RewailSingh7ਅੱਜ ਜਦੋਂ ਉਨ੍ਹਾਂ ਨੂੰ ਸਟੇਜ ’ਤੇ ਪਹਿਲੀ ਵਾਰ ਕਵਿਤਾਵਾਂ ਪੜ੍ਹਦਿਆਂ ਸੁਣਿਆ ਤਾਂ ...
(12 ਅਗਸਤ 2018)

 

BabaNajmi1

ਤੱਕ ਲਿਆ ਬੈਠ ਸਾਮ੍ਹਣੇ ਬਾਬੇ ਨਜਮੀ ਨੂੰ,
ਇਟਲੀ  ਵਿੱਚੋਂ  ਆਕੇ  ਵਿੱਚ  ਕੈਨੇਡਾ  ਮੈਂ।

 ਪ੍ਰਸਿੱਧ ਲੋਕ-ਕਵੀ ਬਸ਼ੀਰ ਹੁਸੈਨ ਨਜਮੀ ਉਰਫ਼ ਬਾਬਾ ਨਜਮੀ ਜੀ ਨੂੰ ਮੈਂ ਬਹੁਤ ਵਾਰੀ ਔਨ ਲਾਈਨ ਤੇ ਕਈ ਵੈੱਬਸਾਈਟਾਂ ਵੱਲੋਂ ਪਾਈਆਂ ਗਈਆਂ ਯੂ ਟਿਊਬਾਂ ਵਿੱਚ ਤਾਂ ਸੁਣਿਆ ਸੀ ਪਰ ਉਸ ਨੂੰ ਕਿਸੇ ਸਟੇਜ ’ਤੇ ਸੁਣਨ ਦੀ ਤਾਂਘ ਚਿਰਾਂ ਤੋਂ ਸੀਜੋ ਅੱਜ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਆਫ ਕੈਨੇਡਾ ਦੇ ਉਪਰਾਲੇ ਸਦਕਾ ਮਿਤੀ 28 ਜੁਲਾਈ ਨੂੰ ਜਦੋਂ ਉਨ੍ਹਾਂ ਨੂੰ ਸ੍ਰੋਤਿਆਂ ਦੇ ਰੂਬਰੂ ਹੋ ਕੇ ਵੇਖਣ ਅਤੇ ਸੁਨਣ ਦਾ ਸੁਨਹਿਰੀ ਮੌਕਾ ਮਿਲਿਆ

ਇਸ ਦਾ ਸਬੱਬ ਮੇਰੇ ਇਟਲੀ ਤੋਂ ਕੈਨੇਡਾ ਆਉਣ ’ਤੇ ਇਸ ਤਰ੍ਹਾਂ ਬਣਿਆ ਕਿ ਇੱਕ ਦਿਨ ਸ਼ਾਮ ਨੂੰ ਸੜਕ ਕਿਨਾਰੇ ਬਜ਼ੁਰਗਾਂ ਦੇ ਬੈਠਣ ਤੇ ਗੱਪ-ਸ਼ੱਪ ਕਰਨ ਲਈ ਬਣੀ ਝੌਂਪੜੀ ਹੇਠ ਕੁਝ ਸੱਜਣ ਬੈਠੇ ਹੋਏ ਸਨਇੱਕ ਸੱਜਣ ਕੋਲੋਂ ਅਖਬਾਰ “ਖ਼ਬਰਨਾਮਾ” ਲੈ ਕੇ ਪੜ੍ਹੀ ਜਿਸ ਵਿੱਚ ਇਹ ਖ਼ਬਰ ਛਪੀ ਹੋਈ ਸੀ ਕਿ ਮਿਤੀ 28 ਜੁਲਾਈ ਨੂੰ ਇੰਡੋ ਕੈਨੇਡੀਅਨ ਵਰਕਰ ਅਸੋਸੀਏਸ਼ਨ ਆਫ ਕੈਨੇਡਾ ਵੱਲੋਂ ਬਾਬਾ ਨਜਮੀ ਜੀ ਨੂੰ ਇੱਕ ਸੰਮੇਲਨ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈਮੈਂ ਬੜੀ ਸ਼ਿੱਦਤ ਨਾਲ ਇਹ ਪ੍ਰੋਗਰਾਮ ਵੇਖਣਾ ਚਾਹੁੰਦਾ ਸਾਂ, ਪਰ ਇੱਥੇ ਨਵਾਂ ਆਇਆ ਹੋਣ ਕਰਕੇ ਤੇ ਮੇਰੀ ਵਾਕਫੀ ਘੱਟ ਹੋਣ ਕਰਕੇ ਇਸ ਪ੍ਰੋਗਰਾਮ ਨੂੰ ਵੇਖਣਾ ਮੇਰੇ ਲਈ ਬਹੁਤ ਮੁਸ਼ਕਿਲ ਜਾਪਦਾ ਸੀਇਸੇ ਦੌਰਾਨ ਮੇਰਾ ਸੰਪਰਕ ਇੱਕ ਬੜੇ ਹੀ ਮਿਲਣਸਾਰ ਅਤੇ ਇੱਥੋਂ ਦੀ ਕਾਫੀ ਅਸਰ ਰਸੂਖ ਅਤੇ ਵਾਕਫੀ ਰੱਖਣ ਵਾਲੀ ਸ਼ਖਸੀਅਤ ਸ. ਟਹਿਲ ਸਿੰਘ ਬਰਾੜ ਨਾਲ ਹੋਇਆ ਉਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ’ਤੇ ਆਪਣੇ ਨਾਲ ਲੈ ਕੇ ਜਾਣ ਦੀ ਜ਼ਿੰਮੇਵਾਰੀ ਲੈ ਲਈ

