“ਇਨ੍ਹਾਂ ਸੱਚ ਦੇ ਹੱਕ ਵਿੱਚ ਖੜ੍ਹਨਾ ਏਂ, ਇਨਸਾਫ ਲਈ ਸੂਲ਼ੀ ਚੜ੍ਹਨਾ ਏਂ ...”
(ਦਸੰਬਰ 27, 2015)
1.
ਇਹ ਕਲਮਾਂ ਸਾਂਭ ਕੇ ਰੱਖਿਓ
ਇਹ ਕਲਮਾਂ ਸਾਂਭ ਕੇ ਰੱਖਿਓ, ਇਹ ਲਿਖਤਾਂ ਸਾਂਭ ਕੇ ਰੱਖਿਓ।
ਇਹ ਕਲਮਾਂ ਬਹੁਤ ਪਵਿੱਤਰ ਨੇ, ਇਹ ਰੱਬੀ ਦਾਤ ਵਚਿੱਤਰ ਨੇ
ਕਿਤੇ ਛੁਹ ਨਾ ਜਾਵੇ ਕੱਟੜਤਾ, ਕਿਤੇ ਛੁਹ ਨਾ ਜਾਵੇ ਲੱਚਰਤਾ।
ਇਨ੍ਹਾਂ ਸੱਚ ਦੇ ਹੱਕ ਵਿੱਚ ਖੜ੍ਹਨਾ ਏਂ, ਇਨਸਾਫ ਲਈ ਸੂਲ਼ੀ ਚੜ੍ਹਨਾ ਏਂ।
ਨੇ ਤਿੱਖੀਆਂ ਵੱਧ ਤਲਵਾਰਾਂ ਤੋਂ, ਤੇ ਤੇਜ਼ ਵੱਧ ਹਥਿਆਰਾਂ ਤੋਂ।
ਇਹ ਅੱਗਾਂ ਸਾਂਭ ਕੇ ਰੱਖਿਓ, ਇਹ ਕਲਮਾਂ ਸਾਂਭ ਕੇ ਰੱਖਿਓ।
ਅਮਨਾਂ ਲਈ ਕਲਮ ਚਲਾਇਓ, ਨਫਰਤ ਦੇ ਬੀਜ ਮੁਕਾਇਓ
ਕੰਡਿਆਂ ਨੂੰ ਪਰ੍ਹਾਂ ਹਟਾਇਓ, ਫੁੱਲਾਂ ਜਿਹੇ ਗੀਤ ਬਣਾਇਓ।
ਰੋਂਦਿਆਂ ਨੂੰ ਗਲੇ ਲਗਾਇਓ, ਧਰਤੀ ਨੂੰ ਸੁਰਗ ਬਣਾਇਓ।
ਦੁਖੀਆਂ ਦੇ ਦਰਦ ਵੰਡਾਇਓ, ਤੇ ਆਪਣੇ ਦਰਦ ਭੁਲਾਇਓ।
ਪਰ ਪੀੜਾਂ ਸਾਂਭ ਕੇ ਰੱਖਿਓ, ਇਹ ਕਲਮਾਂ ਸਾਂਭ ਕੇ ਰੱਖਿਓ।
ਜਦ ਮਾਪੇ ਕਹਿਰ ਗੁਜ਼ਾਰਣ, ਧੀਆਂ ਕੁੱਖਾਂ ਵਿੱਚ ਮਾਰਣ,
ਕਿਤੇ ਅਸਮਤ ਲੁੱਟੀ ਜਾਵੇ, ਤੇ ਮਾਨਵਤਾ ਕੁਰਲਾਵੇ,
ਜਦ ਹੋਵਣ ਲੁੱਟ ਖਸੁੱਟਾਂ, ਜਦ ਆਗੂ ਪਾਵਣ ਫੁੱਟਾਂ,
ਨਾ ਚੁੱਪ ਕਰ ਕੇ ਬਹਿ ਜਾਇਓ, ਇਹ ਕਲਮਾਂ ਖੂਬ ਚਲਾਇਓ।
ਜਦ ਕਲਮਾਂ ਜੋਸ਼ ਵਿਖਾਣ, ਤਾਂ ਸ਼ੀਹਣੀਆਂ ਫਿਰ ਬਣ ਜਾਣ।
ਇਹ ਗੀਤ ਤੁਹਾਡੀਆਂ ਲਿਖਤਾਂ, ਪ੍ਰਭਾਤ ਦੀਆਂ ਜਿਉਂ ਕਿਰਣਾਂ।
ਅਸਮਾਨੀ ਗੂੰਜਾਂ ਪਾਣ, ਰੰਗ ਆਪਣੇ ਨਵੇਂ ਵਿਖਾਣ।
ਇਹ ਗੀਤ ਤੁਹਾਡੇ ਗੂੰਜਣ, ਸੱਭ ਕੂੜ ਹਨੇਰਾ ਹੂੰਝਣ।
ਇਸ ਕੰਮ ਦੀ ਖਾਤਰ ਯਾਰੋ, ਇਹ ਕਲਮਾਂ ਸਦਾ ਉਲਾਰੋ।
ਇਸ ਕੰਮ ਤੋਂ ਪਿੱਛੇ ਨਾ ਹਟਿਓ, ਇਹ ਕਲਮਾਂ ਸਾਂਭ ਕੇ ਰੱਖਿਓ।
ਇਹ ਕਲਮਾਂ ਸਾਂਭ ਕੇ ਰੱਖਿਓ, ਇਹ ਲਿਖਤਾਂ ਸਾਂਭ ਕੇ ਰੱਖਿਓ।
ਇਹ ਕਲਮਾਂ ਬਹੁਤ ਪਵਿੱਤਰ ਨੇ, ਇਹ ਰੱਬੀ ਦਾਤ ਵਚਿੱਤਰ ਨੇ।
**
2.
