RewailSingh7ਹੋਰਨਾਂ ਵਾਂਗ ਮਹਿਰਮ ਵੀ ਸ਼ਰਾਬ ਦਾ ਕੁੰਡ ਹੀ ਬਣ ਚੁੱਕਾ ਸੀ। ਤੇ ਇਸੇ ਕੁੰਡ ਵਿੱਚ ਹੀ ...
(28 ਅਗਸਤ 2021)

 

DiwanSMehram1

 

ਮਜ਼ੇ ਕਰ ਲੈ ਦਿਨ ਚਾਰ ਇਹ ਦੁਨੀਆ ਛੱਡ ਜਾਣੀ ਏ,
ਪਦਾਰਥ ਸਗਲ ਬਿਨਸਣ ਹਾਰ ਦੁਨੀਆ ਛੱਡ ਜਾਣੀ ਏ

ਅਤੇ,

ਮੇਰੇ ਅਮੀਰ ਦਿਲ ਨੂੰ ਕੋਈ ਘਾਟ ਨਹੀਂ ਸੁਖਾਂਦੀ,
ਜੁਗਾਂ ਜੁਗਾਂ ਪੁਰਾਣੀ, ਇਹ ਡਾਟ ਨਹੀਂ ਸੁਖਾਂਦੀ

(ਪਾਣੀ ਤੇ ਲਕੀਰਾਂ ਗਜ਼ਲ ਸੰਗ੍ਰਹਿ ਵਿੱਚੋਂ)

ਉਪ੍ਰੋਕਤ ਸਤਰਾਂ ਦੇ ਲਿਖਾਰੀ ਦੀਵਾਨ ਸਿੰਘ ਮਹਿਰਮ ਨੂੰ ਮੈਂ ਅੱਖੀਂ ਵੇਖਿਆ ਤੇ ਕਈ ਸਟੇਜਾਂ ’ਤੇ ਸੁਣਿਆ ਅਤੇ ਉਸ ਨਾਲ ਵਿਚਰਿਆ ਵੀ ਹਾਂ। ਦੀਵਾਨ ਸਿੰਘ ‘ਮਹਿਰਮ’ ਦੇ ਜੀਵਨ ਕਾਲ ਦਾ ਸਮਾਂ ਸਟੇਜੀ ਕਵੀ ਦਰਬਾਰਾਂ ਦਾ ਸਮਾਂ ਸੀਆਪਣੇ ਵੇਲੇ ਦੇ ਸਟੇਜੀ ਕਵੀਆਂ ਦਾ ਉਸ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾਉਹ ਕਵਿਤਾ ਕਹਿਣ ਵਿੱਚ ਧੜੱਲੇਦਾਰ ਤਾਂ ਹੈ ਹੀ ਸੀ, ਇਸਦੇ ਨਾਲ ਹੀ ਸਮੇਂ ਦੀਆਂ ਮੁਸ਼ਕਲਾਂ, ਔਕੜਾਂ ਨਾਲ ਛਾਤੀ ਤਾਣ ਕੇ ਜੂਝਣ ਵਾਲਾ ਨਿਧੜਕ ਸ਼ਾਇਰ ਵੀ ਸੀ

ਚਿੱਟੇ ਦੁੱਧ ਲਿਬਾਸ ਵਿੱਚ ਉਹ ਨਿਰਾ ਨ੍ਹਾਤਾ ਧੋਤਾ ਬਗਲਾ ਹੀ ਨਹੀਂ ਸੀ ਜਾਪਦਾ, ਸਗੋਂ ਉਹ ਪੂਰੀ ਤਰ੍ਹਾਂ ਅੰਦਰੋਂ ਬਾਹਰੋਂ ਕਵਿਤਾ ਦੇ ਰੰਗ ਵਿੱਚ ਰੰਗਿਆ ਹੋਇਆ ਸ਼ਾਇਰ ਸੀ ਪਿਆਰ ਮੁਹੱਬਤ ਦੇ ਮਸਲੇ ਵਿੱਚ ਉਹ ਕੱਚੇ ਘੜੇ ’ਤੇ ਤਰਨੋਂ ਤੇ ਡੁੱਬ ਜਾਣ ਦੇ ਖਤਰੇ ਨੂੰ ਮੁੱਲ ਲੈਣ ਤੋਂ ਕਦੇ ਝਿਜਕਦਾ ਨਹੀਂ ਸੀਉਨ੍ਹਾਂ ਵੇਲਿਆਂ ਵਿੱਚ ਸ਼ਿਵ ਕੁਮਾਰ ਬਟਾਲਵੀ ਇੱਕ ਨਵਾਂ ਪੁੰਗਰਦਾ ਸ਼ਾਇਰ ਸੀ ਤੇ ਮਹਿਰਮ ਉਸਤਾਦ ਸ਼ਾਇਰਾਂ ਵਿੱਚ ਗਿਣਿਆ ਜਾਂਦਾ ਸ਼ਾਇਰ ਸੀਉਹ ਇੱਕੋ ਵੇਲੇ ਧਾਰਮਕ, ਇਸ਼ਕ ਹਕੀਕੀ, ਇਸ਼ਕ ਮਜ਼ਾਜੀ, ਤੇ ਕਈ ਪੱਖਾਂ ਤੋਂ ਹੋਰ ਵੀ ਕਈ ਗੁਣਾਂ ਨਾਲ ਮਾਲਾਮਾਲ ਸ਼ਾਇਰ ਸੀ