ਅਸੀਂ ਮਿਥੇ ਹੋਏ ਸਮੇਂ ਅਨੁਸਾਰ ਮਿਥੀ ਹੋਈ ਥਾਂ ’ਤੇਸ. ਬਰਾੜ ਨੇ ਇੱਥੇ ਆਏ ਕਈ ਲੇਖਕਾਂ ਨਾਲ ਮੇਰੀ ਵਾਕਫੀਅਤ ਕਰਵਾਈਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਸਾਹਿਤਕਾਰਾਂ ਦੀ ਬਹੁ ਗਿਣਤੀ ਵੇਖ ਕੇ ਕੈਨੇਡਾ ਦੀ ਇਸ ਸੁਹਣੀ ਧਰਤੀ ਨੂੰ ਸਲਾਮ ਕਰਨ ਨੂੰ ਮਨ ਕਰਦਾ ਹੈਵੇਖਦੇ ਵੇਖਦੇ ਝੱਟ ਸਾਰਾ ਹਾਲ ਦਰਸ਼ਕਾਂ ਨਾਲ ਖਚਾਖਚ ਭਰ ਗਿਆ। ਇਸ ਪ੍ਰਗਰਾਮ ਵਿੱਚ ਸ੍ਰੋਤਿਆਂ ਦੇ ਬੈਠਣ ਲਈ ਕੁਰਸੀਆਂ ਦੀ ਬਜਾਏ ਗੋਲ ਟੇਬਲਾਂ ਦੁਆਲੇ ਕੁਰਸੀਆਂ ’ਤੇ ਬੈਠ ਕੇ ਇਸ ਪ੍ਰੋਗਰਾਮ ਨੂੰ ਵੇਖਣ ਸੁਣਨ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀਸਟੇਜ ’ਤੇ ਬਹੁਤੇ ਮੁੱਖ ਮਹਿਮਾਨ ਨਹੀਂ ਸਨਪ੍ਰੋਗਰਾਮ ਵੀ ਨੀਯਤ ਸਮੇਂ ’ਤੇ ਸ਼ੁਰੂ ਹੋ ਗਿਆ

