RewailSingh7ਲੇਖਕ ਅੱਲਾ ਯਾਰ ਖਾਂ ਜੋਗੀ ਅਤੇ ਕੁਝ ਹੋਰ ਮਹਾਨ ਕਲਮਾਂ ਨੂੰ ਸਲਾਮ ...
(28 ਦਸੰਬਰ 2019)

 

ਲੇਖਕ ਅੱਲਾ ਯਾਰ ਖਾਂ ਜੋਗੀ ਅਤੇ ਕੁਝ ਹੋਰ ਮਹਾਨ ਕਲਮਾਂ ਨੂੰ ਸਲਾਮ

ਅੱਲਾ ਯਾਰ ਖਾਂ ਜੋਗੀ

ਅੱਲਾ ਯਾਰ ਖਾਂ ਜੋਗੀ ਜੀ ਦਾ ਜਨਮ 1870 ਈਸਵੀ ਵਿੱਚ ਲਾਹੌਰ ਵਿੱਚ ਹੋਇਆ। ਆਪ ਪੇਸ਼ੇ ਵਜੋਂ ਹਕੀਮ ਸਨ। ਹਿਕਮਤ ਦੇ ਨਾਲ ਨਾਲ ਉਰਦੂ ਸ਼ਾਇਰੀ ਅਤੇ ਉਰਦੂ, ਫਾਰਸੀ ਦਾ ਵੀ ਚੰਗਾ ਗਿਆਨ ਰੱਖਦੇ ਸਨ। ਉਨ੍ਹਾਂ ਦੀ ਰਿਹਾਇਸ਼ ਅਨਾਰ ਕਲੀ ਬਾਜ਼ਾਰ ਵਿੱਚ ਦੱਸੀ ਜਾਂਦੀ ਹੈ। ਆਪ ਬੜੇ ਖੁੱਲ੍ਹੇ ਵਿਚਾਰਾਂ ਵਾਲੇ ਅਤੇ ਸੱਚ ਦੇ ਹਾਮੀ ਅਤੇ ਸੱਚੇ ਸੁੱਚੇ ਨੇਕ ਇਨਸਾਨ ਸਨ।

ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਹੱਕ ਸੱਚ ਲਈ, ਉਨ੍ਹਾਂ ਦੀਆਂ ਬੇਮਿਸਾਲ, ਮਹਾਨ ਕੁਰਬਾਨੀਆਂ ਕਰਕੇ ਉਨ੍ਹਾਂ ਦੀ ਅਥਾਹ ਸ਼ਰਧਾ ਸੀ ਜੋ ਉਨ੍ਹਾਂ ਦੀ ਆਪਣੀ ਲਿਖੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ “ਸ਼ਹੀਦਾਨੇ ਵਫਾ” ਦੀ ਕਵਿਤਾ ਹੇਠ ਦਰਸਾਏ ਅਠਾਰ੍ਹਵੇਂ ਬੰਦ ਤੋਂ ਸਾਫ ਝਲਕਾਂ ਮਾਰਦੀ ਹੈ:

