਦਾਰ ਦੀ।
ਗੱਲ ਮੂੰਹ ਤੋਂ ਨਿਕਲ ਜਾਂਦੀ ਏ ਕਿਸੇ ਦੇ ਪਿਆਰ ਦੀ।
ਜਦ ਕਦੀ ਦੀਵਾਰ ਤੇ ਪਾਵਾਂ ਮੈਂ ਰੋ ਰੋ ਔਂਸੀਆਂ,
ਹਰ ਵਗੀ ਹੋਈ ਲੀਕ ਰਸਤਾ ਰੋਕਦੀ ਜਿੰਦ ਠਾਰਦੀ।
ਨਿੱਤ ਮੈਂ ਸਜਾਵਾਂ ਜ਼ਿੰਦਗੀ ਨੂੰ ਜੀਉਣ ਜੋਗਾ ਕਰਨ ਲਈ,
ਪਰ ਮੌਤ ਰਹੀ ਰਾਹਾਂ ’ਤੇ ਹਰ ਰੋਜ਼ ਵਾਜਾਂ ਮਾਰਦੀ।
ਹਰ ਰੋਜ਼ ਦੀ ਅਖਬਾਰ ਮੈਂਨੂੰ ਦਿਨ ਚੜ੍ਹੇ ਇਹ ਦੱਸਦੀ,
ਕਿ ਦਸ਼ਾ ਮਾੜੀ ਹੋ ਰਹੀ ਹੈ ਦਿਨੋ ਦਿਨ ਬੀਮਾਰ ਦੀ।
ਬੱਸ ਕਰੋ ਹੁਣ ਬੱਸ ਕਰੋ, ਹੁਣ ਰਸਤਾ ਨਿਬੇੜੋ ਦਰਦੀਓ,
ਜਿੰਦ ਦੀ ਮਿਜ਼ਰਾਬ ’ਤੇ ਕੋਈ ਤਾਰ ਛੇੜੋ ਪਿਆਰ ਦੀ।
**
3.
ਨਦੀ ਸ਼ੂਕਦੀ ਜਾਪਦੀ ਏ ਹਿਤ ਦੀ ਮੋਹ ਪਿਆਰ ਦੀ।
ਕੁਝ ਮੂਕ ਹੁੰਦੇ ਜਾਪਦੇ, ਉੱਚੇ ਅਲੂੰਬੇ ਅੱਗ ਦੇ,
ਪਰ ਸ਼ੂਕਦੀ ਹੈ ਨਦੀ ਇੱਥੇ ਤੇਜ਼ ਭ੍ਰਸ਼ਟਾਚਾਰ ਦੀ।
ਪਤਾ ਨਹੀਂ ਲਗਦਾ ਕਿ ਕੀ ਮਰਜ਼ੀ ਮੇਰੀ ਸਰਕਾਰ ਦੀ।
ਟੁੱਟਦਾ ਹੈ ਨਿਸ ਦਿਨ ਜਾਪਦਾ ਮੈਂਨੂੰ ਘਰੌਂਦਾ ਵਤਨ ਦਾ,
ਜਾਂ ਕਮ-ਅਕਲੀ ਆਰ ਦੀ ਜਾਂ ਸਮਝਦਾਰੀ ਪਾਰ ਦੀ।
ਅੱਗ ਲਾਈ ਸੰਸਾਰ ਵਿੱਚ ਚਾਰ ਬਲਦੇ ਜੁਗਨੂਆਂ,
ਨੀਹਾਂ ਦੇ ਹੇਠਾਂ ਰੱਖ ਕੇ ਧੁਖਦੀ ਸ਼ਿਲਾ ਅੰਗਿਆਰ ਦੀ।
ਮੰਦਰ ਤੇ ਮਸਜਦ ਨੂੰ ਇੱਕ ਤਾਪ ਚੜ੍ਹਿਆ ਜਾਪਦਾ ਹੈ,
ਹਰ ਰੋਜ਼ ਵਿਗੜਦੀ ਜਾ ਰਹੀ ਤਕਦੀਰ ਇਸ ਬੀਮਾਰ ਦੀ।
‘ਦਰਦੀ’ ਹਸ਼ਰ ਦੇ ਸਮੇਂ ਲੇਖਾ ਤਾਂ ਦੇਣਾ ਪਵੇਗਾ,
ਕਿਸੇ ਕਰਨੀ ਰਈ ਨਹੀਂ ਬ੍ਰਹਮਣ ਦੀ ਜਾਂ ਚਮਿਆਰ ਦੀ।
**
4.