ਪ੍ਰੋਗਰਾਮ ਦਾ ਅਰੰਭ ਇੱਕ ਗਾਇਕ ਦੀ ਸੁਰੀਲੀ ਆਵਾਜ਼ ਨਾਲ ਹੋਇਆਬਹੁਤ ਸਾਰੇ ਗਾਇਕਾਂ ਨੇ ਬਾਬਾ ਨਜਮੀ ਦੀਆਂ ਲਿਖੀਆਂ ਰਚਨਾਵਾਂ ਨੂੰ ਬੜੀ ਹੀ ਸੁੰਦਰ ਅਦਾ ਨਾਲ ਪੇਸ਼ ਕੀਤਾਬਾਬਾ ਨਜਮੀ ਜੀ ਦੀ ਇੰਤਜ਼ਾਰ ਸਟੇਜ ’ਤੇ ਆਉਣ ਦੀ ਹੋ ਰਹੀ ਸੀਇਵੇਂ ਲੱਗ ਰਿਹਾ ਸੀ ਜਿਵੇਂ ਸਰੋਤੇ ਉਨ੍ਹਾਂ ਵੇਖਣ ਤੇ ਸੁਣਨ ਲਈ ਬੜੇ ਉਤਾਵਲੇ ਹੋ ਰਹੇ ਹਨ। ਜਦੋਂ ਸਟੇਜ ਸਕੱਤਰ ਨੇ ਬਾਬਾ ਨਜਮੀ ਦੇ ਸਟੇਜ ’ਤੇ ਆਉਣ ਲਈ ਅਨਾਊਂਸਮੈਂਟ ਕੀਤੀ, ਸਾਰਾ ਹਾਲ ਤਾਲੀਆਂ ਨਾਲ ਗੂੰਜ ਉੱਠਿਆ

ਬਾਬਾ ਨਜਮੀ ਜੀ ਜਦੋਂ ਕੁਝ ਸਾਥੀਆਂ ਨਾਲ ਸਟੇਜ ’ਤੇ ਆਏ ਤਾਂ ਹਾਲ ਵਿੱਚ ਬੈਠੇ ਹੋਏ ਸਰੋਤੇ ਉਨ੍ਹਾਂ ਦੇ ਸਵਾਗਤ ਲਈ ਉੱਠ ਖੜ੍ਹੇ ਹੋਏਸਾਰਾ ਹਾਲ ਇੱਕ ਵਾਰ ਫਿਰ ਤਾਲੀਆਂ ਨਾਲ ਗੂੰਜਿਆਸਾਰਿਆਂ ਦਾ ਸਤਿਕਾਰ ਕਰਦੇ ਹੋਏ ਉਹ ਆ ਕੇ ਆਪਣੀ ਥਾਂ ’ਤੇ ਬੈਠ ਗਏਕਾਲੇ ਰੰਗ ਦਾ ਕੋਟ, ਪਜਾਮਾ, ਮੋਢਿਆ ਤੱਕ ਪਿੱਛੇ ਨੂੰ ਸੁੱਟੇ ਚਿੱਟੇ ਦੁੱਧ ਬਰਫ ਰੰਗੇ ਵਾਲ, ਕੱਦ ਮਧਰਾ ਪਰ ਫੁਰਤੀਲਾ ਸਰੀਰ, ਚਿਹਰੇ ਨਾਲ ਜਚਦੀਆਂ ਸਾਦੀਆਂ ਕਾਤਰਵੀਆਂ ਮੁੱਛਾਂ, ਪੈਰੀਂ ਲੰਮੀ ਨੋਕ ਵਾਲੀ ਦੇਸੀ ਜੁੱਤੀ ਉਨ੍ਹਾਂ ਦੇ ਪਹਿਰਾਵੇ ਦਾ ਪੂਰਾ ਪ੍ਰਭਾਵ ਦੇ ਰਹੀ ਜਾਪਦੀ ਸੀਉਮਰ ਦੇ 70 ਵਰ੍ਹੇ ਦੇ ਹੋਣ ’ਤੇ ਵੀ ਉਹ ਸਿਹਤ ਪੱਖੋਂ ਪੂਰੀ ਤਰ੍ਹਾਂ ਠੀਕ ਤੇ ਚੁਸਤ ਲੱਗ ਰਹੇ ਸਨ