ਕਰਤਾਰ ਕੀ ਸੰਗੰਧ ਹੈ, ਨਾਨਕ ਕੀ ਕਸਮ ਹੈ।
ਜਿੰਨੀ ਭੀ ਹੋ ਗੋਬੰਦ ਕੀ ਤਾਰੀਫ ਵੁਹ ਕਮ ਹੈ।

ਉਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦਾ ਸਾਕਾ ਸਰਹੰਦ ਦੀ ਸ਼ਹਾਦਤ ਬਾਰੇ ਉਰਦੂ ਭਾਸ਼ਾ ਵਿੱਚ ਸ਼ਹੀਦਾਨੇ ਵਫਾ, 1913 ਈਸਵੀ ਵਿੱਚ ਲਿਖਿਆ, ਜਿਸਦੇ ਕੁਲ 110 ਬੰਦ ਚਾਰ ਚਾਰ ਮਿਸਰਿਆਂ ਵਾਲੇ ਹਨ। ਫਿਰ ਦੂਜਾ ਮਰਸੀਆ “ਗੰਜੇ ਸ਼ਹੀਦਾਂ” ਪੂਰੇ ਦੋ ਸਾਲ ਦੀ ਕਰੜੀ ਮਿਹਨਤ ਨਾਲ ਆਪਣੇ ਪ੍ਰਸ਼ੰਸਕਾਂ ਦੀ ਸਿਫਾਰਸ਼ ਅਤੇ ਪੁਰ ਜ਼ੋਰ ਮੰਗ ਉੱਤੇ ਉਨ੍ਹਾਂ 1915 ਵਿੱਚ ਲਿਖਿਆ ਜਿਸਦੇ 117 ਬੰਦ ਤਿੰਨ ਤਿੰਨ ਮਿਸਰਿਆਂ ਵਾਲੇ ਹਨ। ਸਤਾਰ੍ਹਵਾਂ ਤੇ ਅਖੀਰਲਾ ਬੰਦ ਜ਼ਰਾ ਲੰਬਾ ਤਾਂ ਹੈ ਪਰ ਜੋਗੀ ਜੀ ਦੀ ਕਵਿਤਾ ਦਾ ਇਹ ਬੰਦ ਉਨ੍ਹਾਂ ਦੀ ਸੋਚ ਉਡਾਰੀ ਦਾ ਸਿਖਰ ਹੀ ਕਿਹਾ ਜਾ ਸਕਦਾ ਹੈ।

ਚਮਕੌਰ ਦੀ ਗੜ੍ਹੀ ਦਾ ਇਤਿਹਾਸਕ ਧਰਮ ਯੁੱਧ ਜੋ ਅਨੰਦਪੁਰ ਨੂੰ ਛੱਡ ਕੇ ਗੜ੍ਹੀ ਚਮਕੌਰ ਵਿੱਚ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਤੇ ਚਾਲੀ ਸਿੰਘਾਂ ਦਾ ਹਜ਼ਾਰਾਂ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਜੰਗ ਦਾ ਹਾਲ ਆਪਣੀ ਮਨ ਨੂੰ ਟੁੰਬਣ ਵਾਲੀ ਕਵਿਤਾ ਰਾਹੀਂ ਲਿਖਿਆ, ਜੋ ਜੋਗੀ ਜੀ ਦੀ ਕਵਿਤਾ ਦੇ ਹੁਨਰ ਦਾ ਕਮਾਲ ਹੈ। ਜਿਸਦਾ ਪੂਰੀ ਤਰ੍ਹਾਂ ਬਿਆਨ ਕਰਨਾ ਬਹੁਤ ਮੁਸ਼ਕਲ ਕੰਮ ਹੈ।

ਇਹ ਦੋਵੇਂ ਮਰਸੀਏ ਹੀ ਜੋਗੀ ਜੀ ਦੇ ਸ਼ਾਹਕਾਰ ਕਹੇ ਜਾ ਸਕਦੇ ਹਨ। ਗੰਜੇ ਸ਼ਹੀਦਾਂ ਦੇ 117 ਵੇਂ ਅਖੀਰਲੇ ਬੰਦ ਬਾਰੇ ਲਿਖੇ ਬਿਨਾ ਉਨ੍ਹਾਂ ਬਾਰੇ ਲਿਖਿਆ ਮੇਰਾ ਲੇਖ ਅਧੂਰਾ ਰਹੇਗਾ। ਜੋ ਚਮਕੌਰ ਸਾਹਿਬ ਦੀ ਸ਼ਹੀਦਾਂ ਦੀ ਪਾਵਣ ਧਰਤੀ ਬਾਰੇ ਜੋਗੀ ਜੀ ਇਵੇਂ ਬਿਆਨ ਕਰਦੇ ਹਨ:

ਬੱਸ ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਯੇ,
ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਯੇ।

ਦਕਨ ਮੇਂ ਦੂਰ ਮਰਕਜ਼ ਹੈ, ਹਜ਼ੂਰ ਸਾਹਿਬ ਕਾ,
ਪਹੁੰਚਨਾ ਜਿਸ ਜਗ੍ਹਾ ਮੁਸ਼ਕਿਲ ਹੈ ਮੈਂ-ਨਵਾ ਕੇ ਲੀਯੇ।

ਭਟਕਤੇ ਫਿਰਤੇ ਹੈ ਕਿਉਂ, ਹੱਜ ਕਰੇਂ ਯਹਾਂ ਆ ਕਰ,
ਯਿਹ ਕਾਬਾ ਖਾਸ ਹੈ ਹਰ ਇੱਕ ਖਾਲਸਾ ਕੇ ਲੀਯੇ।

ਜਹਾਂ ਵੁਹ ਲੇਟੇ ਹੈਂ ਸਤਲੁਜ ਮੇਂ ਜੋਸ਼ ਮੇਂ ਆ ਕਰ,
ਚਰਨ ਹਜ਼ੂਰ ਕੇ ਨਹਿਰੇਂ ਬਹਾ ਬਹਾ ਕੇ ਲੀਯੇ।

ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ,
ਯਹੀਂ ਸੇ ਬਣ ਕੇ ਸਿਤਾਰੇ, ਸਮਾਂ ਕੇ ਲੀਯੇ।

ਗੁਰੂ ਗੋਬਿੰਦ ਕੇ ਲਖਤੇ-ਜਿਗਰ, ਅਜੀਤ, ਜੂਝਾਰ,
ਫਲਕ ਪੇ ਏਕ, ਯਹਾਂ ਦੋ ਚਾਂਦ ਹੈਂ ਜ਼ਿਆ ਕੇ ਲੀਯੇ।

ਮਿਜ਼ਾਰ ਗੰਜੇ-ਏ-ਸ਼ਹੀਦਾਂ ਹੈ ਉਨ ਸ਼ਹੀਦੋਂ ਕਾ,
ਫਰਿਸ਼ਤੇ ਜਿਨ ਕੀ ਤਰਸਤੇ ਥੇ ਖਾਕੇ-ਪਾ ਕੇ ਲੀਯੇ।

ਉਠਾਏਂ ਆਂਖੋਂ ਸੇ ਆਕਰ ਯਹਾਂ ਕੀ ਮੱਟੀ ਕੋ,
ਜੋ ਖਾਕ ਛਾਨਤੇ ਫਿਰਤੇ ਹੈਂ ਕੀਮੀਯਾ ਕੇ ਲੀਯੇ।

ਯਿਹ ਹੈ ਵੁਹ ਜਾ ਜਹਾਂ, ਚਾਲੀਸ ਤਨ ਸ਼ਹੀਦ ਹੂਏ,
ਖਤਾਬ ਸਰਵਰੀ ਸਿੰਘੋਂ ਨੇ ਸਰ ਕਟਾ ਕੇ ਲੀਯੇ।

ਦਿਲਾਈ ਪੰਥ ਕੋ ਸਰ-ਬਾਜ਼ੀਓਂ ਨੇ ਸਰਦਾਰੀ,
ਬਰਾਇ ਕੌਮ ਯਿਹ ਰੁਤਬੇ, ਲਹੂ ਬਹਾ ਕੇ ਲੀਯੇ।

ਜਦੋਂ ਉਨ੍ਹਾਂ ‘ਸ਼ਹੀਦਾਨੇ ਵਫਾ’ ਲਿਖਿਆ ਉਦੋਂ ਉਨ੍ਹਾਂ ਦੀ ਉਮਰ ਉਨ੍ਹਾਂ ਦੇ ਜਨਮ ਵਰ੍ਹੇ ਦਾ ਖਿਆਲ ਕਰਦਿਆਂ ਲਗਭਗ 83 ਸਾਲ ਦੀ ਹੋਵੇਗੀ। ਅਤੇ ਇਸੇ ਤਰ੍ਹਾਂ ‘ਗੰਜੇ ਸ਼ਹੀਦਾਨ’ ਲਿਖਣ ਵੇਲੇ 85 ਵਰ੍ਹੇ ਦੀ ਹੋਵੇਗੀ। ਉਨ੍ਹਾਂ ਦੀ ਕਾਵਿ ਪਰਵਾਜ਼, ਪੁਰ ਜੋਸ਼, ਬਾਕਮਾਲ ਅਤੇ ਮਨਾਂ ਨੂੰ ਧੂਹਾਂ ਪਾਉਣ ਵਾਲੀ ਹੈ। ਹੋ ਸਕਦਾ ਹੈ ਕਿ ਇਨ੍ਹਾਂ ਦੋਹਾਂ ਰਚਨਾਵਾਂ ਦੇ ਇਲਾਵਾ ਜੋਗੀ ਜੀ ਨੇ ਹੋਰ ਵੀ ਰਚਨਾਵਾਂ ਜ਼ਰੂਰ ਲਿਖੀਆਂ ਹੋਣਗੀਆਂ, ਜਿਨ੍ਹਾਂ ਨੂੰ ਖੋਜੀ ਵਿਦਵਾਨਾਂ ਨੂੰ ਖੋਜ ਕਰਕੇ ਪਾਠਕਾਂ ਸਾਮ੍ਹਣੇ ਲਿਆਉਣ ਦੀ ਵੀ ਜ਼ਰੂਰਤ ਹੈ।

ਮੈਂ ਉਨ੍ਹਾਂ ਨੂੰ ਇਸ ਉੱਚੇ ਪਾਇ ਦੀ ਕਵਿਤਾ ਲਿਖਣ ਲਈ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਪੇਸ਼ ਕਰਦਾ ਹਾਂ। ਆਸ ਕਰਦਾ ਹਾਂ ਕਿ ਪਾਠਕ ਉਨ੍ਹਾਂ ਦੇ ਉਪ੍ਰੋਕਤ ਦੋਵਾਂ ਮਹਾਨ ਰਚਨਾਵਾਂ ਨੂੰ ਪੜ੍ਹ ਕੇ ਅਨੰਦ ਮਾਣਦੇ ਰਹਿਣਗੇ।

***

ਸ਼ਿਵ ਕੁਮਾਰ ਬਟਾਲਵੀ

ਅੱਲਾ ਯਾਰ ਜੋਗੀ ਜੀ ਬਾਰੇ ਲਿਖਦਿਆਂ ਅਚਾਨਕ ਮੈਂਨੂੰ ਬਿਰਹੋਂ ਦੇ ਸੁਲਤਾਲ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਆ ਗਈ ਹੈ ਜੋ ਮੇਰੇ ਜ਼ਿਲ੍ਹਾ ਗੁਰਦਾਸਪੁਰ ਦਾ ਹੀ ਜੰਮ ਪਲ ਸੀ। ਉਸ ਨੇ ਪੜ੍ਹਾਈ ਬੇਰਿੰਗ ਕਾਲੇਜ ਬਟਾਲਾ ਤੋਂ ਕੀਤੀ। ਉਸਨੇ ਮੇਰੇ ਨਾਲ ਹੀ 1958 ਵਿੱਚ ਪਟਵਾਰ ਪਾਸ ਕੀਤੀ। ਉਸ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਜੀ ਸਾਡੇ ਪਟਵਾਰ ਸਕੂਲ ਦੇ ਹੈੱਡਮਾਸਟਰ ਸਨ। ਉਨ੍ਹਾਂ ਨੇ ਕੁਝ ਕੁ ਮਹੀਨੇ ਪਟਵਾਰ ਵੀ ਕੀਤੀ। ਉਨ੍ਹਾਂ ਦਾ ਵੱਡਾ ਭਰਾ ਸ੍ਰੀ ਦੁਆਰਕਾ ਦਾਸ ਵੀ ਮੇਰੇ ਨਾਲ ਹੀ ਪਟਵਾਰ ਦੀ ਨੌਕਰੀ ਕਰਦਾ ਸੀ। ਤਹਿਸੀਲ ਬਟਾਲੇ ਵਿੱਚ ਸ਼ਿਵ ਦਾ ਪਟਵਾਰ ਹਲਕਾ ਵੀ ਮੇਰੇ ਨਾਲ ਲੱਗਵਾਂ ਸੀ। ਪਰ ਇਹ ਪਟਵਾਰ ਦੀ ਨੌਕਰੀ ਇਸ ਆਜ਼ਾਦ ਤਬੀਅਤ ਸ਼ਾਇਰ ਨੂੰ ਕਿੱਥੋਂ ਰਾਸ ਆਉਣੀ ਸੀ। ਪਰ ਉਸ ਦੀ ਸ਼ਾਇਰੀ ਦੀ ਲਗਨ ਉਸ ਦੇ ਨਾਲ ਹੀ ਨਿਭ ਗਈ। ਉਦੋਂ ਸਵ. ਸ. ਪਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸਨ। ਇਹ ਸਮਾਂ ਸਟੇਜੀ ਕਵੀਆਂ ਦਾ ਸੀ। ਉਦੋਂ ਸ਼ਿਵ ਕੁਮਾਰ ਅਜੇ ਪੁੰਗਰਦਾ ਸ਼ਾਇਰ ਸੀ। ਬਟਾਲਾ ਪੰਜਾਬੀ ਕਵੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਮਰਹੂਮ ਬਰਕਤ ਰਾਮ ਯਮਨ, ਦੀਵਾਨ ਸਿੰਘ ਮਹਿਰਮ, ਗੋਪਾਲ ਦਾਸ ਗੋਪਾਲ ਜੋ ਨੇਤ੍ਰਹੀਣ ਸਨ - ਹਾਸਰਸ ਦੇ ਮੰਨੇ ਪ੍ਰਮੰਨੇ ਕਵੀ ਸਨ। ਜਸਵੰਤ ਸਿੰਘ ਰਾਹੀ, ਬਲਵੰਤ ਸਿੰਘ ਜੋਸ਼, ਜਿਨ੍ਹਾਂ ਦੇ ਨਾਵਾਂ ਦੀ ਲੜੀ ਬਹੁਤ ਲੰਮੀ ਹੈ। ਬਟਾਲਾ ਵਿਖੇ ਛੋਟੇ ਵੱਡੇ ਕਵੀ ਦਰਬਾਰ ਤਾਂ ਆਮ ਹੋਇਆ ਕਰਦੇ ਸਨ ਪਰ ਬਾਬੇ ਨਾਨਕ ਦੇ ਵਿਆਹ ਪੁਰਬ ਉੱਤੇ ਬੜੀਆਂ ਰੌਣਕਾਂ ਦੇ ਨਾਲ ਦਸਹਿਰਾ ਗਰਾਊਂਡ ਵਿੱਚ ਹਰ ਸਾਲ ਕਵੀ ਦਰਬਾਰ ਵੀ ਸਜਾਇਆ ਜਾਂਦਾ ਸੀ। ਇੱਕ ਵੇਰਾਂ ਸਾਲ 1960 ਦੇ ਨੇੜੇ ਤੇੜੇ ਮੈਂਨੂੰ ਇਹ ਕਵੀ ਦਰਬਾਰ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ, ਜਦੋਂ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ ਸੁਣਿਆ।

ਜਦੋਂ ਗੁਰੂ ਨਾਨਕ ਜੀ ਜਦ ਕਾਫੀ ਦਿਨਾਂ ਤੋਂ ਵੇਈਂ ਨਦੀ ਤੋਂ ਇਸ਼ਨਾਨ ਕਰਕੇ ਵਾਪਸ ਨਹੀਂ ਪਰਤੇ, ਬੇਬੇ ਨਾਨਕੀ ਦੀਆਂ ਗੁਆਂਢਣਾਂ ਬੇਬੇ ਨਾਨਕੀ ਨੂੰ ਕਹਿੰਦੀਆਂ ਹਨ ਕਿ ਭੈਣ ਨਾਨਕੀ ਤੇਰਾ ਵੀਰ ਵੇਈਂ ਉੱਤੇ ਜਾ ਕੇ ਘਰ ਵਾਪਸ ਨਹੀਂ ਮੁੜਿਆ ਕਿਤੇ ਉਹ ਵੇਈਂ ਵਿੱਚ ਡੁੱਬ ਹੀ ਨਾ ਗਿਆ ਹੋਵੇ? ਤਾਂ ਇਸਦੇ ਉੱਤਰ ਵਜੋਂ ਤਿਆਰ ਕੀਤਾ ਗੀਤ ਸਟੇਜ ’ਤੇ ਗਾਇਆ ਜਿਸਦੇ ਬੋਲ ਹਨ, “ਸਈਓ ਨੀ ਉਹ ਡੁੱਬ ਨਹੀਂ ਸਕਦਾ, ਉਹ ਤਾਂ ਜਗਤ ਤਰਾਵਣਹਾਰਾ” ਤਾਂ ਸ੍ਰੋਤਿਆਂ ਦੀਆਂ ਅੱਖਾਂ ਹੰਝੂਆਂ ਨਾਲ ਤਰ ਹੋ ਗਈਆਂ।

ਇੱਕ ਵੇਰ ਸ਼ਿਵ ਕੁਮਾਰ ਬਟਾਲਵੀ ਦੇ ਕਿਸੇ ਮਿੱਤਰ ਨੇ ਉਸ ਨੂੰ ਕਿਹਾ ਕਿ ਤੂੰ ਬਹੁਤ ਸੁਹਣਾ ਲਿਖਦਾ ਹੈਂ, ਕੁਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਲਿਖ। ਸ਼ਿਵ ਬਟਾਲਵੀ ਨੇ ਆਪਣੇ ਦੋਸਤ ਨੂੰ ਕਿਹਾ ਕਿ ਮੇਰੀ ਕਲਮ ਦੀ ਐਨੀ ਔਕਾਤ ਨਹੀਂ ਕਿ ਮੈਂ ਕੁਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖ ਸਕਾਂ ਪਰ ਇੱਕ ਆਰਤੀ ਜ਼ਰੂਰ ਲਿਖੀ ਹੈ। ਜੋ ਇਸ ਤਰ੍ਹਾਂ ਹੈ:

ਮੈਂ ਕਿਸ ਹੰਝੂਆਂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ।
ਮੈਂ ਕਿਹੜੇ ਸ਼ਬਦ ਦੇ ਬੂਹੇ ਉੱਤੇ ਮੰਗਣ ਗੀਤ ਅੱਜ ਜਾਵਾਂ।
ਜੋ ਤੈਨੂੰ ਕਰਨ ਭੇਟਾ ਤੇਰੇ ਦੂਆਰ ਤੇ ਆਵਾਂ।

ਮੇਰਾ ਗੀਤ ਨਹੀਂ ਅਜਿਹਾ ਜੋ ਤੇਰੇ ਮੇਚ ਆ ਜਾਵੇ
ਭਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾਵੇ।
ਜੋ ਆਪਣੇ ਸੋਹਲ ਬੱਚੇ ਨੀਹਾਂ ਵਿੱਚ ਚਿਣਾਵੇ।

ਤਿਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆਵੇ।
ਜੋ ਲੁੱਟ ਜਾਵੇ ਤੇ ਯਾਰੜੇ ਦੇ ਸੱਥਰੀਂ ਗਾਵੇ।

ਚਿੜੀ ਦੇ ਖੰਭ ਦੀ ਲਲਕਾਰ ਸੌ ਬਾਜਾਂ ਨੂੰ ਖਾ ਜਾਵੇ।
ਮੈਂ ਕਿੰਝ ਤਲਵਾਰ ਦੀ ਗਾਨੀ, ਅੱਜ ਆਪਣੇ ਗੀਤ ਗੱਲ ਪਾਵਾਂ।

ਮੇਰਾ ਹਰ ਗੀਤ ਬੁਜ਼ਦਿਲ ਹੈ, ਮੈਂ ਕਿਹੜਾ ਗੀਤ ਲੈ ਅੱਜ ਆਵਾਂ।
ਮੈਂ ਕਿਹੜੇ ਗੀਤ ਦੀ ਭੇਟਾ ਲੈ ਕੇ ਤੇਰੇ ਦੁਆਰ ਉੱਤੇ ਆਵਾਂ।

ਮੇਰੇ ਗੀਤਾਂ ਦੀ ਮਹਿਫਲ ਵਿੱਚ ਕੋਈ ਉਹ ਗੀਤ ਨਹੀਂ ਲੱਭਦਾ,
ਜੋ ਤੇਰੇ ਸੀਸ ਮੰਗਣ ਉੱਤੇ ਤੇਰੇ ਦਰ ’ਤੇ ਖੜ੍ਹਾ ਹੋਵੇ,

***

ਸੰਤ ਰਾਮ ਉਦਾਸੀ

ਮਾਲਵੇ ਦੀ ਧਰਤੀ ਦਾ ਜੰਮ ਪਲ ਸਵ. ਸੰਤ ਰਾਮ ਉਦਾਸੀ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸਮਝਦਾ ਲੋਕ ਕਵੀ ਹੋ ਨਿੱਬੜਿਆ। ਉਸ ਪਾਸ ਆਪਣੇ ਲਿਖੇ ਗੀਤਾਂ ਨੂੰ ਲੋਕਾਂ ਦੇ ਦਿਲਾਂ ਤੀਕ ਪਹੁੰਚਣ ਲਈ ਇੱਕ ਗਰਜਵੀਂ ਅਤੇ ਦਿਲ ਚੀਰਵੀਂ ਆਵਾਜ਼ ਸੀ। ਉਸ ਦੀ ਲਿਖੀ ਇੱਕ ਕਵਿਤਾ “ਚਮਕੌਰ ਦੀ ਗੜ੍ਹੀ ਵਿੱਚ ਸਿੰਘਾਂ ਦਾ ਜੇਰਾ” ਦੇ ਨਾਲ ਮੈਂ ਇਸ ਲੋਕ ਕਵੀ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ।

ਚਮਕੌਰ ਦੀ ਗੜ੍ਹੀ ਵਿੱਚ ਸਿੰਘਾਂ ਦਾ ਜੇਰਾ
ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ,
ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ।
ਟੁੱਭੀ ਮਾਰ ਕੇ ਸਰਸਾ ਦੇ ਰੋੜ੍ਹ ਅੰਦਰ,
ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ।
ਇਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ,
ਝੋਰਾ ਕਰੀਂ ਨਾ ਕਿਲੇ ਅਨੰਦ ਪੁਰ ਦਾ,
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।
ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ,
ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣਕੇ,
ਜਿਨ੍ਹਾਂ ਸੂਲ਼ਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ।

***

ਧਨੀ ਰਾਮ ਚਾਤ੍ਰਿਕ (1876-1954)

ਆਪ ਦਾ ਜਨਮ ਅਣਵੰਡੇ ਪੰਜਾਬ ਦੇ ਪਿੰਡ ਪੱਸੀਆਂ ਵਾਲਾ ਜ਼ਿਲ੍ਹਾ ਸਿਆਲ ਕੋਟ ਵਿੱਚ ਸੰਨ 1876 ਵਿੱਚ ਹੋਇਆ। ਉਨ੍ਹਾਂ ਦੀਆਂ ਵੱਖ ਵੱਖ ਵਿਸ਼ਿਆਂ ਉੱਤੇ ਲਿਖੀਆਂ ਪੰਜਾਬੀ ਕਵਿਤਾਵਾਂ ਵਿੱਚੋਂ ਇਹ ਕਵਿਤਾ ਲੈ ਕੇ ਪਾਠਕਾਂ ਦੀ ਨਜ਼ਰ ਕੀਤੀ ਜਾ ਰਹੀ ਹੈ।

ਆ ਦਿਲਾ ਤੇਰੀ ਉਜਾੜ ਨੂੰ ਬਸਤੀ ਬਣਾ ਦਿਆਂ।
ਪੱਤ ਝੜ ਨੂੰ ਅੱਜ ਬਹਾਰ ਦੀ ਰੰਗਤ ਚੜ੍ਹਾ ਦਿਆਂ।
ਕਲੀਆਂ ਖਿੜਾ ਕੇ ਬੁਲਬੁਲ ਨੂੰ ਜਾਨ ਪਾ ਦਿਆਂ।
ਪੰਖੇਰੂਆਂ ਨੂੰ ਪ੍ਰੇਮ ਸੰਦੇਸ਼ਾ ਸੁਣਾ ਦਿਆਂ।
ਜਿਸ ਨੂੰ ਸੀ ਤਰਸਦੀ ਸੀ ਲੁਕਾਈ ਉਹ ਆ ਗਿਆ।

ਕਹਿ ਦੇ ਵਜੰਤਰੀ ਨੂੰ ਜ਼ਰਾ ਛੇੜ ਦਿਲ ਰੁਬਾ,
ਰਗ ਰਗ ਮਿਲਾ ਕੇ ਸੁਰਾਂ ਇਸ ਤਰ੍ਹਾਂ ਮਿਲਾ।
ਨਿਕਲੇ ਆਵਾਜ਼ ਗੂੰਜ ਕੇ ਸ਼ਾਬਾਸ਼ ਮਰਹਬਾ।
ਲੂੰ ਲੂੰ ਗਾਏ ਉਹ ਸਤਿਗੁਰ ਦਾ ਸ਼ੁਕਰੀਆ

***

ਨੰਦ ਲਾਲ ਨੂਰਪੁਰੀ (1906-1966)

ਆਪ ਦਾ ਜਨਮ 1906 ਈਸਵੀ ਵਿੱਚ ਅਣ ਵੰਡੇ ਪੰਜਾਬ ਦੇ ਪਿੰਡ ਨੂਰ ਪੁਰ ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ। ਦੇਸ਼ ਦੀ ਵੰਡ ਤੋਂ ਵੰਡ ਤੋਂ ਬਾਅਦ ਉਹ ਜਲੰਧਰ ਵਿੱਚ ਆ ਗਏ। ਉਹ ਵਧੀਆ ਪੰਜਾਬੀ ਦੇ ਕਵੀ ਅਤੇ ਗੀਤਕਾਰ ਸਨ। ਆਪ ਦਾ ਲਿਖਿਆ ਹੋਇਆ ਗੀਤ, “ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ”, ਪ੍ਰਸਿੱਧ ਗਾਇਕਾ ਮਰਹੂਮ ਨਰਿੰਦਰ ਬੀਬਾ ਦਾ ਗਾਇਆ ਹੋਇਆ ਬਹੁਤ ਹੀ ਮਕਬੂਲ ਹੋਇਆ। ਜੋ ਨੂਰਪੁਰੀ ਦੀ ਪਛਾਣ ਹੀ ਬਣ ਗਿਆ ਜੋ ਹੇਠ ਦਿੱਤਾ ਜਾਂਦਾ ਹੈ:

ਚੁੰਮ ਚੁੰਮ ਰੱਖੋ ਨੀਂ ਇਹ ਕਲਗੀ ਜੁਝਾਰ ਦੀ,
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ।

ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਣਗੇ,
ਚੰਨਾਂ ਦਿਆਂ ਚਿਹਰਿਆਂ ਵਿੱਚੋਂ ਚੰਨ ਮੁਸਕਾਣਗੇ।

ਵਿਹੜੇ ਵਿੱਚ ਠਾਠਾਂ ਮਾਰੂ ਖੁਸ਼ੀ ਸੰਸਾਰ ਦੀ,
ਚੁੰਮ ਚੁੰਮ ਰੱਖੋ ਨੀਂ ਇਹ ਕਲਗੀ ਜੁਝਾਰ ਦੀ,

ਕੂਲੇ ਕੂਲੇ ਹੱਥ ਕਿਰਪਾਨਾਂ ਵਿੱਚ ਗੋਰੀਆਂ,
ਕੱਲ੍ਹ ਨੇ ਸਵੇਰੇ ਦੀਆਂ ਜੋੜੀਆਂ ਮੈਂ ਤੋਰੀਆਂ,

ਜਿਨਾਂ ਦਾ ਵਿਛੋੜਾ ਸੀ ਮੈਂ ਪਲ ਨਾ ਸਹਾਰਦੀ,
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ।

ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ,
ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ।

ਲਹੂ ਵਿੱਚ ਭਿੱਜੀ ਘੋੜੀ ਵੇਖੀ ਭੁੱਬਾਂ ਮਾਰਦੀ।
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ।

ਲੱਗੇ ਹੋਏ ਕਾਠੀ ਉੱਤੇ ਖੂਨ ਨੇ ਇਹ ਦੱਸਿਆ,
ਮਾਏਂ ਤੇਰਾ ਜੋੜਾ ਦਾਦੇ ਕੋਲ ਜਾ ਹੈ ਵਸਿਆ।

ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ,
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ,
ਫੁੱਲਾਂ ਨਾਲ ਲੜੀ ਗੁੰਦੋ ਹੀਰਿਆਂ ਦੇ ਹਾਰ ਦੀ।

                 *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1865)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)

More articles from this author