ਅਜੇ ਵੀ
ਭਾਵੇਂ ਥਾਂ ਥਾਂ ਮਹਿਲ ਮੁਨਾਰੇ, ਅਜੇ ਵੀ ਦਿਸਣ ਥਾਂ ਥਾਂ ਢਾਰੇ।
ਪੈਰ ਪੈਰ ’ਤੇ ਭਾਗੋ ਦੇ ਘਰ, ਲਾਲੋ ਮੁਸ਼ਕਿਲ ਕਰੇ ਗੁਜ਼ਾਰੇ।
ਅਜੇ ਵੀ ਅਸਮਤ ਥਾਂ ਥਾਂ ਰੁਲ਼ਦੀ, ਅਜੇ ਵੀ ਹੁੰਦੇ ਮੰਦੇ ਕਾਰੇ।
ਅਜੇ ਵੀ ਲੋਕੀਂ ਭੁੱਖੇ ਮਰਦੇ, ਫੁੱਟਪਾਥਾਂ ’ਤੇ ਸੌਣ ਵਿਚਾਰੇ।
ਅਜੇ ਆਜ਼ਾਦੀ ਨੇਤਾ ਭੋਗਣ, ਅਜੇ ਵੀ ਪਰਜਾ ਤਰਲੇ ਮਾਰੇ।
ਅਜੇ ਵੀ ਲੋਕ ਗਰੀਬੀ ਭੋਗਣ, ਅਜੇ ਵੀ ਲੀਡਰ ਲੈਣ ਨਜ਼ਾਰੇ।
ਅਜੇ ਵੀ ਜਾਣ ਬੇਦੋਸ਼ੇ ਮਾਰੇ, ਜਾਂਦੇ ਨਹੀਂ ਅਜੇ ਸੱਚ ਨਿਤਾਰੇ।
ਅਜੇ ਵੀ ਮੁਨਸਿਫ ਵੱਢੀ ਖੋਰੇ, ਅਜੇ ਵੀ ਰਾਖੇ ਹੀ ਹੱਤਿਆਰੇ।
ਅਜੇ ਵੀ ਮਹਿੰਗਾਈ ਦੀਆਂ ਮਾਰਾਂ, ਅਜੇ ਵੀ ਕਾਮੇ ਬੇਰੁਜ਼ਗਾਰੇ।
ਅਜੇ ਵੀ ਧਰਮ ਦੀ ਠੇਕੇਦਾਰੀ, ਹਾਕਮ ਦੇ ਹੱਥ ਧਰਮ ਸੁਆਰੇ।
ਅਜੇ ਵੀ ਵਿਹਲੜ ਐਸ਼ਾਂ ਕਰਦੇ, ਸਾਧ ਪਖੰਡੀ ਲੈਣ ਨਜ਼ਾਰੇ।
ਅਜੇ ਵੀ ਨੇਤਾ ਕੁਰਸੀ ਖਾਤਰ, ਚੌਧਰ ਬਦਲੇ ਨੋਟ ਖਿਲਾਰੇ।
ਅਜੇ ਵੀ ਰਾਖੇ ਖੇਤ ਨੂੰ ਖਾਂਦੇ, ਬਣ ਜਨਤਾ ਦੇ ਸੇਵਕ ਸਾਰੇ।
ਦੇਸ਼ ਮੇਰੇ ਵਿੱਚ ਕਿਹੀ ਆਜ਼ਾਦੀ, ਜਾਈਏ ਇੱਸ ਦੇ ਵਾਰੇ ਵਾਰੇ।
**
3.
ਆਪਣਾ ਸੱਭਿਆਚਾਰ ਨਾ ਭੁੱਲਿਓ
ਇਹ ਗੱਲ ਮੇਰੇ ਯਾਰ ਨਾ ਭੁੱਲਿਓ, ਆਪਣਾ ਸੱਭਿਆਚਾਰ ਨਾ ਭੁੱਲਿਓ।
ਵੱਡਿਆਂ ਅਤੇ ਬਜ਼ੁਰਗਾਂ ਦਾ, ਕਰਨਾ ਪਰ ਸਤਿਕਾਰ ਨਾ ਭੁੱਲਿਓ।
ਮਾਂ ਦੇ ਹੱਥ ਦੀ ਪੱਕੀ ਰੋਟੀ, ਚਟਣੀ ਅੰਬ ਆਚਾਰ ਨਾ ਭੁੱਲਿਓ।
ਬੇਸ਼ੱਕ ਵੱਸੋ ਵਿੱਚ ਪ੍ਰਦੇਸਾਂ, ਪਰ ਆਪਣਾ ਘਰ ਬਾਰ ਨਾ ਭੁੱਲਿਓ।
ਪਿੰਡ ਦੀਆਂ ਸੱਥਾਂ ਪਿੱਪਲ ਬੋਹੜਾਂ, ਆਪਣੇ ਜਿਗਰੀ ਯਾਰ ਨਾ ਭੁੱਲਿਓ।
ਗਲੀ ਮੁਹੱਲੇ ਖੁੱਲ੍ਹੇ ਵਿਹੜੇ, ਹੱਸਦੇ ਉਹ ਪਰਿਵਾਰ ਨਾ ਭੁੱਲਿਓ।
ਸੱਜਣਾਂ ਦੇ ਸੰਗ ਵਿਛੜਨ ਵੇਲੇ, ਕੀਤੇ ਕੌਲ ਕਰਾਰ ਨਾ ਭੁੱਲਿਓ।
ਫਸਲਾਂ ਸੰਗ ਲਹਿਰਾਂਉਂਦੇ ਖੇਤ, ਹੱਟੀਆਂ ਅਤੇ ਬਜ਼ਾਰ ਨਾ ਭੁੱਲਿਓ।
ਜੋ ਕੁੱਝ ਭੁਲਦਾ ਭੁੱਲ ਜਾਓ ਬੇਸ਼ੱਕ, ਆਪਣਾ ਸੱਭਿਆਚਾਰ ਨਾ ਭੁੱਲਿਓ।
ਇਹ ਗੱਲ ਮੇਰੇ ਯਾਰ ਨਾ ਭੁੱਲਿਓ, ਇਹ ਗੱਲ ਮੇਰੇ ਯਾਰ ਨਾ ਭੁੱਲਿਓ।
**
4.
ਆਪਣੇ ਪੈਰੀਂ ਆਪ ਖਲੋ
ਆਪਣੇ ਪੈਰੀਂ ਆਪ ਖਲੋ,
ਐਵੇਂ ਨਾ ਬੇ ਜਿਗਰਾ ਹੋ।
ਜੁਗਨੂੰ ਕੋਲੋਂ ਉੱਡਣਾ ਸਿੱਖ,
ਜੋ ਲੈਂਦਾ ਹੈ ਆਪਣੀ ਲੋਅ।
ਯਾਰਾਂ ਨਾਲ ਬਹਾਰਾਂ ਹੁੰਦੀਆਂ,
ਕਦੇ ਨਾ ਕਰੀਏ ਯਾਰ ਧ੍ਰੋਹ।
ਜਦ ਫੁੱਲਾਂ ਨੇ ਖਿੜ ਜਾਣਾ ਹੈ,
ਮੁੜ ਆਉਂਦੀ ਆਪੇ ਖੁਸ਼ਬੋ।
ਮੌਸਮ ਆਉਂਦੇ ਜਾਂਦੇ ਰਹਿਣੇ,
ਪੱਤਝੜ ਅਤੇ ਬਹਾਰਾਂ ਦੋ।
ਐਵੇਂ ਨਾ ਬਣ ਰਾਹ ਦਾ ਰੋੜਾ,
ਕੰਡਿਆਂ ਦੇ ਨਾ ਹਾਰ ਪਰੋ।
ਦੂਸਰਿਆਂ ਦੇ ਐਬ ਨਾ ਕੱਢ,
ਆਪਣੇ ਵੀ ਨਾ ਐਬ ਲਕੋ।
ਕਿਸੇ ਨੂੰ ਮਾੜਾ ਕਹਿਣੋ ਪਹਿਲਾਂ,
ਆਪਣੇ ਮਨ ਦੀ ਕਾਲਖ ਧੋ।
ਮਾਨਵਤਾ ਸ਼ਿੰਗਾਰਨ ਲਈ,
ਸਾਂਝਾਂ ਦੀ ਵੀ ਮਿੱਟੀ ਗੋ।
ਮੰਜ਼ਿਲ ਚੱਲ ਉਨ੍ਹਾਂ ਵੱਲ ਆਵੇ,
ਮੰਜ਼ਿਲ ਵੱਲ ਨੇ ਚੱਲਦੇ ਜੋ।
ਆਪਣੇ ਪੈਰੀਂ ਆਪ ਖਲੋ,
ਐਵੇਂ ਨਾ ਬੇ ਜਿਗਰਾ ਹੋ।
*****
(137)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)







































































