ਛੇਤੀ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹਨ ਦਾ ਦੌਰ ਸ਼ੁਰੂ ਹੋ ਗਿਆ, ਜਿਨ੍ਹਾਂ ਉਨ੍ਹਾਂ ਵਿੱਚੋਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਭਾਵੇਂ ਮੈਂ ਪਹਿਲਾਂ ਵੀ ਵੱਖ ਵੱਖ ਯੂ ਟਿਊਬਾਂ ’ਤੇ ਸੁਣੀਆਂ ਹੋਈਆਂ ਸਨ ਪਰ ਅੱਜ ਜਦੋਂ ਉਨ੍ਹਾਂ ਨੂੰ ਸਟੇਜ ’ਤੇ ਪਹਿਲੀ ਵਾਰ ਕਵਿਤਾਵਾਂ ਪੜ੍ਹਦਿਆਂ ਸੁਣਿਆ ਤਾਂ ਉਹ ਨਜ਼ਾਰਾ ਕੁਝ ਹੋਰ ਹੀ ਸੀਉਨ੍ਹਾਂ ਦੀ ਆਵਾਜ਼ ਵਿੱਚ ਲੋਹੜੇ ਦਾ ਦਮ ਹੈਬੜਾ ਹੀ ਨਿਧੜਕ ਹੋ ਕੇ ਗਰਜਵੀਂ ਆਵਾਜ਼ ਵਿੱਚ ਬੋਲਦੇ ਹਨਸਮਾਜ ਦੀਆਂ ਡਿਗਦੀਆਂ ਕਦਰਾਂ ਕੀਮਤਾਂ ਨੂੰ ਆਪਣੇ ਵੱਖਰੇ ਅੰਦਾਜ਼ ਵਿੱਚ ਬਿਆਨ ਕਰਦੇ ਹਨਕਾਮਿਆਂ ਮਜ਼ਦੂਰਾਂ, ਜ਼ਾਤ ਪਾਤ ਦੀਆਂ ਪਾਈਆਂ ਵੰਡੀਆਂ ਨੂੰ ਆਪਣੀ ਜੋਸ਼ੀਲੀ ਆਵਾਜ਼ ਵਿੱਚ ਆਪਣੀ ਕਵਿਤਾ ਰਾਹੀਂ ਜਦੋਂ ਝੰਜੋੜਦੇ ਹਨ ਤਾਂ ਕਦੇ ਤਾੜੀਆਂ ਦੀ ਆਵਾਜ਼ ਗੂੰਜਦੀ ਹੈ, ਕਦੇ ਸਰੋਤੇ ਸੁਣਦੇ ਸੁਣਦੇ ਸੁੰਨ ਜਿਹੇ ਹੋ ਜਾਂਦੇ ਹਨਗਰੀਬ ਮਾਪਿਆਂ ਦੇ ਧੀਆਂ ਵਿਆਹੁਣ ਦੇ ਧੁੰਦਲੇ ਸੁਪਨੇ ਜਦੋਂ ਬਾਬਾ ਨਜਮੀ ਆਪਣੀ ਕਵਿਤਾ ਰਾਹੀਂ ਸੁਣਾ ਰਿਹਾ ਸੀ ਤਾਂ ਮੇਰੇ ਨਾਲ ਬੈਠਾ ਮੇਰਾ ਸਾਥੀ ਭਾਵੁਕ ਹੋ ਕੇ ਆਪਣੇ ਹੰਝੂ ਐਨਕ ਉਤਾਰ ਕੇ ਆਪਣੇ ਰੁਮਾਲ ਨਾਲ ਪੂੰਝ ਰਿਹਾ ਸੀਸਰਬ ਸਾਂਝੀਵਾਲਤਾ ਦੀ ਨਜ਼ਮ ਪੜ੍ਹਦਿਆਂ ਉਂਗਲੀ ਦਾ ਇਸ਼ਾਰਾ ਕਰਦਿਆਂ ਉਹ ਸਭ ਨੂੰ ਸਵਾਲ ਕਰਦਾ ਜਾਪਦਾ ਸੀ, ਜਿਵੇਂ ਉਹ ਸਭ ਪਾਸੋਂ ਇਸ ਦਾ ਜਵਾਬ ਪੁੱਛ ਰਿਹਾ ਹੋਵੇ

ਇੱਕੋ ਤੇਰਾ ਮੇਰਾ ਪਿਉ,
ਇੱਕੋ ਤੇਰੀ ਮੇਰੀ ਮਾਂ
,

ਇੱਕੋ ਸਾਡੀ ਜੰਮਣ ਭੌਂ,
ਤੂੰ ਸਰਦਾਰ ਮੈਂ ਕੰਮੀ ਕਿਉਂ

ਸਰੋਤੇ ਇਸ ਸਵਾਲ ਦਾ ਜਵਾਬ ਇੱਧਰ ਉੱਧਰ ਝਾਕ ਕੇ ਜਿਵੇਂ ਇਕ ਦੂਜੇ ਤੋਂ ਪੁੱਛਦੇ ਜਾਪਦੇ ਹਨਭੈੜੀ ਸੋਚ ਵਾਲੇ ਰੀਜਨੀਤਕ ਨੀਯਤ ਵਾਲੇ ਆਗੂਆਂ ਤੇ ਧਰਮ ਦੇ ਠੇਕੇਦਾਰਾਂ ਨੂੰ ਉਹ ਲੰਮੇ ਹੱਥੀਂ ਲੈਂਦਾ ਹੈਲੋਕਾਂ ਨੂੰ ਆਪਣੀ ਨਜ਼ਮ “ਗੰਦੇ ਅੰਡੇ ਇੱਧਰ ਵੀ ਨੇ, ਗੰਦੇ ਅੰਡੇ ਉੱਧਰ ਵੀ ਨੇ” ਦੇਸ਼ ਦੀ ਵੰਡ ਤੋਂ ਬਾਅਦ ਦੋਹਾਂ ਦੇਸ਼ਾਂ ਦੀ ਤ੍ਰਾਸਦੀ ਦੀ ਗੱਲ ਉਹ ਜਦ ਬਿਆਨ ਕਰਦਾ ਹੈ ਤਾਂ ਦੋਹਾਂ ਪਾਸਿਆਂ ਦੀ ਸਿਆਸਤ ਦੀ ਬਦਤਰ ਹੋਈ ਹਾਲਤ ਬਿਆਨ ਕਰਨ ਵਿੱਚ ਉਹ ਸਰੋਤਿਆਂ ਦੇ ਮਨਾਂ ਅੰਦਰ ਧੁਰ ਤੱਕ ਲਹਿੰਦਾ ਜਾਪਦਾ ਹੈ

ਬਾਬਾ ਨਜਮੀ ਨੂੰ ਸੁਣ ਕੇ ਤੇ ਵੇਖ ਕੇ ਇਵੇਂ ਲੱਗਿਆ ਜਿਵੇਂ ਬਾਬੇ ਨਜਮੀ ਦਾ ਕੱਦ ਕਾਠ ਤਾਂ ਬੇਸ਼ੱਕ ਛੋਟਾ ਹੈ ਪਰ ਉਸ ਦਾ ਸਾਹਿਤਕ ਕੱਦ ਅਸਮਾਨ ਦੀਆਂ ਸਿਖਰਾਂ ਨੂੰ ਛੁਹੰਦਾ ਜਾਪਦਾ ਹੈਬਾਬਾ ਨਜਮੀ ਵਾਕਈ ਲੋਕਾਂ ਦੀ ਹਰ ਵੇਦਨਾ, ਦੁੱਖਾਂ ਦਰਦਾਂ ਪੀੜਾਂ ਨੂੰ ਸਮਝਣ ਵਾਲਾ ਅਤੇ ਲੋਕਾਂ ਨੂੰ ਤਕੜੇ ਤੇ ਇੱਕਮੁੱਠ ਹੋ ਕੇ ਉਨ੍ਹਾਂ ਨਾਲ ਹਰ ਤਰ੍ਹਾਂ ਦੇ ਕੀਤੇ ਜਾਂਦੇ ਵਿਤਕਰਿਆਂ ਦੇ ਵਿਰੁੱਧ ਆਪ ਵੀ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੱਕ ਅਤੇ ਨਾਇਨਸਾਫੀ ਵਿਰੁੱਧ ਜੂਝਣ ਲਈ ਪ੍ਰੇਰਣਾ ਦੇਣ ਵਾਲਾ ਸਹੀ ਅਰਥਾਂ ਵਿੱਚ ਲੋਕ ਕਵੀ ਹੈਉਸ ਦਾ ਜਿੰਨਾ ਵੀ ਮਾਣ ਸਤਿਕਾਰ ਕੀਤਾ ਜਾਵੇ, ਥੋੜ੍ਹਾ ਹੈ