ਗੋਰਾ ਚਿੱਟਾ ਚੌਰਾ ਚਘਰਾ ਚਿਹਰਾ, ਜੇ ਉਹ ਕਿਤੇ ਚਿੱਟੀ ਪੱਗ ਦੀ ਥਾਂ ਨੀਲੀ ਪੱਗ ਬੰਨ੍ਹਦਾ ਹੁੰਦਾ ਤਾਂ ਵੇਖਣ ਨੂੰ ਉਹ ਪੂਰਾ ਕੋਈ ਅਕਾਲੀ ਨੇਤਾ ਜਾਂ ਕਿਸੇ ਜਥੇਦਾਰ ਵਰਗਾ ਹੀ ਲੱਗਦਾ ਸੀ

ਉਸ ਦਾ ਜਨਮ ਹੁਣ ਵਾਲੇ ਪੱਛਮੀ ਪੰਜਾਬ ਦੇ ਪਿੰਡ ਸ਼ਾਹੂ ਨੰਗਲ ਵਿੱਚ ਹੋਇਆਦੇਸ਼ ਦੀ ਵੰਡ ਪਿੱਛੋਂ ਉਸ ਨੂੰ ਜ਼ਮੀਨ ਦੀ ਆਲਾਟਮੈਂਟ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਵਿੱਚ ਹੋਈ। ਪਰ ਉਹ ਬਹੁਤਾ ਸਮਾਂ ਇੱਕ ਅਧਿਆਪਕ ਹੋਣ ਕਰਕੇ ਕਾਦੀਆਂ ਮਿਰਜ਼ਾ ਅਤੇ ਬਟਾਲਾ ਵਿਖੇ ਰਹਿ ਕੇ ਫਿਰ ਜ਼ਿਲ੍ਹਾ ਗੁਦਾਸਪੁਰ ਦੇ ਪਿੰਡ ਨਵਾਂ ਸ਼ਾਲ੍ਹਾ ਵਿੱਚ ਹੀ ਆਪਣੇ ਆਖਰੀ ਸਮੇਂ ਤੀਕ ਰਿਹਾਗੁਰਦਾਪੁਰ ਵਿੱਚ ਉਸ ਨੇ ਪੰਜਾਬੀ ਦਰਬਾਰ ਨਾਂ ਦਾ ਗਿਆਨੀ ਕਾਲਜ ਖੋਲ਼ਿਆ, ਜਿੱਥੇ ਉਸ ਦਾ ਰੋਜ਼ ਦਾ ਆਉਣ ਜਾਣਾ ਹੁੰਦਾ ਸੀ, ਜਿੱਥੇ ਰੋਜ਼ ਉਸ ਦੇ ਯਾਰਾਂ ਦੋਸਤਾਂ ਦੀ ਮਹਿਫਲ ਲੱਗੀ ਰਹਿੰਦੀ