ਪਿਆਰ ਉਨ੍ਹਾਂ ਦਾ ਫੜਦੇ ਫੜਦੇ, ਕੰਡਿਆਂ ਦੇ ਨਾਲ ਅੜਦੇ ਅੜਦੇ।
ਇਸ਼ਕ ਦੀ ਮੰਜ਼ਲ ਪਹੁੰਚ ਗਏ ਹਾਂ, ਹੌਲੀ ਹੌਲੀ ਚੜ੍ਹਦੇ ਚੜ੍ਹਦੇ।
ਹੱਥ ਆ ਗਈ ਅਰਸ਼ਾਂ ਦੀ ਕੰਨੀ, ਉਨ੍ਹਾਂ ਦੀ ਚੁੰਨੀ ਫੜਦੇ ਫੜਦੇ।
ਇਸ਼ਕ ਦੀ ਅੱਗ ਸੀ ਚਾਰ ਚੁਫੇਰੇ, ਉਨ੍ਹਾਂ ਬਚਾਇਆ ਸੜਦੇ ਸੜਦੇ।
ਅੰਤ ਉਨ੍ਹਾਂ ਨੇ ਪਿਆਰ ਜਿਤਾਇਆ, ਸੱਜਣ ਬਣ ਕੇ ਸੜਦੇ ਸੜਦੇ।
ਗੈਰਾਂ ਦੇ ਵੱਲ ਸਾਨੂੰ ਲੈ ਗਏ, ਆਪਣੇ ਘਰ ਵੱਲ ਖੜਦੇ ਖੜਦੇ।
ਸਾਡਾ ਵੀ ਦਿਲ ਤੋੜ ਗਏ ਉਹ, ਆਪਣੇ ਦਿਲ ਨੂੰ ਜੜਦੇ ਜੜਦੇ।
ਇਸ਼ਕ ਦੀ ਸਿਖਰੇ ਇਉਂ ਪਹੁੰਚੀਦਾ ਏ, ਹੁਸਨ ਦਾ ਸੂਰਜ ਚੜ੍ਹਦੇ ਚੜ੍ਹਦੇ।
**
5.
ਸਿਆਸਤਦਾਨ ਸਿਆਸਤ ਦੀ ਮੜ੍ਹੀ ਉੱਤੇ,
ਮਹਿਲ ਹਉਂ ਹੰਕਾਰ ਦਾ ਪਾਉਣ ਲੱਗ ਪਏ।
ਰੋਟੀ ਖੋਹ ਕੇ ਮਾਸੂਮਾਂ ਦੇ ਮੂੰਹ ਵਿੱਚੋਂ,
ਆਪਣੀ ਮਾਇਆ ਦੀ ਹਵਸ ਮਿਟਾਉਣ ਲੱਗ ਪਏ।
ਰਾਵਣ ਬਦਲ ਕੇ ਭੇਸ ਪਾਖੰਡ ਦੱਸ ਕੇ,
ਕਪਟੀ ਨੇ ਰਾਮ ਦੀ ਸ਼ੋਭਾ ਸੁਣਾਉਣ ਲੱਗ ਪਏ।
ਚਾਤਰ ਲੋਕ ਚਤਰਾਈ ਦੀਆਂ ਅੱਖੀਆਂ ਵਿੱਚੋਂ,
ਗਲੈਸਰੀਨ ਦੇ ਹੰਝੂ ਵਹਾਉਣ ਲੱਗ ਪਏ।
**
6.
ਮੈਂ ਜ਼ਿੰਦਗੀ ਦੀ ਬਾਜ਼ੀ ਯਾਰੋ ਹਾਰ ਗਿਆ।
ਜੋ ਆਇਆ ਨਜ਼ਦੀਕ ਦੋ ਢੀਮਾਂ ਮਾਰ ਗਿਆ।
ਉਸ ਦਾ ਕੋਮਲ ਪਿੰਡਾ ਭਖਿਆ ਭਖਿਆ ਸੀ,
ਛੁਹਿਆ ਸਾਡੇ ਨਾਲ ਤਾਂ ਪਿੰਡਾ ਠਾਰ ਗਿਆ।
ਆਇਆ ਸੀ ਵਰ ਦੇਣ ਜੋ ਸਾਨੂੰ ਜ਼ਿੰਦਗੀ ਦਾ,
ਜ਼ਿੰਦਗੀ ਦਾ ਉਹ ਪਹਿਲਾ ਰੰਗ ਉਤਾਰ ਗਿਆ।
ਸੁਹਣਾ ਸੀ ਖੁਸ਼ਦਿਲ ਸੀ ਮੂੰਹ ਦਾ ਮਿੱਠਾ ਸੀ,
ਗੱਲੀਂ ਬਾਤੀਂ ਸੱਜਣ ਸਾਨੂੰ ਚਾਰ ਗਿਆ।
**
7.