ਆਖਰ ਆਪਣੇ ਸਮੇਂ ਸਿਰ ਅੱਜ ਦਾ ਬਾਬੇ ਨਜਮੀ ਜੀ ਦਾ ਇਹ ਯਾਦਗਾਰੀ ਸਾਹਿਤਕ ਸੰਮੇਲਨ ਖਤਮ ਹੋ ਗਿਆਮੈਂ ਵੇਖਿਆ ਕਿ ਬਾਬਾ ਨਜਮੀ ਜੀ ਦੇ ਆਟੋਗ੍ਰਾਫ ਲੈਣ ਲਈ ਉਸ ਦੇ ਪ੍ਰਸ਼ੰਸਕਾਂ ਦੀ ਲੰਮੀ ਲਾਈਨ ਲੱਗੀ ਹੋਈ ਸੀਅਤੇ ਮੈਂ ਸੋਚ ਰਿਹਾ ਸਾਂ ਕਿ ਮੇਰੀ ਇਟਲੀ ਤੋਂ ਕੈਨੇਡਾ ਆਉਣ ਦੀ ਯਾਤਰਾ ਵੀ ਅੱਜ ਦਾ ਇਹ ਪ੍ਰੋਗਰਾਮ ਵੇਖ ਕੇ ਸਫਲ ਹੋ ਗਈ ਹੈਉਨ੍ਹਾਂ ਪ੍ਰਤੀ ਆਪਣੇ ਵਿਚਾਰਾਂ ਨੂੰ ਕਾਵਿਕ ਰੂਪ ਦੇ ਕੇ ਮੈਂ ਬਾਬਾ ਨਜਮੀ ਜੀ ਨੂੰ ਸੁਣ ਕੇ ਇਹ ਸਤਰਾਂ ਮੈਂ ਉਨ੍ਹਾਂ ਨੂੰ ਸਮਰਪਿਤ ਕਰ ਰਿਹਾ ਹਾਂ:

ਜਦ ਮੈਂ ਸੁਣਿਆ ਆਉਣਾ ਬਾਬੇ ਨਜਮੀ ਨੇ,
ਇਟਲੀ ਤੋਂ ਚੱਲ ਆਇਆ ਵਿੱਚ ਕੈਨੇਡਾ ਮੈਂ,

ਸੁੱਟਿਆ ਪਰ੍ਹਾਂ ਵਗਾਹ ਕੇ ਲੋੜਾਂ ਥੋੜਾਂ ਨੂੰ,
ਕਰਕੇ ਆਪਣਾ ਜੇਰਾ ਪਰਬਤ ਜੇਡਾ ਮੈਂ

ਵੇਖ ਲਿਆ ਤੇ ਸੁਣ ਲਿਆ ਬਾਬੇ ਨਜਮੀ ਨੂੰ,
ਯਾਰੋ ਸੱਚੀਂ ਕਿਸਮਤ ਵਾਲਾ ਕੇਡਾ ਮੈਂ।

ਸੂਰਜ ਸਾਹਵੇਂ ਇਸ ਦੀਵੇ ਨੇ ਕੀ ਬਲਣਾ,
ਉਸ ਦੇ ਅੱਗੇ ਲੱਗਾਂ ਨਿਰਾ ਛਲੇਡਾ ਮੈਂ

ਕਲਮ ਮੇਰੀ ਦੀ ਉਮਰ ਤਾਂ ਅਜੇ ਨਿਆਣੀ ਏਂ,
ਖਾ ਨਾ ਜਾਵਾਂ ਕਿਧਰੇ ਧੱਕਾ ਠੇਡਾ ਮੈਂ

ਤੱਕ ਲਿਆ ਬੈਠ ਸਾਮ੍ਹਣੇ ਬਾਬੇ ਨਜਮੀ ਨੂੰ,
ਇਟਲੀ ਵਿੱਚੋਂ ਆਕੇ ਵਿੱਚ ਕੈਨੇਡਾ ਮੈਂ

ਲੰਮੀ ਉਮਰ ਹੰਢਾਵੇ, ਬਾਬਾ ਨਜਮੀ ਜੀ,
ਕਦੇ ਨਾ ਤੁਰਦਾ ਵੇਖਾਂ ਵਿੰਗਾ ਟੇਢਾ ਮੈਂ

**

(1261)

ਰਵੇਲ ਸਿੰਘ ਇਟਲੀ

ਇਸ ਸਮੇਂ: Caledon, Ontario, Canada.

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)

More articles from this author