ਦੇਸ਼ ਦੀ ਵੰਡ ਤੋਂ ਪਹਿਲਾਂ ਕਿਸੇ ਵੇਲੇ ਉਹ ਅਖੰਡ ਪਾਠੀ ਵੀ ਰਿਹਾ। ਸਕੂਲ ਦੀ ਪੜ੍ਹਾਈ ਵੇਲੇ ਫਾਰਸੀ ਦੀ ਤਾਲੀਮ ਹਾਸਲ ਕੀਤੀ ਫਿਰ ਗਿਆਨੀ ਇੱਧਰ ਆ ਕੇ ਗਿਆਨੀ ਕੀਤੀ ਤੇ ਬਹੁਤ ਸਮਾਂ ਕਾਦੀਆਂ ਵਿਖੇ ਕਿਸੇ ਸਕੂਲ ਵਿੱਚ ਪੰਜਾਬੀ ਦਾ ਅਧਿਆਪਕ ਵੀ ਰਿਹਾਗਿਆਨੀ ਕਾਲਜ ਬਟਾਲਾ ਅਤੇ ਗੁਰਦਾਸਪੁਰ ਵਿੱਚ ਵੀ ਖੋਲ੍ਹਿਆ, ਜਿੱਥੇ ਹਰ ਵਕਤ ਸ਼ਾਇਰਾਂ ਦੀ ਮਹਿਫਲ ਤੇ ਆਵਾਜਾਈ ਲੱਗੀ ਰਹਿੰਦੀ ਸੀਉਹ ਗਜ਼ਲ ਲਿਖਣ ਅਤੇ ਸਟੇਜ ਉੱਤੇ ਨਿਧੜਕ ਹੋ ਕੇ ਬੋਲਣ ਵਿੱਚ ਆਪਣੀ ਮਿਸਾਲ ਉਹ ਆਪ ਹੀ ਸੀਆਪਣੀਆਂ ਗਜ਼ਲਾਂ ਵਿੱਚ ਉਹ ਪੁਰਾਣੇ ਅਕੀਦਿਆਂ ਨੂੰ ਹਲੂਣਦਾ. ਝੰਜੋੜਦਾਉਹ ਮਿਰਜ਼ਾ ਗਾਲਿਬ ਵਰਗੇ ਪਰਪੱਕ ਗਜ਼ਲ ਕਾਰਾਂ ਨੂੰ ਵੀ ਆਪਣੀ ਗਜ਼ਲ ਦੀ ਪਕੜ ਵਿੱਚ ਲੈਣੋਂ ਨਹੀਂ ਖੁੰਝਦਾ ਸੀ

ਅੱਗ ਲਾਇਆਂ ਵੀ ਲੱਗ ਸਕਦੀ ਤੇ ਬੁਝਾਇਆਂ ਵੀ ਬੁਝ ਸਕਦੀ,
‘ਗਾਲਿਬ ਨੂੰ’ ਇਹ ਸ਼ੇਅਰ ਸੁਣਾ ‘ਮਹਿਰਮ’ ਹੁਣ ਇਹ ਵੀ ਜ਼ਮਾਨੇ ਆ ਪਹੁੰਚੇ

ਉਹ ਇੱਕ ਥਾਂ ’ਤੇ ਟਿਕ ਕੇ ਜ਼ਿੰਦਗੀ ਨੂੰ ਪਿੰਜਰੇ ਵਿੱਚ ਕੈਦ ਰੱਖਣ ਉਹ ਵਾਲਾ ਸ਼ਾਇਰ ਨਹੀਂ ਸੀ, ਉਹ ਜੀਵਨ ਦੀਆਂ ਕਈ ਤੰਗੀਆਂ-ਤੁਰਸ਼ੀਆਂ ਝੱਲ ਕੇ ਬੜੀ ਜ਼ਿੰਦਾਦਿਲੀ ਨਾਲ ਜ਼ਿੰਦਗੀ ਨੂੰ ਮਾਨਣ ਦਾ ਉਹ ਆਪਣੀ ਮਿਸਾਲ ਉਹ ਆਪ ਸੀ

‘ਚਲਾ ਚੱਲ ਪੜਾਂਵਾਂ ਅਜੇ ਹੋਰ ਵੀ ਨੇ,
ਕੇ ਠਹਿਰਨ ਲਈ ਥਾਂਵਾਂ ਅਜੇ ਹੋਰ ਵੀ ਨੇ
।’

ਉਹ ਆਪਣੇ ਮਹਿਬੂਬ ਸਾਮ੍ਹਣੇ ਬੈਠ ਕੇ ਉਹ ਆਪ ਨੂੰ ਬੜਾ ਮਹਾਨ ਸਮਝਦਾ ਸੀ

“ਬੈਠਦਾ ਹਾਂ ਜਦੋਂ ਵੀ ਦਿਲਦਾਰ ਤੇਰੇ ਸਾਮ੍ਹਣੇ,
ਜਾਪਦਾ ਹਾਂ ਜੱਗ ਦਾ ਸਰਦਾਰ ਤੇਰੇ ਸਾਮ੍ਹਣੇ
।”

ਉਸ ਨੇ ਅਜ਼ਾਦੀ ਦੇ ਪ੍ਰਵਾਨਿਆਂ ਬਾਰੇ ਜੋ ਕਵਿਤਾਵਾਂ ਸਟੇਜਾਂ ’ਤੇ ਕਹੀਆਂ, ਸ੍ਰੋਤਿਆਂ ਨੇ ਜੋਸ਼ ਵਿੱਚ ਉਨ੍ਹਾਂ ਨੂੰ ਆਪਣਿਆਂ ਹਿਰਦਿਆਂ ਵਿੱਚ ਹੀ ਜਿਵੇਂ ਵਸਾ ਲਿਆ। ਭਾਰਤ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਊਧਮ ਸਿੰਘ ਦੀ ਵਾਰ ਬਾਰੇ ਉਹ ਆਪ ਕਿਹਾ ਕਰਦਾ ਸੀ ਕਿ ਮੈਂ ਬਹੁਤ ਕੁਝ ਲਿਖ ਕੇ ਸਟੇਜਾਂ ’ਤੇ ਲਿਖ ਕੇ ਸੁਣਾਇਆ ਹੈ ਪਰ ਜੋ ਹੁੰਗਾਰਾ ਅਤੇ ਪਿਆਰ ਮੈਂਨੂੰ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਸੁਨਾਮ ਦੀ ਵਾਰ ਸਟੇਜ ’ਤੇ ਬੋਲ ਕੇ ਮਿਲਿਆ, ਉਹ ਹੋਰ ਕਿਤੇ ਸ਼ਾਇਦ ਹੀ ਕਿਸੇ ਹੋਰ ਸਟੇਜ ’ਤੇ ਸ਼ਾਇਦ ਹੀ ਨਸੀਬ ਹੋਇਆ ਹੋਵੇ

ਮੈਨੂੰ ਫੜ ਲਓ ਲੰਡਨ ਵਾਸੀਓ ਮੈਂ ਖੜ੍ਹਾ ਪੁਕਾਰਾਂ,
ਮੈਂ ਕਾਤਲ ਹਾਂ ਅਡਵਾਇਰ ਦਾ ਮੈਂ ਖੜ੍ਹਾ ਪੁਕਾਰਾਂ

ਪਾਠਕਾਂ ਨੂੰ ਬੇਨਤੀ ਹੈ ਕਿਤਿਉਂ ਭਾਲ ਕੇ ਮਹਿਰਮ ਦੀ ਇਸ ਵਾਰ ਨੂੰ ਜ਼ਰੂਰ ਪੜ੍ਹਨ। ਤੇ ਜੇ ਹੋ ਸਕੇ ਤਾਂ ਉਸ ਦਾ ਗਜ਼ਲ ਸੰਗ੍ਰਿਹ ‘ਪਾਣੀ ਤੇ ਲਕੀਰਾਂ’ ਵੀ ਪੜ੍ਹਨ ਦੀ ਖੇਚਲ ਕਰਨ ਤਾਂ ਜੋ ਮਹਿਰਮ ਪ੍ਰਤੀ ਹੋਰ ਜਾਣਕਾਰੀ ਮਿਲ ਸਕੇ

ਉਸ ਨੇ ਛੋਟੀਆਂ ਮੋਟੀਆਂ ਲਗਭਗ ਬਾਰਾਂ ਕੁ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚੋਂ “ਪਾਣੀ ’ਤੇ ਲਕੀਰਾਂ” ਗਜ਼ਲ ਸੰਗ੍ਰਹਿ ਉਸ ਦਾ ਮਾਸਟਰ ਪੀਸ ਕਿਹਾ ਜਾ ਸਕਦਾ ਹੈ, ਜਿਸ ’ਤੇ ਮੁੱਖ ਬੰਦ ਵੀ ਉਸ ਦਾ ਆਪਣਾ ਹੀ ਲਿਖਿਆ ਹੈ

ਸਮਾਂ ਬੜਾ ਬਲਵਾਨ ਹੈ ‘ਮਹਿਰਮ’ ਸਮਾਂ ਬੜਾ ਕੁਝ ਕਰ ਜਾਂਦਾ,
ਨਾਲ ਸਮੇਂ ਦੇ ਜਿਊਂਦਾ ਬੰਦਾ
, ਨਾਲ ਸਮੇਂ ਦੇ ਮਰ ਜਾਂਦਾ

(ਗ਼ਜ਼ਲ ਸੰਗ੍ਰਹਿ ਪਾਣੀ ਤੇ ਲਕੀਰਾਂ)

ਮਹਿਰਮ ਪੰਜ ਬੇਟਿਆਂ ਤੇ ਇੱਕ ਧੀ ਦਾ ਵੱਡੇ ਪਰਿਵਾਰ ਵਾਲਾ ਅਤੇ ਚੰਗੇ ਅਸਰ ਰਸੂਖ ਵਾਲਾ ਮਿਲਣਸਾਰ ਅਤੇ ਯਾਰਾਂ ਦਾ ਯਾਰ ਤੇ ਬਹੁਤ ਹੀ ਖੁੱਲ੍ਹੇ ਸੁਭਾ ਵਾਲਾ ਸ਼ਾਇਰ ਸੀਉਸ ਦੇ ਸਮਕਾਲੀ ਸ਼ਾਇਰ ਦੋਸਤਾਂ ਦੀ ਸੂਚੀ ਬਹੁਤ ਲੰਮੀ ਹੈ, ਜਿਨ੍ਹਾਂ ਵਿੱਚੋਂ ਕੁਝ ਸਾਧੂ ਸਿੰਘ ਹਮਦਰਦ ਬਾਨੀ ਅਜੀਤ ਅਖਬਾਰ, ਅਮਰ ਸਿੰਘ ਦੁਸਾਂਝ, ਬਰਕਤ ਰਾਮ ਯੁਮਨ, ਨੇਤ੍ਰਹੀਣ ਹਾਸ ਰਸ ਕਵੀ ਗੋਪਾਲ ਦਾਸ ਗੁਪਾਲ, ਬਲਵੰਤ ਸਿੰਘ ਜੋਸ਼, ਮੇਲਾ ਰਾਮ ਤਾਇਰ, ਸ਼ਿਵ ਕੁਮਾਰ ਬਟਾਲਵੀ ਦੇ ਨਾਂ ਵਰਣਨਯੋਗ ਹਨ

ਉਸ ਦੇ ਪੰਜੇ ਪੁੱਤਰ ਚੰਗੇ ਪੜ੍ਹ ਲਿਖ ਕੇ ਵੱਡੇ ਵੱਡੇ ਅਹੁਦਿਆਂ ’ਤੇ ਕੋਈ ਤਹਿਸੀਲਦਾਰ, ਇਨਸਪੈਕਟਰ, ਮਹਿਕਮਾ ਜੰਗਲਾਤ ਦਾ ਰੇਂਜ ਅਫਸਰ, ਜ਼ਿਲ੍ਹਾ ਐਟਾਰਨੀ ਤੇ ਇੱਕ ਸਭ ਤੋਂ ਛੋਟਾ ਹਰਜਿੰਦਰ ਗਾਂਧੀ ਜੋ ਕਾਫੀ ਪੜ੍ਹ ਲਿਖ ਕੇ ਕਈ ਸਾਲ ਫਿਲਮ ਇੰਡਸਟਰੀ ਵਿੱਚੋਂ ਦੂਰ ਦੁਰਾਡੇ ਖੱਜਲ ਖੁਆਰ ਹੋ ਕੇ ਆਖਰ ਆਪਣੇ ਪਿੰਡ ਆ ਵਸਿਆ ਸੀਜੋ ਕਦੇ ਕਦੇ ਆਪਣੇ ਪਿਤਾ ਦੀਆਂ ਗਜ਼ਲਾਂ ਬੜੀ ਸੁਰੀਲੀ ਆਵਾਜ਼ ਵਿੱਚ ਸਟੇਜ ’ਤੇ ਗਾਇਆ ਕਰਦਾ ਸੀ

ਇਕਲੌਤੀ ਧੀ ਇੱਕ ਫੌਜੀ ਅਫਸਰ ਨਾਲ ਵਿਆਹੀ ਗਈ। ਉਸ ਦਾ ਘਰ ਵਾਲਾ ਇੱਕ ਸੜਕ ਹਾਦਸੇ ਵਿੱਚ ਮੌਤ ਦੇ ਮੂੰਹ ਜਾ ਪਿਆਜੋ ਇਹ ਸਦਮਾ ਨਾ ਸਹਾਰਦੀ ਹੋਈ ਦਿਲ ਦੇ ਦੌਰੇ ਨਾਲ ਉਸ ਦੇ ਵੇਖਦੇ ਵੇਖਦੇ ਸੰਸਾਰ ਨੂੰ ਅਲਵਿਦਾ ਕਹਿ ਗਈ

ਮਹਿਰਮ ਦੇ ਇੰਨਾ ਗੁਣਾਂ ਭਰਪੂਰ ਹੁੰਦੇ ਹੋਏ ਉਹ ਕਈ ਹੋਰ ਵੱਡੇ ਵੱਡੇ ਸ਼ਾਇਰਾਂ ਵਾਂਗ, ਜਿਨ੍ਹਾਂ ਦਾ ਨਾਮ ਲੈ ਕੇ ਮੈਂ ਫਜ਼ੂਲ ਦੀ ਚਰਚਾ ਦਾ ਕਾਰਣ ਨਹੀਂ ਬਣਨਾ ਚਾਹੁੰਦਾ, ਜੋ ਸ਼ਾਇਰੀ, ਸ਼ਰਾਬ ਨਾਲ ਸ਼ੁਰੂ ਤੋਂ ਹੀ ਪੱਕੀ ਸਾਂਝ ਪਾਈ ਇਸ ਜਹਾਨ ਤੋਂ ਨਾਮਣਾ ਖੱਟ ਕੇ ਤੁਰ ਗਏ ਹਨਹੋਰਨਾਂ ਵਾਂਗ ਮਹਿਰਮ ਵੀ ਸ਼ਰਾਬ ਦਾ ਕੁੰਡ ਹੀ ਬਣ ਚੁੱਕਾ ਸੀਤੇ ਇਸੇ ਕੁੰਡ ਵਿੱਚ ਹੀ ਉਸ ਦਾ ਸਾਰਾ ਪਰਿਵਾਰ ਵੀ ਹੌਲੀ ਹੌਲੀ ਡੁੱਬ ਕੇ ਲਾ ਪਤਾ ਹੋ ਗਿਆ

ਇਹੀ ਮਹਿਰਮ ਪਰਿਵਾਰ ਦੀ ਵੱਡੀ ਤ੍ਰਾਸਦੀ ਹੈ, ਜੋ ਉਸ ਦੇ ਪਰਿਵਾਰ ਵਿੱਚੋਂ ਵੇਖਣ ਨੂੰ ਕੋਈ ਵੀ ਨਹੀਂ ਮਿਲਦਾ

“ਗੁਲਸ਼ਨ ਗਿਆ ਬੁਲਬੁਲ ਉਡੀ ਤੇ ਖਿਜ਼ਾਂ ਦਾ ਦੌਰ ਹੈ,
ਹਰ ਬਸ਼ਰ
, ਹੀ ਕਰ ਰਹਾ ਹੈ, ਬੱਸ ਹੁਕਮ ਕਾਤਲਾਨਾ।”

ਮਹਿਰਮ ਦੀ ਅੰਤਮ ਅਰਦਾਸ ’ਤੇ ਮੈਂ ਵੀ ਹਾਜ਼ਰ ਸਾਂਬਹੁਤ ਸਾਰੇ ਉਸ ਦੇ ਸ਼ਾਇਰ ਦੋਸਤਾਂ ਨੇ ਹਾਜ਼ਰੀ ਭਰੀ। ਉਸ ਦੇ ਨੇੜਲੇ ਸਾਥੀ ਸ਼ਾਇਰ ਮਿੱਤਰ ਬਲਵੰਤ ਸਿੰਘ ‘ਜੋਸ਼’ ਦੇ ਉਸ ਦੇ ਸ਼੍ਰਧਾਂਜਲੀ ਵੇਲੇ ਦੇ ਬੋਲ ਮੈਂਨੂੰ ਅਜੇ ਵੀ ਯਾਦ ਹਨ:

‘ਮਹਿਰਮ’ ਉੱਠ ਕੇ ਵੇਖ, ਤੇਰੇ ਯਾਰ ਮਕਾਣੇ ਆਏ ਨੇ
ਜ਼ਰਾ ਤਾਂ ਝਾਤੀ ਮਾਰ, ਯਾਰੀ ਕਿਵੇਂ ਨਿਭਾਣੇ ਆਏ ਨੇ

ਪਰ ਇਸ ਵਿਸ਼ੇ ’ਤੇ ਮਹਿਰਮ ਬਾਰੇ ਗੱਲ ਕਰਦਿਆਂ ਇੱਕ ਹੋਰ ਜ਼ਰੂਰੀ ਗੱਲ ਕਰਨੀ ਬਣਦੀ ਹੈ ਜੋ ਪਾਠਕਾਂ ਨਾਲ ਸਾਂਝੀ ਕਰਨੋਂ ਨਾ ਰਹਿ ਜਾਏ ਕਿ ਉਸ ਦੀ ਯਾਦ ਨੂੰ ਕਾਇਮ ਰੱਖਣ ਲਈ ਦੀਵਾਨ ਸਿੰਘ ‘ਮਹਿਰਮ’ ਦੇ ਕੁਝ ਜਾਣੂ ਪਛਾਣੂ ਲੇਖਕਾਂ, ਕਵੀਆਂ ਨੇ ਬੜੀ ਭੱਜ ਦੌੜ ਕਰਕੇ, ਬੜੇ ਉਪਰਾਲੇ ਕਰਕੇ ਉਸ ਦੇ ਨਿੱਜੀ ਰਿਹਾਇਸ਼ੀ ਪਿੰਡ ਨਵਾਂ ਸ਼ਾਹਲਾ ਵਿੱਚ ਹੀ ਲਗਭਗ ਡੇਢ ਕੁ ਦਹਾਕਾ ਪਹਿਲਾਂ ਇਕ ‘ਮਹਿਰਮ ਸਾਹਿਤ ਸਭਾ ਨਵਾਂ ਸ਼ਾਹਲਾ (ਗੁਰਦਾਸਪੁਰ)’ ਨਾਂ ਦੀ ਸਾਹਿਤ ਸਭਾ ਬਣਾਈ ਹੋਈ ਹੈ, ਜਿਸਦੀ ਪ੍ਰਧਾਨਗੀ ਉਨ੍ਹਾਂ ਦੇ ਬਹੁਤ ਹੀ ਨਜ਼ਦੀਕੀ ਰਹੇ, ਪਿੰਡ ਨੌਸ਼ਹਿਰਾ ਬਹਾਦਰ ਦੇ ਪ੍ਰਸਿੱਧ ਲੇਖਕ ਤੇ ਗੀਤਕਾਰ ਮਲਕੀਅਤ ਸਿੰਘ ਸੋਹਲ ਬੜੀ ਸਫਲਤਾ ਨਾਲ ਨਿਭਾ ਰਹੇ ਹਨ

ਮੇਰੀਆਂ ਕੁਝ ਹੇਠ ਲਿਖੀਆਂ ਕਾਵਿ ਸਤਰਾਂ ਇਸ ਨਿਧੜਕ ਅਤੇ ਸਦਾਬਹਾਰ ਰੰਗੀਲੇ ਸਟੇਜੀ ਸ਼ਾਇਰ ਨੂੰ ਸਮਰਪਤ ਹਨ:

ਬੁਲਬਲੇ ਨੇ ਓੜਕ ਲਹਿਰਾਂ ਵਿੱਚ ਮਿਲਣਾ ਜਾਣਾ ਕਦੇ,
ਤੂੰ ਨਹੀਂ ਮਿਲਣਾ
, ਲਿਖਤ ਸ਼ਮਸ਼ੀਰ ਤੇਰੀ ਰਹਿ ਗਈ

ਤੂੰ ਜੋ ਪੈੜਾਂ ਪਾ ਗਿਉਂ ਸਾਹਿਤ ਦੀਆਂ ਹੈਂ ਸਦਾ ਲਈ,
‘ਮਹਿਰਮ’ ਤੇਰਾ ਪਤਾ ਹੀ ਤਹਿਰੀਰ ਤੇਰੀ ਰਹਿ ਗਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2976)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)

More articles from this author