ਲੰਮੀ ਉਮਰ ਦੀ ਕਾਮਨਾ ਚਿੱਤ ਰੱਖ ਕੇ,
ਲੋਕ ਕਬਰਾਂ ’ਤੇ ਮਹਿਲ ਉਸਾਰਦੇ ਨੇ।
ਬੇਈਮਾਨੀ ਦੇ ਢੇਰ ’ਤੇ ਖੜ੍ਹੇ ਹੋ ਕੇ,
ਅੱਲਾ ਵਾਹਿਗੁਰੂ ਰਾਮ ਪੁਕਾਰਦੇ ਨੇ।
ਕੁਫਰ ਨਾਲ ਵਿਆਹੇ ਹੋਏ ਦੋਸਤਾਂ ਦੀ,
ਨਿਸ ਦਿਨ ਆਰਤੀ ਯਾਰ ਉਤਾਰਦੇ ਨੇ।
ਖਾ ਕੇ ਮਜ਼੍ਹਬੀ ਤੁਅਸਬ ਦੀ ਜ਼ਹਿਰ ‘ਦਰਦੀ’
ਲੋਕੀਂ ਆਪਣੇ ਆਪ ਨੂੰ ਮਾਰਦੇ ਨੇ।
**
8. ਗੀਤ
ਮੈਂ ਆਪਣੇ ਘਰ ਚੱਲੀ,
ਨੀਂ ਮੈਂਨੂੰ ਜਾਣ ਦਿਉ।
ਯੁਗਾਂ ਯੁਗਾਂ ਦੀ ਵਿਛੜੀ ਹੋਈ ਹਾਂ,
ਦੂਰ ਵਸਾਂ ਮੈਂ ਇਕੱਲੀ।
ਲੋਕੀਂ ਮੈਂਨੂੰ ਵੱਟੇ ਮਾਰਨ,
ਨਾਲੇ ਆਖਣ ਝੱਲੀ।
ਨੀਂ ਮੈਂਨੂੰ ਜਾਣ ਦਿਉ।
ਮਾਹੀ ਮੇਰੇ ਦਾ ਦੂਰ ਟਿਕਾਣਾ,
ਆਖਰ ਇੱਕ ਦਿਨ ਉੱਥੇ ਜਾਣਾ,
ਕੱਚਿਆਂ ਦੀ ਇਹ ਕੱਚੀ ਨਗਰੀ,
ਮੈਂ ਪੱਕੀ ਕਰ ਮੱਲੀ,
ਮੈਨੂੰ ਜਾਣ ਦਿਉ।
ਕੱਚੀਆਂ ਤੰਦਾਂ ਦਾ ਇੱਕ ਜਾਲ਼ਾ
ਜਿਸ ਦੇ ਹੇਠਾਂ ਬਲ਼ੇ ਜਵਾਲਾ,
ਉਸ ਜਾਲ਼ੇ ਦੀ ਉਲਝੀ ਤੰਦ ਨੇ,
ਐਵੇਂ ਪਾਈ ਤਰਥੱਲੀ,
ਨੀਂ ਮੈਂਨੂੰ ਜਾਣ ਦਿਉ।
ਇੱਥੇ ਜੇ ਕੋਈ ਸੱਜਣ ਸਿਆਣਾ,
ਉਸ ਦੀ ਵੀ ਜਿੰਦ ਕਰੂ ਪਿਆਣਾ,
ਜੋ ਸਮਝੇ ਕਿ ਮੈਂ ਨਹੀਂ ਜਾਣਾ।
ਕਰਦਾ ਗੱਲ ਅਵੱਲੀ,
ਨੀਂ ਮੈਨੂੰ ਜਾਣ ਦਿਉ।
9.
ਹਰੀਆਂ ਭਰੀਆਂ ਰੁੱਤਾਂ ਮਾਹੀਆ,
ਵਤਨ ਮੇਰੇ ਵਿੱਚ ਸਾਉਣ ਦੀਆਂ,
ਪੀਂਘਾਂ ਝੂਟਣ ਰਲ਼ ਮਿਲ ਸਈਆਂ,
ਨਾਲ ਤਰੰਗਾਂ ਗਾਉਣ ਦੀਆਂ।
ਧਰਤੀ ਤੋਂ ਆਕਾਸ਼ਾਂ ਤੀਕਰ,
ਖੁਸ਼ੀਆਂ ਛਹਿਬਰ ਲਾਈ ਏ,
ਤਨ ਮਨ ਦੇ ਵਿੱਚ ਲਹਿਰਾਂ ਉੱਠਣ,
ਦੇਸ਼ ਤੇਰੇ ਦੀ ਪੌਣ ਦੀਆਂ।
**
10.
ਮਤਾਂ ਜੇ ਕਿਤੇ ਮਿਲ ਜਾਵੇ ਉਹ,
ਇਸ ਰਾਧਾ ਦਾ ਕ੍ਰਿਸ਼ਨ ਗੁਪਾਲ।
ਚੀਚ ਵਹੁਟੀ ਬਣ ਜਾਵਾਂ ਪਾ ਕੇ,
ਰੇਸ਼ਮ ਰੰਗੇ ਕੱਪੜੇ ਲਾਲ।
ਅੰਬਰ ਦੀ ਮਮਟੀ ’ਤੇ ਬਾਲ਼ਾਂ,
ਤਨ ਆਪਣੇ ਦਾ ਦੀਪਕ ਮੈਂ,
ਅੰਦਰੋਂ ਬਾਹਰੋਂ ਰੰਗ ਲਵਾਂ ਅੰਗ,
ਆਪਣੇ ਸਾਰੇ ਮਹਿੰਦੀ ਨਾਲ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3166)
(ਸਰੋਕਾਰ ਨਾਲ ਸੰਪਰਕ ਲਈ: